Breaking News
Home / Uncategorized / ਆਸਕਰ ਐਵਾਰਡ: ‘ਸਪੌਟਲਾਈਟ’ ਬਣੀ ਸਰਵੋਤਮ ਫ਼ਿਲਮ ਤੇ ਡੀਕੈਪਰੀਓ ਸਰਵੋਤਮ ਅਦਾਕਾਰ

ਆਸਕਰ ਐਵਾਰਡ: ‘ਸਪੌਟਲਾਈਟ’ ਬਣੀ ਸਰਵੋਤਮ ਫ਼ਿਲਮ ਤੇ ਡੀਕੈਪਰੀਓ ਸਰਵੋਤਮ ਅਦਾਕਾਰ

Rylance, Larson, DiCaprio and Vikander pose during the 88th Academy Awards in Hollywood‘ਮੈਡ ਮੈਕਸ ਫਿਊਰੀ ਰੋਡ’ ਨੇ ਤਕਨੀਕੀ ਸ਼੍ਰੇਣੀ ਵਿਚ ਛੇ ਆਸਕਰਾਂ ਨਾਲ ਹੂੰਝਾ ਵੇਰਿਆ
ਲਾਸ ਏਂਜਲਸ : 88ਵੇਂ ਅਕੈਡਮੀ ਐਵਾਰਡਜ਼ ਦਾ ਇਥੇ ਡੌਲਬੀ ਥੀਏਟਰ ਵਿੱਚ ਸ਼ਾਨਦਾਰ ਸਮਾਗਮ ਦੌਰਾਨ ਐਲਾਨ ਕੀਤਾ ਗਿਆ। ਕੈਥੋਲਿਕ ਚਰਚ ਵਿੱਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਦਾ ਖੁਲਾਸਾ ਕਰਦੀ ਪੱਤਰਕਾਰਾਂ ਦੀ ਕਹਾਣੀ ‘ਤੇ ਅਧਾਰਿਤ ਫ਼ਿਲਮ ‘ਸਪੌਟਲਾਈਟ’ ਨੂੰ ਜਿੱਥੇ ਸਰਵੋਤਮ ਫ਼ਿਲਮ ਦਾ ਆਸਕਰ ਮਿਲਿਆ, ਉਥੇ ਸਰਵੋਤਮ ਅਦਾਕਾਰ ਦਾ ਖ਼ਿਤਾਬ ਫ਼ਿਲਕ ‘ਦਿ ਰੈਵੇਨੈਂਟ’ ਲਈ ਲੀਓਨਾਰਡੋ ਡੀਕੈਪਰੀਓ ਦੀ ਝੋਲੀ ਪਿਆ। ਸਰਵੋਤਮ ਅਦਾਕਾਰਾ ਦਾ ਆਸਕਰ ਫ਼ਿਲਮ ‘ਰੂਮ’ ਲਈ ਬ੍ਰੀ ਲਾਰਸਨ ਦੇ ਹਿੱਸੇ ਆਇਆ। ਸਮਾਗਮ ਦੀ ਮੇਜ਼ਬਾਨੀ ਕ੍ਰਿਸ ਰੌਕ ਨੇ ਕੀਤੀ ਜਿਸ ਨੇ ਹਾਲੀਵੁੱਡ ਵਿੱਚ ਸਿਆਹਫਾਮ ਲੋਕਾਂ ਨਾਲ ਕੀਤੇ ਜਾਂਦੇ ਨਸਲਵਾਦ ‘ਤੇ ਵਿਅੰਗਮਈ ਅੰਦਾਜ਼ ਵਿੱਚ ਟਿੱਪਣੀਆਂ ਕੀਤੀਆਂ। ਸਮਾਗਮ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਜੋਅ ਬਿਡੇਨ ਵੀ ਸ਼ਾਮਲ ਹੋਏ ਜਿਨ੍ਹਾਂ ਹਾਜ਼ਰੀਨ ਨੂੰ ਆਪਣੇ ਆਲੇ ਦੁਆਲੇ ਬੱਚਿਆਂ ਦੇ ਹੁੰਦੇ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਉਣ ਲਈ ਸਹੁੰ ਚੁੱਕਣ ਦੀ ਅਪੀਲ ਕੀਤੀ। ਉਂਜ ਅਦਾਕਾਰਾਂ ਨੇ ਆਸਕਰ ਦੇ ਮੰਚ ਤੋਂ ਜਲਵਾਯੂ ਪਰਿਵਰਤਨ ਤੇ ਗੇਅ ਤੇ ਸਮਾਨ ਸੈਕਸ ਜਿਹੇ ਮੁੱਦਿਆਂ ਤੋਂ ਪਰਦਾ ਚੁੱਕਿਆ।
ਸਮਾਗਮ ਦੌਰਾਨ ਜੌਰਜ ਮਿਲਰ ਵੱਲੋਂ ਨਿਰਦੇਸ਼ਤ ‘ਮੈਡ ਮੈਕਸ: ਫਿਊਰੀ ਰੋਡ’ ਹਾਲਾਂਕਿ ਉਪਰਲੀਆਂ ਸ਼੍ਰੇਣੀਆਂ ਵਿੱਚ ਆਸਕਰ ਜਿੱਤਣ ਵਿੱਚ ਨਾਕਾਮ ਰਹੀ, ਪਰ ਫ਼ਿਲਮ ਨੇ ਤਕਨੀਕੀ ਸ਼੍ਰੇਣੀ ਵਿੱਚ ਛੇ ਪੁਰਸਕਾਰ ਜਿੱਤ ਕੇ ਲਗਪਗ ਹੂੰਝਾ ਫੇਰ ਦਿੱਤਾ। ਫ਼ਿਲਮ ਨੂੰ ਐਡੀਟਿੰਗ, ਪ੍ਰੋਡਕਸ਼ਨ ਡਿਜ਼ਾਇਨ, ਸਾਊਂਡ ਐਡੀਟਿੰਗ, ਸਾਊਂਡ ਮਿਕਸਿੰਗ, ਕਾਸਟਿਊਮ ਤੇ ਮੇਕਅੱਪ ਤੇ ਹੇਅਰ ਸਟਾਈਲ ਸ਼੍ਰੇਣੀ ਵਿੱਚ ਆਸਕਰ ਨਸੀਬ ਹੋਏ। ‘ਸਪੋਟਲਾਈਟ’ ਨੂੰ ਸਰਵੋਤਮ ਫ਼ਿਲਮ ਤੇ ਇਸੇ ਫ਼ਿਲਮ ਲਈ ਜੋਸ਼ ਸਿੰਗਰ ਤੇ ਮੈਕਾਰਥੀ ਨੂੰ ਸਰਵੋਤਮ ਮੌਲਿਕ ਪਟਕਥਾ ਦਾ ਪੁਰਸਕਾਰ ਵੀ ਮਿਲਿਆ।
ਮੈਕਸਿਕੋ ਦੇ ਨਿਰਦੇਸ਼ਕ ਐਲੇਜਾਂਦਰੋ ਜੀ. ਇਲਾਰਿਤੁ ਨੂੰ ਫ਼ਿਲਮ ‘ਦਿ ਰੈਵੇਨੈਂਟ’ ਲਈ ਲਗਾਤਾਰ ਦੂਜੇ ਸਾਲ ਆਸਕਰ ਐਵਾਰਡ ਨਾਲ ਨਿਵਾਜਿਆ ਗਿਆ। ਪਿਛਲੇ ਸਾਲ ਇਸ ਮੈਕਸੀਕਨ ਨਿਰਦੇਸ਼ਕ ਨੂੰ ਫ਼ਿਲਮ ‘ਬਰਡਮੈਨ’ ਲਈ ਆਸਕਰ ਦਾ ਸਨਮਾਨ ਮਿਲਿਆ ਸੀ। ਫ਼ਿਲਮ ਨੂੰ ‘ਬਿਹਤਰੀਨ ਸਿਨਮੈਟੋਗ੍ਰਾਫ਼ੀ’ ਲਈ ਤੀਜਾ ਔਸਕਰ ਮਿਲਿਆ। ਫ਼ਿਲਮ ‘ਰੂਮ’ ‘ਚ ਵਿਖਾਏ ਸ਼ਾਨਦਾਰ ਅਭਿਨੈ ਲਈ ਸਰਵੋਤਮ ਅਦਾਕਾਰਾ ਦਾ ਖ਼ਿਤਾਬ ਬ੍ਰੀ ਲਾਰਸਨ ਦੀ ਝੋਲੀ ਪਿਆ।
ਸਰਵੋਤਮ ਸਹਿ ਅਦਾਕਾਰ ਤੇ ਅਦਾਕਾਰਾ ਦਾ ਪੁਰਸਕਾਰ ਕ੍ਰਮਵਾਰ ਐਲੀਸੀਆ ਵਿਕੰਦਰ (ਦਿ ਡੈਨਿਸ਼ ਗਰਲ) ਤੇ ਮਾਰਕ ਰਾਇਲੰਸ (ਬ੍ਰਿਜ ਆਫ਼ ਸਪਾਈਜ਼) ਦੇ ਹਿੱਸੇ ਆਇਆ।
ਆਸਕਰ ਐਵਾਰਡਜ਼ ਵਿੱਚ ਭਾਰਤ
ਆਸਕਰ ਐਵਾਰਡਜ਼ ਦੀ ਦੌੜ ਵਿੱਚ ਹਾਲਾਂਕਿ ਭਾਰਤ ਆਖਰੀ ਮੌਕੇ ਵੱਖ-ਵੱਖ ਸ਼੍ਰੇਣੀਆਂ ਵਿੱਚ ਥਾਂ ਬਣਾਉਣ ਤੋਂ ਖੁੰਝ ਗਿਆ, ਪਰ ਅਮਰੀਕੀ ਲੜੀਵਾਰ ‘ਕੁਆਂਟਿਕੋ’ ਵਿਚ ਮੁੱਖ ਭੂਮਿਕਾ ਨਿਭਾ ਰਹੀ ਤੇ ‘ਬੇਅਵਾਚ’ ਦੀ ਟੀਮ ਵਿੱਚ ਸ਼ਾਮਲ ਹੋਣ ਜਾ ਰਹੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਦੇਸ਼ ਦੀ ਨੁਮਾਇੰਦਗੀ ਕੀਤੀ। ਉਸ ਨੇ ਲੀਵ ਸ਼੍ਰੀਬਰ ਨਾਲ ਮਿਲ ਕੇ ਸਰਵੋਤਮ ਐਡੀਟਿੰਗ ਲਈ ਆਸਕਰ ਐਵਾਰਡ ਦਿੱਤਾ। ਭਾਰਤੀ ਮੂਲ ਦੇ ਬਰਤਾਨਵੀ ਫ਼ਿਲਮਕਾਰ ਆਸਿਫ਼ ਕਪਾਡੀਆ ਵੀ ਆਸਕਰ ਜਿੱਤਣ ਵਿੱਚ ਸਫ਼ਲ ਰਿਹਾ। ਕਪਾਡੀਆ ਦੀ ਗਾਇਕਾ ਐਮੀ ਵਾਇਨਹਾਊਸ ਦੀ ਤਰਾਸਦਿਕ ਮੌਤ ਦੀ ਘੋਖ ਕਰਦੀ ਫ਼ਿਲਮ ‘ਐਮੀ’ ਨੂੰ ਸਰਵੋਤਮ ਦਸਤਾਵੇਜ਼ੀ ਦਾ ਆਸਕਰ ਮਿਲਿਆ।
ਡੀ ਕੈਪਰੀਓ ਨੇ ਤੋੜਿਆ ਆਸਕਰ ਦਾ ਸੋਕਾ
ਪੰਜ ਆਸਕਰ ਨਾਮਜ਼ਦਗੀਆਂ ਤੇ 23 ਸਾਲਾਂ ਬਾਅਦ ਆਖਰ ਨੂੰ ‘ਟਾਈਟੈਨਿਕ’ ਫੇਮ ਅਦਾਕਾਰ ਲੀਓਨਾਰਡੋ ਡੀਕੈਪਰੀਓ ਨੇ ਆਸਕਰ ਦਾ ਖਾਲੀਪਨ ਤੋੜਦਿਆਂ ਫ਼ਿਲਮ ‘ਦਿ ਰੈਵੇਨੈਂਟ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਆਪਣੇ ਨਾਂ ਕਰ ਲਿਆ। ਫ਼ਿਲਮ ਵਿੱਚ ਡੀਕੈਪਰੀਓ ਨੇ 19ਵੀਂ ਸਦੀ ਵਿੱਚ ਸੰਘਣੇ ਜੰਗਲਾਂ ਵਿੱਚ ਰਹਿਣ ਵਾਲੇ ਅਮਰੀਕੀ ਹਿਊਗ ਗਲੈਸ ਦੀ ਭੂਮਿਕਾ ਨਿਭਾਈ ਸੀ। ਇਸ ਅਦਾਕਾਰ ਨੇ ਛੇ ਮਹੀਨੇ ਤੱਕ ਕੈਨੇਡਾ ਦੇ ਜੰਗਲਾਂ ਵਿੱਚ ਉਲਟ ਮਾਹੌਲ ਦੇ ਬਾਵਜੂਦ ਸ਼ੂਟਿੰਗ ਕੀਤੀ। ਉਂਜ ਡੀਕੈਪਰੀਓ 1994 ਵਿੱਚ ਪਹਿਲੀ ਵਾਰ ਫ਼ਿਲਮ ‘ਵਾਟਸ ਇਟਿੰਗ ਗਿਲਬਰਟ ਗ੍ਰੇਪ’ ਆਸਕਰ ਲਈ ਨਾਮਜ਼ਦ ਹੋਇਆ ਸੀ।
ਭਾਰਤੀ ਮੂਲ ਦੇ ਆਸਿਫ਼ ਕਪਾਡੀਆ ਦੀ ਫ਼ਿਲਮ ‘ਐਮੀ’ ਨੂੰ ਸਰਬੋਤਮ ਡਾਕੂਮੈਂਟਰੀ ਲਈ ਆਸਕਰ
ਲਾਸ ਏਂਜਲਸ/ਬਿਊਰੋ ਨਿਊਜ਼
ਭਾਰਤੀ ਮੂਲ ਦੇ ਫ਼ਿਲਮਾਰ ਆਸਿਫ ਕਪਾਡੀਆ ਦੀ ‘ਐਮੀ’ ਨੂੰ ਸਰਬੋਤਮ ਡਾਕੂਮੈਂਟਰੀ ਫ਼ਿਲਮ ਲਈ ਆਸਕਰ ਪੁਰਸਕਾਰ ਮਿਲਿਆ ਹੈ। ਇਹ ਡਾਕੂਮੈਂਟਰੀ ਗਾਇਕ ਐਮੀ ਵਾਈਨ ਹਾਊਸ ਦੀ ਜ਼ਿੰਦਗੀ ਤੇ ਮਹਿਜ 27 ਸਾਲ ਦੀ ਉਮਰ ਵਿਚ ਉਸ ਦੀ ਮੌਤ ਦੀ ਤਿੱਖੀ ਪੜਤਾਲ ਕਰਦੀ ਹੈ। ਇਸ ਡਾਕੂਮੈਂਟਰੀ ਲਈ ਗੋਲਡਨ ਗਲੋਬ ਤੇ ਬਾਫ਼ਟਾ ਪੁਰਸਕਾਰ ਜਿੱਤੇ ਚੁੱਕੇ ਕਪਾਡੀਆ ਨੇ ਵਾਈਨ ਹਾਊਸ ਨੂੰ ਸ਼ਰਧਾਂਜਲੀ ਦਿੱਤੀ। ਐਮੀ ਵਾਈਨ ਹਾਊਸ ਦਾ ਦਿਹਾਂਤ ਸਾਲ 2011 ਵਿਚ ਡਰੱਗ ਤੇ ਐਲਕੋਹਲ ਨਾਲ ਲੜਾਈ ਲੜਨ ਤੋਂ ਬਾਅਦ ਹੋ ਗਿਆ ਸੀ।
ਕਪਾਡੀਆ ਨੇ ਕਿਹਾ ਕਿ ਫ਼ਿਲਮ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ ਧੰਨਵਾਦ। ਅਸੀਂ ਦਿਖਾਉਣਾ ਚਾਹੁੰਦੇ ਸੀ ਕਿ ਅਸਲ ਵਿਚ ਐਮੀ ਕੀ ਸੀ। ਉਹ ਇਕ ਮਜ਼ਾਕੀਆ, ਸਮਝਦਾਰ, ਹਾਜ਼ਰ ਜਵਾਬ ਤੇ ਇਕ ਖਾਸ ਲੜਕੀ ਸੀ। ਨਿਰਮਾਤਾ ਜੇਸਮ ਗੇ ਰੀਸ ਨੇ ਕਿਹਾ ਕਿ ਇਹ ਪੁਰਸਕਾਰ ਵਾਈਨ ਹਾਊਸ ਦੇ ਸਾਰੇ ਪ੍ਰਸ਼ੰਸਕਾਂ ਲਈ ਹੈ।

Check Also

ਗਿਆਨੀ ਰਘਬੀਰ ਸਿੰਘ ਵਲੋਂ ਇਟਲੀ ‘ਚ ਅੰਮ੍ਰਿਤਧਾਰੀ ਸਿੱਖ ਖ਼ਿਲਾਫ਼ ਕਾਰਵਾਈ ਦੀ ਨਿਖੇਧੀ

ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਟਲੀ ਵਿਚ ਇਕ …