ਪ੍ਰੀਮੀਅਰ ਕੈਥਲੀਨ ਦਾ ਵਿੱਤੀ ਸਥਿਤੀ ‘ਤੇ ਬਿਆਨ ਸਹੀ ਨਹੀਂ : ਪੈਟ੍ਰਿਕ ਬ੍ਰਾਊਨ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ‘ਚ ਵਿਰੋਧੀ ਧਿਰ ਦੇ ਨੇਤਾ ਪੈਟ੍ਰਿਕ ਬ੍ਰਾਊਨ ਨੇ ਪ੍ਰੀਮੀਅਰ ਕੈਥਲੀਨ ਵਿਨ ਦੇ ਉਸ ਵਿੱਤੀ ਸਟੇਟਮੈਂਟ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਓਨਟਾਰੀਓ ਦੇ ਆਡੀਟਰ ਜਨਰਲ ਦੀ ਰਾਇ ਲੈਣ ਤੋਂ ਪਹਿਲਾਂ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਪੈਟ੍ਰਿਕ ਨੇ ਕਿਹਾ ਕਿ ਆਡੀਟਰ ਜਨਰਲ ਦੀ ਰਿਪੋਰਟ ਅਨੁਸਾਰ ਵਿਨ ਦੇ ਲਿਬਰਲ ਬਜਟ ‘ਚ 11 ਬਿਲੀਅਨ ਡਾਲਰ ਦਾ ਹਿਸਾਬ-ਕਿਤਾਬ ਸਹੀ ਨਹੀਂ ਹੈ। ਅਜਿਹੇ ਵਿਚ ਵਿਨ ਨੇ ਆਪਣੇ ਬਿਆਨ ‘ਚ ਉਨ੍ਹਾਂ ਤੱਥਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਓਨਟਾਰੀਓ ਦੇ ਲੋਕ ਇਸ ਬਾਰੇ ਬਿਹਤਰ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਓਨਟਾਰੀਓ ‘ਚ ਆਡੀਟਰ ਸਰਕਾਰ ਦੇ ਵਿੱਤੀ ਲੈਣ-ਦੇਣ ਪ੍ਰਤੀ ਚੌਕਸ ਰਹਿਣ ਲਈ ਆਜ਼ਾਦ ਹਨ। ਸਰਕਾਰ ਨੂੰ ਆਪਣੇ ਪੱਧਰ ‘ਤੇ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ, ਜੋ ਕਿ ਸਿਰਫ਼ ਲਿਬਰਲਾਂ ਦੇ ਹਿੱਤ ਵਿਚ ਹੋਵੇ।
ਪੈਟ੍ਰਿਕ ਨੇ ਕਿਹਾ ਕਿ ਵਿਨ ਦੀ ਲਿਬਰਲ ਸਰਕਾਰ ਲਗਾਤਾਰ ਕਾਨੂੰਨੀ ਨਿਯਮਾਂ ਨੂੰ ਤੋੜ ਰਹੀ ਹੈ ਅਤੇ ਸੂਬੇ ਦੇ ਆਜ਼ਾਦ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਆਡੀਟਰ ਜਨਰਲ ਦੀ ਰਾਇ ਲਏ ਬਗੈਰ ਵਿੱਤੀ ਸਟੇਟਮੈਂਟ ਜਾਰੀ ਕਰਨ ਦਾ ਮਾਮਲਾ ਰਾਜ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਉਹ ਹੁਣ ਕੁਝ ਵੀ ਪਾਰਦਰਸ਼ੀ ਨਹੀਂ ਰੱਖਣਾ ਚਾਹੁੰਦੀ ਅਤੇ ਸਿਰਫ਼ ਓਨਟਾਰੀਓ ਲਿਬਰਲ ਪਾਰਟੀ ਦੇ ਹਿੱਤਾਂ ਲਈ ਹੀ ਕੰਮ ਕਰ ਰਹੇ ਹਨ।ਬ੍ਰਾਊਨ ਨੇ ਕਿਹਾ ਕਿ ਆਡੀਟਰ ਜਨਰਲ ਦੇ ਅੰਕੜਿਆਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਓਨਟਾਰੀਓ ਪੀਸੀ ਇਸ ਬਾਰੇ ਜੋ ਕੁਝ ਕਹਿ ਰਹੀ ਸੀ, ਉਹ ਸਹੀ ਹੈ। ਸਰਕਾਰ ਦੀ ਬਜਟ ਨੂੰ ਸੰਤੁਲਿਤ ਰੱਖਣ ਲਈ ਅਜੇ ਤੱਕ ਕੋਈ ਠੋਸ ਯੋਜਨਾ ਨਹੀਂ ਹੈ। ਅਸੀਂ ਸਰਕਾਰ ਦੀ ਇਸ ਕਮਜ਼ੋਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਸ ਵੇਲੇ ਓਨਟਾਰੀਓ ਦੀ ਵਿੱਤੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ ਅਤੇ ਸਰਕਾਰ ਨੂੰ ਸਹੀ ਤਰੀਕੇ ਨਾਲ ਇਸ ਬਾਰੇ ਕੰਮ ਕਰਨਾ ਪਵੇਗਾ।