ਮਾਹਿਰਾਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਬੁੱਧਵਾਰ ਨੂੰ ਵਾਧਾ ਕੀਤਾ ਜਾ ਸਕਦਾ ਹੈ। ਇਹ ਵਾਧਾ ਮਹਿੰਗਾਈ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਕੀਤਾ ਜਾ ਸਕਦਾ ਹੈ। RBC ਨੇ ਆਖਿਆ ਕਿ ਮਾਰਚ 2020 ਤੋਂ ਵਿਆਜ਼ ਦਰਾਂ ਨੂੰ ਲੱਗਭਗ ਜ਼ੀਰੋ ਰੱਖ ਰਹੇ ਸੈਂਟਰਲ ਬੈਂਕ ਵੱਲੋਂ ਮਾਰਚ ਤੇ ਅਪਰੈਲ ਵਿੱਚ ਵਿਆਜ਼ ਦਰਾਂ ਵਿੱਚ ਥੋੜ੍ਹਾ ਵਾਧਾ ਕੀਤਾ ਗਿਆ।
ਦੂਜਾ ਵਾਧਾ ਅੱਧੇ ਅੰਕ ਦਾ ਸੀ,ਜੋ ਕਿ ਪਿਛਲੇ 22 ਸਾਲਾਂ ਵਿੱਚ ਸੱਭ ਤੋਂ ਵੱਡਾ ਸੀ।
ਇਸ ਹਫਤੇ ਵਿਆਜ਼ ਦਰਾਂ ਵਿੱਚ ਅੱਧਾ ਫੀ ਸਦੀ ਵਾਧਾ ਹੋਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਮਹੀਨਿਆਂ ਵਿੱਚ ਵੀ ਵਿਆਜ਼ ਦਰਾਂ ਹੋਰ ਵੱਧ ਸਕਦੀਆਂ ਹਨ। ਇਹ ਕਦਮ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਚੁੱਕਿਆ ਜਾਵੇਗਾ।
1990 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਹਿੰਗਾਈ ਅਸਮਾਨੀ ਚੜ੍ਹ ਚੁੱਕੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਰਥਿਕ ਵਿਕਾਸ ਦੇ ਨਾਲ ਨਾਲ ਬੇਰੋਜ਼ਗਾਰੀ ਦਰ ਵਿੱਚ ਆਈ ਕਮੀ ਕਾਰਨ ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਊਂਸਲ ਵੱਲੋਂ ਅਜਿਹਾ ਫੈਸਲਾ ਲਿਆ ਜਾ ਸਕਦਾ ਹੈ। ਕੈਨੇਡਾ ਦੇ ਕੰਜਿ਼ਊਮਰ ਪ੍ਰਾਈਸ ਇੰਡੈਕਸ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਅਪਰੈਲ ਦੇ ਮਹੀਨੇ 6·8 ਫੀ ਸਦੀ ਨਾਲ ਵਾਧਾ ਹੋਇਆ।
ਇਹ ਖੁਲਾਸਾ ਸਟੈਟੇਸਟਿਕਸ ਕੈਨੇਡਾ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤਾ ਗਿਆ। ਗਰੌਸਰੀਜ਼ ਦੀਆਂ ਕੀਮਤਾਂ ਵਿੱਚ 9·7 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਜਦਕਿ ਗੈਸੋਲੀਨ ਦੀਆਂ ਕੀਮਤਾਂ ਵਿੱਚ 36·3 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ।