8 ਜੂਨ ਨੂੰ ਹੋਵੇਗੀ ਸਿੱਧੂ ਮੂਸੇਵਾਲਾ ਨਮਿੱਤ ਅੰਤਿਮ ਅਰਦਾਸ
ਕੀਰਤਪੁਰ ਸਾਹਿਬ/ਬਿਊਰੋ ਨਿਊਜ਼ : ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਸਥਿਤ ਗੁਰਦੁਆਰਾ ਪਤਾਲਪੁਰੀ ਵਿਖੇ ਜਲਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਉਨ੍ਹਾਂ ਦੇ ਮਾਤਾ ਚਰਨ ਕੌਰ ਅਤੇ ਕੁੱਝ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਅਤੇ ਵੱਡੀ ਗਿਣਤੀ ਵਿਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਮੌਜੂਦ ਸਨ। ਇਸ ਤੋਂ ਪਹਿਲਾਂ ਫੁੱਲ ਚੁਗਣ ਵੇਲੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਜੋ ਪਿੰਡ ਮੂਸਾ ਦੇ ਸਰਪੰਚ ਵੀ ਹਨ, ਨੇ ਭਾਵੁਕ ਹੋ ਕੇ ਉਚੀ-ਉਚੀ ਧਾਹਾਂ ਮਾਰਦੇ ਹੋਏ ਕਿਹਾ ਕਿ ‘ਮੇਰੇ ਛੇ ਫੁੱਟ ਦੇ ਗੱਭਰੂ ਪੁੱਤ ਨੂੰ ਰਾਖ ਬਣਾ ਕੇ ਰੱਖ ਦਿੱਤਾ, ਤੁਸੀਂ ਵੀ ਜਹਾਨੋਂ ਪੁੱਟੇ ਜਾਓ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਦੁਸ਼ਮਣਾਂ ਨੂੰ ਵਧੀਆ ਨੀਂਦ ਆਵੇਗੀ। ਇਸ ਮੌਕੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੋਈ ਆਪਣੇ ਪੁੱਤਾਂ ਨੂੰ ਮਸ਼ਹੂਰ ਨਾ ਬਣਾਇਓ, ਸਾਡੇ ਪੁੱਤ ਨੂੰ ਮਸ਼ਹੂਰੀ ਨੇ ਹੀ ਖਾ ਲਿਆ। ਫੁੱਲ ਚੁਗਣ ਦੀ ਰਸਮ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਰਿਵਾਰ ਵੱਲੋਂ 8 ਜੂਨ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅਤੇ ਭੋਗ ਪਾਉਣ ਦਾ ਫੈਸਲਾ ਕੀਤਾ ਗਿਆ ਹੈ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …