ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਲੋਂ ਮੀਂਹ ਕਾਰਨ ਸਕੂਲਾਂ ਵਿਚ ਛੁੱਟੀਆਂ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ। ਸਰਕਾਰ ਵਲੋਂ ਪਹਿਲਾਂ 13 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਇਹ ਛੁੱਟੀਆਂ 16 ਜੁਲਾਈ ਤੱਕ ਵਧਾ ਦਿੱਤੀਆਂ ਗਈਆਂ ਹਨ ਅਤੇ 17 ਜੁਲਾਈ ਦਿਨ ਸੋਮਵਾਰ ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇਕ ਟਵੀਟ ਰਾਹੀਂ ਸਾਂਝੀ ਕੀਤੀ ਗਈ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਪੰਜਾਬ ਵਿਚ ਪਏ ਭਾਰੀ ਮੀਂਹ ਕਰਕੇ ਬਹੁਤੇ ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਸੀ ਅਤੇ ਸਰਕਾਰ ਨੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ। ਹੁਣ ਜਿਵੇਂ ਜਿਵੇਂ ਹਾਲਾਤ ਆਮ ਵਰਗੇ ਹੋਣ ਲੱਗੇ ਤਾਂ ਸਰਕਾਰ ਨੇ ਕਿਹਾ ਹੈ ਕਿ 17 ਜੁਲਾਈ ਨੂੰ ਸਕੂਲ ਆਮ ਦਿਨਾਂ ਵਾਂਗ ਹੀ ਖੁੱਲ੍ਹਣਗੇ। ਜ਼ਿਕਰਯੋਗ ਹੈ ਕਿ ਮੀਂਹ ਕਰਕੇ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਜਨ ਜੀਵਨ ਪ੍ਰਭਾਵਿਤ ਹੋ ਗਿਆ ਸੀ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਸੀ।