ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਅੱਜ ਐਤਵਾਰ ਨੂੰ ਸ਼ਾਮੀ 7.15 ਵਜੇ ਅਹੁਦੇ ਦਾ ਹਲਫ ਲੈਣਗੇ ਅਤੇ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਸਿਆਸੀ ਆਗੂ ਹੋਣਗੇ। ਇਸ ਵਿਚਾਲੇ, ਨਵੀਂ ਸਰਕਾਰ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਵੱਖ-ਵੱਖ ਭਾਈਵਾਲਾਂ ਵਾਸਤੇ ਮੰਤਰੀ ਮੰਡਲ ਵਿੱਚ ਹਿੱਸੇਦਾਰੀ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀ ਪਾਰਟੀਆਂ ਵਿਚਾਲੇ ਡੂੰਘੀ ਚਰਚਾ ਚੱਲ ਰਹੀ ਹੈ। ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੋਂ ਇਲਾਵਾ ਪਾਰਟੀ ਪ੍ਰਧਾਨ ਜੇਪੀ ਨੱਢਾ ਵਰਗੇ ਸੀਨੀਅਰ ਭਾਜਪਾ ਆਗੂ ਸਰਕਾਰ ਵਿੱਚ ਨੁਮਾਇੰਦਗੀ ਨੂੰ ਲੈ ਕੇ ਤੇਲਗੂ ਦੇਸਮ ਪਾਰਟੀ ਦੇ ਐੱਨ ਚੰਦਰਬਾਬੂ ਨਾਇਡੂ, ਜੇਡੀ(ਯੂ) ਦੇ ਨਿਤੀਸ਼ ਕੁਮਾਰ ਅਤੇ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਸਣੇ ਸਹਿਯੋਗੀ ਪਾਰਟੀਆਂ ਨਾਲ ਮਸ਼ਵਰਾ ਕਰ ਰਹੇ ਹਨ।