ਪਟਿਆਲਾ/ਬਿਊਰੋ ਨਿਊਜ਼
ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਭੇਜੇ ਗਏ ਹਨ। ਉਨ੍ਹਾਂ ਨੂੰ ਪੁੱਛ-ਪੜਤਾਲ ਲਈ 18 ਜੂਨ ਨੂੰ ਮੁੜ ਸਿੱਟ ਸਾਹਮਣੇ ਪੇਸ਼ ਹੋਣ ਲਈ ਪੁਲਿਸ ਲਾਈਨ ਪਟਿਆਲਾ ਪਹੁੰਚਣ ਲਈ ਆਖਿਆ ਗਿਆ ਹੈ। ਯਾਦ ਰਹੇ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਦਰਜ ਕੀਤੇ ਗਏ ਇਸ ਕੇਸ ਦੀ ਜਾਂਚ ਪਹਿਲਾਂ ਪਟਿਆਲਾ ਰੇਂਜ ਵਿੱਚ ਤਾਇਨਾਤ ਰਹੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ‘ਸਿੱਟ’ ਵੱਲੋਂ ਕੀਤੀ ਜਾਂਦੀ ਰਹੀ ਹੈ। ਛੀਨਾ ਦੀ ਸੇਵਾਮੁਕਤੀ ਮਗਰੋਂ ਪੰਜਾਬ ਸਰਕਾਰ ਨੇ ਪਟਿਆਲਾ ਵਿੱਚ ਤਾਇਨਾਤ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ‘ਸਿੱਟ’ ਦਾ ਮੁਖੀ ਬਣਾਇਆ ਹੈ।