Breaking News
Home / ਨਜ਼ਰੀਆ / ਲੋਕਾਂ ਲਈ ਜੂਝਣ ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ

ਲੋਕਾਂ ਲਈ ਜੂਝਣ ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ

ਡਾ. ਗੁਰਵਿੰਦਰ ਸਿੰਘ
ਜੁਝਾਰੂ ਅਤੇ ਕ੍ਰਾਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸ. ਮੇਹਰ ਸਿੰਘ ਦੇ ਘਰ, ਮਾਤਾ ਧੰਨ ਕੌਰ ਦੀ ਕੁੱਖੋਂ 29 ਅਪ੍ਰੈਲ 1939 ਨੂੰ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ। ਆਪ ਨੇ ਨਕਸਲਵਾਦੀ ਲਹਿਰ ਤੋਂ ਲੈ ਕੇ ਪੰਜਾਬ ਵਿਚਲੇ ਸਿੱਖ ਸੰਘਰਸ਼ ਦੇ ਦੌਰ ਤਕ ਦੇ ਸਮੇਂ ਨੂੰ, ਆਪਣੀਆਂ ਕਵਿਤਾਵਾਂ ‘ਚ ਬਿਆਨ ਕੀਤਾ। ਦੇਸ਼ ਦੀ ਵੰਡ ਮਗਰੋਂ ਸਰਕਾਰ ਨੇ ਇਨਕਲਾਬੀ ਲੋਕਾਂ ਨਾਲ ਜੋ ਧੱਕੇਸ਼ਾਹੀ ਕੀਤੀ, ਉਦਾਸੀ ਦੀ ਕਵਿਤਾ ਉਸ ਨੂੰ ਬਾਖ਼ੂਬੀ ਬਿਆਨ ਕਰਦੀ ਹੈ। ਚੁਰਾਸੀ ਦੇ ਦੌਰ ਵਿੱਚ ਦਰਬਾਰ ਸਾਹਿਬ ‘ਤੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ, ਉਨ੍ਹਾਂ ਲੋਕ ਪੱਖੀ ਮੁਹਾਵਰੇ ਵਿੱਚ ਉਭਾਰਿਆ।
ਜੁਝਾਰੂ ਅਤੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਵੱਲੋਂ ਹੇਕ ਲਾ ਕੇ ਗਾਏ ਇਨਕਲਾਬੀ ਗੀਤ, ਅੱਜ ਵੀ ਲੋਕ ਮਨਾਂ ਦੀ ਤਰਜਮਾਨੀ ਕਰਦੇ ਹਨ। ਉਦਾਸੀ ਦੀਆਂ ਰਚਨਾਵਾਂ ‘ਕੰਮੀਆਂ ਦਾ ਵਿਹੜਾ’, ‘ਲਹੂ ਭਿੱਜੇ ਬੋਲ’, ‘ਸੈਨਤਾਂ’, ‘ਚੋਂ-ਨੁਕਰੀਆਂ ਸੀਖਾਂ’ ਅਤੇ ਬਹੁਤ ਸਾਰੀਆਂ ਅਣਛਪੀਆਂ ਰਚਨਾਵਾਂ ਨੂੰ ਰਾਜਵਿੰਦਰ ਸਿੰਘ ਰਾਹੀ ਨੇ ਸੰਪਾਦਿਤ ਕਰਕੇ, ਸਿਮਰਤੀ ਗ੍ਰੰਥ ‘ਸੰਤ ਰਾਮ ਉਦਾਸੀ ਜੀਵਨ ਅਤੇ ਸਮੁੱਚੀ ਰਚਨਾ’ ਤੋਂ ਇਲਾਵਾ ‘ਕੰਮੀਆਂ ਦੇ ਵਿਹੜੇ ਦਾ ਸੂਰਜ ਲੋਕ ਕਵੀ ਸੰਤ ਰਾਮ ਉਦਾਸੀ’ ਪੁਸਤਕਾਂ ਵਿੱਚ ਪ੍ਰਕਾਸ਼ਤ ਕੀਤਾ ਹੈ।
ਅੱਜ ਅਜਿਹੇ ਮਹਾਨ ਸ਼ਾਇਰ ਨੂੰ ਯਾਦ ਕਰਦਿਆਂ, ਸਥਾਪਤੀ ਖ਼ਿਲਾਫ਼ ਮੂੰਹ ਨਾ ਖੁੱਲ੍ਹਣ ਵਾਲੀ ਸਰਕਾਰ -ਪੱਖੀ ਅਸਾਹਿਤਕ ਜਮਾਤ ਨੂੰ, ਸਾਹਿਤਕ ਫ਼ਰਜ਼ਾਂ ਦੀ ਕੋਤਾਹੀ ਦਾ ਅਹਿਸਾਸ ਦਬਾਉਣ ਦੀ ਲੋੜ ਹੈ। ਅੱਜ ਦਾ ਦੌਰ ਉਦਾਸੀ ਦੇ ਦੌਰ ਤੋਂ ਵੀ ਭਿਅੰਕਰ ਹੋ ਰਿਹਾ ਹੈ, ਇਸ ਕਾਰਨ ਉਨ੍ਹਾਂ ਦੀ ਕਵਿਤਾ ਦੀ ਅਹਿਮੀਅਤ ਅੱਜ ਹੋਰ ਵੀ ਵਧ ਗਈ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੀ ਸੋਚ ਵਾਲੇ ਸਾਹਿਤਕਾਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ ‘ਸ਼ਹਿਰੀ ਨਕਸਲੀ’ ਕਰਾਰ ਦੇ ਕੇ, ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।
ਜੁਝਾਰੂ ਕਵੀ ਸੰਤ ਰਾਮ ਉਦਾਸੀ ਦੀ ਸੋਚ ਅਨੁਸਾਰ ਅਜਿਹੇ ਫਾਸ਼ੀਵਾਦੀ ਸਟੇਟ ਨੂੰ ਵਤਨ ਕਹਿਣਾ ਨਾਮੁਮਕਿਨ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਕੁਝ ਰਚਨਾਵਾਂ ਯਾਦਗਾਰੀ ਦਿਨ ‘ਤੇ ਸਾਂਝੀਆਂ ਕਰ ਰਹੇ ਹਾਂ।
ਕਿਸ ਨੂੰ ਵਤਨ ਕਹਾਂ
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਕੌਣ ਸਿਆਣ ਕਰੇ ਮਾਂ ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆਂ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਜਜ਼ਬੇ ਸਾਂਭ ਮੇਰੇ ਸਰਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

 

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …