4.6 C
Toronto
Saturday, October 25, 2025
spot_img
Homeਨਜ਼ਰੀਆਜਾਨ ਲੇਵਾ ਸਰਦੀ 'ਚ ਟੁੱਟੇ ਸ਼ੀਸ਼ੇ ਵਾਲੀਆਂ ਬੱਸਾਂ ਵਿਚ ਰਾਤਾਂ ਗੁਜ਼ਾਰਨ ਵਾਲੇ...

ਜਾਨ ਲੇਵਾ ਸਰਦੀ ‘ਚ ਟੁੱਟੇ ਸ਼ੀਸ਼ੇ ਵਾਲੀਆਂ ਬੱਸਾਂ ਵਿਚ ਰਾਤਾਂ ਗੁਜ਼ਾਰਨ ਵਾਲੇ ਬਜ਼ੁਰਗ ਨੂੰ ਮਿਲੀ ਨਵੀਂ ਜ਼ਿੰਦਗੀ

15-16 ਜਨਵਰੀ 2024 ਦੀ ਰਾਤ ਦੌਰਾਨ ਜਦੋਂ ਸਾਰਾ ਪੰਜਾਬ ਜ਼ੀਰੋ ਡਿਗਰੀ ਤਾਪਮਾਨ ਹੋਣ ਕਾਰਨ ਕੜਾਕੇ ਦੀ ਸਰਦੀ ਨਾਲ ਕੰਬ ਰਿਹਾ ਸੀ, ਉਸ ਸਮੇਂ ਸਰਾਭਾ ਆਸ਼ਰਮ ਦੇ ਮੁੱਖ ਸੇਵਾਦਾਰ ਅਤੇ ਹੋਰ ਸੇਵਾਦਾਰਾਂ ਵੱਲੋਂ ਲੁਧਿਆਣਾ ਸ਼ਹਿਰ ਦੇ ਜਵਾਹਰ ਨਗਰ ਵਿੱਚ ਖੜ੍ਹੀਆਂ ਪੁਰਾਣੀਆਂ ਬੱਸਾਂ ਵਿਚ ਸੌਂਦੇ 71 ਸਾਲਾ ਰਮੇਸ਼ ਕੁਮਾਰ ਨੂੰ ਸਹਾਇਤਾ ਪ੍ਰਦਾਨ ਕਰਕੇ ਨਵਾਂ ਜੀਵਨ ਦਿੱਤਾ। 15 ਜਨਵਰੀ ਦੀ ਰਾਤ ਨੂੰ ਜਵਾਹਰ ਨਗਰ ਤੋਂ ਇੱਕ ਸ਼ੁਭਮ ਨਾਮ ਦੇ ਵਿਅਕਤੀ ਨੇ ਸਰਾਭਾ ਆਸ਼ਰਮ ਵਿੱਚ ਫੋਨ ਕਰਕੇ ਦੱਸਿਆ ਕਿ ਇੱਥੇ ਸੜਕ ‘ਤੇ ਖੜ੍ਹੀਆਂ ਟੁੱਟੇ ਸ਼ੀਸ਼ੇ ਵਾਲੀਆਂ ਪੁਰਾਣੀਆਂ ਬੱਸਾਂ ਵਿੱਚ ਇੱਕ ਬਿਮਾਰ ਬਜ਼ੁਰਗ ਰਹਿੰਦਾ ਹੈ ਅਤੇ ਰਾਤ ਨੂੰ ਵੀ ਇਹਨਾਂ ਬੱਸਾਂ ਵਿੱਚ ਹੀ ਸੌਂਦਾ ਹੈ।
ਉਸ ਨੇ ਦੱਸਿਆ ਕਿ ਉੱਠਣ-ਬੈਠਣ ਤੋਂ ਅਸਮਰੱਥ ਇਸ ਬਜ਼ੁਰਗ ਨੂੰ ਜੇਕਰ ਤੁਰੰਤ ਮੈਡੀਕਲ ਸਹਾਇਤਾ ਨਾ ਮਿਲੀ ਤਾਂ ਇਸ ਦੀ ਮੌਤ ਹੋ ਸਕਦੀ ਹੈ। 16 ਜਨਵਰੀ ਨੂੰ ਸਵੇਰੇ ਨੌਂ ਵਜੇ ਦੇ ਕਰੀਬ ਸਰਾਭਾ ਆਸ਼ਰਮ ਦੇ ਮੁੱਖ ਸੇਵਾਦਾਰ ਡਾ.ਨੌਰੰਗ ਸਿੰਘ ਮਾਂਗਟ, ਰਣਜੀਤ ਸਿੰਘ ਤੇ ਹਰਦੀਪ ਸਿੰਘ ਨੇ ਪਹੁੰਚ ਕੇ ਦੇਖਿਆ ਕਿ ਇਸ ਬਜ਼ੁਰਗ ਦੇ ਹੱਥ-ਪੈਰ ਸੁੱਜੇ ਹੋਏ ਸਨ, ਮਲ-ਮੂਤਰ ਆਦਿ ਕੱਪੜਿਆਂ ਵਿੱਚ ਹੀ ਕੀਤਾ ਹੋਇਆ ਸੀ ਅਤੇ ਹਾਲਤ ਬੇਹੱਦ ਚਿੰਤਾਜਨਕ ਸੀ । ਇਸਨੂੰ ਬੱਸ ਵਿੱਚੋਂ ਪਏ ਨੂੰ ਚੁੱਕ ਕੇ ਆਸ਼ਰਮ ਦੀ ਐਂਬੂਲੈਂਸ ਵਿੱਚ ਪਾ ਕੇ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਲੈ ਆਏ। ਆਸ਼ਰਮ ਵਿੱਚ ਇਸਨੂੰ ਲੋੜੀਂਦੀ ਮੈਡੀਕਲ ਸਹਾਇਤਾ ਦਿੱਤੀ ਗਈ, ਇਸ਼ਨਾਨ ਕਰਵਾਇਆ, ਪ੍ਰਸ਼ਾਦਾ ਛਕਾਇਆ ਅਤੇ ਜ਼ਰੂਰਤ ਦੀਆਂ ਵਸਤੂਆਂ ਦਿੱਤੀਆਂ ਗਈਆਂ। ਚਾਰ-ਪੰਜ ਘੰਟੇ ਬਾਅਦ ਇਸ ਨੇ ਕੁੱਝ ਸੁਰਤ ਸੰਭਾਲੀ ਤਾਂ ਬਜ਼ੁਰਗ ਨੇ ਆਪਣੇ ਬਾਰੇ ਦੱਸਿਆ ਕਿ ਮੇਰਾ ਨਾਮ ਰਮੇਸ਼ ਕੁਮਾਰ ਹੈ, ਮੈਂ ਜਵਾਹਰ ਨਗਰ ਵਿੱਚ ਸੜਕ ਕਿਨਾਰੇ ਬੈਠ ਕੇ ਕੱਪੜਿਆਂ ਦੀ ਮੁਰੰਮਤ ਦਾ ਛੋਟਾ-ਮੋਟਾ ਕੰਮ ਕਰਦਾ ਸੀ। ਰਹਿਣ ਲਈ ਕੋਈ ਘਰ-ਬਾਰ ਨਾ ਹੋਣ ਕਰਕੇ ਗਰਮੀਆਂ ਵਿੱਚ ਸੜਕ ਕਿਨਾਰੇ ਹੀ ਸੌਂ ਜਾਂਦਾ ਅਤੇ ਸਰਦੀਆਂ ਵਿੱਚ ਪੁਰਾਣੀਆਂ ਖੜ੍ਹੀਆਂ ਬੱਸਾਂ ਵਿੱਚ ਸੌਂ ਜਾਂਦਾ ਸੀ। ਹੁਣ ਬੁਢੇਪੇ ਵਿਚ ਬਿਮਾਰ ਹੋ ਗਿਆ ਅਤੇ ਸਰਦੀ ਵੀ ਨਹੀਂ ਝੱਲੀ ਜਾਂਦੀ। ਆਸ਼ਰਮ ਦੇ ਮੈਡੀਕਲ ਸਟਾਫ ਨੇ ਦੱਸਿਆ ਕਿ ਉਮੀਦ ਹੈ ਇਹ ਬਜ਼ੁਰਗ ਆਸ਼ਰਮ ਵਿੱਚ ਲਗਾਤਾਰ ਮੈਡੀਕਲ ਸਹਾਇਤਾ ਮਿਲਣ ਨਾਲ ਅਤੇ ਚੰਗੀ ਸੇਵਾ-ਸੰਭਾਲ ਸਦਕਾ ਜਲਦੀ ਹੀ ਤੁਰਨ-ਫਿਰਨ ਲੱਗ ਜਾਵੇਗਾ।
ਇਸ ਸੰਸਥਾ ਦੇ ਬਾਨੀ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਸੰਸਥਾ ਵੱਲੋਂ ਪਿਛਲੇ 19 ਸਾਲਾਂ ਦੌਰਾਨ ਸੈਂਕੜੈ ਹੀ ਅਜਿਹੇ ਬਿਮਾਰ ਲਾਵਾਰਸ ਵਿਅਕਤੀਆਂ ਨੂੰ ਸੜਕਾਂ ਤੋਂ ਚੁੱਕ ਕੇ ਨਵੀਂ ਜ਼ਿੰਦਗੀ ਪਰਦਾਨ ਕੀਤੀ ਗਈ ਹੈ।
ਇਸ ਆਸ਼ਰਮ ਵਿੱਚ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆ ਨਾਲ ਪੀੜਤ ਲਾਵਾਰਸ-ਬੇਘਰ ਦੋ ਸੌ (200) ਦੇ ਕਰੀਬ ਮਰੀਜ਼ ਹਮੇਸ਼ਾਂ ਹੀ ਰਹਿੰਦੇ ਹਨ। ਇਹਨਾਂ ਵਿੱਚ ਬਹੁਤ ਸਾਰੇ ਮਰੀਜ਼ ਪੂਰੀ ਤਰਾਂ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵੱਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਲੋਕ ਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ।
ਆਸ਼ਰਮ ਬਾਰੇ ਹੋਰ ਜਾਣਕਾਰੀ ਲਈ ਸੰਪਰਕ (ਮੋਬਾਇਲ): 95018-42506; 95018-42505

RELATED ARTICLES
POPULAR POSTS