Breaking News
Home / ਨਜ਼ਰੀਆ / ਵਾਤਾਵਰਣ ਸੰਬੰਧਤ ਵਿਗਿਆਨ ਗਲਪ ਕਹਾਣੀ

ਵਾਤਾਵਰਣ ਸੰਬੰਧਤ ਵਿਗਿਆਨ ਗਲਪ ਕਹਾਣੀ

ਤਰਲ ਰੁੱਖ
(ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ)
ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਜਿਵੇਂ ਹੀ ਇਸ ਮੁੱਦੇ ਦੀ ਖ਼ਬਰ ਫੈਲੀ, ਸ਼ਹਿਰ ਵਿਚ ਦੋ ਧੜ੍ਹੇ ਬਣ ਗਏ। ਕੁਝ ਲੋਕਾਂ ਦਾ ਮੰਨਣਾ ਸੀ ਕਿ ਤਰਲ ਰੁੱਖ ਇੱਕ ਸਿਹਤਮੰਦ ਅਤੇ ਵਧੇਰੇ ਉੱਜਲ ਭਵਿੱਖ ਦਾ ਆਧਾਰ ਹਨ, ਜਦੋਂ ਕਿ ਦੂਜੇ ਧੜ੍ਹੇ ਦੇ ਲੋਕ ਤਰਲ ਰੁੱਖਾਂ ਨੂੰ ਆਰਥਿਕ ਵਿਕਾਸ ਦੇ ਰਾਹ ਵਿੱਚ ਰੁਕਾਵਟ ਮੰਨ ਰਹੇ ਸਨ। ਗਰਮਾ-ਗਰਮ ਬਹਿਸਾਂ ਨੇ ਸ਼ਹਿਰ ਦੇ ਨਿਊਜ਼ ਅਦਾਰਿਆਂ ਅਤੇ ਸੋਸ਼ਲ ਮੀਡੀਆ ਚੈਨਲਾਂ ਨੂੰ ਭਰ ਦਿੱਤਾ। ਫਲਸਰੂਪ ਸ਼ਹਿਰ ਵਾਸੀਆਂ ਵਿੱਚ ਡਾਢੀ ਤਣਾਅ ਭਰੀ ਸਥਿਤੀ ਬਣ ਗਈ ਸੀ।
ਜਿਵੇਂ ਹੀ ਤਰਲ ਰੁੱਖਾਂ ਨੂੰ ਬਚਾਉਣ ਲਈ ਸੰਘਰਸ਼ ਤੇਜ਼ ਹੁੰਦਾ ਗਿਆ, ਦਿੱਲੀ ਵਿੱਚ ਧੜ੍ਹਾਬੰਦੀ ਹੋਰ ਸਪਸ਼ਟ ਹੁੰਦੀ ਗਈ। ਨਗਰ ਨਿਰਮਾਣ ਨਿਗਮ ਨੇ ਆਪਣੇ ਹਿੱਤਾਂ ਦੀ ਰੱਖਿਆ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਤਰਲ ਰੁੱਖਾਂ ਦੇ ਫੈਲਾਅ ਨੂੰ ਰੋਕਣ ਲਈ ਉਨ੍ਹਾਂ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ। ਖੁੱਲੇ ਦਿਲ ਨਾਲ ਪੈਸਾ ਖਰਚਦੇ ਹੋਏ, ਉਨ੍ਹਾਂ ਨੇ ਤਰਲ ਰੁੱਖਾਂ ਦੇ ਵਿਰੋਧ ਵਿੱਚ ਇੱਕ ਅਜਿਹੀ ਮੁਹਿੰਮ ਚਲਾਈ ਜਿਸ ਨਾਲ ਉਨ੍ਹਾਂ ਸ਼ਹਿਰ ਦੇ ਸੰਚਾਰ ਮਾਧਿਅਮਾਂ ਨੂੰ ਅਜਿਹੇ ਇਸ਼ਤਿਹਾਰਾਂ ਅਤੇ ਲੇਖਾਂ ਨਾਲ ਭਰ ਦਿੱਤਾ, ਜਿਨ੍ਹਾਂ ਵਿੱਚ ਤਰਲ ਰੁੱਖਾਂ ਨੂੰ ਇੱਕ ਮਹਿੰਗੀ ਫਜ਼ੂਲਖਰਚੀ ਦੱਸਿਆ ਗਿਆ। ਉਨ੍ਹਾਂ ਦੀ ਦਲੀਲ ਸੀ ਕਿ ਸ਼ਹਿਰ ਦੇ ਵਿੱਤੀ ਸਰੋਤਾਂ ਨੂੰ ਇਨ੍ਹਾਂ ਵਾਤਾਵਰਣ-ਅਨੁਕੂਲ ਪ੍ਰੋਜੈਕਟਾਂ ਉੱਤੇ ਲਗਾਉਣ ਨਾਲ ਸ਼ਹਿਰ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਇਆ ਹੈ। ਹੁਣ ਤਾਂ ਸ਼ਹਿਰ ਭਰ ਵਿਚ ਤਰਲ ਰੁੱਖਾਂ ਵਿਰੋਧੀ ਜਾਣਕਾਰੀ ਪੂਰੀ ਤਰ੍ਹਾਂ ਫੈਲ ਚੁੱਕੀ ਸੀ, ਅਤੇ ਲੋਕਾਂ ਵਿੱਚ ਇਸ ਮਸਲੇ ਬਾਰੇ ਧੜ੍ਹੇਬੰਦੀ ਸਪਸ਼ਟ ਨਜ਼ਰ ਆਉਣ ਲੱਗ ਪਈ ਸ।ਿ
ਦਿੱਲੀ ਦੀਆਂ ਸੜਕਾਂ ਉੱਤੇ ਟਕਰਾਉ ਵਾਲੇ ਹਾਲਾਤ ਬਣ ਚੁੱਕੇ ਸਨ। ਵਿਰੋਧ ਪ੍ਰਦਰਸ਼ਨ ਅਤੇ ਜਵਾਬੀ ਕਾਰਵਾਈਆਂ ਆਮ ਹੋ ਗਈਆਂ। ਸ਼ਹਿਰ ਵਾਸੀਆ ਨੇ ਪੂਰੇ ਜੋਸ਼-ਸ਼ੌਰ ਨਾਲ ਆਪੋ-ਆਪਣੀਆਂ ਧਿਰਾਂ ਦੇ ਹੱਕ ਵਿਚ ਮੁਜ਼ਾਹਰੇ ਕੀਤੇ। ਮਿਊਂਸੀਪਲ ਕੌਂਸਲ ਦੀਆਂ ਮੀਟਿੰਗਾਂ ਤਲਖ਼ੀ ਭਰਪੂਰ ਰੌਲਾ-ਰੱਪੇ ਅਤੇ ਦੂਸ਼ਣਬਾਜ਼ੀ ਵਾਲੀਆਂ ਬਹਿਸਾਂ ਵਿੱਚ ਬਦਲ ਗਈਆਂ।
ਹਰਿਆਵਲ ਦਸਤਾ, ਮਾਇਆ ਦੀ ਅਗਵਾਈ ਤੇ ਡਾ. ਇਵਾਨ ਪੈਟਰੋਵਿਕ ਦੇ ਸਮਰਥਨ ਨਾਲ, ਤਰਲ ਰੁੱਖਾਂ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਰਿਹਾ। ਉਨ੍ਹਾਂ ਨੇ, ਹਵਾ ਦੀ ਗੁਣਵੱਤਾ ਉੱਤੇ ਤਰਲ ਰੁੱਖਾਂ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਜਾਨਣ ਲਈ ਆਪਣੇ ਵਿਗਿਆਨਕ ਕਾਰਜ ਜਾਰੀ ਰੱਖੇ ਅਤੇ ਸ਼ਹਿਰ ਵਾਸੀਆਂ ਦੇ ਸਿਹਤ ਸੰਭਾਲ ਖਰਚਿਆਂ ਵਿੱਚ ਕਮੀ ਬਾਰੇ ਸਬੂਤ ਇਕੱਠੇ ਕੀਤੇ। ਇਨ੍ਹਾਂ ਕਾਰਜਾਂ ਅਧਾਰਿਤ ਉਨ੍ਹਾਂ ਦਾ ਦਆਵਾ ਸੀ ਕਿ ਤਰਲ ਰੁੱਖਾਂ ਤੋਂ ਲੰਬੇ ਸਮੇਂ ਦੌਰਾਨ ਪ੍ਰਾਪਤ ਹੋਣ ਵਾਲੇ ਲਾਭਾਂ ਦੀ ਮਾਤਰਾ ਕਿਸੇ ਵੀ ਛੋਟੇ ਅਰਸੇ ਦੀਆਂ ਅਸੁਵਿਧਾਵਾਂ ਨਾਲੋਂ ਬਹੁਤ ਵਧੇਰੇ ਹੋਣ ਦਾ ਯਕੀਨ ਹੈ।
ਦੋਨੋਂ ਧਿਰਾਂ ਦੇ ਆਪਸੀ ਟਕਰਾਅ ਨੇ ਸ਼ਹਿਰ ਦੀ ਏਕਤਾ ਨੂੰ ਨੁਕਸਾਨ ਪਹੁੰਚਾਇਆ। ਅਨੇਕ ਦੋਸਤ ਅਤੇ ਪਰਿਵਾਰ ਵਿਰੋਧੀ ਪੱਖਾਂ ਦੇ ਹੱਕ ਵਿਚ ਭੁਗਤਣ ਕਾਰਣ ਆਪਸੀ ਰਿਸ਼ਤੇ ਤਣਾਅਪੂਰਨ ਹੋ ਗਏ। ਅਜਿਹੇ ਹਾਲਾਤਾਂ ਵਿਚ ਤਰਲ ਰੁੱਖਾਂ ਦਾ ਸਮਰਥਨ ਕਰਨ ਵਾਲੇ ਕਾਰੋਬਾਰਾਂ ਨੂੰ ਧਮਕੀਆਂ ਦਾ ਅਤੇ ਨਗਰ ਨਿਰਮਾਣ ਨਿਗਮ ਨਾਲ ਜੁੜੇ ਲੋਕਾਂ ਨੂੰ ਬਾਈਕਾਟ ਅਤੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਸਾਫ਼-ਸੁਥਰੇ ਵਾਤਾਵਰਣ ਵਾਲੀ ਦਿੱਲੀ ਸੰਬੰਧਤ ਆਪਣੇ ਨਜ਼ਰੀਏ ਦਾ ਬਚਾਅ ਕਰਨਾ ਸੀ, ਡਾ. ਇਵਾਨ ਪੈਟਰੋਵਿਕ, ਮਾਇਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਲੋਕਾਂ ਨੂੰ ਤਰਲ ਰੁੱਖਾਂ ਦੇ ਠੋਸ ਲਾਭ ਦਿਖਾਉਣ ਲਈ ਰੈਲੀਆਂ ਅਤੇ ਜਨਤਕ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ। ਉਨ੍ਹਾਂ ਨੇ ਵਿਗਿਆਨਕ ਅੰਕੜੇ ਪੇਸ਼ ਕੀਤੇ ਜੋ ਹਵਾ ਦੀ ਗੁਣਵੱਤਾ ਅਤੇ ਮਨੁੱਖੀ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਨੂੰ ਸਾਬਤ ਕਰਦੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਦਿੱਲੀ ਦੀ ਅਸਲ ਦੌਲਤ ਇਸਦੇ ਲੋਕਾਂ ਦੀ ਭਲਾਈ ਵਿੱਚ ਹੈ, ਨਾ ਕਿ ਸਿਰਫ ਆਰਥਿਕ ਖੁਸ਼ਹਾਲੀ ਵਿੱਚ।
ਦਿੱਲੀ ਵਿੱਖੇ ਤਰਲ ਰੁੱਖਾਂ ਦੇ ਸੰਬੰਧਤ ਸੰਘਰਸ਼ ਦੌਰਾਨ, ਅਚਾਨਕ ਉਮੀਦ ਦੀ ਇੱਕ ਕਿਰਨ ਉਸ ਸਮੇਂ ਨਜ਼ਰ ਆਈ ਜਦ ਸ਼ਹਿਰ ਦੇ ਕੁਝ ਸੁਲਝੇ ਹੋਏ ਪਤਵੰਤੇ ਵਾਸੀਆਂ ਨੇ ਸ਼ਹਿਰ ਦੀ ਧੜ੍ਹੇਬੰਦੀ ਦੇ ਖਾਤਮੇ ਲਈ ਤੇ ਦੋਨ੍ਹੋਂ ਧੜ੍ਹਿਆਂ ਵਿਚਕਾਰ ਸਮਝੌਤੇ ਦੀ ਲੋੜ ਨੂੰ ਮੁੱਖ ਰੱਖਦੇ ਹੋਏ, ਸ਼ਾਂਤੀਪੂਰਨ ਹੱਲ ਲੱਭਣ ਲਈ ਕੁਝ ਸੁਝਾਅ ਪੇਸ਼ ਕੀਤੇ। ਉਨ੍ਹਾਂ ਨੇ ਦੋਵਾਂ ਧਿਰਾਂ ਨਾਲ ਸਬੰਧਤ ਲੋਕਾਂ ਨੂੰ ਇਕ ਸਾਂਝੀ ਬੈਠਕ ਰਾਹੀਂ ਆਪਸੀ ਗੱਲਬਾਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਕਮਿਊਨਿਟੀ ਮੀਟਿੰਗ ਦੌਰਾਨ ਲੋਕਾਂ ਨੂੰ ਆਪਣੀਆਂ ਚਿੰਤਾਵਾਂ, ਡਰ ਅਤੇ ਉਮੀਦਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਹਰੇਕ ਸਮੂਹ ਦੇ ਦ੍ਰਿਸ਼ਟੀਕੋਣ ਦੀ ਸਹੀ ਸਮਝ ਆ ਸਕੇ।
ਇਸ ਮੀਟਿੰਗ ਦੌਰਾਨ ਮਾਇਆ ਅਤੇ ਡਾ. ਇਵਾਨ ਪੈਟਰੋਵਿਕ ਨੇ ਸਿਹਤਮੰਦ ਅਤੇ ਵਧੇਰੇ ਉੱਜਲੇ ਭਵਿੱਖ ਵਾਲੀ ਦਿੱਲੀ ਦੀ ਬਰਕਰਾਰੀ ਦੇ ਸਾਂਝੇ ਟੀਚੇ ਉੱਤੇ ਜ਼ੋਰ ਦਿੰਦੇ ਹੋਏ, ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਨੂੰ ਸਹਿਜ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਨੇ ਤਰਲ ਰੁੱਖਾਂ ਦੇ ਲਾਭਾਂ ਅਤੇ ਆਰਥਿਕ ਚਿੰਤਾਵਾਂ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਸ਼ਹਿਰ ਦੇ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਦੀ ਲੋੜ ਸੰਬੰਧਤ ਵਿਗਿਆਨਕ ਸਬੂਤਾਂ ਨੂੰ ਪੇਸ਼ ਕੀਤਾ।
ਹੌਲੀ-ਹੌਲੀ ਮਾਹੌਲ ਬਦਲਣਾ ਸ਼ੁਰੂ ਹੋ ਗਿਆ। ਆਪਸੀ ਟਕਰਾਅ ਵਾਲੀਆਂ ਦੋਨੋਂ ਧਿਰਾਂ ਨੇ ਮਹਿਸੂਸ ਕੀਤਾ ਕਿ ਉਹ ਸਾਰੇ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਹਨ ਅਤੇ ਇਸ ਦੇ ਵਧੀਆ ਭਵਿੱਖ ਦੀ ਇੱਛਾ ਰੱਖਦੇ ਹਨ। ਆਪਸੀ ਗੱਲਬਾਤ ਨਾਲ ਉਨ੍ਹਾਂ ਮਹਿਸੂਸ ਕੀਤਾ ਕਿ ਸ਼ਹਿਰ ਅਤੇ ਇਸ ਦੇ ਵਾਸੀਆਂ ਦੇ ਭਲੇ ਲਈ ਮੌਜੂਦਾ ਮਸਲੇ ਦਾ ਸਾਂਝਾ ਹੱਲ ਲੱਭਣਾ ਜ਼ਰੂਰੀ ਹੈ।
ਨਗਰ ਨਿਰਮਾਣ ਨਿਗਮ ਨੇ ਤਰਲ ਰੁੱਖਾਂ ਲਈ ਜਨਤਕ ਸਮਰਥਨ ਦੀ ਤਾਕਤ ਅਤੇ ਸਥਾਈ ਹੱਲਾਂ ਦੀ ਆਰਥਿਕ ਸੰਭਾਵਨਾ ਨੂੰ ਸਵੀਕਾਰ ਕਰਦੇ ਹੋਏ, ਆਪਣਾ ਨਜ਼ਰੀਆ ਬਦਲਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਅਜਿਹੇ ਸਮਝੌਤੇ ਲਈ ਹਾਮੀ ਭਰ ਦਿੱਤੀ ਜਿਸ ਵਿੱਚ ਤਰਲ ਰੁੱਖਾਂ ਦੇ ਨਿਰੰਤਰ ਵਾਧੇ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਸ਼ਹਿਰ ਦੇ ਆਰਥਿਕ ਵਿਕਾਸ ਤੇ ਨਿਰਮਾਣ ਕਾਰਜਾਂ ਦੇ ਨਾਲ ਨਾਲ ਹਰੇ ਭਰੇ ਵਾਤਾਵਰਣ ਦੀ ਸਥਾਪਤੀ ਤੇ ਨਿਰੰਤਰਤਾ ਕਾਇਮ ਰੱਖਣ ਲਈ ਸੰਤੁਲਿਤ ਕਾਰਵਾਈਆਂ ਕਰਨ ਨੂੰ ਤਰਜ਼ੀਹ ਦੇਣ ਦਾ ਨਿਸ਼ਚਾ ਵੀ ਸ਼ਾਮਿਲ ਸੀ।
ਮਿਊਂਸੀਪਲ ਕੌਂਸਲ ਦੇ ਮੈਂਬਰ, ਜੋ ਕਿ ਸੰਘਰਸ਼ ਦੁਆਰਾ ਦੋ ਧੜ੍ਹਿਆਂ ਵਿੱਚ ਵੰਡੇ ਗਏ ਸਨ, ਨੇ ਇਸ ਸਮਝੋਤੇ ਅਧਾਰਿਤ ਇੱਕ ਵਿਆਪਕ ਯੋਜਨਾ ਦਾ ਖਰੜਾ ਤਿਆਰ ਕਰ ਲਿਆ, ਜੋ ਇੱਕ ਵਿਕਾਸ਼ੀਲ ਤੇ ਖੁਸ਼ਹਾਲ ਵਾਤਾਵਰਣ ਵਾਲੀ ਦਿੱਲੀ ਦੀ ਚਿਰ-ਸਥਾਈ ਕਇਮੀ ਦਾ ਅਧਾਰ ਬਨਣ ਦੇ ਸਮਰਥ ਸੀ। ਇਸ ਯੋਜਨਾ ਅਨੁਸਾਰ ਵਿਕਾਸ ਤੇ ਨਿਰਮਾਣ ਕਾਰਜਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਖ਼ਤ ਨਿਯਮ ਬਣਾਏ ਗਏ ਸਨ। ਇਸ ਯੋਜਨਾ ਵਿੱਚ ਸਾਫ਼ ਹਵਾ ਅਤੇ ਹਰੇ ਭਰੇ ਭਵਿੱਖ ਲਈ ਸ਼ਹਿਰ ਦੀ ਵਚਨਬੱਧਤਾ ਦੇ ਚਿੰਨ੍ਹ ਵਜੋਂ ਤਰਲ ਰੁੱਖਾਂ ਦੇ ਨਿਰੰਤਰ ਵਾਧੇ ਨੂੰ ਵੀ ਯਕੀਨੀ ਬਣਾਇਆ ਗਿਆ ਸੀ।
ਇਸ ਸਮਝੌਤੇ ਨਾਲ ਸ਼ਹਿਰਵਾਸੀਆਂ ਦਾ ਸੰਘਰਸ਼ ਸ਼ਾਂਤੀਪੂਰਵਕ ਖ਼ਤਮ ਹੋ ਗਿਆ। ਧੜ੍ਹੇਬੰਦੀ ਅਤੇ ਬਹਿਸ-ਮੁਬਾਹਸਿਆਂ ਤੋਂ ਅੱਕੇ-ਥੱਕੇ ਹੋਏ, ਦਿੱਲੀ ਵਾਸੀਆਂ ਨੇ ਆਪਸੀ ਸਬੰਧਾਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਵਾਰ ਫਿਰ ਸੰਗਠਿਤ ਭਾਈਚਾਰੇ ਵਜੋਂ ਰਲ-ਮਲ ਕੇ ਰਹਿਣ ਲੱਗੇ। ਤਰਲ ਰੁੱਖ, ਜੋ ਕਿ ਇਸ ਸਾਰੀ ਜਦੋਜਹਿਦ ਦਾ ਕੇਂਦਰ ਸਨ, ਹੁਣ ਸ਼ਹਿਰ ਦੀਆਂ ਗਲੀਆਂ, ਪਾਰਕਾਂ ਅਤੇ ਛੱਤਾਂ ਉੱਤੇ ਵਧ ਫੁੱਲ ਰਹੇ ਸਨ। ਹੁਣ ਤਾਂ ਉਹ ਮੁਸੀਬਤ ਦੇ ਸਮੇਂ ਸੰਵਾਦ, ਸਮਝੌਤਾ ਅਤੇ ਏਕਤਾ ਦੀ ਸ਼ਕਤੀ ਦਾ ਚਿੰਨ ਬਣ ਚੁੱਕੇ ਸਨ। ਡਾ. ਇਵਾਨ ਪੈਟਰੋਵਿਕ, ਮਾਇਆ ਅਤੇ ਹਰਿਆਵਲ ਦਸਤੇ ਦੀ ਅਣਥੱਕ ਮਿਹਨਤ ਰੰਗ ਲਿਆਈ ਸੀ ਤੇ ਉਹ ਸ਼ਹਿਰ ਵਾਸੀਆਂ ਵਿਚ ਹਰਮਨ ਪਿਆਰੇ ਹੀਰੋ ਬਣ ਗਏ। ਉਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਨਾ ਸਿਰਫ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾ ਦਿੱਤਾ ਬਲਕਿ ਮਨੁੱਖਤਾ ਅਤੇ ਕੁਦਰਤ ਦੇ ਵਿਚਕਾਰ ਸਬੰਧ ਨੂੰ ਵੀ ਮੁੜ-ਸੁਰਜੀਤ ਕਰ ਦਿੱਤਾ ਸੀ।
ਕਈ ਸਾਲ ਬੀਤ ਗਏ। ਦਿੱਲੀ ਹੁਣ ਇੱਕ ਅਜਿਹੇ ਸ਼ਹਿਰ ਵਿੱਚ ਬਦਲ ਗਿਆ ਸੀ ਜਿੱਥੇ ਕੁਦਰਤ ਅਤੇ ਕੰਕਰੀਟ ਦਾ ਸੁਮੇਲ ਮੌਜੂਦ ਸੀ। ਹਵਾ ਸਾਫ਼ ਹੋ ਗਈ ਸੀ ਅਤੇ ਇਸ ਦੇ ਨਿਵਾਸੀਆਂ ਦੀ ਸਿਹਤ ਵਿੱਚ ਸੁਧਾਰ ਹੋਇਆ ਸੀ। ਕਿਸੇ ਸਮੇਂ ਨਜ਼ਰ ਆਉਂਦੇ ਸਲੇਟੀ ਜਾਂ ਪੀਲਾ- ਭੂਰੇ ਧੂੰਏ ਵਾਲੇ ਚੋਗਿਰਦੇ ਦੀ ਥਾਂ ਹੁਣ ਸੱਭ ਪਾਸੇ ਛੱਤਾਂ ਉੱਪਰ ਮੌਜੂਦ ਹਰੇ-ਭਰੇ ਬਗੀਚਿਆਂ, ਉੱਚੀਆ ਇਮਾਰਤਾਂ ਤੋਂ ਹੇਠਾਂ ਵੱਲ ਲਟਕ ਰਹੀਆਂ ਰੰਗ-ਬਿਰੰਗੇ ਫੁੱਲਾਂ ਨਾਲ ਲੱਦੀਆਂ ਵੇਲਾਂ ਤੇ ਮੌਸਮਾਂ ਵਾਂਗ ਰੰਗ ਬਦਲਦੇ ਤਰਲ-ਰੁੱਖਾਂ ਦਾ ਖੂਬਸੂਰਤ ਨਜ਼ਾਰਾ ਮੌਜੂਦ ਸੀ।
ਸ਼ਹਿਰ ਵਿੱਚ ਹਰਿਆਲੀ ਨੂੰ ਵਾਪਸ ਲਿਆਉਣ ਦਾ ਮਾਇਆ ਦਾ ਸੁਪਨਾ ਇੱਕ ਹਕੀਕਤ ਬਣ ਚੁੱਕਾ ਸੀ, ਅਤੇ ਦਿੱਲੀ ਦੇ ਲੋਕ ਉਸ ਦੇ ਦ੍ਰਿੜ ਇਰਾਦੇ ਅਤੇ ਦ੍ਰਿਸ਼ਟੀ ਲਈ ਧੰਨਵਾਦੀ ਸਨ। ਉਹ ਜਾਣ ਚੁੱਕੇ ਸਨ ਕਿ ਕਿ ਕੰਕਰੀਟ ਦੇ ਜੰਗਲ ਵਿੱਚ ਵੀ, ਕੁਦਰਤ ਦੇ ਪ੍ਰਫੁੱਲਤ ਹੋਣ ਦਾ ਰਸਤਾ ਸੰਭਵ ਸੀ।
(ਸਮਾਪਤ)
Email: [email protected]
Website: drdpsinghauthor.wordpress.com

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …