Breaking News
Home / ਨਜ਼ਰੀਆ / ਗੁਰਬਚਨ ਸਿੰਘ ਚਿੰਤਕ ਦੀ ਰੁਬਾਈਆਂ ਦੀ ਪੁਸਤਕ ‘ਚਿੰਤਾ, ਚਿੰਤਕ, ਚਿੰਤਨ’

ਗੁਰਬਚਨ ਸਿੰਘ ਚਿੰਤਕ ਦੀ ਰੁਬਾਈਆਂ ਦੀ ਪੁਸਤਕ ‘ਚਿੰਤਾ, ਚਿੰਤਕ, ਚਿੰਤਨ’

ਹਰਜੀਤ ਬੇਦੀ
ਮੈਂ ਇੱਕ ਸਾਧਾਰਣ ਪਾਠਕ ਹਾਂ। ਪੁਸਤਕਾਂ ਨੂੰ ਮੈਂ ਇੱਕ ਵਧੀਆ ਮਿੱਤਰ ਸਮਝਦਾ ਹਾਂ। ਉਨ੍ਹਾ ਵਿੱਚ ਲਿਖੇ ਨੂੰ ਸੱਤ ਬਚਨ ਕਹਿ ਕੇ ਮੰਨੀਏ ਜਾਂ ਨਾ ਕਿਤਾਬਾਂ ਕਦੇ ਵੀ ਗੁੱਸਾ ਨਹੀਂ ਕਰਦੀਆਂ। ਇਸੇ ਲਈ ਮੈਨੂੰ ਕਿਤਾਬਾਂ ਚੰਗੀਆਂ ਲਗਦੀਆਂ ਹਨ। ਪਿਛਲੇ ਦਿਨੀਂ ਪੰਜਾਬੀ ਵਿੱਚ ਨਿਰੋਲ ਰੁਬਾਈਆਂ ਦੀ ਕਿਤਾਬ ‘ਚਿੰਤਾ, ਚਿੰਤਕ, ਚਿੰਤਨ’ ਪੜ੍ਹਨ ਦਾ ਮੌਕਾ ਮਿਲਿਆ। ਜਿਸਦਾ ਲੇਖਕ ਹੈ ਕਿਤਾਬ ਦੇ ਟਾਈਟਲ ਵਰਗੇ ਨਾਂ ਵਾਲਾ ਗੁਰਬਚਨ ਸਿੰਘ ਚਿੰਤਕ। ਚਿੰਤਕ ਦੀ ਇਹ ਪੰਜਵੀ ਪੁਸਤਕ ਹੈ। ਕਨੇਡਾ ਵਿੱਚ ਉਸ ਨਾਲ ਮੇਰੀ ਮੁਲਾਕਾਤ ਮਾਸਟਰ ਕੁਲਵੰਤ ਸਿੰਘ ਰਣੀਆਂ ਰਾਹੀਂ ਹੋਈ ਜੋ ਅਧਿਆਪਕ ਹਿੱਤਾਂ ਲਈ ਸੰਘਰਸ਼ਸ਼ੀਲ ਰਿਹਾ ਹੈ। ਆਪਣੇ ਸੁਭਾਅ ਮੁਤਾਬਕ  ਮੈਂ ਥੋੜੇ ਸਮੇਂ ਵਿੱਚ ਹੀ ਇਹ ਸਾਰੀ ਕਿਤਾਬ ਪੜ੍ਹ ਲਈ। ਕਿਤਾਬ ਪੜ੍ਹ ਕੇ ਮਹਿਸੂਸ ਹੋਇਆ ਗੁਰਬਚਨ ਸਿੰਘ ਧੁਰ ਅੰਦਰੋਂ ਆਪਣੇ ਮਨ ਦੀ ਗੱਲ ਕਰਦਾ ਹੈ।
ਚਿੰਤਕ ਦੀਆਂ ਰੁਬਾਈਆਂ ਚੋਂ ਇਹ ਗੱਲ ਸਾਫ ਝਲਕਦੀ ਹੈ ਕਿ ਉਹ ਸੱਚਮੁੱਚ ਹੀ ਚਿੰਤਕ ਹੈ। ਉਹ ਆਪਣੇ ਹੱਡੀਂ ਹੰਢਾਏ ਹੋਏ ਅਤੇ ਆਪਣੇ ਆਲੇ ਦੁਆਲੇ ਹੋ ਰਹੇ ਵਰਤਾਰਿਆਂ ਦਾ ਮੰਥਨ ਕਰਦਾ ਹੈ। ਜਿਸ ਦੀ ਉਦਾਹਰਣ ਉਸਦੀਆਂ ਰੁਬਾਈਆਂ ਵਿੱਚੋਂ ਮਿਲਦੀ ਹੈ। ਜਿਵੇ;
ਕਿਸੇ ਮਜਦੂਰ ਦੀ ਮਜ਼ਦੂਰੀ ਨੂੰ, ਮੈਂ ਨਿੱਤ ਲੁੱਟਦਿਆਂ ਤੱਕਿਆ। ਸਬਰ ਦੇ ਬੂਟੇ ਨੂੰ ਮੈਂ, ਜੜ੍ਹਾਂ ਤੋਂ ਪੁੱਟਦਿਆਂ ਤੱਕਿਆ।
ਜੋ ਬਗਲੇ ਭਗਤ ਬਣ ਕੇ, ਭਰਮ ਪਾਉਂਦੇ ਰਹੇ ਬੰਦਗੀ ਦਾ, ਉਹਨਾਂ ਹੀ ਸ਼ਿਕਰਿਆਂ ਨੂੰ, ਘੁੱਗੀਆਂ ਦੇ ਗਲ ਘੁੱਟਦਿਆਂ ਤੱਕਿਆ।
ਸੱਚ ਝੂਠ ਦਾ ਨਿਤਾਰਾ ਕਰਨ ਲਈ ਚਿੰਤਕ ਦੀ ਇਹ ਰੁਬਾਈ ਕਾਫੀ ਹੈ:
ਝੂਠ ਹਮੇਸ਼ਾਂ ਝਿਜਕ ਕੇ ਗੱਲ ਕਰਦਾ ਹੈ। ਗੱਲ ਤੇ ਬਨਾਵਟ ਛਿੜਕ ਕੇ ਗੱਲ ਕਰਦਾ ਹੈ।
ਸੱਚ ਹਮੇਸ਼ਾਂ ਬੋਲਦੈ ਹੈ ਬੇਝਿਜਕ ਹੋ ਕੇ, ਝੂਠਾ ਜੋ ਹੁੰਦਾ ਝਿਜਕ ਕੇ ਗੱਲ ਕਰਦਾ ਹੈ।
ਚਿੰਤਕ ਨੇ ਚੱਲ ਰਹੇ ਭੈੜੇ ਰਾਜਨੀਤਕ ਮਾਹੌਲ ਦੀ ਗੱਲ ਦੁਨੀਆਂ ਦਾ ਸਵਰਗ ਕਹੇ ਜਾਂਦੇ ਕਸ਼ਮੀਰ ਨਾਲ ਜੋੜ ਕੇ ਕੀਤੀ ਹੈ। ਚਿੰਤਕ ਦੇ ਸ਼ਬਦਾਂ ਅਨੁਸਾਰ:
ਕਸ਼ਮੀਰ ਦੀ ਵਾਦੀ ਜੋ ਸਵਰਗਾਂ ਸਮਾਨ ਹੁੰਦੀ ਸੀ।
ਜਿਹੜੀ ਹਿੰਦ ਦਾ ਦੁਨੀਆਂ ਵਿੱਚ ਮਾਣ ਹੁੰਦੀ ਸੀ।
ਸ਼ੈਤਾਨ ਸਿਆਸਤ ਹੱਥੋਂ ਨਰਕ ਦੀ ਤਸਵੀਰ ਬਣੀ,
ਵਾਦੀਏ ਕਸ਼ਮੀਰ ਜੋ ਫਖਰੇ ਹਿੰਦੁਸਤਾਨ ਹੁੰਦੀ ਸੀ।
‘ਮਸ਼ਾਲਾਂ ਬਾਲ ਕੇ ਚੱਲਣਾ’ ਲਿਖਣ ਵਾਲਾ ਮਹਿੰਦਰ ਸਾਥੀ ਚਿੰਤਕ ਦਾ ਕਲਾਸ ਫੈਲੋ ਅਤੇ ਦੋਸਤ ਰਿਹਾ ਹੈ। ਦੋਨਾਂ ਨੇ ਹੀ ਗੁਰਬਤ ਦਾ ਜੀਵਣ ਹੰਢਾਇਆ ਹੈ ਸ਼ਾਇਦ ਏਸੇ ਕਰ ਕੇ ਚਿੰਤਕ ਦੀ ਦੀਆਂ ਰੁਬਾਈਆਂ ਵਿੱਚ ਸਾਧਾਰਨ ਲੋਕਾਂ ਲਈ ਚਿੰਤਾ ਹੈ। ਇਹ ਚਿੰਤਾ ਉਸਨੂੰ ਚਿੰਤਕ ਬਣਾ ਕੇ ਚਿੰਤਨ ਕਰਨ ਲਾ ਦਿੰਦੀ ਹੈ। ਕੁੱਖ ਵਿੱਚ ਧੀ ਨੂੰ ਕਤਲ ਕਰਨ ਬਾਰੇ ਉਸਦਾ ਵਿਸ਼ਲੇਸ਼ਨ ਇਸ ਤਰ੍ਹਾਂ ਹੈ:
ਆਪਣੀ ਧੀ ਦਾ ਕਤਲ ਕਦੇ ਵੀ ਕੋਈ ਬਾਪ ਨਹੀਂ ਕਰਦਾ।
ਕਦੇ ਵੀ ਇਨਸਾਨ ਮਜਬੂਰੀ ਬਿਨ ਇਹ ਪਾਪ ਨਹੀਂ ਕਰਦਾ।
ਦਾਜ, ਸਮਾਜ, ਤੇ ਜਾਤ-ਪਾਤ ਦੀਆਂ ਇਹ ਕੋਝੀਆਂ ਰਸਮਾਂ,
ਕਿਉਂ ਕੋਈ ਸੂਰਮਾ ਖਤਮ ਇਹ ‘ਖਾਪ’ ਨਹੀਂ ਕਰਦਾ।
ਚਿੰਤਕ ਦੀ ਰੁਬਾਈਆਂ ਭਾਵੇਂ ਅਲੰਕਾਰਾਂ ਨਾਲ ਨਹੀਂ ਸਜਾਈਆਂ ਪਰ ਉਹਨਾਂ ਵਿੱਚ ਆਮ ਲੋਕਾਂ ਦੇ ਖਿਆਲਾਂ ਦੀ ਤਰਜ਼ਮਾਨੀ ਹੈ। ਬੁੱਧੀਜੀਵੀ ਲੋਕਾਂ ਬਾਰੇ ਤਾਂ ਮੈਂ ਕੁੱਝ ਕਹਿ ਨਹੀਂ ਸਕਦਾ ਪਰ ਗਰੁਬਚਨ ਸਿੰਘ ‘ਚਿੰਤਕ’ ਦੀਆਂ ਇਸ ਕਿਤਾਬ ਵਿੱਚ ਸ਼ਾਮਲ ਰੁਬਾਈਆਂ ਸਾਧਾਰਨ ਲੋਕਾਂ ਦੇ ਸਿਰ ਦੇ ਜਰੂਰ ਮੇਚ ਆਉਣ ਵਾਲੀਆਂ ਹਨ। ਆਮ ਪਾਠਕ ਜਿਨ੍ਹਾਂ ਦੇ ਬੁੱਧੀਜੀਵੀ ਲੇਖਕਾਂ ਦੀਆਂ ਲਿਖਤਾਂ ਸਿਰ ਉੱਤੋਂ ਦੀ ਲੰਘ ਜਾਂਦੀਆਂ ਹਨ ਇਸ ਕਿਤਾਬ ਦਾ ਜਰੂਰ ਆਨੰਦ ਮਾਣ ਸਕਦੇ ਹਨ। ਇਸਦਾ ਕਾਰਣ ਹੈ ਕਿ ਇਸ ਵਿੱਚ ਸ਼ਾਮਲ ਰੁਬਾਈਆਂ ਆਮ ਲੋਕਾਂ ਨੂੰ ਉਨ੍ਹਾਂ ਦੀ ਆਪਣੇ ਮਨ ਦੀ ਗੱਲ ਹੀ ਕਹਿੰਦੀ ਜਾਪਣਗੀਆਂ। ਜਿੰਨ੍ਹਾਂ ਨੂੰ ਪੰਜਾਬੀ ਕਵਿਤਾ ਪੜ੍ਹਨ ਦਾ ਸ਼ੌਕ ਹੈ ਉਨ੍ਹਾ ਨੂੰ ਕਵਿਤਾ ਦੇ ਰੂਪ ਰੁਬਾਈਆਂ ਦੀ ਇਹ ਕਿਤਾਬ ਪੜ੍ਹ ਲੈਣੀ ਚਾਹੀਦੀ ਹੈ। ਚਿੰਤਕ ਨਾਲ ਫੋਨ ਨੰਬਰ 905-497-3939 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …