Breaking News
Home / ਨਜ਼ਰੀਆ / ਬਾਲ ਨਾਟਕ

ਬਾਲ ਨਾਟਕ

ਛੋਟਾ ਰੁੱਖ-ਵੱਡਾ ਦੁੱਖ
ਡਾ. ਡੀ ਪੀ ਸਿੰਘ, 416-859-1856
ਪਾਤਰ:
ਸੂਤਰਧਾਰ : 30 ਸਾਲ ਦਾ ਆਦਮੀ, ਸਫੈਦ ਚੋਲਾ ਪਾਈ
ਛੋਟਾ ਰੁੱਖ : ਅੱਠ ਸਾਲ ਦਾ ਬੱਚਾ, ਕੰਡਿਆਲੇ ਰੁੱਖ ਦੀ ਪੁਸ਼ਾਕ ਪਾਈ
ਫੇਰੀਵਾਲਾ : ਲੰਮੇ ਕਾਲੇ ਚੋਗੇ ਵਾਲਾ, ਕੰਨਾਂ ਵਿਚ ਵਾਲੇ, ਹੱਥਾਂ ਵਿਚ ਰੰਗ ਬਰੰਗੇ ਕੰਗਣ ਪਾਈ ਅਤੇ ਪਿੱਠ ਪਿੱਛੇ ਬੋਰਾ ਲਟਕਾਈ
ਬੱਕਰੀ : ਇਕ 14 ਸਾਲ ਦਾ ਬੱਚਾ ਡੱਬ-ਖੜ੍ਹਬੀ ਬੱਕਰੀ ਦੀ ਪੁਸ਼ਾਕ ਪਾਈ
ਮੇਮਣੇ : ਦੋ ਜਾਂ ਤਿੰਨ ਬੱਚੇ, ਸੱਤ, ਛੇ ਤੇ ਪੰਜ ਸਾਲ ਦੇ, ਮੇਮਣਿਆਂ ਦੀ ਪੁਸ਼ਾਕ ਪਾਈ
ਪਰਦਾ ਉਠਦਾ ਹੈ।
ਸੂਤਰਧਾਰ: ਦੁਰ ਦੁਰੇਡੇ ਜੰਗਲ ਦੇ ਵਿਚ ਇਕ ਛੋਟਾ ਰੁੱਖ ਸੀ। ਇਹ ਰੁੱਖ, ਮੀਂਹਾਂ,
ਹਨੇਰੀਆਂ ਤੇ ਝੱਖੜਾਂ ਦੀ ਮਾਰ ਝੱਲਣ ਦੇ ਸਮਰਥ ਸੀ। ਪਰ ਉਸ ਨੂੰ ਇਕ ਦੁੱਖ ਸੀ।
ਉਸ ਦੇ ਪੱਤੇ ਨਹੀਂ ਸਨ। ਉਹ, ਸਿਰ ਤੋਂ ਪੈਰਾਂ ਤਕ ਸੂਲਾਂ ਨਾਲ ਅੱਟਿਆ ਪਿਆ ਸੀ ਤੇ ਇਹ ਸੂਲਾਂ ਸਨ ਵੀ ਬਹੁਤ ਤਿੱਖੀਆਂ ਤੇ ਕੰਡਿਆਲੀਆਂ ।
ਛੋਟਾ ਰੁੱਖ: (ਉਦਾਸੀ ਵਿਚ) ਮੇਰੇ ਸਾਥੀਆਂ ਦੇ ਪੱਤੇ ਤਾਂ ਹਰੇ ਭਰੇ ਨੇ ਤੇ ਬਹੁਤ ਸੁੰਦਰ
ਵੀ ਨੇ। ਪਰ ਮੇਰੇ ਪੱਲੇ ਤਾਂ ਨਿਰੀਆਂ ਸੂਲਾਂ ਹੀ ਹਨ। ਮੈਨੂੰ ਤਾਂ ਕੋਈ ਛੂੰਹ ਵੀ ਨਹੀਂ ਸਕਦਾ। ਭਲਾ ਮੈਨੂੰ ਕੋਈ ਪਿਆਰ ਕਿਉਂ ਕਰੇਗਾ?ਜੇ ਕਿਧਰੇ ਮੂੰਹ ਮੰਗੀ ਮੁਰਾਦ ਪੂਰੀ ਹੋ ਸਕਦੀ ਤਾਂ ਮੈਂ ਇਹੋ ਮੰਗ ਕਰਦਾ ਕਿ ਮੇਰੇ ਪੱਤੇ ਖਰੇ ਸੋਨੇ ਦੇ ਬਣੇ ਹੁੰਦੇ। ਤਦ ਹਰ ਕੋਈ ਮੈਨੂੰ ਪਿਆਰ ਕਰਦਾ।
ਸੂਤਰਧਾਰ: ਜਦੋਂ ਰਾਤ ਹੋ ਗਈ ਤਾਂ ਛੋਟਾ ਰੁੱਖ ਸੌਂ ਗਿਆ। ਅਗਲੀ ਸਵੇਰ, ਜਦ ਉਸ ਦੀ ਜਾਗ ਖੁੱਲੀ ਤਾਂ ਉਸ ਦੇਖਿਆਂ ਕਿ ਉਹ ਚਮਕਦਾਰ ਸੁਨਿਹਰੀ ਪੱਤਿਆਂ ਨਾਲ ਲੱਦਿਆ ਪਿਆ ਸੀ।
ਛੋਟਾ ਰੁੱਖ: ਵਾਹ ਜੀ ਵਾਹ! ਮੈਂ ਕਿੰਨ੍ਹਾਂ ਸੋਹਣਾ ਹਾਂ। ਹੋਰ ਤਾਂ ਹੋਰ ਮੇਰੇ ਤਾਂ ਪੱਤੇ ਵੀ ਸੋਨੇ ਰੰਗੇ ਨੇ। ਜੰਗਲ ਦੇ ਹੋਰ ਰੁੱਖ ਮੇਰੇ ਨਾਲ ਕੀ ਬਰਾਬਰੀ ਕਰਨਗੇ? (ਛੋਟੇ ਰੁੱਖ ਦੇ ਘੁਮੰਡ ਭਰੇ ਬੋਲ ਸਨ।)
ਸੂਤਰਧਾਰ: ਉਸ ਦਿਨ ਜਦੋਂ ਸ਼ਾਮ ਹੋਈ ਤਾਂ ਇਕ ਫੇਰੀਵਾਲਾ ਉਧਰ ਆ ਨਿਕਲਿਆ।
ਲੰਮੇ ਚੋਗੇ ਵਾਲੇ ਇਸ ਫੇਰੀਵਾਲੇ ਕੋਲ ਇਕ ਬਹੁਤ ਵੱਡਾ ਬੋਰਾ ਸੀ।
ਫੇਰੀਵਾਲਾ: ਵਾਹ ਬਈ ਵਾਹ! ਉਹ ਰੁੱਖ ਕਿੰਨ੍ਹਾ ਲਿਸ਼ਕਾਂ ਮਾਰ ਰਿਹਾ ਹੈ।ਇਸ ਦੇ
ਸੁਨਿਹਰੀ ਪੱਤੇ ਤਾਂ ਬਹੁਤ ਹੀ ਸੋਹਣੇ ਨੇ। ਇਹ ਸੋਹਣੇ ਪੱਤੇ ਤਾਂ ਮੰਦਿਰ ਵਿਚ ਚੜ੍ਹਾਉਣ ਦੇ ਯੋਗ ਹਨ। ਇਸ ਤੋਂ ਪਹਿਲਾਂ ਕੋਈ ਹੋਰ ਇਨ੍ਹਾਂ ਨੂੰ ਤੋੜੇ, ਮੈਂ ਹੀ ਇਹ ਸਾਰੇ ਤੋੜ ਲੈਂਦਾ ਹਾਂ। (ਉਹ ਜਲਦੀ ਜਲਦੀ ਛੋਟੇ ਰੁੱਖ ਦੇ ਪੱਤੇ ਤੋੜਦਾ ਹੈ।)
ਸੂਤਰਧਾਰ: ਤਦ ਫੇਰੀਵਾਲੇ ਨੇ ਛੋਟੇ ਰੁੱਖ ਦੇ ਸਾਰੇ ਪੱਤੇ ਤੋੜ ਲਏ। ਤੇ ਹੁਣ ਛੋਟਾ ਰੁੱਖ ਬਿਲਕੁਲ ਨੰਗ ਧੜੰਗਾ ਸੀ।
ਛੋਟਾ ਰੁੱਖ: ਆਹ! (ਹਾਉਂਕਾ ਭਰਦਾ ਹੋਇਆ) ਮੈਂ ਬਹੁਤ ਉਦਾਸ ਹਾਂ। ਮੇਰੇ ਸਾਰੇ ਸੋਹਣੇ ਪੱਤੇ ਚੋਰੀ ਹੋ ਗਏ। ਰੰਗ ਬਰੰਗੇ ਪੱਤਿਆਂ ਨਾਲ ਸਜੇ ਰੁੱਖਾਂ ਵਿਚ ਮੈਂ ਬਿਲਕੁਲ ਨੰਗ ਧੜੰਗਾ ਹਾਂ। ਆਪਣੀ ਇਸ ਹਾਲਾਤ ਉੱਤੇ ਮੈਂ ਡਾਢਾ ਸ਼ਰਮਿੰਦਾ ਹਾਂ। ਕਾਸ਼ ਮੇਰੇ ਪੱਤੇ ਕੱਚ ਦੇ ਹੁੰਦੇ ਤਾਂ ਜੋ ਤੋੜਣ ਵਾਲੇ ਦਾ ਹੱਥ ਕੱਟਿਆ ਜਾਂਦਾ।
ਸੂਤਰਧਾਰ: ਜਦੋਂ ਰਾਤ ਹੋ ਗਈ ਤਾਂ ਛੋਟਾ ਰੁੱਖ ਉਦਾਸੀ ਵਿਚ ਹੀ ਸੌਂ ਗਿਆ। ਅਗਲੀ ਸਵੇਰ, ਜਦ ਉਸ ਦੀ ਜਾਗ ਖੁੱਲੀ ਤਾਂ ਉਸ ਦੇਖਿਆਂ ਕਿ ਉਹ ਲਿਸ਼ਕਾਂ ਮਾਰ ਰਹੇ ਕੱਚ ਦੇ ਰੰਗਬਰੰਗੇ ਪੱਤਿਆਂ ਨਾਲ ਲੱਦਿਆ ਪਿਆ ਸੀ।
ਛੋਟਾ ਰੁੱਖ:ਵਾਹ ਜੀ ਵਾਹ! ਅੱਜ ਮੈਂ ਬਹੁਤ ਖੁਸ਼ ਹਾਂ। ਮੇਰੇ ਕੱਚ ਦੇ ਰੰਗਬਰੰਗੇ ਪੱਤੇ ਤਾਂ ਸੂਰਜ ਦੀ ਰੋਸ਼ਨੀ ਵਿਚ ਖੂਬ ਚਮਕ ਰਹੇ ਨੇ। ਮੇਰੇ ਵਰਗਾ ਪੂਰੇ ਜੰਗਲ ਵਿਚ ਕੋਈ ਹੋਰ ਰੁੱਖ ਹੈ ਹੀ ਨਹੀਂ। ਮੈਂ ਤਾਂ ਬਹੁਤ ਲੱਕੀ (ਸੁਭਾਗਾ) ਹਾਂ।
ਸੂਤਰਧਾਰ: ਛੋਟੇ ਰੁੱਖ ਨੂੰ ਆਪਣੇ ਕੱਚ ਦੇ ਸੋਹਣੇ ਪੱਤਿਆਂ ਦਾ ਬਹੁਤ ਘੁਮੰਡ ਸੀ। ਪਰ ਅਗਲੇ ਦਿਨ ਜੰਗਲ ਵਿਚ ਅਚਾਨਕ ਬਹੁਤ ਤੇਜ਼ ਝੱਖੜ ਆ ਗਿਆ। ਇਸ ਝੱਖੜ ਨੇ ਜੰਗਲ ਦੇ ਸਾਰੇ ਰੁੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ। ਝੱਖ਼ੜ ਦੀ ਮਾਰ ਹੇਠ ਛੋਟੇ ਰੁੱਖ ਦੇ ਕੱਚ ਦੇ ਸਾਰੇ ਪੱਤੇ ਟੁੱਟ ਕੇ ਧਰਤੀ ਉੱਤੇ ਖਿੱਲਰ ਗਏ।
ਛੋਟਾ ਰੁੱਖ: ਹਾਏ ਮੇਰੇ ਸੋਹਣੇ ਪੱਤੇ। ਇਹ ਤਾਂ ਸਾਰੇ ਟੁੱਟ ਕੇ ਮਿੱਟੀ ਵਿਚ ਰੁਲ ਰਹੇ ਨੇ।
ਹਾਏ! ਹਾਏ! ਹੋਰ ਰੁੱਖ ਤਾਂ ਅਜੇ ਵੀ ਰੰਗ ਬਰੰਗੇ ਪੱਤਿਆਂ ਨਾਲ ਸਜੇ ਹੋਏ ਨੇ। ਕਾਸ਼
ਮੇਰੇ ਵੀ ਇਨ੍ਹਾਂ ਵਰਗੇ ਹੀ ਹਰੇ ਭਰੇ ਪੱਤੇ ਹੁੰਦੇ ਤਾਂ ਮੇਰੀ ਅਜਿਹੀ ਹਾਲਾਤ ਨਾ ਹੁੰਦੀ।
(ਛੋਟਾ ਰੁੱਖ ਫੁੱਟ ਫੁੱਟ ਕੇ ਰੋ ਪਿਆ।)
ਸੂਤਰਧਾਰ: ਉਸ ਰਾਤ ਛੋਟਾ ਰੁੱਖ ਗਹਿਰੀ ਉਦਾਸੀ ਵਿਚ ਸੁੱਤਾ। ਪਰ ਜਦ ਸਵੇਰੇ ਉਹ ਜਾਗਿਆ ਤਾਂ ਉਹ ਤਾਜ਼ੇ ਤੇ ਹਰੇ ਭਰੇ ਪੱਤਿਆਂ ਨਾਲ ਲੱਦਿਆ ਪਿਆ ਸੀ।
ਛੋਟਾ ਰੁੱਖ: ਵਾਹ ਜੀ ਵਾਹ! ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਤਾਂ ਜੰਗਲ ਵਿਚਲੇ ਆਪਣੇ ਹੋਰ ਭਰਾਵਾਂ ਵਰਗਾ ਹੀ ਹਾਂ। ਹੁਣ ਮੈਨੂੰ ਨਿਰਾਸ਼ ਹੋਣ ਦੀ ਜਾਂ ਸ਼ਰਮਿੰਦਾ ਹੋਣ ਦੀ ਨੌਬਤ ਫਿਰ ਨਹੀਂ ਆਵੇਗੀ।
ਸੂਤਰਧਾਰ: ਪਰ ਅਗਲੇ ਦਿਨ ਇਕ ਬੱਕਰੀ ਆਪਣੇ ਮੇਮਣਿਆਂ ਸਮੇਤ ਉਧਰ ਆ ਨਿਕਲੀ।
ਬੱਕਰੀ: (ਕੁਝ ਸੋਚਦੀ ਨਜ਼ਰ ਆਉਂਦੀ ਹੈ, ਤੇ ਬੁੜਬੁੜਾਦੀ ਹੈ।) ਬਹੁਤ ਖੂਬ! ਇਸ ਛੋਟੇ ਰੁੱਖ ਦੇ ਪੱਤੇ ਤਾਂ ਬਿਲਕੁਲ ਤਾਜ਼ੇ ਨੇ ਤੇ ਬਹੁਤ ਹਰੇ ਭਰੇ ਵੀ। ਹੋਰ ਰੁੱਖਾਂ ਦੇ ਪੱਤੇ ਤਾਂ ਬਹੁਤ ਉੱਚੇ ਹਨ ਤੇ ਮੇਰੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਨੇ। ਚੰਗਾ ਰਹੇ ਜੇ ਉਹ ਇਸ ਛੋਟੇ ਰੁੱਖ ਦੇ ਪੱਤੇ ਖਾ ਲੈਣ।
ਬੱਕਰੀ: (ਆਪਣੇ ਮੇਮਣਿਆਂ ਨੂੰ ਸੰਬੋਧਤ ਕਰਦੀ ਹੈ।) ਆਓ ਬੱਚਿਓ! ਇਸ ਛੋਟੇ ਰੁੱਖ ਦੇ ਪੱਤੇ ਵਧੀਆ ਖਾਣਾ ਹੈ ਤੁਹਾਡੇ ਲਈ। ਆਓ! ਆਓ! ਇਸ ਤੋਂ ਪਹਿਲਾਂ ਕੋਈ ਆ ਕੇ ਸਾਨੂੰ ਰੋਕੇ, ਆਓ ਇਸ ਵਧੀਆ ਖਾਣੇ ਦੇ ਮਜ਼ੇ ਲੁੱਟੋ।
ਸੂਤਰਧਾਰ: ਬੱਕਰੀ ਤੇ ਉਸ ਦੇ ਮੇਮਣਿਆਂ ਨੇ ਫਟਾਫਟ ਛੋਟੇ ਰੁੱਖ ਦੇ ਪੱਤੇ ਚਰੁੰਡਣੇ ਸ਼ੁਰੂ ਕਰ ਦਿੱਤੇ ਤੇ ਦੇਖਦਿਆਂ ਦੇਖਦਿਆਂ ਹੀ ਛੋਟਾ ਰੁੱਖ ਫਿਰ ਰੁੰਡ ਮਰੁੰਡ ਹੋ ਗਿਆ।
ਛੋਟਾ ਰੁੱਖ: ਹਾਏ ਮੇਰੀ ਭੈੜੀ ਕਿਸਮਤ! ਹਰ ਵਾਰ ਮੁਸੀਬਤ ਮੇਰੇ ਸਿਰ ਹੀ ਆਉਂਦੀ ਹੈ।
ਅੱਜ ਮੈਂ ਫਿਰ ਉਹੀ ਨਿਰਾਸ਼ਾ ਤੇ ਸ਼ਰਮਿੰਦਗੀ ਦੀ ਹਾਲਤ ਵਿਚ ਹਾਂ। ਨਹੀਂ, ਨਹੀਂ, ਮੈਨੂੰ ਪੱਤਿਆਂ ਦੀ ਲੋੜ ਨਹੀਂ। ਨਾ ਹੀ ਸੁਨਿਹਰੀ ਪੱਤਿਆਂ ਦੀ, ਤੇ ਨਾ ਹੀ ਕੱਚ ਦੇ ਪੱਤਿਆਂ ਦੀ। ਨਾ ਤਾਂ ਮੈਨੂੰ ਹਰੇ ਪੱਤੇ ਚਾਹੀਦੇ ਨੇ ਤੇ ਨਾ ਹੀ ਰੰਗਬਰੰਗੇ। ਕਾਸ਼ ਮੇਰੇ ਪਹਿਲਾਂ ਵਰਗੀਆਂ ਤਿੱਖੀਆਂ ਤੇ ਕੰਡਿਆਲੀਆਂ ਸੂਲਾਂ ਉੱਗ ਪੈਣ। ਫਿਰ ਮੈਂ ਕਦੇ ਸ਼ਿਕਾਇਤ ਨਹੀਂ ਕਰਾਂਗਾ।
ਸੂਤਰਧਾਰ: ਉਸ ਰਾਤ, ਇਨ੍ਹਾਂ ਹੀ ਸੋਚਾਂ ਵਿਚ ਡੁੱਬਿਆ ਛੋਟਾ ਰੁੱਖ, ਬੈਚੇਨੀ ਵਿਚ ਹੀ ਸੋਂ ਗਿਆ। ਅਤੇ ਅਗਲੀ ਸਵੇਰ ਜਿਵੇਂ ਹੀ ਉਹ ਜਾਗਿਆ ………
ਛੋਟਾ ਰੁੱਖ: ਹਾਅ! ਹਾਅ! ਹਾਅ! (ਉਹ ਖੁਸ਼ੀ ਨਾਲ ਝੂੰਮਦਾ ਬੋਲਿਆ) ਮੇਰੀਆਂ ਸੂਲਾਂ ਵਾਪਸ ਆ ਗਈਆਂ। ਵਾਹ ਜੀ ਵਾਹ! ਹੁਣ ਮੈਨੂੰ ਕੋਈ ਵੀ ਛੂੰਹ ਨਹੀਂ ਸਕੇਗਾ ਕਿਉਂ ਕਿ ਸੱਭ ਜਾਣਦੇ ਨੇ ਕਿ ਮੇਰੀਆਂ ਸੂਲਾਂ ਉਨ੍ਹਾਂ ਨੁੰ ਚੁੱਭ ਜਾਣਗੀਆਂ। ਮੇਰੀਆਂ ਸੂਲਾਂ ਹਮੇਸ਼ਾਂ ਮੇਰੇ ਨਾਲ ਰਹਿਣਗੀਆਂ ਤੇ ਮੈਨੂੰ ਕਦੇ ਨੰਗੇਪਣ ਦੀ ਸ਼ਰਮਿੰਦਗੀ ਵੀ ਨਹੀਂ ਝੱਲਣੀ ਪਵੇਗੀ। ਵਾਹ ਬਈ ਵਾਹ! ਸੱਚ ਹੀ ਅੱਜ ਮੈਂ ਬਹੁਤ ਖੁਸ਼ ਹਾਂ।
ਸੂਤਰਧਾਰ: ਤੇ ਉਸ ਦਿਨ ਤੋਂ ਬਾਅਦ ਛੋਟੇ ਰੁੱਖ ਨੇ ਆਪਣੀ ਹਾਲਾਤ ਦੀ ਕਦੇ ਸ਼ਿਕਾਇਤ ਨਹੀਂ ਕੀਤੀ। ………ਯਾਦ ਰਹੇ ਕਿ ਹਰ ਪ੍ਰਾਣੀ ਦੀ ਖ਼ਾਸੀਆਤ, ਪ੍ਰਭੂ ਦੀ ਰਜ਼ਾ ਹੈ।ਪ੍ਰਭੂ ਦੇ ਭਾਣੇ ਵਿਚ ਰਹਿਣਾ, ਉਸ ਦੀਆਂ ਬਖ਼ਸਿਸ਼ਾਂ ਲਈ ਸ਼ੁਕਰਗੁਜ਼ਾਰ ਹੋਣਾ ਹੈ। ਬੇਮੁਹਾਰ ਖ਼ਾਹਸ਼ਾਂ ਦੀ ਪੂਰਤੀ ਲਈ ਕੀਤੀ ਨੱਠਭਜ ਜੀਵਨ ਵਿਚ ਵੱਡੀਆਂ ਔਕੜਾਂ ਦਾ ਸਬੱਬ ਬਣਦੀ ਹੈ।
ਪਰਦਾ ਗਿਰਦਾ ਹੈ।
[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …