Breaking News
Home / ਨਜ਼ਰੀਆ / ਇੱਕ ਸੱਚੀ ਪ੍ਰੇਮ-ਗਾਥਾ ਹੈ ‘ਅਕੱਥ ਕਥਾ ਪ੍ਰੇਮ ਕੀ’

ਇੱਕ ਸੱਚੀ ਪ੍ਰੇਮ-ਗਾਥਾ ਹੈ ‘ਅਕੱਥ ਕਥਾ ਪ੍ਰੇਮ ਕੀ’

ਪੁਸਤਕ ਰੀਵਿਊ
ਪੁਸਤਕ : ‘ਅਕੱਥ ਕਥਾ ਪ੍ਰੇਮ ਕੀ’,
ਲੇਖਿਕਾ : ਪ੍ਰਿਤਪਾਲ ਕੌਰ, ਅੰਮ੍ਰਿਤਸਰ, ਰਵੀ ਸਾਹਿਤ ਪ੍ਰਕਾਸ਼ਨ
ਪੰਨੇ : 287, ਕੀਮਤ : 350 ਰੁਪਏ
(ਰੀਵਿਊਕਾਰ : ਡਾ ਸੁਖਦੇਵ ਸਿੰਘ ਝੰਡ)
‘ਅਕੱਥ ਕਥਾ ਪ੍ਰੇਮ ਕੀ’ ਇੱਕ ਸੱਚੀ ਪ੍ਰੇਮ-ਗਾਥਾ ਹੈ, ਸਿਰ ਤੋਂ ਪੈਰਾਂ ਤੱਕ ਮੋਹ-ਭਿੱਜੇ ਵਿਦਵਾਨ ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਦੀ, ਜਿਹੜਾ ਕੇਵਲ਼ ਆਪਣੀ ਸੁਪਤਨੀ ਪ੍ਰਿਤਪਾਲ ਨੂੰ ਹੀ ਸੱਚੀ-ਸੁੱਚੀ ਮੁਹੱਬਤ ਨਹੀਂ ਸੀ ਕਰਦਾ ਸਗੋਂ ਉਸ ਦਾ ਪ੍ਰੇਮੀ-ਹਿਰਦਾ ਏਨਾ ਵਿਸ਼ਾਲ ਹੈ ਕਿ ਉਸ ਦੇ ਸਹੁਰੇ-ਪੇਕੇ ਤੇ ਹੋਰ ਰਿਸ਼ਤੇਦਾਰ, ਸਹਿ-ਪਾਠੀ, ਸਹਿ-ਕਰਮੀ, ਅਧਿਆਪਕ, ਵਿਦਿਆਰਥੀ, ਦੋਸਤ-ਮਿੱਤਰ, ਬੱਚੇ ਅਤੇ ਜਾਣ-ਪਛਾਣ ਵਾਲੇ ਸਾਰੇ ਹੀ ਇਸ ਵਿੱਚ ਪੂਰੀ ਤਰ੍ਹਾਂ ਸਮਾਏ ਹੋਏ ਹਨ। 1936 ਵਿੱਚ ਜਨਮੇਂ, ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫ਼ੈਸਰ ਗਿਆਨੀ ਹਰੀ ਸਿੰਘ ਜੀ ਦੀ ਬੇਟੀ ਪ੍ਰਿਤਪਾਲ ਕੌਰ ਨਾਲ ਪ੍ਰੰਪਰਾਗ਼ਤ ਸ਼ਾਦੀ ਦੇ ਬੰਧਨ ਵਿੱਚ ਬੱਝ ਗਏ ਅਤੇ 3 ਅਗਸਤ 1981 ਨੂੰ ਅਚਾਨਕ ਇੱਕ ਮਾਰੂ-ਦੁਰਘਟਨਾ ਵਿੱਚ ਮਹਿਜ਼ 45 ਸਾਲ ਦੀ ਆਯੁ ਵਿੱਚ ‘ਜੋਬਨ ਰੁੱਤੇ’ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਡਾ. ਕਰਮਜੀਤ ਸਿੰਘ ਦੇ ਜੀਵਨ ਅਤੇ ਉਸ ਦੀ ਮਿਕਨਾਤੀਸੀ-ਸ਼ਖ਼ਸੀਅਤ ਬਾਰੇ ਉਸ ਦੀ ਅਰਧਾਂਗਣੀ ਪ੍ਰੋ. ਪ੍ਰਿਤਪਾਲ ਕੌਰ ਦੁਆਰਾ ਪੇਸ਼ ਕੀਤੀ ਗਈ ਇਹ ‘ਅਕੀਦਤ ਦੇ ਫੁੱਲਾਂ’ ਰੂਪੀ ਪੁਸਤਕ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਬੜੀ ਰੀਝ ਨਾਲ ਛਾਪੀ ਗਈ ਹੈ। ਇਹ ਖ਼ੂਬਸੂਰਤ ਪੁਸਤਕ ਇੱਕ ਅਜਿਹਾ ‘ਮੌਨੋਲਾਗ’ ਹੈ ਜਿਹੜਾ ਨਿਰੀ ਕਰਮਜੀਤ ਦੇ ਬਾਰੇ ਹੀ ਨਹੀਂ, ਸਗੋਂ ਉਸ ਦੇ ਸਮੁੱਚੇ-ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਬਾਰੇ ਭਰਪੂਰ ਅਤੇ ਰੌਚਕ ਜਾਣਕਾਰੀ ਦਿੰਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦਾ ਸਾਬਕਾ ਪ੍ਰੋਫ਼ੈਸਰ ਡਾ. ਹਰਚੰਦ ਸਿੰਘ ਬੇਦੀ ਜੋ ਮੇਰਾ ਗੂੜ੍ਹਾ ਦੋਸਤ ਹੈ, ਇਸ ਪੁਸਤਕ ਦੇ ਮੁੱਢਲੇ ਸ਼ਬਦ ‘ਯਾਦਾਂ ਦੀ ਫੁਲਕਾਰੀ’ ਦੇ ਰੂਪ ਵਿੱਚ ਲਿਖਦਾ ਹੈ:
”ਇਹ ਪੁਸਤਕ ਬੀਤੇ ਨਾਲ ਉਮਰ ਜੇਡੀ ਲੰਮੀ ਗੁਫ਼ਤਗੂ ਹੈ। ਇਸ ਪੁਸਤਕ ਵਿੱਚ ਇਕ ਦੇਹੀ ਰੂਪ ਵਿੱਚ ਗ਼ੈਰ ਹਾਜ਼ਰ ਮਨੁੱਖ ਨੂੰ ਇਸ ਜੁਗਤ ਨਾਲ ਪੇਸ਼ ਕੀਤਾ ਗਿਆ ਹੈ ਕਿ ਪੁਸਤਕ ਦੇ ਆਦਿ, ਮੱਧ ਤੇ ਅੰਤ ਤੋਂ ਬਾਅਦ ਵੀ, ਉਹ ਵਿਅਕਤੀ ਅਸਮਾਨ ਵਾਂਗ ਫੈਲਿਆ, ਮੀਂਹ ਵਾਂਗ ਵਰ੍ਹਿਆ ਅਤੇ ਗਹਿਰੇ ਵਹਿੰਦੇ ਪਾਣੀਆਂ ਉੱਤੇ ਖ਼ੁਸ਼ਬੂਦਾਰ ਫੁੱਲ ਵਾਂਗ ਤਰਦਾ ਹੋਇਆ ਦ੍ਰਿਸ਼ਟੀਮਾਨ ਹੋ ਜਾਂਦਾ ਹੈ ਤੇ ਉਸ ਦੀ ਕਹੀ-ਅਣਕਹੀ ਕਥਾ ਲਗਾਤਾਰ ਚੱਲਦੀ ਹੀ ਰਹਿੰਦੀ ਹੈ। ਪੁਸਤਕ ਦੇ ਸਾਰੇ ਪਾਠ ਵਿਚ ਉਹ ਕਥੂਰੀ ਵਾਂਗ ਰਮਿਆ ਰਹਿੰਦਾ ਹੈ। ਉਹ, ਖ਼ੁਦ ਤਾਂ ਇਸ ਪੁਸਤਕ ਵਿੱਚ ਚੁੱਪ ਹੈ ਪਰ ਉਸ ਦੀ ਚੁੱਪ ਨਿਰੰਤਰ ਬੋਲਦੀ ਰਹਿੰਦੀ ਹੈ…।”
ਪੁਸਤਕ ਵਿੱਚ ਕਰਮਜੀਤ ਦੀ ਛੋਟੀ ਉਮਰੇ ਹੀ ਮਾਂ ਦੇ ਸਦੀਵੀ-ਵਿਛੋੜੇ ਕਾਰਨ ਮਮਤਾ ਤੋਂ ਵਿਹੂਣਾ ਉਸ ਦਾ ਬਚਪਨ, ਪਿੰਡ ਦੇ ਸਕੂਲ ਵਿੱਚ ਮੁੱਢਲੀ ਪੜ੍ਹਾਈ, ‘ਬੱਚਾ-ਕੰਪਨੀ’ ਵਿੱਚ ਫ਼ੌਜੀ ਅਨੁਸਾਸ਼ਨ ਹੇਠ ਪ੍ਰਾਪਤ ਹੋਈ ਸਿੱਖਿਆ, ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਪ੍ਰੋ. ਹਰੀ ਸਿੰਘ ਵਰਗੇ ਜ਼ਹੀਨ ਪ੍ਰੋਫੈਸਰ ਦੀ ਅਗਵਾਈ ਹੇਠ ਬੀ.ਏ.ਤੱਕ ਪੜ੍ਹਾਈ, ਪਟਿਆਲੇ ਵਿੱਚ ਪ੍ਰੋ. ਪ੍ਰੀਤਮ ਸਿੰਘ ਤੇ ਪ੍ਰੋ. ਕ੍ਰਿਪਾਲ ਸਿੰਘ ਕਸੇਲ ਵਰਗੇ ਵਿਦਵਾਨ ਪ੍ਰੋਫ਼ੈਸਰਾਂ ਦੀ ਸੰਗਤ ਵਿੱਚ ਪੰਜਾਬੀ ਦੀ ਐੱਮ.ਏ. ਉਪਰੰਤ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਬੇਰਿੰਗ ਕਾਲਜ ਬਟਾਲੇ ਵਿੱਚ ਐਡਹਾਕ ਨੌਕਰੀ ਅਤੇ ਫਿਰ ਬਰਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਪੱਕੀ ਪ੍ਰੋਫੈਸਰਸ਼ਿਪ ਤੇ ਹੋਸਟਲ ਵਾਰਡਨਸ਼ਿਪ ਦਾ ਨਿਹਾਇਤ ਖ਼ੂਬਸੂਰਤ ਵਰਨਣ ਹੈ। ਕਾਲਜ ਦੇ ਪ੍ਰਿੰਸੀਪਲ ਸਾਹਿਬਾਨ, ਸਾਥੀ ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਨਾਲ ਨਿੱਘੇ ਸਬੰਧਾਂ ਅਤੇ ਕਾਲਜ ਦੀਆਂ ਸਾਹਿਤਕ ਅਤੇ ਸਭਿਆਚਾਰਕ ਸਰਗ਼ਰਮੀਆਂ ਵਿੱਚ ਭਰਪੂਰ ਯੋਗਦਾਨ ਵੀ ਪੁਸਤਕ ਦੇ ਰੌਚਕ ਭਾਗ ਬਣਦੇ ਹਨ। ਪੁਸਤਕ ਵਿੱਚ ਸੁਪਤਨੀ ਨਾਲ ਅਸੀਮ ਪ੍ਰੇਮ ਦੇ ਨਾਲ ਨਾਲ ਤਿੰਨਾਂ ਬੱਚਿਆਂ ਨਾਲ ਮੋਹ-ਪਿਆਰ ਅਤੇ ਲਾਡ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।ਪੁਸਤਕ ਵਿੱਚ ਹੋਰ ਬਹੁਤ ਸਾਰੀ ਬਹੁ-ਮੁੱਲੀ ਸਮੱਗਰੀ ਦੇ ਨਾਲ ਨਾਲ ਕਰਮਜੀਤ ਵੱਲੋਂ ਆਪਣੀ ਪਤਨੀ ਪ੍ਰਿਤਪਾਲ ਨੂੰ ਲਿਖੀਆਂ ਗਈਆਂ ਦੋ ਕੁ ਦਰਜਨ ਚਿੱਠੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਲੇਖਿਕਾ ਦਾ ਕਹਿਣਾ ਹੈ, ”ਉਸ ਦੀਆਂ ਸਾਰੀਆਂ ਹੀ ਚਿੱਠੀਆਂ ਮੇਰਾ ਅਣਮੋਲ ਖ਼ਜ਼ਾਨਾ ਹੈ ਜਿਨ੍ਹਾਂ ਨੂੰ ਮੈਂ ਸੂਹੇ ਸਾਲੂ ਵਿੱਚ ਲਪੇਟ ਕੇ ਰੱਖਿਆ ਹੋਇਆ ਹੈ। ਮੇਰੀ ਅੰਤਮ ਇੱਛਾ ਵੀ ਏਹੀ ਹੈ ਕਿ ਇਹ ਚਿੱਠੀਆਂ ‘ਸਾਲੂ ਵਾਲੀ’ ਨੂੰ ਲਿਖੀਆਂ ਗਈਆਂ ਸਨ ਤੇ ਇਹ ਓਸੇ ਸਾਲੂ ਵਾਲੀ ਨਾਲ ਸਸਕਾਰੀਆਂ ਜਾਣ ਕਿਉਂਕਿ ਉਹ ਓਸੇ ਦੇ ਦੇਸ਼ ਜਾ ਰਹੀ ਹੋਵੇਗੀ ਜਿੱਥੇ ਸੁਹਾਗਣਾਂ ਤੇ ਭਾਗਣਾਂ ‘ਸ਼ਹੁ ਸਾਗਰ’ ਵਿੱਚ ਅਭੇਦ ਹੋ ਜਾਂਦੀਆਂ ਹਨ।” ਅਦੁੱਤੀ ਭਾਵਨਾਵਾਂ ਨਾਲ ਭਰਪੂਰ ਇਨ੍ਹਾਂ ਚਿੱਠੀਆਂ ਦਾ ਇੱਕ-ਇੱਕ ਅੱਖਰ ਪੜ੍ਹਨ ਵਾਲਾ ਹੈ ਅਤੇ ਇਹ ਆਪੋ-ਆਪਣੀ ‘ਬਾਤ’ ਪਾਉਂਦਾ ਹੈ ਜਿਸ ਦੇ ਵਿਸਥਾਰ ਵਿੱਚ ਜਾਣਾ ਇੱਥੇ ਸੰਭਵ ਨਹੀਂ ਹੈ। ਪਰ ਇਨ੍ਹਾਂ ਚਿੱਠੀਆਂ ਵਿੱਚੋਂ ਇੱਕ ਦੇ ਆਰੰਭ ਵਿੱਚ ਡਾ. ਕਰਮਜੀਤ ਵੱਲੋਂ ਲਿਖੇ ਹੋਏ ਆਪਣੀ ਪਤਨੀ ਨੂੰ ਕੀਤੇ ਗਏ ਕਿੰਨੇ ਸਾਰੇ ਸੰਬੋਧਨ ਬੜੇ ਹੀ ਪਿਆਰੇ ਤੇ ਭਾਵਨਾਤਮਿਕ ਹਨ ਅਤੇ ਇਹ ਦੰਪਤੀ-ਪ੍ਰੇਮ ਦੀ ਭਰਪੂਰ ਗਵਾਹੀ ਭਰਦੇ ਹਨ। ਮੈਨੂੰ ਬੜੇ ਖ਼ੂਬਸੂਰਤ ਲੱਗੇ ਹਨ ਅਤੇ ਪਾਠਕਾਂ ਦੀ ਦਿਲਚਸਪੀ ਲਈ ਮੈਂ ਇਹ ਹੇਠਾਂ ਦੇਣ ਦੀ ਗ਼ੁਸਤਾਖ਼ੀ ਕਰ ਰਿਹਾਂ ਹਾਂ, ਇਸ ਉਮੀਦ ਨਾਲ ਕਿ ਇਹ ਉਨ੍ਹਾਂ ਨੂੰ ਵੀ ਚੰਗੇ ਲੱਗਣਗੇ।”ਮੇਰੇ ਸਾਹਾਂ ਵਿੱਚ ਕੰਬਣੀਆਂ ਸੁੱਟ ਦੇਣ ਵਾਲੀਏ ਰਾਤ-ਰਾਣੀਏ ਸੁਗੰਧੀਏ, ਮੇਰੀਏ ਪਿਆਰੀਏ ਜਿੰਦੀਏ, ਹੀਰੀਏ, ਮੋਤੀਆਬ ਵਾਲੀਏ, ਸ਼ਰਾਬੀ ਨੈਣਾਂ ਵਾਲੀਏ, ਅਸ਼ਰਫ਼ੀ ਦੇ ਫੁੱਲ ਵਾਂਗ ਦਗ਼-ਦਗ਼, ਦਗ਼-ਦਗ਼ ਕਰਦੀਏ, ਗੁਲਾਬ ਦੀ ਮਸਤ ਡੋਡੀਏ, ਬਹਾਰ ਦੀਏ ਰੂਹੇ, ਮੇਰੀਏ ਸੁਆਸ ਲੜੀਏ, ਮੇਰੇ ਰਾਹਾਂ ਦੀਏ ਛਾਂਏਂ, ਮੇਰੀਏ ਖੰਡ ਦੀਏ ਬਾਜੀਏ, ਮੇਰੀਏ ਨਿੱਕੀ ਜਹੀਏ ਟਮਾਟਰੀਏ, ਮੇਰੀਏ ਉਦੈ ਰੰਗ ਦੀ ਪੱਕੀਏ ਪੀਲੂਏ, ਮੇਰੀਏ ਸ਼ਰਬਤ ਦੀਏ ਗਲਾਸੀਏ, ਮੱਖਣ ਦੀਏ ਟਿੱਕੀਏ, ਮਾਲਟੇ ਦੀਏ ਕਲੀਏ, ਅੰਬਾਂ ਦੀਏ ਬੂਰੀਏ, ਪਾਉਣ ਦੀ ਮਸਤਾਨੀ ਜ਼ੁਲਫ਼ੇ, ਇਤਰਾਂ ਵਿੱਚ ਨ੍ਹਾਤੀਏ, ਖ਼ੁਸ਼ਬੂਆਂ ਵਾਂਗ ਚੇਤਰ ਮਹੀਨੇ ਦੀ ਸੁੱਚੀ ਜਵਾਨੀ ਦਾ ਰਸ ਪੀਂਦੀਏ ਤਿਤਲੀਏ, ਕੇਸੂ ਦੇ ਫੁੱਲ ਦੀ ਲਾਟ ਵਾਂਗ ਮੇਰੀ ਕਲਪਣਾ ਵਿੱਚ ਜਗ-ਮਗ, ਜਗ-ਮਗ ਕਰਦੀਏ, ਮੇਰੀਏ ਗਨੇਰੀਏ, ਸੰਗਤਰੇ ਦੀਏ ਫਾੜੀਏ, ਰਸ ਦੀਏ ਬੋਤਲੇ, ਕਿਉੜੇ ਦੀਏ ਬੂੰਦੇ, ਮੇਰਇੇ ਦੋਧੀ ਛੱਲੀਏ, ਕਣਕ ਵਾਂਗ ਸਦਾ ਸੁਆਦਲੀਏ, ਲੂਣ ਵਾਂਗ ਸਦਾ ਪਿਆਰੀਏ, ਰਜ਼ਾਈ ਵਾਂਗ ਨਿੱਘੀਏ ਤੇ ਛਾਂ ਵਾਂਗ ਠੰਢੀਏ, ਮੇਰੀਏ ਘੁੱਗੀਏ, ਚੰਦਨ ਦੀ ਧੌਣ ਵਾਲੀਏ ਕਬੂਤਰੀਏ, ਮੇਰੀਏ ਮਸਤਾਈਨੇ ਪਾਲੀਏ…।”
ਇਨ੍ਹਾਂ ਸੰਬੋਧਨਾਂ ਵਿੱਚ ਕਰਮਜੀਤ ਦਾ ਆਪਣੀ ਸੁਪਤਨੀ ਲਈ ਲਬੋ-ਲਬ ਹੋਇਆ ‘ਪ੍ਰੇਮ-ਪਿਆਲਾ’ ਛਲਕਦਾ ਹੋਇਆ ਸ਼ਾਖਸਾਤ ਦਿਖਾਈ ਦਿੰਦਾ ਹੈ ਅਤੇ ਪੁਸਤਕ ਦੇ ਸਰਵਰਕ ‘ਅਕੱਥ ਕਥਾ ਪ੍ਰੇਮ ਕੀ’ ਦੀ ਭਰਪੂਰ ਗਵਾਹੀ ਭਰਦਾ ਹੈ। ਮੇਰਾ ਨਿੱਜੀ ਖ਼ਿਆਲ ਹੈ ਕਿ ਕੋਈ ਵਿਰਲਾ ਹੀ ਹੋਵੇਗਾ ਜੋ ਆਪਣੀ ਮਹਿਬੂਬਾ ਜਾਂ ਪਤਨੀ ਨੂੰ ਏਨੇ ਪਿਆਰੇ ਸੰਬੋਧਨਾਂ ਨਾਲ ਮੁਖ਼ਾਤਿਬ ਹੁੰਦਾ ਹੋਵੇਗਾ, …ਤੇ ਡਾ. ਕਰਮਜੀਤ ਸਿੰਘ ਉਨ੍ਹਾਂ ‘ਵਿਰਲਿਆਂ’ ਵਿੱਚੋਂ ਜ਼ਰੂਰ ‘ਮੋਢੀ’ ਹੀ ਹੋਵੇਗਾ।
ਪ੍ਰੇਮ-ਪਿਆਰ ਦੀ ਮੂਰਤ ਦੇ ਨਾਲ ਹੀ ਪੁਸਤਕ ਵਿੱਚ ਕਰਮਜੀਤ ਦੀ ਸੁਭਾਅ ਦੀ ਕੋਮਲਤਾ, ਸਰਲਤਾ, ਨਿਰਛੱਲਤਾ ਅਤੇ ਬਾਦਸ਼ਾਹਤ ਬਾਖ਼ੂਬੀ ਸਾਹਮਣੇ ਆਉਂਦੀਆਂ ਹੁੰਦੀਆਂ ਹਨ। ਉਸ ਦੀ ਕੋਮਲਤਾ ਬਾਰੇ ਭੈਣ ਜੀ ਪ੍ਰਿਤਪਾਲ ਦਾ ਕਹਿਣਾ ਹੈ,”ਕਰਮਜੀਤ ਕਛਹਿਰਾ ਪੁੱਠਾ ਪਾਉਂਦਾ ਸੀ ਅਤੇ ਮੇਰੇ ਪੁੱਛਣ ‘ਤੇ ਦੱਸਦਾ ਕਿ ਇਸ ਤਰ੍ਹਾਂ ਪਾਉਣ ਨਾਲ ਸਿਊਣਾਂ ਨਹੀਂ ਚੁਭਦੀਆਂ।” ਇਹ ਮੈਨੂੰ ਪੰਜਾਬੀ ਦੇ ਸਿਰਮੌਰ ਨਾਵਲਕਾਰ ਨਾਨਕ ਸਿੰਘ ਵੱਲੋਂ ਸ਼ਨੀਲ ਦੀ ਰਜ਼ਾਈ ਪੁੱਠੀ ਲੈ ਕੇ ਸੌਣ ਵਾਂਗ ਲੱਗਦਾ ਹੈ। ਕਰਮਜੀਤ ਸਿੰਘ ਦੀ ਜੀਵਨ ਦੀ ਸਰਲਤਾ ਇਸ ਦੰਪਤੀ ਦੀ ਪੂੰਜੀ ਬਕੌਲ ਪ੍ਰਿਤਪਾਲ, ”1961 ਵਿਚ ਸ਼ਾਦੀ ਪਿੱਛੋਂ ਫ਼ਰੀਦਕੋਟ ਆ ਕੇ ਜਦੋਂ ਅਸਾਂ ਆਪਣਾ ਘਰ ਬਣਾਇਆ ਆਂ ਸਾਡੇ ਕੋਲ ਦੋ ਮੰਜੀਆਂ, ਚਾਰ ਕੁਰਸੀਆਂ, ਇੱਕ ਪੜ੍ਹਨ ਮੇਜ਼, ਕੁਝ ਕੱਪੜੇ ਤੇ ਰਸੋਈ ਦੇ ਭਾਂਡੇ-ਟੀਂਡੇ ਸਾਡੀ ਸਾਰੀ ਪੂੰਜੀ ਸੀ”, ਵਿੱਚੋਂ ਸਾਫ਼ ਰਿਮਲ ਪਾਣੀ ਵਾਂਗ ਪ੍ਰਗਟ ਹੁੰਦੀ ਹੈ ਅਤੇ ਉਸ ਦੀ ਬਾਦਸ਼ਾਹਤ ਤੇ ਮਨ ਦੀ ਸੰਤੁਸ਼ਟੀ ਦਾ ਅੰਦਾਜ਼ਾ ਇਸ ਦੰਪਤੀ ਦੇ ਇਨ੍ਹਾਂ ਸੰਵਾਦਾਂ ਤੋਂ ਭਲੀ-ਭਾਂਤ ਲਗਾਇਆ ਜਾ ਸਕਦਾ ਹੈ:
ਭੈਣ ਜੀ ਪ੍ਰਿਤਪਾਲ ਅਨੁਸਾਰ, ਇੱਕ ਵਾਰ ਮੈਂ ਪੁੱਛਿਆ,”ਬੈਂਕ ਵਿੱਚ ਸਾਡੇ ਕਿੰਨੇ ਕੁ ਪੈਸੇ ਹੋਣਗੇ।” ਉਸ ਨੇ ਦੱਸਿਆ,”ਹੋਣਗੇ ਕੋਈ ਸਵਾ ਕੁ ਸੌ।” ਜਦੋਂ ਕਾਲਜੋਂ ਆਇਆ ਤਾਂ ਕਹਿੰਦਾ,”ਸਾਡੇ ਵਰਗਾ ਬਾਦਸ਼ਾਹ ਕੌਣ ਹੋਵੇਗਾ। ਮੈਂ ਬੈਂਕ ਵਿਚੋਂ ਪਤਾ ਕਰਕੇ ਆਇਆਂ, ਉਸ ਵਿਚ ਪੂਰੇ 372 ਰੁਪਏ ਹਨ। ਸਾਡੀ ਤਾਂ ਐਸ਼ ਹੋ ਗਈ, ਹੁਣ ਨਹੀਂ ਅਸੀਂ ਲਈਦੇ।”
ਵਿਦਵਾਨ ਕਰਮਜੀਤ ਦੀਆਂ ਕਵਿਤਾਵਾਂ ਦੀਆਂ ਪੁਸਤਕਾਂ ‘ਗ਼ਰਦਸ਼’, ‘ਅਰਥ ਨੰਗਾ ਸ਼ਬਦ ਸੱਖਣਾ’, ‘ਰਿਸ਼ਤਾ ਇੱਕ ਪਰਦਾ ਹੈ’, ‘ਕਾਵਿ ਸੰਵੇਦਨਾ’ ਹਨ ਅਤੇ ਉਸ ਦੀ ਸੱਭ ਤੋਂ ਵੱਡੀ ਪ੍ਰਾਪਤੀ ਉਸ ਦਾ ਪੀ. ਐੱਚ. ਡੀ ਥੀਸਿਜ਼ ‘ਆਧੁਨਿਕ ਪੰਜਾਬੀ ਕਾਵਿ-ਧਾਰਾਵਾਂ ਦੇ ਵਿਚਾਰਧਾਰਾਈ ਆਧਾਰ’ ਹੈ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਪਾਠਕਾਂ ਦੀ ਪੁਰਜ਼ੋਰ ਮੰਗ ‘ਤੇ ਚੌਥੀ ਵਾਰ ਛਾਪਿਆ ਗਿਆ ਹੈ ਅਤੇ ਇਹ ਸੱਭ ਤੋਂ ਵੱਧ ਪੜ੍ਹਿਆ ਅਤੇ ਐੱਮ.ਏ., ਐੱਮ.ਫ਼ਿਲ. ਜਾਂ ਪੀ.ਐੱਚ.ਡੀ ਦੇ ਥੀਸਿਜ਼ਾਂ ਵਿੱਚ ‘ਕੋਟ’ ਕੀਤਾ ਜਾਂਦਾ ਹੈ। ਇਸ ਮਹਾਨ ਵਿਦਵਾਨ ਨੂੰ ਜੇਕਰ ਕੁਝ ਹੋਰ ਸਾਲ ਜਿਊਣ ਨੂੰ ਮਿਲ ਜਾਂਦੇ ਤਾਂ ਪਤਾ ਨਹੀਂ ਇਨ੍ਹਾਂ ਸਾਹਿਤਕ-ਕਿਰਤਾਂ ਵਿੱਚ ਹੋਰ ਕਿੰਨਾਂ ਕੁ ਵਾਧਾ ਹੁੰਦਾ।
ਇਸ ਤਰ੍ਹਾਂ ਇਸ ਪੁਸਤਕ ਦੀ ਕਰਤਾ ਪ੍ਰਿਤਪਾਲ ਕੌਰ ਵੱਲੋਂ ਡਾ.ਕਰਮਜੀਤ ਦੀ ਸਮੁੱਚੀ ਸ਼ਖ਼ਸੀਅਤ ਦੇ ਬਾਰੇ ਬੜੇ ਹੀ ਖ਼ੂਬਸੂਰਤ ਵੇਰਵੇ ਦਰਜ ਕੀਤੇ ਗਏ ਹਨ ਜੋ ਪਾਠਕਾਂ ਦਾ ਧਿਆਨ ਬਦੋ-ਬਦੀ ਆਪਣੇ ਵੱਲ ਖਿੱਚਣਗੇ। ਭੈਣ ਜੀ ਪ੍ਰਿਤਪਾਲ ਦੇ ਕਹਿਣ ਅਨੁਸਾਰ ਉਨ੍ਹਾਂ ਨੇ ਇਹ ਉੱਦਮ ਪ੍ਰੋ. ਪ੍ਰੀਤਮ ਸਿੰਘ ਹੋਰਾਂ ਦੀ ਪ੍ਰੇਰਨਾ ਸਦਕਾ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਦੇ ਬਾਰੇ ਲਿਖਿਆ,”ਬੀਬੀ, ਕਰਮਜੀਤ ਸਿੰਘ ਵਰਗੇ ਮਨੁੱਖ ਰੋਜ਼-ਰੋਜ਼ ਨਹੀਂ ਜੰਮਦੇ ਅਤੇ ਨਾ ਹੀ ਕਿਸੇ ਨੂੰ ਉਸ ਦੀ ਸੁਪਤਨੀ ਬਣਨ ਦਾ ਸੁਭਾਗ ਹੀ ਪ੍ਰਾਪਤ ਹੁੰਦਾ ਹੈ। ਤੁਸੀਂ ਖ਼ੁਸ਼ਕਿਸਮਤ ਹੋ ਜੋ ਉਸ ਦੀ ਸਾਥਣ ਬਣੇ। ਤੁਸੀਂ ਉਨ੍ਹਾਂ ਦੀ ਜੀਵਨੀ ਲਿਖੋ। ਵੇਖੋ, ਨਾਂਹ ਨਾ ਕਰਿਆ ਜੇ।”
ਮੇਰਾ ਨਿੱਜੀ ਖ਼ਿਆਲ ਹੈ ਕਿ ਇਹ ਇੱਕ ਵੱਖਰੀ ਕਿਸਮ ਦੀ ਪੁਸਤਕ ਹੈ ਜਿਸ ਨੂੰ ਸਾਹਿਤ ਦੀ ਕਿਸੇ ਵਿਸ਼ੇਸ਼ ਸ਼੍ਰੇਣੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਕਵਿਤਾ ਵਰਗੀ ਮਿਠਾਸ ਹੈ, ਫ਼ਿਕਸ਼ਨ ਵਰਗੀ ਰਵਾਨਗੀ ਹੈ ਅਤੇ ਇਸ ਦੇ ਅੰਦਰ ਉੱਚ-ਕੋਟੀ ਗਿਆਨ-ਭਰਪੂਰ ਨਿਬੰਧਾਂ ਵਾਲਾ ਅਣਮੁੱਲਾ ਖ਼ਜਾਨਾ ਮੌਜੂਦ ਹੈ। ਮੈਨੂੰ ਪੂਰਨ ਆਸ ਹੈ ਕਿ ਪੰਜਾਬੀ ਪਾਠਕ ਇਸ ਨੂੰ ਪੂਰਾ ਮਾਣ-ਸਤਿਕਾਰ ਦੇਣਗੇ। ਮੈਂ ਆਪਣੇ ਵੱਲੋਂ ਇਸ ਪੁਸਤਕ ਨੂੰ ਪੁਸਤਕ-ਜਗਤ ਵਿੱਚ ‘ਜੀ ਆਇਆਂ’ ਕਹਿੰਦਾ ਹਾਂ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …