Breaking News
Home / ਨਜ਼ਰੀਆ / ਚੰਦਰਯਾਨ-3 ਦੀ ਸਫਲਤਾ

ਚੰਦਰਯਾਨ-3 ਦੀ ਸਫਲਤਾ

ਭਾਰਤ ਦੀ ਵਿਲੱਖਣ ਪ੍ਰਾਪਤੀ
ਡਾ. ਦੇਵਿੰਦਰ ਪਾਲ ਸਿੰਘ
23 ਅਗਸਤ ਸੰਨ 2023 ਦਾ ਅਨੂਠਾ ਦਿਨ ਭਾਰਤ ਦੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾ ਚੁੱਕਾ ਹੈ। ਇਸ ਸੁਭਾਗੇ ਦਿਨ ਭਾਰਤ ਦਾ ਪੁਲਾੜੀ ਯਾਨ ‘ਚੰਦਰਯਾਨ-3’, ਪੁਲਾੜ ਵਿਚ ਸਾਡੇ ਸੱਭ ਤੋਂ ਨੇੜਲੇ ਗੁਆਂਢੀ ਤੇ ਧਰਤੀ ਦੇ ਇਕੋ ਇਕ ਕੁਦਰਤੀ ਉਪਗ੍ਰਹਿ ਚੰਨ ਦੀ ਸਤਹਿ ਉੱਤੇ ਜਾ ਉਤਰਿਆ ਸੀ। ਇਸ ਤਰ੍ਹਾਂ ਭਾਰਤ, ਵਿਸ਼ਵ ਅੰਦਰ, ਅਜਿਹਾ ਅਦਭੁੱਤ ਕਾਰਨਾਮਾ ਕਰਨ ਵਾਲਾ ਚੌਥਾ ਦੇਸ਼ ਬਣ ਗਿਆ। ਇਸ ਤੋਂ ਪਹਿਲਾਂ, ਅਮਰੀਕਾ, ਸਾਬਕਾ ਸੋਵੀਅਤ ਸੰਘ ਤੇ ਚੀਨ, ਚੰਨ ਦੀ ਸਤਹਿ ਉੱਤੇ ਆਪਣੇ ਪੁਲਾੜੀ ਵਾਹਣ ਸਫਲਤਾਪੂਰਣ ਭੇਜਣ ਵਿਚ ਸਫ਼ਲ ਰਹੇ ਹਨ। ਇਹ ਪੁਲਾੜੀ ਮਿਸ਼ਨ ਦੀ ਸਫਲਤਾ ਨੇ ਪੁਲਾੜੀ ਖੋਜ ਖੇਤਰ ਵਿਚ ਵਿਸ਼ਵ ਦੀ ਮਹਾਂਸ਼ਕਤੀ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤੀ ਬਖ਼ਸ਼ੀ ਹੈ।
ਵਰਨਣਯੋਗ ਹੈ ਕਿ ਚੰਦਰਯਾਨ-3 ਦੀ ਚੰਨ ਉੱਤੇ ਉਤਰਣ ਦੀ ਥਾਂ, ਧਰਤੀ ਵਲੋਂ ਪਹਿਲਾਂ ਭੇਜੇ ਗਏ ਸਾਰੇ ਪੁਲਾੜੀ ਵਾਹਣਾਂ ਦੀ ਤੁਲਨਾ ਵਿਚ, ਚੰਨ ਦੇ ਦੱਖਣੀ ਧਰੁਵ ਦੇ ਸੱਭ ਤੋਂ ਨੇੜੇ ਹੈ। ਪੁਲਾੜੀ ਖੋਜ ਕਾਰਜਾਂ ਵਿਚ ਜੁੱਟੇ ਦੇਸ਼ਾਂ ਦੁਆਰਾ ਚੰਨ ਦਾ ਦੱਖਣੀ ਧਰੁਵ ਵਾਲਾ ਖੇਤਰ ਬਹੁਤ ਹੀ ਦਿਲਚਸਪੀ ਵਾਲਾ ਖੇਤਰ ਮੰਨਿਆ ਜਾਂਦਾ ਹੈ, ਕਿਉਂਕਿ ਮਾਹਿਰਾਂ ਦਾ ਯਕੀਨ ਹੈ ਕਿ ਚੰਨ ਦਾ ਇਹ ਖੇਤਰ ਬਰਫ਼ ਦਾ ਜਖ਼ੀਰਾ ਸਮੋਈ ਬੈਠਾ ਹੈ। ਚੰਨ ਦੇ ਦੱਖਣੀ ਧਰੁਵ ਨੇੜਲੇ ਖੇਤਰ ਵਿਚ ਮੌਜੂਦ ਡੂੰਘੇ ਹਨੇਰੇ ਟੋਇਆਂ (ਕ੍ਰੇਟਰਾਂ) ਵਿਚ ਬਰਫ਼ ਦੀ ਹੌਂਦ ਨੂੰ ਭਵਿੱਖ ਦੇ ਪੁਲਾੜੀ ਮਿਸ਼ਨਾਂ ਲਈ ਬਾਲਣ ਵਜੋਂ ਜਾਂ ਫ਼ਿਰ ਪੁਲਾੜੀ ਮਿਸ਼ਨਾਂ ਦੇ ਅਮਲੇ ਲਈ ਪੀਣ ਵਾਲੇ ਪਾਣੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਜਦੋਂ ਭਾਰਤੀ ਵਿਗਿਆਨੀਆਂ ਦਾ ਕ੍ਰਿਸ਼ਮਾ, ‘ਚੰਦਰਯਾਨ-3’ ਚੰਨ ਦੀ ਸਤਹਿ ਉੱਤੇ ਉੱਤਰ ਰਿਹਾ ਸੀ, ਉਸ ਸਮੇਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬ੍ਰਿਕਸ ਸੰਮੇਲਨ ਵਿਚ ਸ਼ਮੂਲੀਅਤ ਲਈ ਦੱਖਣੀ ਅਫ਼ਰੀਕਾ ਵਿੱਚ ਹਾਜ਼ਿਰ ਸਨ। ਉਨ੍ਹਾਂ ਨੇ ਉਥੋਂ ਹੀ ‘ਚੰਦਰਯਾਨ-3’ ਦੀ ਚੰਨ ਉੱਤੇ ਉਤਰਣ ਦੀ ਪ੍ਰਕ੍ਰਿਆਂ ਨੂੰ ਦੇਖਿਆ ਅਤੇ ਆਪਣੀ ਟਿੱਪਣੀ ਸਾਂਝੀ ਕੀਤੀ।
ਉਨ੍ਹਾਂ ਦਾ ਕਹਿਣਾ ਸੀ, ਕਿ ਇਸ ਖੁਸ਼ੀ ਦੇ ਮੌਕੇ ਉੱਤੇ ਮੈਂ ਸਮੂਹ ਦੁਨੀਆ ਦੇ ਲੋਕਾਂ ਨੂੰ ਸੰਬੋਧਿਤ ਕਰਨਾ ਚਾਹਾਂਗਾ… ਭਾਰਤ ਦੇ ਚੰਦਰਮਾ ਮਿਸ਼ਨ ਦੀ ਸਫਲਤਾ ਸਿਰਫ਼ ਭਾਰਤ ਦਾ ਹੀ ਸਫਲਤਾ ਨਹੀਂ ਹੈ। ਇਹ ਸਫਲਤਾ ਉਸ ਸਾਲ ਦੌਰਾਨ ਵਾਪਰੀ ਹੈ ਜਿਸ ਵਿੱਚ ਪੂਰੀ ਦੁਨੀਆਂ ਭਾਰਤ ਦੀ ਜੀ-20 ਵਿਚ ਪ੍ਰਧਾਨਗੀ ਦੀ ਗਵਾਹੀ ਭਰਦੀ ਹੈ। ਭਵਿੱਖ ਬਾਰੇ ਸਾਡੀ ਵਿਚਾਰਧਾਰਾ – ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ, ਅੱਜ ਪੂਰੀ ਦੁਨੀਆ ਵਿੱਚ ਗੂੰਜ ਰਹੀ ਹੈ।
”ਇਹ ਮਨੁੱਖੀ-ਭਲਾਈ ਵਾਲੀ ਵਿਚਾਰਧਾਰਾ, ਜੋ ਅਸੀਂ ਪੇਸ਼ ਕਰ ਰਹੇ ਹਾਂ ਅਤੇ ਜਿਸ ਦਾ ਅਸੀਂ ਸਬੂਤ ਹਾਂ, ਅਜਿਹੀ ਵਿਚਾਰਧਾਰਾ ਦਾ ਸਰਵ ਵਿਆਪਕ ਤੌਰ ‘ਤੇ ਸਵਾਗਤ ਕੀਤਾ ਗਿਆ ਹੈ। ਸਾਡਾ ਚੰਦਰਮਾ ਮਿਸ਼ਨ ਵੀ ਉਸੇ ਮਨੁੱਖੀ-ਭਲਾਈ ਵਾਲੀ ਵਿਚਾਰਧਾਰਾ ਉੱਤੇ ਅਧਾਰਿਤ ਹੈ, ਇਸ ਲਈ, ਇਹ ਸਫਲਤਾ ਸਾਰੀ ਮਨੁੱਖਤਾ ਦੀ ਹੈ, ਅਤੇ ਇਹ ਭਵਿੱਖ ਵਿੱਚ ਦੂਜੇ ਦੇਸ਼ਾਂ ਦੁਆਰਾ ਚੰਨ ਬਾਰੇ ਖੋਜੀ ਮਿਸ਼ਨਾਂ ਵਿੱਚ ਸਹਾਇਤਾ ਕਰੇਗੀ।”
ਚੰਨ ਦੇ ਦੱਖਣੀ ਧਰੁਵ ਦੇ ਨੇੜਲੇ ਖੇਤਰ ਵਿਚ, ਭਾਰਤ ਦੇ ਪੁਲਾੜੀ ਵਾਹਣ ਦੇ ਸਫਲਤਾਪੂਰਣ ਉੱਤਰਣ ਦੀ ਖ਼ਬਰ, ਰੂਸ ਵਲੋਂ ਅਜਿਹੀ ਕੋਸ਼ਿਸ਼ ਵਿਚ ਅਸਫਲਤਾ ਦੇ ਕੁਝ ਦਿਨਾਂ ਬਾਅਦ ਹੀ ਆਈ ਹੈ। 19 ਅਗਸਤ 2023 ਨੂੰ ਰੂਸ ਦਾ ਲੂਨਾ-25 ਪੁਲਾੜੀ ਵਾਹਣ ਅਜਿਹੀ ਕੋਸ਼ਿਸ਼ ਕਰਦਾ, ਆਪਣੇ ਇੰਜਣਾਂ ਦੇ ਨੁਕਸ ਕਾਰਣ ਨਸ਼ਟ ਹੋ ਗਿਆ ਸੀ। ਇਸ ਤਰ੍ਹਾਂ ਰੂਸ ਵਲੋਂ ਚੰਨ ਉੱਤੇ ਦੁਬਾਰਾ ਪੁਲਾੜੀ ਵਾਹਣ ਉਤਾਰੇ ਜਾਣ ਦੀ ਲਗਭਗ 47 ਸਾਲਾਂ ਬਾਅਦ ਕੀਤੀ ਕੋਸ਼ਿਸ਼ ਨਾਕਾਰਾ ਹੋ ਗਈ।
ਚੰਦਰਯਾਨ-3 ਦਾ ਸਫ਼ਰ : ਜਿਵੇਂ ਹੀ ਭਾਰਤੀ ਪੁਲਾੜੀ ਵਾਹਣ ਚੰਦਰਯਾਨ-3 ਚੰਨ ਦੇ ਨੇੜੇ ਪਹੁੰਚਿਆ। ਇਸ ਦੇ ਕੈਮਰਿਆਂ ਨੇ ਚੰਨ ਦੀ ਸਤਹਿ ਦੀਆਂ ਤਸਵੀਰਾਂ ਭਾਰਤ ਵਲ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਚੰਦਰਯਾਨ-3 ਦੁਆਰਾ 20 ਅਗਸਤ ਨੂੰ ਲਈਆਂ ਗਈਆਂ ਤਸਵੀਰਾਂ ਭਾਰਤੀ ਪੁਲਾੜ ਏਜੰਸੀ ਨੇ 22 ਅਗਸਤ ਨੂੰ ਜਨਤਕ ਕਰ ਦਿੱਤੀਆਂ। ਇਹ ਤਸਵੀਰਾਂ ਚੰਨ ਦੇ ਧੂੜ ਭਰੇ ਸਲੇਟੀ ਖੇਤਰ ਦਾ ਨੇੜੇ ਤੋਂ ਨਜ਼ਰ ਆਉਂਦਾ ਦ੍ਰਿਸ਼ ਪੇਸ਼ ਕਰਦੀਆਂ ਸਨ।
ਭਾਰਤ ਵਲੋਂ ਚੰਨ ਵੱਲ ਭੇਜੇ ਗਏ ਪੁਲਾੜੀ ਵਾਹਣ ‘ਚੰਦਰਯਾਨ-3’ ਦੇ ਤਿੰਨ ਹਿੱਸੇ ਸਨ: ਪ੍ਰੋਪਲਸ਼ਨ ਮੋਡੀਊਲ, ਲੈਂਡਰ (ਵਿਕਰਮ), ਅਤੇ ਰੋਵਰ (ਪ੍ਰਗਿਆਨ)। ਪ੍ਰੋਪਲਸ਼ਨ ਮੋਡੀਊਲ ਨੇ ਚੰਨ ਅਤੇ ਧਰਤੀ ਦੇ ਵਿਚਕਾਰ 384,400 ਕਿਲੋਮੀਟਰ ਦੀ ਦੂਰੀ ਨੂੰ ਪਾਰ ਕਰਨ ਲਈ ਪੁਲਾੜੀ ਵਾਹਣ ਨੂੰ ਲੋੜੀਂਦੀ ਤਾਕਤ ਬਖ਼ਸ਼ੀ।
ਚੰਨ ਦੀ ਸਤਹਿ ਉੱਤੇ ਉੱਤਰਣ ਵਾਲੇ ਲੈਂਡਰ, ਜਿਸ ਦਾ ਨਾਮ ਵਿਕਰਮ ਰੱਖਿਆ ਗਿਆ ਸੀ, ਨੇ ਪ੍ਰੋਪਲਸ਼ਨ ਮੋਡੀਊਲ ਤੋਂ ਬਾਹਰ ਨਿਕਲ ਕੇ ਚੰਨ ਦੀ ਧਰਤੀ ਉੱਤੇ ਸਹਿਜਤਾ ਨਾਲ ਉੱਤਰਣ ਲਈ ਲੋੜੀਂਦੇ ਕਾਰਜਾਂ ਨੂੰ ਸਫਲਤਾਪੂਰਣ ਪੂਰਾ ਕੀਤਾ। ਜਦੋਂ ਵਿਕਰਮ ਚੰਨ ਦੀ ਸਤਹਿ ਦੇ ਨੇੜੇ ਪਹੁੰਚਿਆ, ਉਸ ਨੇ ਆਪਣੇ ਵਿਸ਼ੇਸ਼ ਥ੍ਰਸਟਰਾਂ ਦੀ ਮਦਦ ਨਾਲ ਖੁਦ ਨੂੰ ਚੰਨ ਉੱਤੇ ਉੱਤਰਣ ਲਈ ਸਾਧ ਲਿਆ ਅਤੇ ਹੌਲੀ-ਹੌਲੀ ਭਾਰਤੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਦੇ ਠੀਕ ਬਾਅਦ ਚੰਨ ਦੀ ਧਤਰੀ ਉੱਤੇ ਉੱਤਰ ਗਿਆ। ਇਸੇ ਸਮੇਂ ਭਾਰਤੀ ਮਿਸ਼ਨ ਕੰਟਰੋਲ ਰੂਮ ਇਸ ਮਿਸ਼ਨ ਦੀ ਨਜ਼ਰਸਾਨੀ ਕਰ ਰਹੇ ਵਿਗਿਆਨੀਆਂ, ਤਕਨੀਕੀ ਮਾਹਿਰਾਂ ਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ।
ਤਦ, ਕੁਝ ਹੀ ਪਲਾਂ ਬਾਅਦ, ਚੰਨ ਦੀ ਧਰਤੀ ਉੱਤੇ ਬਿਰਾਜਮਾਨ, ਵਿਕਰਮ ਦੇ ਇਕ ਪਾਸੇ ਲੱਗਾ ਦਰਵਾਜ਼ਾ ਖੁੱਲਿਆ ਅਤੇ ਇਸ ਵਿਚੋਂ ਇਕ ਛੋਟਾ ਜਿਹਾ ਰੋਵਰ, ਜਿਸ ਦਾ ਨਾਮ ਪ੍ਰਗਿਆਨ ਰੱਖਿਆ ਗਿਆ ਸੀ, ਬਾਹਰ ਨਿਕਲਿਆ। ਇਹ ਛੋਟੇ ਆਕਾਰ ਵਾਲਾ ਛੇ ਪਹੀਆ ਰੋਵਰ, ਵਿਕਰਮ ਲੈਂਡਰ ਨਾਲ ਜੁੜੇ ਇੱਕ ਰੈਂਪ ਤੋਂ ਰਿੜਦਾ ਹੋਇਆ ਹੇਠਾਂ ਵੱਲ ਨੂੰ ਚਲਦਾ, ਚੰਨ ਦੀ ਧਰਤੀ ਉੱਤੇ ਆ ਪੁੱਜਾ।
ਭਾਰਤੀ ਪੁਲਾੜੀ ਖੋਜ ਸੰਸੰਥਾ (ਇਸਰੋ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਸੰਥਾ ਨੇ ਪੁਲਾੜੀਵਾਹਣ ਨਾਲ ਦੋ-ਪੱਖੀ ਸੰਚਾਰ ਸਥਾਪਤ ਕੀਤਾ ਹੋਇਆ ਹੈ ਅਤੇ ਲੈਂਡਰ ਦੇ ਚੰਨ ਉੱਤੇ ਉਤਰਨ ਦੇ ਆਖ਼ਰੀ ਪੜ੍ਹਾਅ ਦੌਰਾਨ ਚੰਨ ਦੀ ਸਤਿਹ ਦੀਆਂ ਲਈਆਂ ਗਈਆਂ ਤਸਵੀਰਾਂ ਨੂੰ ਜਨਤਕ ਰੂਪ ਵਿਚ ਸਾਂਝਾ ਕੀਤਾ ਹੈ।
ਵਰਨਣਯੋਗ ਹੈ ਕਿ ਲੈਂਡਰ-ਵਿਕਰਮ ਦਾ ਭਾਰ ਲਗਭਗ 1,700 ਕਿਲੋਗ੍ਰਾਮ ਅਤੇ ਰੋਵਰ-ਪ੍ਰਗਿਆਨ ਦਾ ਭਾਰ 26-ਕਿਲੋਗ੍ਰਾਮ ਹੈ। ਇਹ ਦੋਨੋਂ ਯੰਤਰ ਵਿਸ਼ੇਸ਼ ਵਿਗਿਆਨਕ ਉਪਕਰਣਾਂ ਨਾਲ ਭਰੇ ਹੋਏ ਹਨ, ਜੋ ਆਉਣ ਵਾਲੇ ਸਮੇਂ ਦੌਰਾਨ, ਭਾਰਤੀ ਵਿਗਿਆਨੀਆਂ ਨੂੰ ਚੰਨ ਦੀ ਸਤਹਿ ਦੀ ਰਚਨਾ ਅਤੇ ਬਨਾਵਟ ਬਾਰੇ ਤਾਜ਼ਾ ਜਾਣਕਾਰੀ ਉਪਲਬਧ ਕਰਾਉਣਗੇ।
ਏਰੀਜ਼ੋਨਾ ਯੂਨੀਵਰਸਿਟੀ ਦੀ ਚੰਨ ਅਤੇ ਗ੍ਰਹਿ ਪ੍ਰਯੋਗਸ਼ਾਲਾ ਦੀ ਸਹਾਇਕ ਪ੍ਰੋਫੈਸਰ ਡਾ. ਐਂਜੇਲਾ ਮਾਰੂਸੀਆਕ ਦਾ ਕਹਿਣਾ ਹੈ ਕਿ ”ਉਸ ਨੂੰ ਖੁਸ਼ੀ ਹੈ ਕਿ ਵਿਕਰਮ ਲੈਂਡਰ ਵਿੱਚ ਭੂਚਾਲ ਮਾਪਕ ਯੰਤਰ ਵੀ ਮੌਜੂਦ ਹੈ ਜੋ ਚੰਨ ਦੇ ਗਰਭ ਵਿੱਚ ਵਾਪਰ ਰਹੇ ਭੂਚਾਲਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗਾ। ਮਾਰੂਸੀਆਕ ਨੇ ਦੱਸਿਆ ਕਿ ਚੰਨ ਦੀਆਂ ਅੰਦਰੂਨੀ ਪਰਤਾਂ ਕਿਵੇਂ ਹਰਕਤ ਕਰਦੀਆਂ ਹਨ, ਇਸ ਬਾਰੇ ਜਾਣਕਾਰੀ, ਚੰਦਰਮਾ ਦੀ ਸਤਹਿ ਉੱਤੇ ਵਾਪਰਣ ਵਾਲੀ ਭਵਿੱਖਮਈ ਕਾਰਗੁਜ਼ਾਰੀ ਲਈ ਲਾਭਦਾਇਕ ਹੋ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਸੰਭਾਵੀ ਭੂਚਾਲ ਦੀ ਹਾਲਤ ਵਿਚ ਚੰਨ ਵਿਖੇ ਉਤਾਰੇ ਗਏ ਪੁਲਾੜ ਯਾਤਰੀਆਂ ਨੂੰ ਕੋਈ ਖ਼ਤਰਾ ਪੈਦਾ ਨਾ ਹੋਵੇ। ਜਾਂ ਫਿਰ ਜੇ ਅਸੀਂ ਚੰਨ ਦੀ ਸਤਹਿ ਉੱਤੇ ਮਨੁੱਖੀ ਬਸਤੀ ਦਾ ਨਿਰਮਾਣ ਕਰਨਾ ਹੈ, ਤਾਂ ਵੀ ਇਹ ਜ਼ਰੂਰੀ ਹੈ ਕਿ ਅਜਿਹੀ ਬਸਤੀ ਕਿਸੇ ਵੀ ਭੂਚਾਲ ਦੇ ਮਾੜੇ ਪ੍ਰਭਾਵਾਂ ਤੋਂ ਸੁਰੱਖਿਅਤ ਰਹੇ।”
ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦਾ ਚੰਨ ਦੀ ਸਤਹਿ ਉੱਤੇ ਲਗਭਗ ਦੋ ਹਫ਼ਤੇ ਦੇ ਅਰਸੇ ਲਈ ਕੰਮ ਕਰਨ ਦਾ ਅੰਦਾਜ਼ਾ ਹੈ। ਪ੍ਰੋਪਲਸ਼ਨ ਮੋਡੀਊਲ ਚੰਨ ਗਿਰਦ ਚੱਕਰ ਲਗਾਉਂਦਾ ਰਹੇਗਾ, ਅਤੇ ਇਹ ਵਿਕਰਮ ਤੇ ਪ੍ਰਗਿਆਨ ਤੋਂ ਪ੍ਰਾਪਤ ਜਾਣਕਾਰੀਆਂ ਨੂੰ ਧਰਤੀ ਵੱਲ ਭੇਜਣ ਲਈ ਇੱਕ ਰੀਲੇਅ ਪੁਆਇੰਟ ਵਜੋਂ ਕੰਮ ਕਰੇਗਾ।
ਭਾਰਤ, ਅਮਰੀਕਾ ਅਤੇ ਫਰਾਂਸ ਵਰਗੇ ਸਹਿਯੋਗੀਆਂ ਦੇ ਸੰਗ, ਪੁਲਾੜ ਸ਼ਕਤੀਆਂ ਦੀ ਉੱਭਰ ਰਹੀ ਦੂਜੀ ਲਹਿਰ ਦਾ ਹਿੱਸਾ ਬਣ ਚੁੱਕਾ ਹੈ। ਭਾਰਤ ਦਾ ਪੁਲਾੜ ਪ੍ਰੋਗਰਾਮ, ਪੁਲਾੜ ਵਿਖੇ ਖੋਜ ਕਾਰਜਾਂ ਲਈ ਲੋੜੀਂਦੀ ਤਕਨਾਲੋਜੀ ਦੇ ਨਿਰਮਾਣ ਵਿੱਚ ਦੁਨੀਆ ਦੇ ਅਹਿਮ ਪ੍ਰੋਗਰਾਮਾਂ ਦਾ ਅੰਗ ਬਣ ਗਿਆ ਹੈ। ਚੰਦਰਯਾਨ-3 ਦੀ ਸਫਲਤਾ ਸਾਰੇ ਭਾਰਤਵਾਸੀਆਂ ਲਈ ਮਾਣ ਅਤੇ ਵਿਆਪਕ ਦਿਲਚਸਪੀ ਦਾ ਬਿੰਦੂ ਬਣ ਚੁੱਕੀ ਹੈ। ਮਿਤੀ 14 ਜੁਲਾਈ 2023 ਨੂੰ ਆਂਧਰਾ ਪ੍ਰਦੇਸ਼ ਰਾਜ ਦੇ ਸ਼੍ਰੀਹਰੀਕੋਟਾ ਨਗਰ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਦੇ ਲਾਂਚਪੈਡ ਵਿਖੇ ਇਸ ਮਿਸ਼ਨ ਦੀ ਉਡਾਣ ਦਾ ਆਰੰਭ ਹੋਇਆ ਸੀ ਅਤੇ 23 ਅਗਸਤ 2023 ਨੂੰ ਇਸ ਮਿਸ਼ਨ ਦੇ ਚੰਨ ਦੀ ਸਤਿਹ ਉੱਤੇ ਸਫਲਤਾਪੂਰਣ ਉਤਰਣ ਦਾ ਲਾਈਵਸਟ੍ਰੀਮ ਨਜ਼ਾਰਾ 8 ਮਿਲੀਅਨ ਤੋਂ ਵੱਧ ਲੋਕਾਂ ਨੇ ਵਿਸ਼ਵ ਭਰ ਵਿਚ ਦੇਖਿਆ।
ਰੂਸ ਦੇ ਪੁਲਾੜੀ ਵਾਹਣ ਲੂਨਾ-25 ਦੀ ਚੰਨ ਉੱਤੇ ਉੱਤਰਣ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਭਾਰਤ ਦੇ ਮਿਸ਼ਨ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਚੰਦਰਯਾਨ-3 ਦੀ ਸਫਲਤਾ ਦੇ ਨਾਲ, 21ਵੀਂ ਸਦੀ ਦੌਰਾਨ, ਭਾਰਤ, ਚੀਨ ਤੋਂ ਬਾਅਦ ਚੰਨ ਉੱਤੇ ਪੁਲਾੜ ਵਾਹਣ ਉਤਾਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਵਰਨਣਯੋਗ ਹੈ ਕਿ ਚੀਨ ਨੇ ਸੰਨ 2013 ਦੌਰਾਨ ਚੰਨ ਦੀ ਸਤਹਿ ਉੱਤੇ ਤਿੰਨ ਲੈਂਡਰ ਉਤਾਰੇ ਸਨ। ਜਦ ਕਿ ਅਮਰੀਕਾ ਦੇ ਅਪੋਲੋ 17 ਮਿਸ਼ਨ ਦੇ ਚਾਲਕ ਦਲ ਨੇ ਚੰਨ ਉੱਤੇ ਅਮਰੀਕੀ ਲੈਂਡਰ ਸੰਨ 1972 ਦੌਰਾਨ ਉਤਾਰਿਆ ਸੀ।
ਚੰਨ ਵੱਲ ਵਿਸ਼ਵ-ਵਿਆਪੀ ਦੌੜ : ਆਉਣ ਵਾਲੇ ਸਾਲਾਂ ਦੌਰਾਨ ਵਿਸ਼ਵ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਨੇ ਚੰਨ ਵੱਲ ਭੇਜੇ ਜਾਣ ਵਾਲੇ ਮਿਸ਼ਨਾਂ ਦੀ ਯੋਜਨਾ ਬਣਾਈ ਹੈ। ਇਨ੍ਹਾਂ ਵਿਚ ਜਾਪਾਨ ਦੀ ਪੁਲਾੜ ਏਜੰਸੀ – ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ – ਦੁਆਰਾ ਇਸ ਮਹੀਨੇ ਦੇ ਅੰਤ ਵਿੱਚ ਲਾਂਚ ਕੀਤਾ ਜਾਣ ਵਾਲਾ ਮਿਸ਼ਨ ਵੀ ਸ਼ਾਮਿਲ ਹੈ। ਅਮਰੀਕਾ ਦੀ ਵੀ ਇਸ ਸਾਲ ਦੌਰਾਨ ਚੰਨ ਉੱਤੇ ਤਿੰਨ ਵਪਾਰਿਕ ਚੰਦਰ ਲੈਂਡਰ ਭੇਜਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਅਮਰੀਕੀ ਸੰਸਥਾ ਨਾਸਾ, ਆਪਣੇ ਆਰਟੇਮਿਸ-3 ਮਿਸ਼ਨ ਉੱਤੇ ਪੂਰੇ ਜ਼ੋਰ-ਸ਼ੋਰ ਨਾਲ ਕੰਮਾਂ-ਕਾਰਾਂ ਵਿਚ ਜੁੱਟੀ ਹੋਈ ਹੈ। ਆਸ ਹੈ ਇਹ ਮਿਸ਼ਨ ਸੰਨ 2025 ਵਿਚ ਅਮਰੀਕੀ ਪੁਲਾੜ ਯਾਤਰੀਆਂ ਨੂੰ ਚੰਨ ਉੱਤੇ ਉਤਾਰ ਸਕੇਗਾ।
ਦਰਅਸਲ ਚੰਨ ਦੀ ਧਰਤੀ ਉੱਤੇ ਉਤਰਨਾ ਬਹੁਤ ਹੀ ਮੁਸ਼ਕਲ ਕਾਰਜ ਹੈ। ਚੰਨ ਉੱਤੇ ਪੁਲਾੜੀ ਵਾਹਣ ਉਤਾਰਨ ਲਈ ਭਾਰਤ ਵਲੋਂ ਸੰਨ 2019 ਦੌਰਾਨ ਭੇਜਿਆ ਗਿਆ ਚੰਦਰਯਾਨ-2 ਮਿਸ਼ਨ ਅਸਫਲ ਰਿਹਾ ਸੀ। ਇੰਝ ਹੀ ਅਪ੍ਰੈਲ 2019 ਵਿਚ ਦੋ ਵਪਾਰਕ ਪੁਲਾੜੀ ਵਾਹਣ, ਇਕ ਇਜ਼ਰਾਈਲ ਦਾ ਅਤੇ ਦੂਸਰਾ ਜਾਪਾਨ ਦਾ, ਚੰਨ ਦੀ ਸਤਹਿ ਨਾਲ ਟਕਰਾ ਕੇ ਨਸ਼ਟ ਹੋ ਗਏ ਸਨ ।
ਬਿਲ ਨੇਲਸਨ, ਨਾਸਾ ਦੇ ਪ੍ਰਸ਼ਾਸਕ, ਦਾ ਕਹਿਣਾ ਹੈ ਕਿ ”ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚੰਨ ਉੱਤੇ ਉਤਰਨਾ ਇੱਕ ਬਹੁਤ ਹੀ ਮੁਸ਼ਕਲ ਕੰਮ ਹੈ। ਪਰ ਚੰਨ ਵਿਖੇ ਵਿਲੱਖਣ ਖੋਜਾਂ ਦੇ ਮੌਕੇ ਉਪਲਬਧ ਹਨ, ਇਸੇ ਕਰਕੇ ਅਸੀਂ ਸੰਨ ਦੀ ਸਤਹਿ ਉੱਤੇ ਦੁਬਾਰਾ ਜਾਣ ਦੀਆਂ ਅਨੇਕ ਤਾਜ਼ਾ ਕੋਸ਼ਿਸ਼ਾਂ ਦੇਖ ਰਹੇ ਹਾਂ। ਅਸੀਂ ਭਾਰਤ ਦੇ ਚੰਦਰਯਾਨ-3 ਮਿਸ਼ਨ ਸਮੇਤ ਭਵਿੱਖ ਦੇ ਹੋਰ ਅਜਿਹੇ ਮਿਸ਼ਨਾਂ ਤੋਂ ਪ੍ਰਾਪਤ ਹੋਣ ਵਾਲੀ ਨਵੀਂ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।”
23 ਅਗਸਤ 2023 ਬੁੱਧਵਾਰ ਨੂੰ, ਨੇਲਸਨ ਨੇ ਸੋਸ਼ਲ ਮੀਡੀਆ ਉੱਤੇ ਭਾਰਤ ਨੂੰ ਵਧਾਈ ਦਿੰਦਿਆਂ ਲਿਖਿਆ, ”ਚੰਨ ਉੱਤੇ ਪੁਲਾੜ ਵਾਹਣ ਨੂੰ ਸਫਲਤਾਪੂਰਵਕ ਸਾਫਟ-ਲੈਂਡ ਕਰਨ ਵਾਲਾ ਚੌਥਾ ਦੇਸ਼ ਬਣਨ ਲਈ ਭਾਰਤ ਨੂੰ ਵਧਾਈ। ਅਸੀਂ ਇਸ ਮਿਸ਼ਨ ਵਿਚ ਤੁਹਾਡਾ ਸਾਥੀ ਬਣ ਕੇ ਖੁਸ਼ ਹਾਂ!”
ਭਾਰਤ, ਅਮਰੀਕਾ ਦੇ ਆਰਟੇਮਿਸ ਸਮਝੌਤਿਆਂ ਦਾ ਵੀ ਸਾਂਝੀਦਾਰ ਹੈ। ਆਰਟੇਮਿਸ ਸਮਝੌਤੇ ਅਜਿਹੇ ਦਸਤਾਵੇਜ਼ ਹਨ ਜੋ ਭਵਿੱਖ ਵਿੱਚ ਚੰਨ ਸੰਬੰਧਤ ਖੋਜਾਂ ਬਾਰੇ ਨਿਯਮਾਂ ਦੀ ਰੂਪਰੇਖਾ ਪ੍ਰਦਾਨ ਕਰਦੇ ਹਨ। ਯਾਦ ਰਹੇ ਕਿ ਰੂਸ ਅਤੇ ਚੀਨ ਨੇ ਇਸ ਸਮਝੌਤੇ ਉੱਤੇ ਦਸਤਖਤ ਨਹੀਂ ਕੀਤੇ ਹਨ।
ਸ਼ਾਲਾ! ਭਾਰਤ ਇੰਝ ਹੀ ਤਰੱਕੀਆ ਕਰਦਾ ਰਹੇ।
ਡਾ. ਦੇਵਿੰਦਰ ਪਾਲ ਸਿੰਘ ਖੋਜੀ, ਲੇਖਕ ਤੇ ਅਧਿਆਪਕ ਹੈ ਜੋ ਮਿਸੀਸਾਗਾ, ਓਂਟਾਰੀਓ, ਕੈਨੇਡਾ ਦਾ ਵਾਸੀ ਹੈ।
Website: drdpsinghauthor.wordpress.com
Email: [email protected]

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …