Breaking News
Home / ਨਜ਼ਰੀਆ / ਪੰਜਾਬੀ ਦੇ ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼

ਪੰਜਾਬੀ ਦੇ ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼

ਅੰਮ੍ਰਿਤਪਾਲ ਸਿੰਘ ਸੰਧੂ
ਮਨੁੱਖ ਭਾਸ਼ਾ ਦੇ ਮਾਧਿਅਮ ਨਾਲ ਆਪਣੇ ਦਿਲੀ ਜ਼ਜਬੇ ਦੂਸਰਿਆਂ ਨਾਲ ਸਾਂਝੇ ਕਰਦਾ ਹੈ। ਅਜਿਹਾ ਕਰਨ ਨਾਲ ਇਕ ਤਾਂ ਆਪਣੇ ਆਪ ਨੂੰ ਮਾਨਸਿਕ ਰੂਪ ਤੋਂ ਹੌਲਾ ਫੁੱਲ ਮਹਿਸੂਸ ਕਰਦਾ ਹੈ, ਦੂਸਰਾ ਆਪਣਾ ਸੁਨੇਹਾ ਹੋਰ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਦੋਵੇਂ ਮਨੋਰਥਾਂ ਨੂੰ ਮੁੱਖ ਰੱਖਕੇ ਭਾਸ਼ਾ ਕੁਝ ਖਾਸ ਵਿਸ਼ੇਸ਼ਤਾਵਾਂ ਰੱਖਦੀ ਹੈ ਇਹ ਕਹਿਣਾ ਜਿਆਦਾ ਉਚਿਤ ਹੋਏਗਾ ਕਿ ਭਾਸ਼ਾ ਦੀ ਵਰਤੋ ਦਾ ਢੰਗ ਹੀ ਇਸਨੂੰ ਸਧਾਰਨ ਤੋ ਵਿਸ਼ੇਸ਼ ਸ਼ਕਲ ਵਿਚ ਬਦਲਦਾ ਹੈ।ਭਾਸ਼ਾ ਦੀ ਵਰਤੋ ਕਈ ਵੇਰਾਂ ਉਹਨਾਂ ਦੇ ਅੱਖਰੀ ਅਰਥਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਉਹ ਹੁੰਦੇ ਹਨ ਅਤੇ ਕਈ ਵੇਰਾਂ ਇਸਦੀ ਵਰਤੋਂ ਉਲਟ ਰੂਪ ਵਿਚ ਕੀਤੀ ਜਾਂਦੀ ਹੈ। ਜਦੋ ਇਸਦੀ ਵਰਤੋ ਅੱਖਰੀ ਅਰਥਾਂ ਜਾਂ ਆਮ ਅਰਥਾਂ ਤੋ ਹਟ ਕੇ ਕੀਤੀ ਜਾਵੇ ਤਾਂ ਇਸ ਵਿਚ ਮੁਹਾਵਰੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮੁਹਾਵਰੇ ਲਿਖਿਤ ਜਾਂ ਮੌਖਿਕ ਭਾਸ਼ਾ ਦਾ ਸ਼ਕਤੀਸ਼ਾਲੀ ਅੰਗ ਹੁੰਦੇ ਹਨ ਜਿਸ ਨਾਲ ਕਿਸੇ ਭਾਸ਼ਾ ਦਾ ਠੁੱਕ ਬੱਝਦਾ। ਇਹ ਸਾਡਾ ਭਾਸ਼ਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਵਿਰਸਾ ਜਾਂ ਬਹੁਮੁੱਲੀ ਸੰਪੱਤੀ ਹਨ ਜਿਸ ਦਾ ਪੜਨ ਵਾਲੇ ਅਤੇ ਸੁਣਨ ਵਾਲੇ ਤੇ ਦੇਰ ਤੱਕ ਅਤੇ ਪ੍ਰਭਾਵਸ਼ਾਲੀ ਅਸਰ ਪੈਂਦਾ ਹੈ। ਇਸ ਵਿਚ ਲੋਕ ਜੀਵਨ ਦਾ ਹਰ ਗੁੱਝਾ ਤੇ ਅਣਗੁੱਝਾ ਪੱਖ ਪੇਸ਼ ਕੀਤਾ ਗਿਆ ਹੁੰਦਾ ਹੈ। ਇਹ ਸੰਪੂਰਨ ਜੀਵਨ ਦੀ ਹਾਮੀ ਭਰਕੇ ਲੋਕਾਂ ਦੇ ਸਾਰੇ ਅਨੁਭਵਾਂ ਦਾ ਨਿਚੋੜ ਅਸਿੱਧੇ ਰੂਪ ਵਿਚ ਵਿਅਕਤ ਕਰਦੇ ਹਨ। ਮੁਹਾਵਰਿਆਂ ਨੂੰ ਉਹੀ ਵਿਅਕਤੀ ਸਹੀ ਤਰਾ ਸਮਝ ਸਕਦਾ ਹੈ ਜਾਂ ਲਿਖਿਤ ਜਾਂ ਮੌਖਿਕ ਭਾਸ਼ਾ ਵਿੱਚ ਪ੍ਰਯੋਗ ਕਰ ਸਕਦਾ ਹੈ ਜੋ ਕਿਸੇ ਭਾਸ਼ਾ ਅਤੇ ਸ਼ਬਦਾਵਲੀ ਜਾਂ ਸ਼ਬਦਾਂ  ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਕਿਉਂਕਿ ਅਭਿਦਾ ਅਰਥ ਸ਼ਕਤੀ ਤੋ ਹੱਟ ਕੇ ਲਖਸ਼ਣਾਂ ਅਤੇ ਵਿਅੰਜਨਾ ਸ਼ਬਦ ਸ਼ਕਤੀਆਂ ਦੇ ਪ੍ਰਯੋਗ ਨਾਲ ਹੀ ਸ਼ਬਦ ਮੁਹਾਵਰਿਆ ਦਾ ਰੂਪ ਧਾਰਨ ਕਰਦੇ ਹਨ। ਇਸ ਲਈ ਇਹਨਾ ਦੇ ਅਰਥ, ਅਰਥ ਕੋਸ਼ਾਂ ਵਿਚ ਦਿੱਤੇ  ਸਧਾਰਨ ਅਰਥਾਂ ਤੋ ਹਟ ਕੇ ਹੁੰਦੇ ਹਨ। ਮੁਹਾਵਰੇ ਦੀ ਵਰਤੋਂ ਸ਼ਬਦੀ ਅਰਥਾਂ ਵਿੱਚ ਨਹੀਂ ਸਗੋਂ ਭਾਵ ਅਰਥਾਂ ਦੇ ਰੂਪ ਵਿੱਚ ਹੁੰਦੀ ਹੈ।
ਮੁਹਾਵਰਿਆ ਦਾ ਸੰਬੰਧ ਲੋਕਧਾਰਾ ਨਾਲ ਹੈ। ਇਹਨਾਂ ਨੂੰ ਲੋਕ ਗੀਤਾਂ ਦੀ ਬੰਦ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਨਾਹਰ ਸਿੰਘ ਨੇ ਆਪਣੀ ਪੁਸਤਕ ‘ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ’ ਵਿੱਚ ਲੋਕ ਗੀਤਾਂ ਨੂੰ ਦੋ ਵਰਗਾ ਵਿਚ ਵੰਡਿਆ ਹੈ, ਖੁੱਲੇ ਰੂਪਾਂ ਦੀ ਸ਼੍ਰੇਣੀ ਦੇ ਗੀਤ ਅਤੇ ਬੰਦ ਰੂਪਾ ਦੀ ਸ਼੍ਰੇਣੀ ਦੇ ਗੀਤ ਮੁਹਾਵਰੇ,ਬੁਝਾਰਤ,ਅਖਾਣ, ਸਿਆਣਪ ਦਾ ਟੋਟਾ, ਦੋਹੜਾ ਆਦਿ ਬੰਦ ਰੂਪਾਂ ਦੀ ਸ਼੍ਰੇਣੀ ਦੇ ਘੇਰੇ ਵਿਚ ਸ਼ਾਮਿਲ ਹਨ।ਗਹੁ ਨਾਲ ਦੇਖਣ ਤੇ ਪਤਾ ਚਲਦਾ ਹੈ ਕਿ ਮੁਹਾਵਰਿਆ ਨੇ ਜੀਵਨ ਦਾ ਕੋਈ ਵੀ ਪੱਖ ਨਹੀ ਛੱਡਿਆ ਭਾਵੇਂ ਸਰੀਰਕ ,ਬੌਧਿਕ, ਮਨੋਵਿਗਿਆਨਕ ਜਾਂ ਮਾਨਸਿਕ ਹੋਵੇ ਭਾਵੇਂ ਅਧਿਆਤਮਕ, ਆਰਥਿਕ, ਸਮਾਜਿਕ ਹੋਵੇ ਜਾਂ ਫਿਰ ਇਤਿਹਾਸਕ ਜਾਂ ਮਿਥਿਹਾਸਕ ਹੋਵੇ ਹਰ ਪੱਖ ਨਾਲ ਸੰਬੰਧਿਤ ਮੁਹਾਵਰੇ ਸਾਨੂੰ ਦੇਖਣ ਨੂੰ ਮਿਲਦੇ ਹਨ।ਹਥਲੇ ਲੇਖ ਦਾ ਸੰਬੰਧ ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼ ਨਾਲ ਹੈ। ਸੋ ਆਪਾਂ ਮਾਨਸਿਕ ਜਾਂ ਮਨੋਵਿਗਿਆਨਕ ਪੱਖ ਨੂੰ ਵਿਸਥਾਰ ਦੇਵਾਂਗੇ। ਮਨੋਵਿਗਿਆਨ ਦਾ ਅਧਿਐਨ ਖੇਤਰ ਵਿਵਹਾਰ ਜਾਂ ਸੁਭਾਅ ਹੈ ਭਾਵ ਵਿਵਹਾਰ ਜਾਂ ਸੁਭਾਅ ਦਾ ਵਿਗਿਆਨਕ ਅਧਿਐਨ ਮਨੋਵਿਗਿਆਨ ਹੈ। ਮਨੋਵਿਗਿਆਨ ਨੇ ਸਾਹਿਤ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਭਾਵੇਂ ਉਹ ਗੱਦ ਹੈ, ਭਾਵੇਂ ਉਹ ਪਦ ਹੈ। ਮਨੁੱਖੀ ਮਨ ਕਈ ਤਰਾਂ ਦੀਆਂਇਛਾਵਾਂ, ਭਾਵਨਾਵਾਂ, ਵਿਚਾਰਾਂ, ਕਲਪਨਾਵਾਂ, ਸੰਵੇਦਨਾਵਾਂ, ਸੋਚਾਂ, ਵਤੀਰਿਆਂ, ਚੇਤਿਆਂ, ਆਦਿ ਗੁੱਝੇ ਭਾਵਾ ਦਾ ਸੁਮੇਲ ਹੈ। ਮਨੁੱਖੀ ਵਿਵਹਾਰ  ਜਿਵੇਂ ਉਸਦੀਆ ਹਰਕਤਾਂ, ਚਿਹਰੇ ਦੇ ਹਾਵ ਭਾਵ , ਉਤਸੁਕਤਾ, ਬੇਚੈਨੀ, ਡਰ -ਭੈਅ,ਪਿਆਰ, ਨਫਰਤ ਜਾਂ ਘ੍ਰਿਣਾ ਆਦਿ ਮਨੁੱਖ ਦੇ ਗੁੱਝੇ ਭਾਵਾਂ ਦੀ ਪੈਰਵੀ ਕਰਦੇ ਹਨ ਅਤੇ ਮਨੋਵਿਗਿਆਨ ਇਹਨਾ ਦੇ ਦੁਆਰਾ ਹੀ ਕਿਸੇ ਮਨੁੱਖ ਦੀ ਮਾਨਸਿਕ ਹਾਲਤ  ਜਾਂ ਵਿਵਹਾਰ  ਦਾ ਪਤਾ ਲਗਾ ਸਕਦਾ ਹੈ। ਵਿਵਹਾਰ ਨਾਲ ਸੰਬੰਧਿਤ ਤੱਤ ਜਿਵੇਂ ਹੈਰਾਨਗੀ, ਡਰ , ਭੈਅ, ਗੁੱਸਾ, ਘ੍ਰਿਣਾ, ਦੁੱਖ, ਖੁਸ਼ੀ, ਸ਼ਰਮਾਉਣਾ ਆਦਿ  ਸਾਡੇ ਮੁਹਾਵਰਿਆਂ ਵਿਚ ਆਮ ਦੇਖਣ ਨੂੰ ਮਿਲ ਜਾਂਦੇ ਹਨ। ਪਰ ਕਈ ਵਾਰ ਮਨੋਵਿਗਿਆਨਕ ਅੰਸ਼ ਮੁਹਾਵਰੇ ਵਿਚ ਹੀ ਦੇਖੇ ਜਾ ਸਕਦੇ ਹਨ ਜਿਵੇਂ ਰੰਗ ਦਾ ਪੀਲਾ ਪੈ ਜਾਣਾ ਮਨੋਵਿਗਿਆਨਕ ਤੌਰ ਤੇ ਜਦ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ, ਦੁੱਖ, ਆਦਿ ਦਾ ਸਾਹਮਣਾ ਕਰ ਰਿਹਾ ਹੁੰਦਾ ਹੈ ਤਾਂ ਉਸਦਾ ਰੰਗ ਪੀਲਾ ਪੈ ਜਾਂਦਾ ਹੈ ਅਤੇ ਕਈ ਵਾਰ ਸਾਨੂੰ ਭਾਵ ਅਰਥ ਕਰਨ ਤੋਂ ਬਾਅਦ ਮਨੋਵਿਗਿਆਨਕ ਅੰਸ਼ ਮਿਲਦੇ ਹਨ ਜਿਵੇਂ ਗਰਮ ਹੋਣਾ ਜੇਕਰ ਸ਼ਾਬਦਿਕ ਅਰਥ ਦੇਖਿਆ ਜਾਵੇ ਤਾਂ ਕਿਸੇ ਚੀਜ ਦਾ ਗਰਮ ਹੋਣਾ ਭਾਵ ਪਾਣੀ ਗਰਮ ਹੋਣਾ,ਦੁੱਧ ਗਰਮ ਹੋਣਾ ਪਰ ਮੁਹਾਵਰਿਆ ਵਿੱਚ ਇਸ ਨੂੰ ਹੋਰ ਅਰਥਾਂ ਵਿੱਚ ਲਿਆ ਜਾਂਦਾ ਹੈ, ਗਰਮ ਹੋਣ ਦਾ ਅਰਥ ਹੈ ਗੁੱਸੇ ਵਿਚ ਆਉਣਾ। ਹੁਣ ਅਸੀਂ ਪੰਜਾਬੀ ਦੇ ਕੁਝ ਮੁਹਾਵਰਿਆਂ ਨੂੰ ਮਨੋਵਿਗਿਆਨ ਨਾਲ ਜੋੜ ਕੇ ਵੇਖਦੇ ਹਾਂ।
ਸਭ ਤੋਂ ਪਹਿਲਾ ਅਸੀ ਹੈਰਾਨੀ ਦੇ ਭਾਵ ਦੀ ਗੱਲ ਕਰਦੇ ਹਾਂ ਜਦੋ ਮਨੁੱਖ ਹੈਰਾਨ ਹੁੰਦਾ ਹੈ ਤਾਂ ਉਸਦੀ ਹੈਰਾਨਗੀ ਦੇ ਭਾਵ ਉਸਦੀਆਂ ਸਰੀਰ ਅਤੇ ਸਰੀਰਕ ਅੰਗਾਂ ਦੀਆਂ ਹਰਕਤਾਂ ਤੋਂ ਵੇਖੇ ਜਾ ਸਕਦੇ ਹਨ ਜਿਵੇਂ ਰੌਂਗਟੇ ਖੜੇ ਹੋ ਜਾਣਾ ਜਾਂ ਲੂੰ ਕੰਡੇ ਖੜੇ ਹੋਣੇ, ਉਂਗਲ ਮੂੰਹ ਵਿਚ ਪਾਉਣਾ, ਉਂਗਲਾ ਟੁਕਣਾ, ਦੰਦਾਂ ‘ਚ ਉਂਗਲੀ ਦੇਣਾ, ਬਿੱਟ-ਬਿੱਟ ਦੇਖਣਾ ਆਦਿ।
ਜੇਕਰ ਡਰ ਦੀ ਗੱਲ ਕਰੀਏ ਡਰ ਵੀ ਮਨੁੱਖ ਦਾ ਗੁਝਲਦਾਰ ਕਿਸਮ ਦਾ ਵਿਵਹਾਰ ਹੈ।ਗੁਝਲਦਾਰ ਤੋਂ ਭਾਵ ਮਨੁੱਖ ਦਾ ਡਰ ਵਿਅਕਤੀਗਤ ਤੌਰ ਤੇ ਵੱਖ-ਵੱਖ ਹੁੰਦਾ ਹੈ। ਕਈ ਵਿਅਕਤੀ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਦਲੇਰੀ ਨਾਲ ਕਰਦੇ ਹਨ ਕਈ ਮਨੁੱਖ ਬੇਬੁਨਿਆਦੀ ਡਰ ਲਈ ਬੈਠੇ ਹਨ।  ਛੋਟਾ ਬੱਚਾ ਹੋਵੇ, ਜਵਾਨ ਹੋਵੇ ਜਾਂ ਬਜੁਰਗ ਹਰ ਇੱਕ ਦਾ ਡਰਨਾ ਸੁਭਾਵਿਕ ਹੈ । ਡਰ ਨਾਲ ਮਨੁੱਖ ਕੰਬ ਜਾਂਦਾ ਹੈ, ਚਿਹਰੇ ਦਾ ਰੰਗ ਬਦਲ ਜਾਂਦਾ ਹੈ, ਸਾਹ ਅਤੇ ਦਿਲ ਦੀ ਧੜਕਣ ਤੇਜ ਹੋ ਜਾਦੀ ਹੈ । ਡਰ -ਭੈਅ ਜਾਂ ਸਹਿਮ ਦੇ ਭਾਵ ਨੂੰ ਪ੍ਰਗਟ ਕਰਦੇ ਅਜਿਹੇ ਹੀ ਕੁਝ ਮੁਹਾਵਰੇ ਹਨ ਜਿਵੇਂ ਥਰ-ਥਰ ਕੰਬਣਾ, ਰੰਗ ਪੀਲਾ ਹੋਣਾ ਜਾਂ ਰੰਗ ਬੱਗਾ ਪੈ ਜਾਣਾ ਜਾਂ ਮੂੰਹ ਸਾਵਾ ਪੀਲਾ ਹੋਣਾ, ਅੱਖਾ ਅੱਗੇ ਹਨੇਰਾ ਆਉਣਾ, ਸਾਹ ਸੁੱਕ ਜਾਣਾ, ਹਵਾਸ ਗੁੰਮ ਜਾਣਾ, ਹੋਸ਼ ਉੱਡਣਾ, ਕਲੇਜਾ ਕੰਬ ਜਾਣਾ, ਰੋਂਗਟੇ ਖੜੇ ਹੋਣੇ,ਰੰਗ ਉੱਡ ਜਾਣਾ, ਉਤਰਸ਼ਾਹੀ ਲੱਗਣਾ, ਹੱਥਾਂ ਦੇ ਤੋਤੇ ਉੱਡਣਾ, ਹੱਥਾਂ ਪੈਰਾਂ ਦੀ ਪੈਣੀ, ਹੱਥਾਂ ਪੈਰਾਂ ਨੂੰ ਕੜੈਲ ਚੜਨੇ ।
ਅਗਲਾ ਵਿਵਹਾਰ ਗੁੱਸਾ ਹੈ ਗੁੱਸੇ ਨਾਲ ਸੰਬੰਧਿਤ ਭਾਵ ਅੱਖਾਂ, ਚਿਹਰੇ ਦੇ ਰੰਗ, ਬੋਲ ਚਾਲ, ਸਰੀਰਕ ਹਰਕਤਾਂ ਆਦਿ ਤੋਂ ਵੇਖੇ ਜਾ ਸਕਦੇ ਹਨ ਅਜਿਹੇ ਹੀ ਕੁਝ ਮੁਹਾਵਰੇ  ਜਿਵੇਂ ਲਾਲ ਪੀਲਾ ਹੋਣ, ਕ੍ਰੋਧ ਨਾਲ ਲਾਲ ਹੋਣਾ, ਗੁੱਸੇ ਨਾਲ ਦੰਦ ਪੀਹਣਾ, ਚਿਹਰਾ ਲਾਲ ਹੋਣਾ, ਤਿਉੜੀ ਪਾਉਣਾ ਜਾਂ ਮੱਥੇ ਤੇ ਵੱਟ ਪਾਉਣਾ, ਅੱਖਾਂ ਪਾੜ-ਪਾੜ ਤੱਕਣਾ ਜਾਂ ਅੱਖਾਂ ਵਿਖਾਉਣੀਆਂ,ਮੂੰਹ ਮਰੋੜਨਾ, ਅੱਖਾ ਕੱਢਣਾ, ਦੰਦ ਪੀਹਣਾ, ਤਿਉੜੀ ਪਾਉਣਾ,ਦੰਦੀਆ ਪੀਹਣਾ ਜਾਂ ਦੰਦ ਕਰੀਚਣਾ, ਲੋਹਾ ਲਾਖਾ ਹੋਣਾ, ਵੱਟ ਖਾਣਾ, ਗਰਮ ਹੋਣਾ, ਖੂੰਨ ਖੌਲਣਾ, ਕਲੇਜੇ ਭਾਬੜ ਬਲਣਾ, ਗੁੱਸੇ ਦੀਆ ਲਾਟਾ ਨਿਕਲਣਾ, ਗੁੱਸੇ ਵਿਚ ਉਬਲਣਾ ਆਦਿ ਦੇਖ ਸਕਦੇ ਹਾਂ ।
ਦੁੱਖ ਇਕ ਅਜਿਹਾ ਭਾਵ ਜਾਂ ਮਾਨਸਿਕ ਅਵਸਥਾ ਹੈ ਜਿਸ ਵਿਚ ਮਨੁੱਖ ਦੀ ਹਾਲਤ ਤਰਸਯੋਗ ਹੋ ਜਾਦੀ ਹੈ। ਉਹ ਘੜੀ-ਮੁੜੀ ਅੱਖਾ  ਭਰ ਲੈਂਦਾ ਹੈ , ਘੱਟ ਬੋਲਦਾ, ਅਜਿਹੀ ਹਾਲਤ ਦੀ ਪੈਰਵੀ ਕਰਦੇ ਕੁਝ ਮੁਹਾਵਰੇ ਇਸ ਤਰਾਂ ਹਨ ਅੱਖਾਂ ਭਰ ਆਉਣਾ, ਹਿੱਕ ‘ਤੇ ਹੱਥ ਰੱਖਣਾ,ਹੰਝੂਆ ਦੇ ਹਾਰ ਪਰੋਣਾ, ਅੱਖਾ ਵਹਿ ਪੈਣਾ, ਥਰ-ਥਰ ਕੰਬਣਾ।
ਸ਼ਰਮਾਉਣਾ ਇਕ ਵਿਵਹਾਰ ਹੈ ਇਸ ਵਿਚ ਵੀ ਵਿਅਕਤੀਗਤ ਅੰਸ਼ ਪਾਇਆ ਜਾਦਾ ਹੈ ਉਝ ਇਹ ਆਮ ਕਿਹਾ ਜਾਦਾ ਹੈ ਕਿ ਸ਼ਰਮ ਔੋਰਤ ਦਾ ਗਹਿਣਾ ਹੈ। ਪਰ ਕਈ ਮਰਦ ਵੀ ਹੁੰਦੇ ਹਨ ਜੋ ਔਰਤਾਂ ਵਾਘ ਸ਼ਰਮਾਉਦੇ ਹਨ। ਸ਼ਰਮ ਮਹਿਸੂਸ ਕਰਨ ਵਾਲਾ  ਘੱਟ ਬੋਲਦਾ ਹੈ, ਨੀਵੀਂ ਪਾ ਲੈਂਦਾ ਹੈ, ਚਿਹਰੇ ਦੇ ਹਾਵ- ਭਾਵ ਬਦਲ ਜਾਂਦੇ ਹਨ, ਅਵਾਜ਼ ਕੰਬਣ ਲੱਗ ਜਾਂਦੀ ਹੈ ਅਜਿਹੇ ਹੀ ਕੁਝ ਮੁਹਾਵਰੇ ਇਸ ਤਰਾ ਹਨ  ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ,ਅੱਖ ਨੀਵੀ ਹੋਣਾ, ਅੱਖ ਉੱਚੀ ਨਾ ਕਰ ਸਕਣੀ, ਰੰਗ ਪੀਲਾ ਪੈ ਜਾਣਾ, ਅੱਖਾਂ ਚੁਰਾਉਣੀਆਂ, ਹੌਲਿਆਂ ਪੈਣਾ, ਕੱਚਾ ਪੈਣਾ ਜਾਂ ਫਿੱਕੇ ਪੈਣਾ, ਚਿਹਰੇ ਤੇ ਹਵਾਈਆ ਉਡਣਾ।
ਖੁਸ਼ ਹੋਣਾ ਅਤੇ ਹੱਸਣਾ ਵੀ ਵਿਵਹਾਰਰਿਕ ਕਿਰਿਆਵਾਂ ਹਨ, ਇਸ ਦਾ ਅੰਦਾਜਾ ਅਸੀਂ ਉਸ ਬੱਚੇ ਤੋਂ ਲਾ ਸਕਦੇ ਹਾਂ ਜਿਸ ਨੂੰ ਮਨਚਾਹਿਆ ਖਿਡੋਣਾ ਮਿਲ ਜਾਦਾ ਹੈ ਤਾਂ ਖੁਸ਼ੀ ਵਿੱਚ ਲੁੱਡੀਆਂ ਪਾ ਕੇ ਜਾਂ ਉੱਚੀ- ਉੱਚੀ ਹੱਸਕੇ ਖੁਸ਼ੀ ਨੂੰ ਪ੍ਰਗਟ ਕਰਦਾ  ਹੈ। ਖੁਸ਼ੀ ਅਤੇ ਹਾਸੇ ਨੂੰ ਪ੍ਰਗਟ ਕਰਦੇ ਕੁਝ ਮੁਹਾਵਰੇ ਇਸ ਤਰਾ ਹਨ ਅੱਖਾ ਚਮਕ ਉੱਠਣਾ ਜਾਂ ਚਿਹਰਾ ਖਿੜਨਾ, ਬਾਚੀਆਂ ਖਿੜ ਜਾਣੀਆਂ ਜਾਂ ਵਾਛਾਂ ਖਿੜਨੀਆਂ, ਦੰਦ ਵਿਖਾਉਣੇ, ਦੰਦ ਕੱਢਣੇ ਜਾਂ ਦੰਦੀਆਂ ਕੱਢਣੀਆਂ, ਪੈਰ ਜਮੀਨ ਤੇ ਨਾ ਲੱਗਣਾ, ਕੱਛਾਂ ਵਜਾਉਣੀਆਂ, ਚੰਨ ਚੜ ਜਾਣਾ,ਫੁੱਲੇ ਨਾ ਸਮਾਉਣਾ। ਸੋਚਣਾ ਇਕ ਮਹੱਤਵਪੂਰਨ ਮਾਨਸਿਕ ਅਵਸਥਾ ਹੈ ਮਨੋਵਿਗਿਆਨੀਆ ਜਿਵੇਂ ਫਰਾਇਡ ਅਨੁਸਾਰ ਮਨ ਦੀਆ ਦੋ ਪਰਤਾਂ ਹਨ ਸੁਚੇਤ ਅਤੇ ਅਵਚੇਤਨ ਮਨ ਮਨੁੱਖ ਸੁਚੇਤ ਰੂਪ ਵਿਚ ਤਾ ਸੋਚਦਾ ਹੈ ਜਿਵੇਂ ਆਪਣੇ ਭਵਿੱਖ ਬਾਰੇ ,ਕਿਸੇ ਸੱਜਣ-ਮਿਤਰ ਬਾਰੇ, ਕੰਮ-ਕਾਰ ਬਾਰੇ ਪਰ ਉਸਦਾ ਅਵਚੇਤਨ ਮਨ ਵੀ ਸੋਚਦਾ ਰਹਿੰਦਾ ਹੈ ਜਿਵੇਂ ਜਦੋਂ ਉਹ ਸੌਂਦਾ ਹੈ, ਸੋਚਣ ਦਾ ਰੂਪ ਸੁਪਨੇ ਲੈ ਲੈਦੇ ਹਨ। ਅਜਿਹੇ ਹੀ ਕੁਝ ਮੁਹਾਵਰੇ ਇਸ ਤਰਾ ਹਨ ਸੁਪਨੇ ਲੈਣਾ, ਸੋਚਾਂ ਵਿਚ ਡੁੱਬਣਾ,ਖਿਆਲ ਵਿਚ ਗੁੰਮ ਜਾਣਾ, ਖਿਆਲੀ ਪੁਲਾਉ ਪਕਾਉਣਾ।
ਕਿਸੇ ਖਬਰ ਕਿਸੇ ਘਟਨਾ ਬਾਰੇ ਦੇਖ ਜਾਂ ਸੁਣ ਕੇ ਮਨੁੱਖ ਕਈ ਤਰਾਂ ਦੁੱਖ ਨਾਲ ਸੰਬੰਧਿਤ ਭਾਵ ਪ੍ਰਗਟ ਕਰਦਾ ਹੈ ਜਿਵੇਂ ਹਵਾਸ ਗੁੰਮ ਕਰਨਾ, ਹੋਸ਼ ਉਡਣਾ, ਹੋਸ਼ ਮਾਰੀ ਜਾਣਾ, ਪਸੀਨਾ ਪਸੀਨਾ ਹੋਣਾ ਜਾਂ ਪਾਣੀ- ਪਾਣੀ ਹੋਣਾ, ਤ੍ਰੇਲੀ ਛੁਟਣਾ ਜਾਂ ਤਰੇਲੀਆਂ ਛੁਟ ਪੈਣਾ, ਰੰਗ ਉਡ ਜਾਣਾ, ਰੰਗ ਪੀਲਾ ਪੈ ਜਾਣਾ, ਰੰਗ ਬੱਗਾ ਪੈ ਜਾਣਾ।
ਉਦਾਸੀ ਵੀ ਮਨੁੱਖ ਦਾ ਵਿਵਹਾਰ ਹੈ ਉਦਾਸ ਮਨੁੱਖ ਕੱਲਾ ਕੱਲਾ ਰਹਿੰਦਾ ਹੈ ਜਾਂ ਫਿਰ ਕਿਸੇ ਦੇ ਸਾਹਮਣੇ ਬਹੁਤ ਘੱਟ ਬੋਲੇਗਾ ਜਾਂ ਬਿਲਕੁਲ ਵੀ ਨਹੀ ਬੋਲੇਗਾ ਇਸ ਨਾਲ ਸਬੰਧਿਤ ਮੁਹਾਵਰੇ ਹਨ। ਘੁਟਿਆ ਘੁਟਿਆ ਰਹਿਣਾ, ਚੁੱਪ-ਚੁੱਪ ਰਹਿਣਾ।
ਰੋਣਾ ਜਦੋਂ ਭਾਵਨਾਵਾ ਨੂੰ ਸਾਂਭਣਾ  ਔਖਾ ਹੋ ਜਾਦਾ ਹੈ ਤਾਂ ਮਨੁੱਖ ਰੋਣਾ ਸ਼ੁਰੂ ਕਰ ਦਿੰਦਾ ਹੈ ਇਸ ਨਾਲ ਸੰਬੰਧਿਤ ਕੁਝ ਮੁਹਾਵਰੇ ਹਨ ਅੱਖਾ ਭਰ ਆਉਣਾ, ਅੱਖਾ ਵਹਿ ਪੈਣਾ,ਜੀਅ ਭਰ ਆਉਣਾ ਜਾਂ ਗਲਾ ਭਰ ਆਉਣਾ।
ਮਨੁੱਖ ਘ੍ਰਿਣਾ ਜਾਂ ਨਫਰਤ ਨੂੰ ਕਈ ਤਰੀਕਿਆਂ ਨਾਲ ਵਿਅਕਤ ਕਰਦਾ ਹੈ ਉਸਦੇ ਭਾਵ ਸਰੀਰਕ ਅੰਗਾਂ ਜਿਵੇਂ ਨੱਕ, ਮੂੰਹ ਆਦਿ ਦੀਆਂ ਹਰਕਤਾਂ ਤੋਂ ਵੇਖੇ ਜਾ ਸਕਦੇ ਹਨ। ਅਜਿਹੇ   ਵਿਵਹਾਰ ਨਾਲ ਸੰਬੰਧਿਤ ਕੁਝ ਮੁਹਾਵਰੇ ਇਸ ਤਰਾਂ ਹਨ ਜਿਵੇਂ ਨਾਸਾ ਚਾੜਨੀਆ ਜਾਂ ਨੱਕ ਚੜਾਉਣਾ, ਨੱਕ ਮੂੰਹ ਵੱਟਣਾ, ਨੱਕ ਚਾੜਨਾ, ਫੁੱਟੀ ਅੱਖ ਨਾ ਭਾਉਣਾ।
ਪਿਆਰ ਨਾਲ ਸ਼੍ਰਿਸ਼ਟੀ ਰਚੀ ਗਈ ਅਤੇ ਚੱਲ ਰਹੀ ਪਿਆਰ ਦੇ ਭਾਵ ਨਾਲ ਸੰਬੰਧਿਤ ਮੁਹਾਵਰੇ ਹਨ ਅੱਖਾਂ ਲੱਗਣੀਆਂ, ਅੱਖ ਲੜਨੀ, ਅੱਖਾਂ ਚਾਰ ਹੋਣੀਆਂ, ਦਿਲ ਭਿੱਜਣਾ।
ਮਨੋਵਿਗਿਆਨੀਆਂ ਦੇ ਅਨੁਸਾਰ ਵਿਵਹਾਰ ਦਾ ਖੇਤਰ ਬਹੁਤ ਵਿਸ਼ਾਲ ਹੈ ਸਾਰੇ ਤਰ੍ਹਾਂ ਦੇ ਵਿਵਹਾਰ ਦਾ ਇੱਕ ਲੇਖ ਵਿੱਚ ਸਮਾਉਣਾ ਅਸੰਭਵ ਹੈ ਸੋ ਕੁਝ ਖਾਸ ਵਿਵਹਾਰਾਂ ਦਾ ਵਰਣਨ ਕੀਤਾ ਗਿਆ ਹੈ। ਉਪਰੋਕਤ ਤੱਥ ਇਹ ਅਧਾਰ ਬਣਦੇ ਹਨ ਕਿ ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼ ਹੈ। ਮੁਹਾਵਰੇ ਅਨੁਭਵਾਂ ਦਾ ਨਿਚੋੜ ਹਨ ਅਤੇ ਲੋਕ ਗੀਤਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਭਾਵ ਇਹਨਾਂ ਨੂੰ ਘੜਨ ਵਾਲਾ ਕੋਈ ਇੱਕ ਵਿਅਕਤੀ ਨਹੀਂ ਪਰ ਜਿਸ- ਜਿਸ ਨੇ  ਵੀ ਮੁਹਾਵਰੇ ਘੜਨ ਵਿੱਚ ਯੋਗਦਾਨ ਪਾਇਆ ਉਹ ਮਨੋਵਿਗਿਆਨੀ ਤਾਂ ਨਹੀ ਪਰ ਸਹਿਜ -ਸੁਭਾ ਹੀ ਮਨੋਵਿਗਿਆਨ ਨੂੰ ਸਮਝਣ ਵਾਲਾ ਗੂੜ ਗਿਆਨੀ ਜ਼ਰੂਰ ਸੀ। ਕਿਉਂਕਿ ਮਨੁੱਖੀ ਵਿਵਹਾਰ ਤੋਂ ਉਸਦੀ ਮਾਨਸਿਕ ਹਾਲਤ ਦਾ ਪਤਾ ਲਗਾਉਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …