-1.9 C
Toronto
Thursday, December 4, 2025
spot_img
Homeਨਜ਼ਰੀਆਇਕ ਵਿਸ਼ੇਸ਼ ਮੁਲਾਕਾਤ

ਇਕ ਵਿਸ਼ੇਸ਼ ਮੁਲਾਕਾਤ

(ਚੌਥੀ ਅਤੇ ਆਖਰੀ ਕਿਸ਼ਤ)
ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ
ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
? ਤੁਹਾਡੀਆਂ ਕਿਤਾਬਾਂ ਵੱਖ-ਵੱਖ ਜ਼ੁਬਾਨਾਂ ਵਿੱਚ ਅਨੁਵਾਦ ਵੀ ਹੋਈਆਂ ਹਨ? ਜ਼ਰਾ ਤਫ਼ਸੀਲ ਦਿਉ ।
– ਮੇਰੀਆਂ ਬਹੁਤ ਸਾਰੀਆਂ ਰਚਨਾਵਾਂ ਦਾ ਅਨੁਵਾਦ ਹੋਰ ਭਾਸ਼ਾਵਾਂ ਦੇ ਮਾਹਿਰਾਂ ਦੁਆਰਾ ਹਿੰਦੀ, ਸ਼ਾਹਮੁਖੀ ਤੇ ਮਰਾਠੀ ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਸ਼ਾਹਮੁੱਖੀ ਲਿੱਪੀ ਵਾਲੀ ਪੰਜਾਬੀ ਵਿਚ ਮੇਰੀ ਕਿਤਾਬ ‘ਸਤਰੰਗੀ ਪੀਂਘ ਤੇ ਹੋਰ ਨਾਟਕ’ ਸੰਨ 2019 ਵਿਚ ਛਪ ਚੁੱਕੀ ਹੈ। ਇਸੇ ਲਿੱਪੀ ਵਿਚ ਮੇਰੀ ਬਾਲਾਂ ਲਈ ਵਿਗਿਆਨ ਗਲਪ ਕਹਾਣੀਆਂ ਦੀ ਕਿਤਾਬ ‘ਨਵੀਆਂ ਧਰਤੀਆਂ, ਨਵੇਂ ਆਕਾਸ਼’ ਸੰਨ 2023 ਵਿਚ ਛਪ ਜਾਣ ਦੀ ਆਸ ਹੈ।
?.ਕੈਨੇਡਾ ਆ ਕੇ ਤੁਸੀਂ ਨਿਰੰਤਰ ਲਿਖ ਰਹੇ ਹੋ। ਜ਼ਰਾ ਤਫ਼ਸੀਲ ਨਾਲ ਆਪਣੀਆਂ ਰਚਨਾਤਮਿਕ ਸਰਗਰਮੀਆਂ ‘ਤੇ ਝਾਤ ਪਾਓ।
-ਸੰਨ 2008 ਵਿਚ ਮੈਂ ਕੈਨੇਡਾ ਆਇਆ ਸਾਂ। ਤਦ ਤੋਂ ਹੀ ਵਿਗਿਆਨ, ਧਰਮ ਤੇ ਵਾਤਾਵਰਣ ਸਬੰਧਤ ਮੇਰੇ ਅਨੇਕ, ਲੇਖ, ਕਹਾਣੀਆਂ, ਨਾਟਕ ਤੇ ਕਵਿਤਾਵਾਂ ਕੈਨੇਡਾ, ਅਮਰੀਕਾ, ਮਲੇਸ਼ੀਆ, ਭਾਰਤ ਤੇ ਪਾਕਿਸਤਾਨ ਦੇ ਵਿਭਿੰਨ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਛਪਦੇ ਰਹੇ ਹਨ ਤੇ ਹੁਣ ਵੀ ਛਪ ਰਹੇ ਹਨ। ਇਨ੍ਹਾਂ ਵਿਚੋਂ ਕੈਨੇਡਾ ਦੀਆਂ ਪੰਜਾਬੀ ਡੇਲੀ ਵੀਕਲੀ, ਪਰਵਾਸੀ ਵੀਕਲੀ, ਖ਼ਬਰਨਾਮਾ ਵੀਕਲੀ, ਅਖ਼ਬਾਰਾਂ, ਅਮਰੀਕਾ ਦੀਆਂ ਪੰਜਾਬੀ ਮੇਲ ਵੀਕਲੀ, ਪੰਜਾਬ ਟਾਇਮਜ਼ ਵੀਕਲੀ, ‘ਦਾ ਇੰਡੀਅਨ ਪੈਨੋਰਮਾ’ ਵੀਕਲੀ, ਮਲੇਸ਼ੀਆ ਦੀ ਏਸ਼ੀਆ ਸਮਾਚਾਰ ਅਖ਼ਬਾਰ ਤੇ ਭਾਰਤ ਦੀਆਂ ਅਜੀਤ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਨਵਾਂ ਜ਼ਮਾਨਾ ਤੇ ਸਪੋਕਸਮੈਨ ਅਖ਼ਬਾਰਾਂ ਪ੍ਰਮੁੱਖ ਹਨ। ਇਸੇ ਤਰ੍ਹਾਂ ਕੈਨੇਡਾ ਦੇ ਪ੍ਰਮੁੱਖ ਪੰਜਾਬੀ ਰਸਾਲੇ ਸੰਵਾਦ, ਟੋਰਾਂਟੋ ਅਤੇ ਸਾਂਝੀ ਵਿਰਾਸਤ ਕੈਲਗਰੀ, ਅਮਰੀਕਾ ਦੇ ‘ਉਡਾਣ’ ਅਤੇ ‘ਦਾ ਸਿੱਖ ਬੁਲੇਟਿਨ’ ਰਸਾਲੇ ਵਿਚ, ਭਾਰਤ ਦੇ ਅਕਸ਼, ਪੰਖੜੀਆਂ, ਪ੍ਰਾਇਮਰੀ ਸਿੱਖਿਆ, ਨਿੱਕੀਆਂ ਕਰੂੰਬਲਾਂ ਤੇ ‘ਦਾ ਸਿੱਖ ਰਿਵਿਊ’ ਰਸਾਲਿਆਂ ਵਿਚ ਅਤੇ ਪਾਕਿਸਤਾਨ ਦੇ ਬਾਲ ਰਸਾਲੇ ਪੰਖੇਰੂ ਵਿਚ ਮੇਰੀਆਂ ਰਚਨਾਵਾਂ ਅਕਸਰ ਛਪਦੀਆਂ ਰਹੀਆਂ ਹਨ ਤੇ ਛਪ ਰਹੀਆਂ ਹਨ। ਇਸ ਤੋਂ ਇਲਾਵਾ ਮੇਰੇ ਅਨੇਕ ਲੇਖ ਪਿਛਲੇ ਸਾਲਾਂ ਦੌਰਾਨ ਅਮਰੀਕਾ ਦੇ ‘ਸਿੱਖਨੈੱਟ ਡੌਟ ਕਾਮ’ ਪੋਰਟਲ, ਮਲੇਸ਼ੀਆ ਦੇ ‘ਏਸ਼ੀਆ ਸਮਾਚਾਰ’ ਪੋਰਟਲ ਅਤੇ ਭਾਰਤ ਦੇ ‘ਸਿੱਖ ਫਿਲਾਸਫੀ ਨੈੱਟਵਰਕ’ ਉੱਤੇ ਵੀ ਛਪ ਚੁੱਕੇ ਹਨ।
ਪਿਛਲੇ ਸਾਲਾਂ ਦੌਰਾਨ ਮੈਂ ਰੇਡੀਓ ਤੇ ਟੈਲੀਵਿਯਨ ਮਾਧਿਅਮਾਂ ਰਾਹੀਂ ਵੀ ਵਿਗਿਆਨ, ਧਰਮ ਤੇ ਵਾਤਾਵਰਣੀ ਸੁਨੇਹਿਆਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ। ਕੈਨੇਡਾ ਵਿਖੇ ਅੱਜ ਦੀ ਆਵਾਜ਼ ਰੇਡੀਓ, ਮਿਸੀਸਾਗਾ, ਦੇਸ਼ ਪੰਜਾਬ ਰੇਡੀਓ, ਐਡਮਿੰਨਟਨ ਤੇ ਪੰਜਾਬੀ ਦੁਨੀਆ ਰੇਡੀਓ, ਬ੍ਰੈਂਪਟਨ ਨੇ ਅਤੇ ਝਾਂਜਰ ਟੀਵੀ, ਸਾਂਝਾ ਪੰਜਾਬ ਟੀਵੀ, ਵਿਜ਼ਨ ਟੀਵੀ, ਡੇਟਲਾਈਨ ਟੀਵੀ, ਗਲੋਬਲ ਟੀਵੀ ਤੇ 5ਆਬ ਟੀਵੀ ਨੇ ਮੇਰੇ ਅਨੇਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਹਨ। ਮੇਰੇ ਲਗਭਗ 75 ਅਜਿਹੇ ਪ੍ਰੋਗ੍ਰਾਮ ਯੂਟਿਊਬ ਅਪਲੋਡ ਰਾਹੀ ਇੰਟਰਨੈੱਟ ਉੱਤੇ ਆਮ ਉਪਲਬਧ ਹਨ।
?. ਵਿਗਿਆਨ ਗਲਪ ਕਹਾਣੀਆਂ ਜੋ ਕਾਲਪਨਿਕ ਪੁੱਠ ਚੜ੍ਹੀਆਂ ਵਿਗਿਆਨਿਕ ਕਥਾਵਾਂ ਹੀ ਹੁੰਦੀਆਂ ਹਨ।
-ਵਿਗਿਆਨ ਗਲਪ ਰਚਨਾਵਾਂ ਖਾਸ ਕਰ ਵਿਗਿਆਨ ਕਥਾ ਸਾਹਿਤ ਤੇ ਨਾਟਕ ਆਦਿ ਵਿਗਿਆਨ ਤੇ ਟੈਕਨਾਲੋਜੀ ਦੇ ਮੌਜੂਦਾ ਤੇ ਸੰਭਾਵੀ ਵਿਕਾਸ ਅਧਾਰਿਤ ਭਵਿੱਖਮਈ ਸਮਾਜ ਤੇ ਸੰਬੰਧਤ ਵਰਤਾਰਿਆਂ ਦਾ ਵਰਨਣ ਕਰਦੀਆਂ ਹਨ। ਇਹ ਰਚਨਾਵਾਂ ਨਵੀਆਂ ਖੋਜਾਂ ਦਾ ਅਧਾਰ ਬਨਣ ਦੀ ਸਮਰਥਾ ਰੱਖਦੀਆਂ ਹਨ। ਅਨੇਕ ਖੋਜਾਂ ਖਾਸ ਕਰ ਪਣਡੁੱਬੀਆਂ, ਰੋਬੋਟ, ਲੇਜ਼ਰ, ਸੈੱਲਫੋਨ, ਤੇ ਪਰਮਾਣੂ -ਸ਼ਕਤੀ ਆਦਿ ਦਾ ਜ਼ਿਕਰ ਉਨ੍ਹਾਂ ਦੀ ਖੋਜ ਹੋਣ ਤੋਂ ਬਹੁਤ ਪਹਿਲਾਂ ਹੀ ਵਿਗਿਆਨ ਗਲਪ ਰਚਨਾਵਾਂ ਵਿਚ ਆ ਚੁੱਕਾ ਸੀ।
?. ਪੰਜਾਬੀ ਵਿੱਚ ਇਨ੍ਹਾਂ ਦੇ ਲਿਖਣ ਵਾਲੇ ਅਤੇ ਪਾਠਕਾਂ ਦੀ ਸਥਿਤੀ ਸਮਝਾਉ।
-ਪੰਜਾਬੀ ਵਿਚ ਵਿਗਿਆਨ ਗਲਪ ਰਚਨਾਵਾਂ ਦੇ ਲੇਖਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜਿਨ੍ਹਾਂ ਵਿਚ ਅਮਨਦੀਪ ਸਿੰਘ ਅਮਰੀਕਾ, ਡਾ. ਡੀ. ਪੀ ਸਿੰਘ ਕੈਨੇਡਾ, ਰੂਪਿੰਦਰ ਢਿੱਲੋਂ ਇੰਗਲੈਂਡ, ਅਮਰਜੀਤ ਸਿੰਘ ਕੈਨੇਡਾ, ਡਾ. ਅਮਰਜੀਤ ਪੰਨੂ ਅਮਰੀਕਾ, ਡਾ. ਸੁਰੇਸ਼ ਰਤਨ ਡੈੱਨਮਾਰਕ, ਡਾ. ਹਰਜੀਤ ਸਿੰਘ, ਜਸਬੀਰ ਸਿੰਘ ਭੁੱਲਰ, ਜਸਬੀਰ ਸਿੰਘ ਦੀਦਾਰਗੜ੍ਹ ਤੇ ਜਸਬੀਰ ਰਾਣਾ ਭਾਰਤ ਆਦਿ ਪ੍ਰਮੁੱਖ ਹਨ। ਉਨ੍ਹਾਂ ਦੀਆਂ ਰਚਨਾਵਾਂ ਸਮੇਂ ਸਮੇਂ ਅਖ਼ਬਾਰਾਂ, ਮੈਗਜੀਨਾਂ ਤੇ ਕਿਤਾਬਾਂ ਦੇ ਰੂਪ ਵਿਚ ਪਾਠਕਾਂ ਤੱਕ ਪਹੁੰਚਦੀਆਂ ਰਹਿੰਦਿਆਂ ਹਨ। ਕਿਉਂਕਿ ਇਸ ਖੇਤਰ ਵਿਚ ਲੇਖਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਇਸ ਕਾਰਨ ਵਿਗਿਆਨ ਗਲਪ ਦਾ ਪਾਠਕ ਵਰਗ ਵੀ ਸੌੜਾ ਹੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਪਾਠਕਾਂ ਵਿਚ ਵਿਗਿਆਨ ਗਲਪ ਰਚਨਾਵਾਂ ਪੜ੍ਹਣ ਤੇ ਜਾਨਣ ਬਾਰੇ ਕਾਫ਼ੀ ਉਤਸ਼ਾਹ ਹੈ।
?. ਇਹ ਹਰਮਨ ਪਿਆਰੀਆਂ ਬਨਾਉਣ ਲਈ ਕੀ-ਕੀ ਯਤਨ ਹੋਣੇ ਚਾਹੀਦੇ ਹਨ।
– ਵਿਗਿਆਨ ਗਲਪ ਰਚਨਾਵਾਂ ਨੂੰ ਹਰਮਨ ਪਿਆਰਾ ਬਨਾਉਣ ਲਈ ਸੱਭ ਤੋਂ ਪਹਿਲਾਂ ਤਾਂ ਵਿਗਿਆਨ, ਪੰਜਾਬੀ ਭਾਸ਼ਾ ਤੇ ਸਾਹਿਤ ਦੇ ਮਾਹਿਰ ਵਿਦਵਾਨਾਂ ਨੂੰ ਇਸ ਖੇਤਰ ਵਿਚ ਵਧੇਰੇ ਯੋਗਦਾਨ ਪਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਲੋੜ ਹੈ। ਪੰਜਾਬੀ ਅਖ਼ਬਾਰਾਂ ਤੇ ਸਾਹਿਤਕ ਰਸਾਲਿਆਂ ਨੂੰ ਵਿਗਿਆਨ ਗਲਪ ਰਚਨਾਵਾਂ ਨੂੰ ਛਾਪਣ ਵਿਚ ਤਰਜੀਹ ਦੇਣੀ ਹੋਵੇਗੀ ਤਾਂ ਜੋ ਇਸ ਖੇਤਰ ਵਿਚ ਲੋਕਾਂ ਦੀ ਦਿਲਚਸਪੀ ਦਾ ਵਿਕਾਸ ਹੋ ਸਕੇ। ਰੇਡੀਓ ਪ੍ਰੋਗ੍ਰਾਮ, ਟੈਲੀਵਿਯਨ ਸੀਰੀਅਲ ਤੇ ਫਿਲਮਾਂ ਬਨਾਉਣ ਵਾਲਿਆ ਨੂੰ ਵੀ ਵਿਗਿਆਨ ਕਥਾਵਾਂ ਅਧਾਰਿਤ ਸਿਰਜਣ ਕਾਰਜ ਤਰਜ਼ੀਹੀ ਤੌਰ ਉੱਤੇ ਕਰਨੇ ਚਾਹੀਦੇ ਹਨ।
?. ਆਮ ਪੰਜਾਬੀ ਸਾਹਿਤ ਵਿੱਚ ਗਿਆਨ ਵਿਗਿਆਨ ਸਾਹਿਤ ਦੀ ਸਥਿਤੀ ਕੀ ਹੈ?
-ਆਮ ਪੰਜਾਬੀ ਸਾਹਿਤ ਵਿਚ ਪੰਜਾਬੀ ਗਿਆਨ ਵਿਗਿਆਨ ਰਚਨਾਵਾਂ ਦੀ ਬਹੁਤਾਤ ਪਹਿਲੇ ਸਮਿਆਂ ਨਾਲੋਂ ਵਧੀ ਹੈ। ਕਈ ਮੈਗਜ਼ੀਨ ਜਿਵੇਂ ਕਿ ਚੰਗੀ ਖੇਤੀ, ਵਿਗਿਆਨ ਦੇ ਨਕਸ਼, ਨਿਰੰਤਰ ਸੋਚ, ਵਿਗਿਆਨ ਜੋਤ, ਭਾਰਤ ਤੇ ਉਡਾਣ, ਅਮਰੀਕਾ ਪੂਰੀ ਤਰ੍ਹਾਂ ਵਿਗਿਆਨਕ ਰਚਨਾਵਾਂ ਦੇ ਪ੍ਰਕਾਸ਼ਨ ਨੂੰ ਸਮਰਪਿਤ ਹਨ/ਰਹੇ ਹਨ। ਲਗਭਗ ਸਾਰੀਆਂ ਹੀ ਪੰਜਾਬੀ ਅਖ਼ਬਾਰਾਂ ਤੇ ਰਸਾਲੇ ਸਮੇਂ ਸਮੇਂ ਗਿਆਨ ਵਿਗਿਆਨ ਰਚਨਾਵਾਂ ਦਾ ਪ੍ਰਕਾਸ਼ਨ ਕਰਦੇ ਰਹਿੰਦੇ ਹਨ। ਬੇਸ਼ਕ ਪਿਛਲੇ ਸਾਲਾਂ ਦੌਰਾਨ ਅਜਿਹੀਆਂ ਰਚਨਾਵਾਂ ਦੇ ਪ੍ਰਕਾਸ਼ਨ ਵਿਚ ਵਾਧਾ ਹੋਇਆ ਹੈ ਪਰ ਇਸ ਖੇਤਰ ਵਿਚ ਨਵੇਂ ਵਿਗਿਆਨ ਲੇਖਕਾਂ ਤੇ ਵਿਗਿਆਨ ਤੇ ਤਕਨਾਲੋਜੀ ਸੰਬੰਧਤ ਗਿਆਨ ਵਰਧਕ ਰਚਨਾਵਾਂ ਵਿਚ ਵਾਧੇ ਦੀ ਅਜੇ ਵੀ ਬਹੁਤ ਗੁੰਜ਼ਾਇਸ਼ ਹੈ।
? ਕੀ ਇਹ ਨਿੱਤ ਨਵੀਂਆਂ ਖੋਜਾਂ, ਤਕਨੀਕਾਂ ਦੀ ਦੌੜ ਵਿੱਚ ਬਰਾਬਰ ਤੁਰ ਰਿਹਾ ਹੈ? ਜੇ ਨਹੀਂ ਤਾਂ ਕਿਉਂ ਪਛੜ ਰਿਹਾ ਹੈ।
– ਪੰਜਾਬੀ ਸਾਹਿਤ ਵਿਚ ਨਵੀਆਂ ਖੋਜਾਂ ਤੇ ਤਕਨੀਕਾਂ ਬਾਰੇ ਸਮੇਂ-ਸਮੇਂ ਰਚਨਾਵਾਂ ਛਪਦੀਆਂ ਤਾਂ ਹਨ ਪਰ ਅੰਤਰ-ਰਾਸ਼ਟਰੀ ਖੋਜ ਕਾਰਜਾਂ ਦੀ ਤੀਬਰ ਗਤੀ ਦੇ ਮੱਦੇ-ਨਜ਼ਰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਦੀਆਂ ਅਜਿਹੀਆਂ ਰਚਨਾਵਾਂ ਦੀ ਪੰਜਾਬੀ ਸਾਹਿਤ ਵਿਚ ਵੱਡੀ ਘਾਟ ਨਜ਼ਰ ਆਉਂਦੀ ਹੈ। ਇਸ ਦਾ ਕਾਰਨ ਪੰਜਾਬੀ ਭਾਸ਼ਾ ਵਿਚ ਰਚਨਕਾਰ ਵਿਗਿਆਨ ਲੇਖਕਾਂ ਦੀ ਘਾਟ ਹੀ ਹੈ।
?. ਪੰਜਾਬੀ ਵਿੱਚ ਲਿਖੇ ਜਾ ਰਹੇ ਬਾਲ ਸਾਹਿਤ ਤੋਂ ਤੁਸੀਂ ਕਿੰਨਾ ਕੁ ਸੰਤੁਸ਼ਟ ਹੋ। ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਇਹ ਕਿੱਥੇ ਕੁ ਖੜ੍ਹਾ ਹੈ?
– ਪੰਜਾਬੀ ਭਾਸ਼ਾ ਵਿਚ ਬਾਲ ਸਾਹਿਤ ਰਚਿਆ ਤਾਂ ਜਾ ਰਿਹਾ ਹੈ ਪਰ ਜ਼ਿਆਦਾ ਕਰਕੇ ਇਹ ਸਿੱਖਿਆਤਮਕ ਸੁਰ ਵਾਲਾ ਹੀ ਹੈ। ਇਨ੍ਹਾਂ ਬਾਲ ਸਾਹਿਤ ਰਚਨਾਵਾਂ ਵਿਚ ਅਕਸਰ ਲੇਖਕ ਦਾ ਨਜ਼ਰੀਆ ਹੀ ਭਾਰੂ ਹੁੰਦਾ ਹੈ। ਰਚੇ ਜਾ ਰਹੇ ਬਾਲ ਸਾਹਿਤ ਵਿਚ ਨਵੇਂ ਵਿਸ਼ਿਆਂ ਦੀ ਘਾਟ ਦੇ ਨਾਲ-ਨਾਲ ਬਾਲ ਕਿਰਦਾਰਾਂ ਦੀ ਘਾਟ ਵੀ ਨਜ਼ਰ ਆਉਂਦੀ ਹੈ। ਬਾਲਾਂ ਦੀ ਕਲਪਨਾ ਨੂੰ ਟੁੰਬਣ ਵਾਲੇ ਤੇ ਉਨ੍ਹਾਂ ਵਿਚ ਜਗਿਆਸੂ ਬਿਰਤੀ ਪੈਦਾ ਕਰਨ ਵਾਲੇ ਤੱਤਾਂ ਦੀ ਵੱਡੀ ਘਾਟ ਹੈ। ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲੇ ਪੰਜਾਬੀ ਬਾਲ ਸਾਹਿਤ ਬਹੁਤ ਪਿੱਛੇ ਹੈ। ਇਸ ਦਾ ਮੁੱਖ ਕਾਰਨ ਹੈ ਕਿ ਪੰਜਾਬੀ ਬਾਲ ਸਾਹਿਤ ਰਚੇਤਾ ਜਾਂ ਤਾਂ ਅੰਤਰ-ਰਾਸ਼ਟਰੀ ਪੱਧਰ ਦਾ ਬਾਲ ਸਾਹਿਤ ਪੜ੍ਹਦੇ ਹੀ ਨਹੀਂ ਜਾਂ ਫਿਰ ਉਨ੍ਹਾਂ ਕੋਲ ਅਜਿਹਾ ਬਾਲ ਸਾਹਿਤ ਉਪਲਬਧ ਹੀ ਨਹੀਂ ਹੈ। ਅੰਤਰ-ਰਾਸ਼ਟਰੀ ਪੱਧਰ ਦੇ ਬਾਲ ਸਾਹਿਤ ਨੂੰ ਪੜ੍ਹਨਾ ਤੇ ਜਾਨਣਾ ਇਸ ਲਈ ਵੀ ਜ਼ਰੂਰੀ ਹੈ ਕਿ ਬਾਲ ਸਾਹਿਤ ਲੇਖਕ ਇਸ ਵਿਧਾ ਵਿਚ ਕੀਤੇ ਜਾ ਰਹੇ ਨਵੇਂ ਤਜਰਬਿਆਂ ਬਾਰੇ ਜਾਣ ਸਕਣ ਤੇ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਦਾ ਅਧਾਰ ਬਣਾ ਸਕਣ।
?. ਪੰਜਾਬੀ ਬਾਲ ਸਾਹਿਤ ਵਿੱਚ ਵਿਗਿਆਨਕ ਵਿਸ਼ਿਆਂ ਤੇ ਦੇਸ਼ ਵਿਦੇਸ਼ ਵਿੱਚ ਕਿਹੜੇ ਲੇਖਕ ਵਧੀਆ ਕੰਮ ਕਰ ਰਹੇ ਹਨ।
– ਪੰਜਾਬੀ ਬਾਲ ਸਾਹਿਤ ਵਿਚ ਵਿਗਿਆਨਕ ਵਿਸ਼ਿਆਂ ਬਾਰੇ ਕੁਝ ਕੁ ਲੇਖਕ ਬਹੁਤ ਸਮਰਪਣ ਭਾਵਨਾ ਨਾਲ ਕੰਮ ਕਰ ਰਹੇ ਹਨ। ਇਸ ਖੇਤਰ ਵਿਚ ਸਥਾਪਿਤ ਲੇਖਕ ਹਨ ਜਸਬੀਰ ਸਿੰਖ ਭੁੱਲਰ, ਮੇਘ ਰਾਜ ਮਿੱਤਰ, ਡਾ. ਵਿਦਵਾਨ ਸਿੰਘ ਸੋਨੀ, ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ, ਭਾਰਤ ਵਿਖੇ ਤੇ ਅਮਨਦੀਪ ਸਿੰਘ ਯੂ ਐੱਸ ਏ, ਡਾ ਸੁਰੇਸ਼ ਰਤਨ ਡੈਨਮਾਰਕ ਤੇ ਅਸ਼ਰਫ਼ ਸੁਹੇਲ ਪਾਕਿਸਤਾਨ। ਡਾ ਕੁਲਦੀਪ ਸਿੰਘ ਧੀਰ (ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ) ਨੇ ਵੀ ਇਸ ਖੇਤਰ ਵਿਚ ਚੰਗਾ ਯੋਗਦਾਨ ਪਾਇਆ ਹੈ। ਨਵੇਂ ਲੇਖਕਾਂ ਵਿਚੋਂ ਜਸਵੀਰ ਰਾਣਾ, ਜਸਬੀਰ ਸਿੰਘ ਦੀਦਾਰਗੜ੍ਹ ਤੇ ਰੂਪਿੰਦਰ ਢਿੱਲੋਂ ਇੰਗਲੈਂਡ ਆਦਿ ਇਸ ਖੇਤਰ ਵਿਚ ਚੰਗਾ ਕੰਮ ਕਰ ਰਹੇ ਹਨ। ਕੁਝ ਹੋਰ ਨਵੇਂ ਲੇਖਕ ਵੀ ਹਨ ਜਿਨ੍ਹਾਂ ਬਾਰੇ ਮੇਰੇ ਕੋਲ ਉਚਿਤ ਜਾਣਕਾਰੀ ਨਹੀਂ ਹੈ।
?. ਬਾਲ ਸਾਹਿਤ ਦੇ ਪੰਜਾਬੀ ਵਿੱਚ ਛਪਦੇ ਰਿਸਾਲਿਆਂ ਬਾਰੇ ਖ਼ਾਸ ਕਰ ਵਿਗਿਆਨ ਦੇ ਸੰਦਰਭ ਵਿੱਚ ਕੀ ਕਹਿਣਾ ਚਾਹੋਗੇ?
– ਬਾਲ ਸਾਹਿਤ ਦੇ ਪੰਜਾਬੀ ਵਿਚ ਛੱਪਦੇ ਰਸਾਲਿਆਂ ਖਾਸ ਕਰ ਬਾਲ ਸੰਦੇਸ਼, ਪੰਖੜ੍ਹੀਆਂ, ਪ੍ਰਾਇਮਰੀ ਸਿੱਖਿਆ, ਨਿੱਕੀਆਂ ਕਰੂੰਬਲਾਂ, ਅਲੜ੍ਹ-ਬਲੜ੍ਹ (ਹੁਣ ਬੰਦ ਹੋ ਚੁੱਕਾ ਹੈ।) ਤੇ ਪੰਖੇਰੂ (ਸ਼ਾਹਮੁੱਖੀ ਵਿਚ) ਨੇ ਹਮੇਸ਼ਾਂ ਨਵੇਂ ਬਾਲ ਸਾਹਿਤ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਰਸਾਲਿਆਂ ਦੇ ਸੂਝਵਾਨ ਸੰਪਾਦਕਾਂ ਤੇ ਪ੍ਰਬੰਧਕੀ ਟੀਮਾਂ ਨੇ ਹਮੇਸ਼ਾਂ ਵਿਗਿਆਨਕ ਲਿਖਤਾਂ (ਲੇਖ, ਕਹਾਣੀਆਂ, ਨਾਟਕ, ਨਾਵਲ ਤੇ ਕਵਿਤਾਵਾਂ ਆਦਿ) ਨੂੰ ਛਾਪਣ ਵਿਚ ਉਤਸ਼ਾਹ ਦਿਖਾਇਆ ਹੈ ਤਾਂ ਜੋ ਬੱਚਿਆਂ ਨੂੰ ਨਵੀਂ, ਸਹੀ ਤੇ ਰੌਚਕ ਵਿਗਿਆਨਕ ਜਾਣਕਾਰੀ ਉਪਲਬਧ ਹੋ ਸਕੇ। ਜੋ ਇਕ ਚੰਗਾ ਅਮਲ ਹੈ।
?. ਤੁਹਾਨੂੰ ਪਤਾ ਹੀ ਹੋਵੇਗਾ ਕਿ ਸਾਲ 2021 ਅਤੇ 2022 ਵਿੱਚ ਹੋਰਨਾਂ ਭਾਸ਼ਾਵਾਂ ਵਿੱਚ ਸਾਹਿਤ ਅਕਾਦਮੀ ਨੇ ਇਨਾਮ ਤਕਸੀਮ ਕੀਤੇ ਪਰ ਪੰਜਾਬੀ ਜ਼ੁਬਾਨ ਦੇ ਕਿਸੇ ਲੇਖਕ ਨੂੰ ਪੁਰਸਕਾਰ ਨਹੀਂ ਦਿੱਤਾ ਗਿਆ। ਤੁਸੀਂ ਇਸ ਦਾ ਕੀ ਸੰਭਵ ਕਾਰਨ ਸਮਝਦੇ ਹੋ?
-ਇਸ ਸੰਬੰਧੀ ਇਹ ਹੀ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਪੰਜਾਬੀ ਭਾਸ਼ਾ ਦੇ ਲੇਖਕਾਂ ਦੀਆਂ ਲਿਖਤਾਂ ਸਾਹਿਤ ਅਕਾਦਮੀ ਦੇ ਮਾਹਿਰਾਂ ਦੀ ਕਸਵੱਟੀ ਉੱਤੇ ਪੂਰੀਆਂ ਨਹੀਂ ਉੱਤਰੀਆਂ ਤੇ ਜਾਂ ਫਿਰ ਪਿਛਲੇ ਸਾਲਾਂ ਦੌਰਾਨ ਪੰਜਾਬੀ ਭਾਸ਼ਾ ਵਿਚ ਰਚੀਆਂ ਗਈਆਂ ਉੱਚ ਪਾਏ ਦੀਆਂ ਲਿਖ਼ਤਾਂ ਤਕ ਸਾਹਿਤ ਅਕਾਦਮੀ ਦੇ ਮਾਹਿਰਾਂ ਦੀ ਪਹੁੰਚ ਨਹੀਂ ਹੋ ਸਕੀ। ਅਜਿਹਾ ਤਾਂ ਸੰਭਵ ਨਹੀਂ ਕਿ ਪਿਛਲੇ ਸਾਲਾਂ ਦੌਰਾਨ ਪੰਜਾਬੀ ਭਾਸ਼ਾ ਵਿਚ ਚੰਗਾ ਸਾਹਿਤ ਨਾ ਰਚਿਆ ਗਿਆ ਹੋਵੇ, ਪਰ ਅਕਸਰ ਚੰਗੇ ਲਿਖ਼ਾਰੀ ਮਾਨ-ਸਨਮਾਨ ਜਾਂ ਪੁਰਸਕਾਰਾਂ ਦੀ ਦੌੜ ਤੋਂ ਪਰਹੇਜ਼ ਹੀ ਕਰਦੇ ਹਨ। ਸ਼ਾਇਦ ਇਸੇ ਕਾਰਨ ਪੰਜਾਬੀ ਭਾਸ਼ਾ ਵਿਚ ਰਚਿਆ ਚੰਗਾ ਸਾਹਿਤ ਸਾਲ 2021 ਅਤੇ 2022 ਦੌਰਾਨ ਸਾਹਿਤ ਅਕਾਦਮੀ ਪੁਰਸਕਾਰਾਂ ਦੀ ਚੋਣ ਵਿਚ ਆਪਣਾ ਉਚਿਤ ਸਥਾਨ ਪ੍ਰਾਪਤ ਨਹੀਂ ਕਰ ਸਕਿਆ।
?. ਨਵੇਂ ਲਿਖਣ ਵਾਲਿਆਂ ਨੂੰ ਕੋਈ ਸਲਾਹ ਦੇਣੀ ਚਾਹੋਗੇ?
– ਨਵੇਂ ਲੇਖਕਾਂ ਲਈ ਇਹ ਬਹੁਤ ਹੀ ਅਹਿਮ ਹੈ ਕਿ ਉਹ ਆਪਣੇ ਗਿਆਨ ਭੰਡਾਰ ਨੂੰ ਹੋਰ ਵਧੇਰੇ ਮੌਕਲਾ ਕਰਨ ਲਈ ਵਿਸ਼ਵ ਪੱਧਰੀ ਸਾਹਿਤ ਜ਼ਰੂਰ ਪੜ੍ਹਣ। ਹੋਰਨਾਂ ਭਾਸ਼ਾਵਾਂ ਦੇ ਸਥਾਪਿਤ ਲੇਖਕਾਂ ਦੀਆਂ ਰਚਨਾਵਾਂ ਦੇ ਪੜ੍ਹਨ ਕਾਰਜ ਉਨ੍ਹਾਂ ਨੂੰ ਵਧੇਰੇ ਚੰਗਾ ਤੇ ਵਧੇਰੇ ਉੱਤਮ ਸਾਹਿਤ ਰਚਣ ਵਿਚ ਮਦਦ ਕਰਨ ਦੀ ਸਮਰਥਾ ਰੱਖਦੇ ਹਨ। ਅਜਿਹੇ ਕਾਰਜਾਂ ਰਾਹੀਂ ਸਿਰਜਣਾ ਦੀਆਂ ਨਵੀਆਂ ਵਿਧੀਆਂ ਤੇ ਵਿਸ਼ਿਆਂ ਦਾ ਪਤਾ ਲਗਦਾ ਹੈ। ਨਵੇਂ ਲੇਖਕਾਂ ਨੂੰ ਹਮੇਸ਼ਾਂ ਵਿਲੱਖਣ ਵਿਸ਼ਿਆਂ ਬਾਰੇ ਜਾਨਣ ਤੇ ਉਨ੍ਹਾਂ ਸੰਬੰਧਤ ਸਹੀ ਗਿਆਨ ਪ੍ਰਾਪਤੀ ਬਾਅਦ ਹੀ ਰਚਨਾ ਕਾਰਜ ਕਰਨੇ ਚਾਹੀਦੇ ਹਨ। ਆਪਣੀਆਂ ਰਚਨਾਵਾਂ ਵਿਚ ਤੱਥਾਂ ਤੇ ਅੰਕੜਿਆਂ ਦੀ ਸ਼ੁੱਧਤਾ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹੀਆਂ ਰਚਨਾਵਾਂ ਲਿਖਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਸਮਕਾਲੀ ਸਮਾਜਿਕ, ਧਾਰਮਿਕ, ਵਾਤਾਵਰਣੀ ਤੇ ਰਾਜਨੀਤਕ ਮਸਲਿਆਂ ਦਾ ਸਹੀ ਹੱਲ ਸੁਝਾ ਸਕਣ। ਤਾਂ ਜੋ ਸ਼ਾਂਤਮਈ ਤੇ ਖੁਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕੇ ਤੇ ਮਾਨਵੀ ਭਾਈਚਾਰੇ ਦੀ ਚਿਰਸਥਾਪਤੀ ਕਾਇਮ ਰਹਿ ਸਕੇ।
?. ਭਵਿੱਖ ਵਿੱਚ ਕੀ-ਕੀ ਕਰਨ ਬਾਰੇ ਸੋਚਦੇ ਹੋ?
-ਮੈਂ ਪੰਜਾਬੀ ਭਾਸ਼ਾ ਵਿਚ ਵਿਗਿਆਨ ਗਲਪ ਰਚਨਾਵਾਂ ਦੇ ਪ੍ਰਸਾਰ ਬਾਰੇ ਲਗਾਤਾਰ ਯਤਨਸ਼ੀਲ ਰਿਹਾ ਹਾਂ। ਕਿਉਂ ਜੋ ਅਜਿਹੀਆਂ ਰਚਨਾਵਾਂ ਬੱਚਿਆਂ ਵਿਚ ਕਲਪਨਾ ਦੇ ਵਿਕਾਸ ਵਿਚ ਮਦਦ ਕਰਦੀਆਂ ਹਨ। ਉਨ੍ਹਾਂ ਨੂੰ ਵਿਗਿਆਨ ਤੇ ਟੈਕਨਾਲੋਜੀ ਦੀ ਉੱਨਤੀ ਨਾਲ ਸੁਸਜਿਤ ਭਵਿੱਖਮਈ ਸਮਾਜ ਨਾਲ ਰੂਬਰੂ ਕਰਾਉਂਦੀਆਂ ਹਨ। ਵਿਗਿਆਨ ਗਲਪ ਰਚਨਾਵਾਂ ਬਾਲਗ ਪਾਠਕਾਂ ਵਿਚ ਪਾਰਖੂ ਸੋਚ ਦੇ ਗੁਣ ਨੂੰ ਤੀਬਰਤਾ ਬਖ਼ਸ਼ਦੀਆਂ ਹਨ। ਇਨ੍ਹਾਂ ਦਿਨਾਂ ਵਿਚ ਇਸ ਖੇਤਰ ਵਿਚ ਨਿੱਠ ਕੇ ਕੰਮ ਕਰਨਾ ਸ਼ੁਰੂ ਕੀਤਾ ਹੈ। ਅਮਰੀਕਾ ਦੇ ਵਿਗਿਆਨ ਗਲਪ ਲੇਖਕ ਸ. ਅਮਨਦੀਪ ਸਿੰਘ ਦੇ ਸਹਿਯੋਗ ਨਾਲ ‘ਉਡਾਣ’ ਮੈਗਜ਼ੀਨ ਦੀ ਸ਼ੁਰੂਆਤ ਵੀ ਕੀਤੀ ਹੈ ਜੋ ਵਿਗਿਆਨ ਗਲਪ ਰਚਨਾਵਾਂ ਦੇ ਵਿਕਾਸ ਤੇ ਪ੍ਰਸਾਰ ਲਈ ਸਮਰਪਿਤ ਮੈਗਜ਼ੀਨ ਹੈ। ਪਿਛਲੇ ਦਿਨੀਂ ਫੇਸਬੁੱਕ ਉੱਤੇ ਪੰਜਾਬੀ ਵਿਗਿਆਨ ਗਲਪ ਗਰੁੱਪ ਵੀ ਸ਼ੁਰੂ ਕੀਤਾ ਹੈ ਜਿਸ ਵਿਚ ਵਿਭਿੰਨ ਲੇਖਕਾਂ ਦੁਆਰਾ ਵਿਭਿੰਨ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਛਪੀਆਂ ਵਿਗਿਆਨ ਗਲਪ ਰਚਨਾਵਾਂ ਆਮ ਪਾਠਕਾਂ ਦੀ ਸਹੂਲੀਅਤ ਲਈ ਸਾਂਝੀਆਂ ਕੀਤੀਆ ਜਾਂਦੀਆਂ ਹਨ। ਸੰਨ 2021-2022 ਵਿਚ ਬਾਲਾਂ ਲਈ ਦੋ ਵਿਗਿਆਨ ਗਲਪ ਨਾਵਲੈੱਟ ‘ਕਰੋਨਾ ਜੰਗ ਦੇ ਹੀਰੋ’ ਤੇ ‘ਆਜ਼ਾਦੀ’ ਰਚੇ ਹਨ। ‘ਕਰੋਨਾ ਜੰਗ ਦੇ ਹੀਰੋ’ ਨਾਵਲੈੱਟ, ਪੰਖੇਰੂ ਮੈਗਜ਼ੀਨ, ਲਾਹੌਰ ਦੇ ਸੰਨ 2023 ਦੇ ਨਾਵਲ ਅੰਕ ਵਿਚ ਛਾਪਿਆ ਜਾ ਰਿਹਾ ਹੈ। ‘ਆਜ਼ਾਦੀ’ ਨਾਵਲੈੱਟ ਹੁਣੇ ਹੁਣੇ ਮੁਕੰਮਲ ਕੀਤਾ ਹੈ, ਜੋ ਆਣ ਵਾਲੇ ਸਮੇਂ ਵਿਚ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਜਾਵੇਗਾ।
(ਸਮਾਪਤ)

 

RELATED ARTICLES
POPULAR POSTS

CLEAN WHEELS

CLEAN WHEELS