Breaking News
Home / ਨਜ਼ਰੀਆ / ਵਿਸਾਖੀ ਦਮਦਮੇ ਦੀ

ਵਿਸਾਖੀ ਦਮਦਮੇ ਦੀ

ਜਗਜੀਤ ਸਿੰਘ ਸਿੱਧੂ
ਮਾਲਵੇ ਵਿਖੇ ਸਿੱਖ ਕੌਮ ਦਾ ਪ੍ਰਸਿੱਧ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ 28 ਕਿਲੋਮੀਟਰ ਦੂਰ ਦੱਖਣ ਦਿਸ਼ਾ ਵੱਲ ਸਥਿਤ ਹੈ। ਸਾਖੀ ਪੋਥੀ ਅਨੁਸਾਰ ਵੈਦਿਕ ਕਾਲ ਸਮੇਂ ਇੱਥੇ ਸਰਸਵਤੀ ਨਦੀ ਵਹਿੰਦੀ ਸੀ ਜਿਸਦੇ ਕਿਨਾਰੇ ਮਾਰਕੰਡੇ, ਵਿਆਸ, ਪਰਾਸ਼ਰ, ਵੈਸਪਾਈਨ, ਅਗਰਵੈਸ ਅਤੇ ਪੀਲੀ ਰਿਸ਼ੀ ਰਹਿੰਦੇ ਸਨ। ਇੱਥੇ ਉੱਤਰ ਕਾਸ਼ੀ ਨਾਂ ਦਾ ਵਿੱਦਿਆ ਕੇਂਦਰ ਹੋਇਆ ਕਰਦਾ ਸੀ। ਸਮੇਂ ਦੇ ਫੇਰ ਨਾਲ ਇਹ ਸਭ ਖ਼ਤਮ ਹੋ ਗਿਆ। ਇੱਕ ਦੰਦ ਕਥਾ ਅਨੁਸਾਰ ਕਿਸੇ ਸਮੇਂ ਇਹ ਇਲਾਕਾ ਰਾਣੀਆਂ ਦੇ ਨਵਾਬ ਦੀ ਜਗੀਰ ਸੀ ਜਿਸਨੇ ਆਪਣੀ ਲੜਕੀ ਸਾਹਬੋ ਨੂੰ ਤਲਵੰਡੀ ਸਮੇਤ ਅਨੇਕਾਂ ਪਿੰਡ ਦਾਜ ਵਿੱਚ ਦਿੱਤੇ ਸਨ। ਇਸ ਕਰਕੇ ਇਸ ਦਾ ਨਾਂ ‘ਤਲਵੰਡੀ ਸਾਹਬੋ ਕੀ’, ‘ਤਲਵੰਡੀ ਸਾਬੋ’ ਜਾਂ ‘ਸਾਬੋ ਕੀ ਤਲਵੰਡੀ’ ਪੈ ਗਿਆ। ਤਲਵੰਡੀ ਨਾਲ ‘ਸਾਬੋ’ ਸ਼ਬਦ ਜੁੜਨ ਬਾਰੇ ਇਹ ਵੀ ਦੰਦ ਕਥਾ ਪ੍ਰਚੱਲਤ ਹੈ ਕਿ ਬਰਾੜਾਂ ਵਿੱਚੋਂ ‘ਸਾਬੋ’ ਨਾਂ ਦਾ ਇੱਕ ਸੂਰਬੀਰ ਯੋਧਾ ਸੀ ਜਿਸਨੇ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਹਰ ਸੰਭਵ ਮਦਦ ਕੀਤੀ ਸੀ। ਜਿੱਤ ਤੋਂ ਬਾਅਦ ਬਾਬਰ ਨੇ ਇਹ ਸਾਰਾ ਇਲਾਕਾ ਉਸ ਨੂੰ ਦੇ ਦਿੱਤਾ ਸੀ ਜਿਸ ਕਰਕੇ ਤਲਵੰਡੀ ਨਾਲ ‘ਸਾਬੋ’ ਸ਼ਬਦ ਜੁੜ ਗਿਆ।
ਪੁਰਾਤਨ ਵੇਰਵਿਆਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ ਬਠਿੰਡਾ ਤੋਂ ਸਿਰਸਾ ਵੱਲ ਜਾਂਦੇ ਹੋਏ ਇੱਥੇ ਕੁਝ ਸਮੇਂ ਲਈ ਰੁਕੇ ਸਨ। 1674 ਈਸਵੀ ਦੇ ਲਗਪਗ ਨੌਵੇਂ ਗੁਰੂ ਤੇਗ ਬਹਾਦਰ ਜੀ ਵੀ ਪੂਰਬੀ ਭਾਰਤ ਦੀ ਫੇਰੀ ਤੋਂ ਵਾਪਸੀ ਵੇਲੇ ਕੁਝ ਦਿਨ ਇੱਥੇ ਰਹੇ ਸਨ। ਗੁਰੂ ਜੀ ਨੇ ਆਪਣੇ ਦੁਸ਼ਾਲੇ ਨਾਲ ਖ਼ੁਦ ਮਿੱਟੀ ਕੱਢ ਕੇ ਇੱਕ ਸਰੋਵਰ ਖੁਦਵਾਉਣ ਦੀ ਸ਼ੁਰੂਆਤ ਕਰਵਾਈ ਸੀ ਜਿਸਨੂੰ ਅੱਜਕੱਲ੍ਹ ‘ਗੁਰੂਸਰ ਸਰੋਵਰ’ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਦੀ ਆਖ਼ਰੀ ਲੜਾਈ ਤੋਂ ਬਾਅਦ ਲੱਖੀ ਜੰਗਲ ਅਤੇ ਪੱਕਾ ਕਲਾਂ ਹੁੰਦੇ ਹੋਏ 1705 ਈਸਵੀ ਵਿੱਚ ਇੱਥੇ ਪਹੁੰਚੇ ਸਨ। ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਇੱਥੇ ਨੌਂ ਮਹੀਨੇ ਨੌਂ ਦਿਨ ਰਹੇ ਸਨ ਅਤੇ ਉਨ੍ਹਾਂ ਆਪਣੇ ਮਿਸ਼ਨ ਨੂੰ ਪ੍ਰਚਾਰਿਆ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਕੀਤੀ ਸੀ। ਇੱਥੋਂ ਹੀ ਉਨ੍ਹਾਂ ਤਖ਼ਤ ਸਾਹਿਬ ਦੀ ਮੋਹਰ ਲਗਾ ਕੇ ਹੁਕਮਨਾਮੇ ਜਾਰੀ ਕੀਤੇ ਸਨ।
ਗੁਰੂ ਜੀ ਨੇ ਇੱਥੇ ਰਹਿੰਦਿਆਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਨਵੀਂ ਬੀੜ ਭਾਈ ਮਨੀ ਸਿੰਘ ਤੋਂ ਲਿਖਵਾਈ ਸੀ। ਬੀੜ ਸੰਪੂਰਨ ਹੋਣ ‘ਤੇ ਗੁਰੂ ਜੀ ਨੇ ਬਚਦੀ ਸਿਆਹੀ ਅਤੇ ਕਲਮਾਂ ਇੱਕ ਕੱਚੇ ਸਰੋਵਰ ਵਿੱਚ ਪਾ ਕੇ ਇਸ ਅਸਥਾਨ ਨੂੰ ਵਿੱਦਿਆ ਦਾ ਕੇਂਦਰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੰਦਿਆਂ ਕਿਹਾ ਸੀ ਕਿ ਇੱਥੇ ਮੰਦਬੁੱਧੀ ਵਾਲੇ ਵੀ ਪੜ੍ਹ ਕੇ ਵਿਦਵਾਨ ਬਣਨਗੇ। ਅੱਜਕੱਲ੍ਹ ਇੱਥੇ ਗੁਰਦੁਆਰਾ ਲਿਖਣਸਰ ਸਾਹਿਬ ਸੁਸ਼ੋਭਿਤ ਹੈ। ਬਾਅਦ ਵਿੱਚ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਬਾਕੀ ਚਾਰ ਉਤਾਰੇ ਕੀਤੇ ਜੋ ਬਾਕੀ ਤਖ਼ਤਾਂ ‘ਤੇ ਭੇਜੇ ਗਏ ਸਨ। ਇਹ ਬੀੜ ‘ਦਮਦਮੀ’ ਜਾਂ ‘ਹਜ਼ੂਰੀ ਬੀੜ’ ਵਜੋਂ ਮਸ਼ਹੂਰ ਹੋਈ। ਇਸੇ ਬੀੜ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ, ਨਾਂਦੇੜ ਪਹੁੰਚ ਕੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦਾ ਆਦੇਸ਼ ਦਿੰਦਿਆਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਸ੍ਰੀ ਦਮਦਮਾ ਸਾਹਿਬ ਵਿਖੇ ਹੀ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਆਏ ਸਨ ਤੇ ਉਨ੍ਹਾਂ ਦਾ ਗੁਰੂ ਜੀ ਨਾਲ ਮਿਲਾਪ ਹੋਇਆ ਸੀ। ਮਾਤਾਵਾਂ ਵੱਲੋਂ ਸਾਹਿਬਜ਼ਾਦਿਆਂ ਬਾਰੇ ਪੁੱਛਣ ‘ਤੇ ਗੁਰੂ ਜੀ ਨੇ ਜੁੜੀ ਸੰਗਤ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ: ਇਨ ਪੁਤਰਨ ਕੇ ਸੀਸ ਪੇ ਵਾਰ ਦੀਯੇ ਸੁਤ ਚਾਰ,
ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ।
ਆਨੰਦਪੁਰ ਸਾਹਿਬ ਦੀ ਵਿਸਾਖੀ ਤੋਂ ਬਾਅਦ ਗੁਰੂ ਜੀ ਨੇ ਇੱਥੇ ਮਨਾਈ ਵਿਸਾਖੀ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾਇਆ ਸੀ। ਇੱਕ ਅੰਗਰੇਜ਼ ਇਤਿਹਾਸਕਾਰ ਟਰਿੱਪ ਅਨੁਸਾਰ ਖ਼ਾਲਸੇ ਦੀ ਸਾਜਨਾ ਸਮੇਂ ਸ੍ਰੀ ਆਨੰਦਪੁਰ ਸਾਹਿਬ ਵਿਖੇ 1699 ਈਸਵੀ ਵਿੱਚ ਵੀਹ ਹਜ਼ਾਰ ਲੋਕਾਂ ਨੇ ਅੰਮ੍ਰਿਤਪਾਨ ਕੀਤਾ ਸੀ ਜਦਕਿ ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਸਵਾ ਲੱਖ ਤੋਂ ਉਪਰ ਸੀ। ਉਸ ਸਮੇਂ ਤੋਂ ਲੈ ਕੇ ਇੱਥੇ ਵਿਸਾਖੀ ਮਨਾਉਣ ਦੀ ਰਵਾਇਤ ਚੱਲੀ ਆ ਰਹੀ ਹੈ। ਇਸ ਇਲਾਕੇ ਦੇ ਚੌਧਰੀ ਡੱਲੇ ਨਾਲ ਵੀ ਗੁਰੂ ਜੀ ਦਾ ਡੂੰਘਾ ਸਬੰਧ ਰਿਹਾ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮੇ ਦਾ ਜਵਾਬ ਵੀ ਗੁਰੂ ਜੀ ਨੂੰ ਇਸ ਸਥਾਨ ‘ਤੇ ਹੀ ਮਿਲਿਆ ਸੀ। ਇੱਥੇ ਹੀ ਬਾਬਾ ਬੀਰ ਸਿੰਘ ਅਤੇ ਧੀਰ ਸਿੰਘ ‘ਤੇ ਗੁਰੂ ਜੀ ਨੇ ਬੰਦੂਕ ਦੇ ਨਿਸ਼ਾਨੇ ਰਾਹੀਂ ਭਾਈ ਡੱਲੇ ਨੂੰ ਸਿੱਖੀ ਦੀ ਪਰਖ ਕਰ ਕੇ ਦਿਖਾਈ ਸੀ। 1706 ਈਸਵੀ ਵਿੱਚ ਅਕਤੂਬਰ ਦੇ ਨੇੜੇ-ਤੇੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਦੀ ਸੇਵਾ-ਸੰਭਾਲ ਅਤੇ ਮਿਸ਼ਨ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਜੀ ਨੂੰ ਸੌਂਪਦੇ ਹੋਏ ਤੇ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਨਿਯੁਕਤ ਕਰ ਕੇ ਦੱਖਣ ਵੱਲ ਚਲੇ ਗਏ ਸਨ। ਇਸ ਅਸਥਾਨ ਤੋਂ ਹੀ ਬਾਬਾ ਦੀਪ ਸਿੰਘ ਜੀ ਮੁਗ਼ਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਅਰਦਾਸ ਕਰ ਕੇ ਆਪਣੇ ਸਿੰਘਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਏ ਸਨ।
ਗੁਰੂ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਸਬੰਧਤ ਵਸਤਾਂ ਤਖ਼ਤ ਸਾਹਿਬ ਅਤੇ ਬਾਬੇ ਡੱਲੇ ਦੇ ਖ਼ਾਨਦਾਨ ਕੋਲ ਸੁਰੱਖਿਅਤ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਬਾਬਾ ਦੀਪ ਸਿੰਘ ਜੀ ਨਾਲ ਸਬੰਧਤ ਇੱਕ ਦਰਜਨ ਦੇ ਕਰੀਬ ਇਤਿਹਾਸਕ ਤੇ ਧਾਰਮਿਕ ਇਮਾਰਤਾਂ ਇੱਥੇ ਮੌਜੂਦ ਹਨ। ਸਿੱਖ ਧਰਮ ਦੇ ਘਟਨਾਕ੍ਰਮ ਅਨੁਸਾਰ ਚਾਹੇ ਇਹ ਚੌਥਾ ਤਖ਼ਤ ਹੈ ਪਰ ਇਸ ਨੂੰ ਪੰਜਵਾਂ ਤਖ਼ਤ ਕਿਹਾ ਜਾਣ ਲੱਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ 18 ਨਵੰਬਰ 1966 ਨੂੰ ਮਾਨਤਾ ਦੇ ਕੇ ਤਖ਼ਤ ਸਾਹਿਬ ਦਾ ਦਰਜਾ ਦਿੱਤਾ ਸੀ।
ਤਲਵੰਡੀ ਸਾਬੋ ਵਿਖੇ ਸੁਸ਼ੋਭਿਤ ਅਸਥਾਨਾਂ ਵਿੱਚੋਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਉਹ ਮਹੱਤਵਪੂਰਨ ਸਥਾਨ ਹੈ ਜਿੱਥੇ ਦਸਮ ਪਿਤਾ ਜੀ ਨੇ ਮੁਕਤਸਰ ਸਾਹਿਬ ਦੀ ਆਖ਼ਰੀ ਲੜਾਈ ਲੜਨ ਤੋਂ ਬਾਅਦ ਇੱਕ ਉੱਚੇ ਟਿੱਬੇ ‘ਤੇ ਚੜ੍ਹ ਕੇ ਆਪਣਾ ਜੰਗੀ ਕਮਰਕੱਸਾ ਖੋਲ ਕੇ ਉਚਾਰਿਆ ਸੀ: ‘ਇਹ ਤਾਂ ਸਾਡਾ ਆਨੰਦਪੁਰ ਸਾਹਿਬ ਵਾਲਾ ਦਮਦਮਾ ਹੈ’। ਇਸ ਤੋਂ ਇਲਾਵਾ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ, ਗੁਰਦੁਆਰਾ ਮਾਤਾ ਸਾਹਿਬ ਕੌਰ, ਸੁੰਦਰ ਕੌਰ, ਗੁਰਦੁਆਰਾ ਜੰਡਸਰ ਸਾਹਿਬ, ਗੁਰਦੁਆਰਾ ਮਹੱਲਸਰ ਸਾਹਿਬ, ਗੁਰਦੁਆਰਾ ਬਾਬਾ ਬੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ, ਬੁਰਜ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਭੋਰਾ ਬਾਬਾ ਦੀਪ ਸਿੰਘ ਅਤੇ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹਨ। ਇਸ ਤੋਂ ਇਲਾਵਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ਅਤੇ ਬੁੰਗਾ ਕੱਟੂ ਵਾਲਾ ਅਸਥਾਨ ਵੀ ਹਨ। ਇੱਥੇ ਪੰਜ ਸਰੋਵਰ ਵੀ ਬਣੇ ਹੋਏ ਹਨ। ਇਤਿਹਾਸਕ ਵਸਤਾਂ ਇਤਿਹਾਸਕ ਬੀੜ, ਸ੍ਰੀ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਜੀ), ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ, ਤੋੜੇਦਾਰ ਇਤਿਹਾਸਕ ਬੰਦੂਕ, ਦੇਗਾ (ਬਾਬਾ ਦੀਪ ਸਿੰਘ ਜੀ) ਅਤੇ ਇਤਿਹਾਸਕ ਸ਼ੀਸ਼ਾ ਆਦਿ ਤਖ਼ਤ ਸਾਹਿਬ ‘ਤੇ ਸੁਸ਼ੋਭਿਤ ਹਨ। ਬਾਬਾ ਡੱਲਾ ਦੇ ਖ਼ਾਨਦਾਨ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਤੇ ਛੋਟੀ ਦਸਤਾਰ, ਵੱਡਾ ਤੇ ਛੋਟਾ ਚੋਲਾ, ਤੇਗਾ, ਜਿਸ ਉਪਰ ਫਾਰਸੀ ਵਿੱਚ ਅੱਲਾਹ ਉਕਰਿਆ ਹੋਇਆ ਹੈ, ਦਸਮ ਪਿਤਾ ਦੇ ਗਾਤਰੇ ਵਾਲਾ ਸ੍ਰੀ ਸਾਹਿਬ, ਉਨ੍ਹਾਂ ਦਾ ਰੇਬ ਪਜਾਮਾ, ਮਾਤਾ ਸਾਹਿਬ ਕੌਰ ਜੀ ਦੇ ਬਸਤਰ ਅਤੇ ਬਾਜ਼ ਦੀ ਡੋਰ ਸੁਰੱਖਿਅਤ ਹਨ।

Check Also

ਵਾਤਾਵਰਣ ਸੰਬੰਧਤ ਵਿਗਿਆਨ ਗਲਪ ਕਹਾਣੀ

ਤਰਲ ਰੁੱਖ (ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) …