Breaking News
Home / ਨਜ਼ਰੀਆ / ਵੈਸਾਖ ਮਹੀਨੇ ਦਾ ਸਿੱਖ ਧਰਮ ਨਾਲ ਸਬੰਧ

ਵੈਸਾਖ ਮਹੀਨੇ ਦਾ ਸਿੱਖ ਧਰਮ ਨਾਲ ਸਬੰਧ

ਗੁਰਸ਼ਰਨ ਸਿੰਘ ਕਸੇਲ
ਵੈਸਾਖ ਮਹੀਨੇ ਦਾ ਧਾਰਮਿਕ ਪੱਖ ਦੇ ਨਾਲ-ਨਾਲ ਸੱਭਿਆਚਾਰਿਕ ਖੇਡ ਮੇਲਿਆਂ ਦਾ ਸੰਬੰਧ ਵੀ ਮੁੱਢ ਤੋਂ ਹੀ ਰਿਹਾ ਹੈ। ਇਥੋਂ ਤੀਕ ਕਿ ਕੁਦਰਤ ਵੱਲੋਂ ਵੀ ਇਸ ਮਹੀਨੇ ਰੁੱਖਾਂ ਆਦਿ ਦੇ ਨਵੇ ਪੱਤੇ ਆਉਣ ਦਾ ਸਮਾਂ ਹੈ। ਜਿਵੇਂ ਗੁਰੂ ਸਾਹਿਬ ਬਾਰਾਂ ਮਾਹ ਵਿੱਚ ਫੁਰਮਾਉਂਦੇ ਹਨ: ਵੈਸਾਖੁ ਭਲਾ, ਸਾਖਾ ਵੇਸ ਕਰੇ ॥( ਮ:1, ਪੰਨਾ 1108) ਸੋ, ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਂ ਦੇ ਸਾਹਮਣੇ ਸਿੱਖਾਂ ਨੂੰ ਇਕ ਵੱਖਰੀ ਕੌਮ ਦੇ ਤੌਰ ਤੇ ਪ੍ਰਗਟ ਕਰਨ ਅਤੇ ਨਵਾਂ ਨਾਂਅ ”ਸਿੰਘ”, ”ਕੌਰ” ਦੇਣ ਵਾਸਤੇ ਇਸ ਮਹੀਨੇ ਨੂੰ ਚੁਣਿਆ ਹੋਵੇ। ਸਿੱਖ ਧਰਮ ਵਿੱਚ ਵੈਸਾਖ ਦੇ ਮਹੀਨੇ ਦੀ ਮਹੱਤਤਾ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ: ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥(ਵਾਰ1, ਪਉੜੀ 27)
ਸਮੇਂ-ਸਮੇਂ ਅਨੁਸਾਰ ਅਕਾਲ ਪੁਰਖ ਕੁਝ ਰਹਿਬਰ ਲੋਕਾਈ ਨੂੰ ਸਹੀ ਜੀਵਨ ਜੀਣ ਦਾ ਰਸਤਾ ਦੱਸਣ ਲਈ ਭੇਜਦਾ ਹੈ; ਕਿਉਂਕਿ ਸਿੱਖੀ ਸਿਧਾਂਤ ਅਨੁਸਾਰ ਅਕਾਲ ਪੁਰਖ ਆਪ ਸਰੀਰਕ ਤੌਰ ਤੇ ਜੂਨਾ ਵਿੱਚ ਨਹੀਂ ਆਉਂਦਾ। ਇਸ ਬਾਰੇ ਗੁਰਬਾਣੀ ਸਾਨੂੰ ਸਪੱਸ਼ਟ ਕਰਦੀ ਹੈ: ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥( ਮ:5, ਪੰਨਾ 1136) ਸੋ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆਂ ਤੇ ਆਏ ਉਸ ਸਮੇਂ ਜਨਤਾ ਅੱਜ ਵਾਂਗੂ ਹੀ ਧਾਰਮਿਕ ਅਤੇ ਸਿਆਸੀ ਲੀਡਰਾਂ ਵੱਲੋਂ ਲੁੱਟੀ ਜਾ ਰਹੀ ਸੀ। ਲੋਕਾਂ ਦਾ ਮਨੋਬਲ ਬਿੱਲਕੁਲ ਡਿੱਗ ਚੁੱਕਾ ਸੀ। ਉਹਨਾਂ ‘ਤੇ ਲੰਮੇ ਸਮੇਂ ਤੋਂ ਹੁੰਦੇ ਰਹੇ ਜੁਲਮ ਹੋਣ ਕਾਰਨ ਉਨਾ੍ਹਂ ਦੀਆਂ ਆਤਮਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਲੰਮਾਂ ਸਮਾਂ ਚਾਹੀਦਾ ਸੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਜੋਤ ( ਵਿਚਾਰਧਾਰਾ ) ਨੇ ਦੱਸ ਜਾਮਿਆਂ ਰਾਹੀਂ ਤਕਰੀਬਨ 230 ਸਾਲ ਆਤਮਾ ਨੂੰ ਸੁਰਜੀਤ ਕਰਨ ਲਈ ਉਪਰਾਲਾ ਕੀਤਾ।
ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਮਰ ਚੁੱਕੀ ਆਤਮਾਂ ਨੂੰ ਜਿਵਾਉਂਣ ਲਈ ਉਦਮ ਅੰਰਭਿਆ ਤੇ ਆਖਿਆ ਕਿ ਜੇ ਤੁਸੀਂ ਸਿੱਖੀ ਮਾਰਗ ‘ਤੇ ਚੱਲ ਕੇ ਆਪਣੀ ਆਤਮਾ ਦਾ ਜੀਉਂਦੇ ਜੀਅ ਅਕਾਲ ਪੁਰਖ ਨਾਲ ਮੇਲ ਕਰਨਾ ਅਤੇ ਆਪਣੀ ਹੀਣਭਾਵਨਾ ਖੱਤਮ ਕਰਨੀ ਹੈ ਤਾਂ ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰੋ:
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਮ: 1, ਪੰਨਾ 1412)
ਇਸ ਦੇ ਨਾਲ ਹੀ ਉਹਨਾਂ ਆਪਣੇ ਪੈਰੋਕਾਰਾਂ ਨੂੰ ਅਕਾਲ ਪੁਰਖ ਵੱਲੋਂ ਬਖਸ਼ੇ ਕੇਸ ਨਾ ਕੱਟਣੇ ਤੇ ਉਨਾ੍ਹਂ ਦੀ ਸਫਾਈ ਵਾਸਤੇ ਕੰਘਾ ਰੱਖਣਾ ਦਾ ਨੀਯਮ ਪ੍ਰਚਾਰਿਆ। ਕੇਸਾਂ ਦੇ ਰੱਖਣ ਬਾਰੇ ਗੁਰੂ ਨਾਨਕ ਸਾਹਿਬ ਦੇ ਇਹਨਾਂ ਸ਼ਬਦਾਂ ਤੋਂ ਵੀ ਸਬੂਤ ਮਿਲਦੇ ਹਨ:
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥( ਮ:1, ਪੰਨਾ 567)
ਕਕੈ ਕੇਸ ਪੁੰਡਰ ਜਬ ਹੂਏ, ਵਿਣੁ ਸਾਬੂਣੈ ਉਜਲਿਆ ॥
ਜਮ ਰਾਜੇ ਕੇ ਹੇਰੂ ਆਏ, ਮਾਇਆ ਕੈ ਸੰਗਲਿ ਬੰਧਿ ਲਇਆ ॥( ਮ: 1, ਪੰਨਾ 432)
ਉਹਨਾਂ ਤੋਂ ਬਆਦ ਚੋਥੇ ਗੁਰੂ ਸਾਹਿਬਾਨ ਨੇ ਸਿੱਖ ਦੀ ਰਹਿਣੀ ਬਾਰੇ ਫੁਰਮਾਨ ਜਾਰੀ ਕੀਤਾ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥( ਮ:4, ਪੰਨਾ 305)
ਗੁਰੂ ਨਾਨਕ ਜੀ ਨੇ ਪੰਜਵੇਂ ਜਾਮੇ ਵਿੱਚ ਫਿਰ ਇਕ ਵਾਰ ਸਿੱਖਾਂ ਨੂੰ ਸੁਚੇਤ ਕਰਨ ਲਈ ਫੁਰਮਾਇਆ ਸੀ ਕਿ ਆਪਣੀ ਹਉਮੈ ਨੂੰ ਤਿਆਗ ਕੇ ਫਿਰ ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰੋ:
ਸਲੋਕ ॥ ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ, ਤਉ ਆਉ ਹਮਾਰੈ ਪਾਸਿ ॥1॥ (ਮ: 5, ਪੰਨਾ 1102)
ਛੇਵੇਂ ਜਾਮੇ ਵਿੱਚ ਗੁਰੂ ਨਾਨਕ ਜੀ ਨੇ ਵਿਚਰ ਕੇ ਸਿੱਖਾਂ ਨੂੰ ਕ੍ਰਿਪਾਨ ਰੱਖਣ ਦਾ ਪ੍ਰਚਾਰ ਕੀਤਾ । ਉਸ ਸਮੇਂ ਸਿੱਖ ਜ਼ੁਅੱਰਤ ਨਾਲ ਜਾਲਮਾਂ ਦਾ ਮੁਕਾਬਲਾ ਕਰਨ ਦਾ ਹੌਸਲਾ ਕਰਨ ਲੱਗ ਪਏ ਅਤੇ ਸਿੱਖਾਂ ਨੇ ਮੁਗਲਾਂ ਦੇ ਖਿਲਾਫ ਲੜਾਈਆਂ ਵੀ ਲੜੀਆਂ। ਜਿਨਾ੍ਹਂ ਵਿੱਚ ਅਪ੍ਰੈਲ 1634 ਈ: ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਾਲੀ ਥਾਂ ਵਿੱਖੇ ਹੋਈ ਜੰਗ ਖਾਸ ਵਰਨਣ ਯੋਗ ਹੈ। ਜਦੋਂ ਗੁਰੂ ਜੀ ਆਪਣੀ ਸਪੁੱਤਰੀ ਬੀਬੀ ਵੀਰੋ ਦੇ ਵਿਆਹ ਦੇ ਪ੍ਰਬੰਧ ਵਿੱਚ ਰੁਝੇ ਸਨ। ਫਿਰ ਨਾਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨਾਲ ਦਿਲੀ ਵਿੱਚ ਸ਼ਹੀਦੀ ਦੇਣ ਵਾਲਿਆਂ ਦੀਆਂ ਅਨੋਖੀਆਂ ਮਿਸਾਲਾਂ ਦੁਨੀਆਂ ਨੂੰ ਵੇਖਣ ਵਾਸਤੇ ਮਿਲੀਆਂ। ਇਹਨਾਂ ਕੁਰਬਾਨੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਸ ਸਮੇਂ ਜਿਹੜੇ ਲੋਕ ਸਿੱਖੀ ਵਿੱਚ ਸ਼ਾਮਲ ਸਨ ਉਹ ਪੂਰੀ ਤਰਾ੍ਹਂ ਚੜ੍ਹਦੀ ਕਲਾ ਵਿੱਚ ਸਨ।
ਸਿੱਖ ਧਰਮ ਦੀ ਨੀਂਹ ਭਾਵੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ ਵਿੱਚ ਰੱਖੀ ਸੀ, ਪਰ ਇਸ ਨੂੰ ਦੂਸਰੇ ਧਰਮਾਂ ਦੇ ਪੈਰੋਕਾਰਾਂ ਨਾਲੋਂ ਵੱਖਰੀ ਸਰੀਰਕ ਤੇ ਨਾਂਅ ਤੋਂ ਪਹਿਚਾਣੇ ਜਾਣਾ ਅਜੇ ਵੀ ਬਾਕੀ ਸੀ। ਮਿਸਾਲ ਦੇ ਤੌਰ ਤੇ ਜਿਵੇਂ ਇਸ ਸਮੇਂ ਸਿੱਖਾਂ ਵਿੱਚੋਂ ਬਣੇ ਨਿੰਰਕਾਰੀ, ਨਾਮਧਾਰੀਏ, ਅਕਾਲ ਪੁਰਖ ਦੀ ਹੋਂਦ ਤੋਂ ਮੁਨਕਰ ਕਾਮਰੇਡ ਤੇ ਰਾਧਾ ਸੁਆਮੀ ਆਪਣੇ ਨਾਂਅ ਨਾਲ ਅਜੇ ਵੀ ਸਿੰਘ-ਕੌਰ ਵਾਲਾ ਨਾਂਅ ਵਰਤਦੇ ਹਨ; ਇਵੇਂ ਹੀ ਉਸ ਸਮੇਂ ਸਿੱਖ ਵੀ ਹਿੰਦੂ ਅਤੇ ਮੁਸਲਮਾਨਾ ਵਾਲਾ ਪਹਿਲਾ ਨਾਂਅ ਹੀ ਵਰਤਦੇ ਸਨ।ਇਸ ਤਰਾ੍ਹਂ ਖਾਲਸਾ ਪੰਥ ਦੀ ਸਾਜਨਾ ਨਾਲ ਨਾਨਕ ਨਾਮ ਲੇਵਾ ਇਕ ਜਥੇਬੰਧਕ ਢਾਂਚੇ ਵਿੱਚ ਬੱਝ ਗਏ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਇਸ ਅੰਮ੍ਰਿਤ ਦੀ ਘਟਣਾ ਵਾਪਰਨ ਤੋਂ ਪਹਿਲਾਂ ਹਿੰਦੂ ਪਹਾੜੀ ਰਾਜਿਆਂ ਵੱਲੋ ਕੀਤੇ ਹਮਲਿਆਂ ਦਾ ਡੱਟਕੇ ਮੁਕਾਬਲਾ ਕੀਤਾ ਤੇ ਜਿੱਤਾਂ ਪ੍ਰਾਪਤ ਕੀਤੀਆਂ । ਇਹਨਾਂ ਵਿੱਚੋਂ ਪਹਿਲੀ ਲੜਾਈ ਭੰਗਾਣੀ ਦਾ ਯੁਧ ਬਹੁਤ ਮਸ਼ਹੂਰ ਹੈ। ਭਾਵੇਂ ਕੇ ਇਹ ਲੜਾਈਆਂ ਆਪਣੀ ਰੱਖਿਆ ਕਰਨ ਲਈ ਲੜਨੀਆਂ ਪਈਆਂ ਸਨ ਪਰ ਇਨਾ੍ਹਂ ਤੋਂ ਗੁਰੂ ਸਾਹਿਬ ਨੂੰ ਇਹ ਯਕੀਨ ਹੋ ਗਿਆ ਕਿ ਸਿੱਖ ਆਪਣੀ ਰੱਖਿਆ ਕਰ ਸਕਦੇ ਹਨ।
ਸਿੱਖਾਂ ਦਾ ਪ੍ਰਚਲਤ ਕਰਮਕਾਂਡਾਂ ਤੋਂ ਹੱਟਕੇ ਇਕ ਅਕਾਲ ਪੁਰਖ ਦੇ ਉਪਾਸ਼ਕ ਹੋਣ ਦਾ ਸਬੂਤ ਇਸ ਸਾਖੀ ਤੋਂ ਮਿਲਦਾ ਹੈ। ਆਖਦੇ ਹਨ ਕਿ ਇਕ ਪੰਡਤ ਸ਼ਨਿਚਰਵਾਰ ਗੁਰੂ ਸਾਹਿਬ ਕੋਲ ਆਇਆ ਤੇ ਆਖਣ ਲੱਗਾ, ” ਸ਼ਨਿਚਰ ਗ੍ਰਹਿ ਦੇ ਉਪਾਓ ਵਾਸਤੇ ਮੈਨੂੰ ਤੇਲ, ਮਾਹ ਤੇ ਲੋਹਾ ਦਾਨ ਕਰੋ”। ਗੁਰੂ ਸਾਹਿਬ ਨੇ ਸੋਚਿਆ, ਕੀ ਸਿੱਖ ਹਾਲੇ ਵੀ ਸ਼ੁਭ-ਅਸ਼ੁਭ, ਵਹਿਮ-ਭਰਮ, ਅੰਧ-ਵਿਸ਼ਵਾਸ ਅਤੇ ਕਰਮਕਾਂਡ ਤਾਂ ਨਹੀਂ ਫੱਸੇ ਪਏ ? ਇਹ ਜਾਣਨ ਵਾਸਤੇ ਗੁਰੂ ਜੀ ਨੇ ਪੰਡਤ ਨੂੰ ਕਿਹਾ, ਕਿ ਮੇਰੇ ਸਿੱਖ ਉਥੇ ਬੈਠੇ ਹਨ ਜਾ ਕੇ ਉਹਨਾਂ ਕੋਲੋ ਦਾਨ ਲੈ ਲਓ। ਜਦ ਪੰਡਤ ਸਿੱਖਾਂ ਕੋਲ ਗਿਆ ਤਾਂ ਸਿੱਖਾਂ ਨੇ ਆਪਣੇ ਕੋਲੋ ਦਾਨ ਦੇਣ ਦੀ ਬਜਾਏ ਸਗੋਂ ਉਸਦਾ ਤੇਲ,ਮਾਹ ਤੇ ਲੋਹਾ ਰੱਖ ਲਿਆ ਅਤੇ ਮਾਹ ਪੀਹਕੇ ਤੇਲ ਵਿੱਚ ਪਕੌੜੇ ਬਣਾਏ ਤੇ ਲੋਹੇ ਦੇ ਕੜੇ ਬਣਾਕੇ ਬਾਹਾਂ ਵਿੱਚ ਪਾ ਲਏ। ਇਹ ਸੱਭ ਕੁਝ ਵੇਖਕੇ ਗੁਰੂ ਜੀ ਖੁਸ਼ ਹੋਏ, ਕਿ ਹੁਣ ਮੇਰੇ ਸਿੱਖ ਹਿੰਦੂ ਪੁਜਾਰੀ ਜਮਾਤ ਵੱਲੋਂ ਪਾਏ ਅੰਧ-ਵਿਸ਼ਵਾਸਾਂ ਤੇ ਵਹਿਮਾਂ ਭਰਮਾਂ ਤੋਂ ਨਿਜ਼ਾਤ ਪਾ ਕੇ ਸਿਰਫ ਇਕ ਅਕਾਲ ਪੁਰਖ ਦੇ ਉਪਾਸ਼ਕ ਬਣ ਗਏ ਹਨ ਅਤੇ ਗੁਰਬਾਣੀ ਦੇ ਉਨ੍ਹਾਂ ਸ਼ਬਦਾਂ ‘ਤੇ ਪੂਰੇ ਉਤਰਦੇ ਹਨ: ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ ॥( ਪੰਨਾ 654 )
ਗੁਰੂ ਸਾਹਿਬ ਨੇ 29 ਮਾਰਚ 1699 ਈ: ਨੂੰ ਅਨੰਦਪੁਰ ਸਾਹਿਬ ਵਿਖੇ, ਕੇਸਗੜ੍ਹ ਦੇ ਅਸਥਾਨ ਤੇ ਵੈਸਾਖੀ ਵਾਲੇ ਦਿਨ ਇਕ ਵੱਡਾ ਇਕੱਠ ਕੀਤਾ। ਉਸ ਸਮੇਂ ਆਪ ਨੇ ਨੰਗੀ ਕ੍ਰਿਪਾਨ ਕੱਢ ਕੇ ਉੱਚੀ ਅਵਾਜ਼ ਵਿੱਚ ਆਖਿਆ: ” ਧਰਮ ਦੇ ਵਾਸਤੇ ਇਕ ਸਿਰ ਦੀ ਲੋੜ ਹੈ” ਕੋਈ ਹੈ ਗੁਰੂ ਦਾ ਸਿੱਖ ਜੋ ਸੀਸ ਭੇਟ ਕਰੇ”? ਉਸ ਸਮੇਂ ਲਾਹੌਰ ਵਾਸੀ ਭਾਈ ਦਇਆ ਰਾਮ ਨੇ ਆ ਕੇ ਗੁਰੂ ਅੱਗੇ ਸਿਰ ਭੇਟ ਕੀਤਾ। ਦੂਸਰੀ ਵਾਰੀ ਦਿੱਲੀ ਦਾ ਭਾਈ ਧਰਮ ਦਾਸ, ਫਿਰ ਦੁਆਰਕਾ ਦੇ ਭਾਈ ਮਹੋਕਮ ਚੰਦ, ਜਗਨਨਾਥ ਪੁਰੀ ( ਉਡੀਸਾ) ਦੇ ਭਾਈ ਹਿਮੰਤ ਰਾਇ ਲਾਂਗਰੀ ਅਤੇ ਬਿਦਰ ( ਕਰਨਾਟਕ) ਦੇ ਭਾਈ ਸਾਹਿਬ ਚੰਦ ਹੁਰਾਂ ਨੇ ਇਸ ਤਰਾ੍ਹਂ ਵਾਰੀ ਵਾਰੀ ਪੰਜਾ ਸਿਰਾਂ ਦੀ ਮੰਗ ਪੂਰੀ ਕੀਤੀ।
ਇਹ ਓਹੀ ਮੰਗ ਸੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਵਿੱਚ ਕੀਤੀ ਸੀ: ”ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ” ॥ ਉਸ ਸਮੇਂ ਗੁਰੁ ਜੀ ਨੇ ਸਿੱਖਾਂ ਨੂੰ ਆਪਣੀ ਹਉਮੈ ਹੰਕਾਰ ਛੱਡ ਕੇ ਗੁਰੂ ਜੀ ਦੀ ਸਿਖਿਆ ਲੈਣ ਦੀ ਗੱਲ ਕੀਤੀ ਸੀ ਪਰ ਇਸ ਸਮੇਂ ਹੱਥ ਵਿੱਚ ਕ੍ਰਿਪਾਨ ਸੀ। ਗੁਰੂ ਸਾਹਿਬ ਨੇ ਪਹਿਲੇ ਜਾਮੇ ਵਿੱਚ ਜਿਹੜਾ ਸਵਾਲ ਸਿੱਖਾਂ ਨੂੰ ਪਾਇਆ ਸੀ, ਉਸੇ ਦਾ ਹੀ ਦਸਵੇਂ ਜਾਮੇ ਵਿੱਚ ਇਮਤਿਹਾਨ ਲਿਆ ਜਾ ਰਿਹਾ ਸੀ। ਜਿਸ ਵਿੱਚ ਸਿੱਖ ਪੂਰੇ ਨੰਬਰ ਲੈਕੇ ਪਾਸ ਹੋਏ ਸਨ। ਗੁਰੂ ਸਾਹਿਬ ਨੇ ਇਹਨਾਂ ਪੰਜਾਂ ਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ। ਇਹਨਾਂ ਪੰਜਾਂ ਦੇ ਨਾਵਾਂ ਨਾਲ ਸਿੰਘ ”ਸ਼ਬਦ” ਲਾਇਆ। ਇਸ ਤਰਾ੍ਹਂ ਹੁਣ ਭਾਈ ਦਇਆ ਰਾਮ ਤੋਂ ਦਇਆ ਸਿੰਘ ਬਣ ਗਏ ਤੇ ਧਰਮ ਦਾਸ ਤੋਂ ਧਰਮ ਸਿੰਘ, ਮਹੋਕਮ ਚੰਦ ਤੋਂ ਮਹੋਕਮ ਸਿੰਘ, ਹਿੰਮਤ ਰਾਏ ਤੋਂ ਹਿੰਮਤ ਸਿੰਘ ਤੇ ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣ ਗਏ। ਇਹਨਾਂ ਪੰਜਾਂ ਨੂੰ ਪੰਜ ਪਿਆਰੇ” ਕਹਿ ਕੇ ਨਿਵਾਜ਼ਿਆ ਅਤੇ ਜਿਥੇ ਪਹਿਲਾਂ ਹੀ ਬਾਣੀ ਨਾਲ ਜੁੜੇ ਸਨ ਹੁਣ ਬਾਣੇ ਨਾਲ ਵੀ ਜੋੜਿਆ। ਫਿਰ ਰਹਿਤ ਮਰਯਾਦਾ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਚਾਰ ਮੁੱਖ ਕੁਰਹਿਤਾਂ ਤੋਂ ਵਰਜਿਆ। (1) ਕੇਸਾਂ ਦੀ ਬੇ-ਅਦਬੀ (2) ਕੁੱਠਾ ਨਾਂ ਖਾਣਾ (ਮੁਸਲਮਾਨਾਂ ਦੇ ਤਰੀਕੇ ਨਾਲ ਮਾਰਿਆ ਜਾਨਵਰ ਦਾ ਮਾਸ) (3) ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ ( ਭੋਗਣਾ) (4) ਤਮਾਕੂ ਦਾ ਵਰਤਣਾ ।
ਜਿਹੜੀ ਮਰਯਾਦਾ ਆਪ ਨੇ ਸਿੰਘਾਂ ‘ਤੇ ਲਾਗੂ ਕੀਤੀ ਸੀ, ਉਸਨੂੰ ਆਪਣੇ ਆਪ ‘ਤੇ ਵੀ ਲਾਗੂ ਕੀਤਾ।
ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪਾਹੁਲ ਲੈਣ ਵਾਲੇ ਪ੍ਰਾਣੀ ਵਾਸਤੇ ਕੁਝ ਪਹਿਲਾਂ ਤੋਂ ਚਲੇ ਆ ਰਹੇ ਕਕਾਰ ਤੇ ਕੁਝ ਉਸ ਸਮੇਂ ਲਾਗੂ ਕਰਕੇ ਇਹ ਪੰਜ ਕਕਾਰ ਲਾਜਮੀ ਕਰ ਦਿੱਤੇ।ਕੱਘਾ, ਕੜਾ, ਕ੍ਰਿਪਾਨ, ਕਛਹਿਰਾ, ਤੇ ਕੇਸ ਅਤੇ ਹਰੇਕ ਨਾਨਕ ਨਾਮ ਲੇਵਾ ਨੂੰ ਆਪਣੇ ਨਾਂਅ ਨਾਲ ਸਿੰਘ ਤੇ ਕੌਰ ਲਾਉਣ ਲਈ ਆਖਿਆ ਅਤੇ ਵਿਖਾਵੇ ਵਾਲੇ ਕਰਮਕਾਂਡਾਂ, ਵਹਿਮਾਂ-ਭਰਮਾਂ, ਪਾਖੰਡਾਂ ਤੇ ਅੰਧ-ਵਿਸ਼ਵਾਸਾਂ ਵਰਗੀਆਂ ਆਤਮਾ ਤੌਰ ‘ਤੇ ਗਿਰਾਵਟ ਲਿਆਉਣ ਵਾਲੀਆਂ ਲਾਹਨਤਾਂ ਨੂੰ ਆਪਣੇ ਨੇੜੇ ਨਾ ਢੁੱਕਣ ਦੇਣ ਲਈ ਉਪਦੇਸ਼ ਕੀਤਾ।ਇਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਸਿੱਖਾਂ ਦੇ ਪੰਜੇ ਕਕਾਰਾਂ ਵਿੱਚੋਂ ਕੋਈ ਵੀ ਚਿੰਨ ਨਹੀਂ ਹੈ .
ਗੁਲਾਮ ਮੁਹੀਮ-ਉਦ-ਦੀਨ ਅਨੁਸਾਰ, 20,000 ਪ੍ਰਾਣੀਆਂ ਨੇ ਕੁਝ ਦਿਨਾਂ ਵਿੱਚ ਅੰਮ੍ਰਿਤ ਛਕ ਲਿਆ। ਡਾ. ਗੰਡਾ ਸਿੰਘ ਅਨੁਸਾਰ ਇਹ ਗਿਣਤੀ ਛੇਤੀ ਹੀ 80,000 ਤੱਕ ਹੋ ਗਈ । ਇਸ ਤੋਂ ਇਹ ਸਿੱਧ ਹੈ ਕਿ ਸਿੱਖ ਪਹਿਲਾਂ ਹੀ ਕੇਸਾਧਾਰੀ ਸਨ। ਅੱਜ ਅਸੀਂ ਜਿਸ ਨੂੰ ਅੰਮ੍ਰਿਤ ਛੱਕਣਾ ਆਖਦੇ ਹਾਂ, ਉਸ ਸਮੇਂ ਇਸ ਨੂੰ ਖੰਡੇ ਬਾਟੇ ਦੀ ਪਾਹੁਲ ਆਖਦੇ ਸਨ।
ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਵਾਲੀ ਮਹੱਤਵਪੂਰਨ ਘਟਣਾ ਦੇ ਨਾਲ ਦੋ ਸਾਖੀਆਂ ਸਾਡੇ ਪ੍ਰਚਾਰਕ ਬੜੇ ਫ਼ਖਰ ਨਾਲ ਸੁਣਾਉਂਦੇ ਹਨ ਤੇ ਸਿੱਖ ਵੀ ਬਿਨ੍ਹਾ ਸੋਚੇ ਸਮਝੇ ਸੁਣਾਉਣ ਵਾਲੇ ਪ੍ਰਚਾਰਕਾਂ ‘ਤੇ ਦਿਆਲ ਹੋ ਕੇ ਪੈਸੇ ਦੇਣ ਲੱਗ ਪੈਂਦੇ ਹਨ ਪਰ ਇਹ ਨਹੀਂ ਵਿਚਾਰਦੇ ਕਿ ਇਹ ਗੱਲ ਗੁਰੂ ਸਾਹਿਬਨ ਜਾਂ ਸਿੱਖਾਂ ਦੀ ਸ਼ਾਨ ਵਧਾਉਣ ਦੇ ਹੱਕ ਵਿੱਚ ਜਾਂਦੀ ਹੈ ਜਾਂ ਉੱਲਟ ? ਜਿਵੇਂ ਆਖਦੇ ਹਨ ਕਿ ਗੁਰੂ ਜੀ ਅੰਮ੍ਰਿਤ ਤਿਆਰ ਕਰਨ ਸਮੇਂ ਪਤਾਸੇ ਪਾਉਣਾ ਭੁੱਲ ਗਏ ਸਨ ਅਤੇ ਮਾਤਾ ਸਾਹਿਬ ਕੌਰ ਜੀ ਨੇ ਆ ਕੇ ਪਾਏ। ਹੈਰਾਨੀ ਹੁੰਦੀ ਹੈ ਇਹੋ ਅਜਿਹੀਆਂ ਗੱਲਾਂ ਸੁਣਕੇ, ਕਿ ਜਿਹੜੇ ਗੁਰੂ ਸਾਹਿਬ ਨੇ ਏਡੀ ਵੱਡੀ ਸਕੀਮ ਤਹਿਤ ਕੰਮ ਕਰ ਰਹੇ ਸਨ, ਉਹ ਪਤਾਸੇ ਪਾਉਣੇ ਕਿਵੇਂ ਭੁੱਲ ਸਕਦੇ ਹਨ ? ਦੂਸਰੇ ਪਾਸੇ ਆਖਦੇ ਹਨ ਕਿ ਗੁਰੂ ਸੱਭ ਜਾਣੀ ਜਾਣ ਹੈ। ਕੀ ਅਸੀਂ ਅਜਿਹਾ ਪ੍ਰਚਾਰ ਕਰਕੇ ਗੁਰੂ ਸਾਹਿਬ ਦੀ ਸਿਫਤ ਕਰ ਰਹੇ ਹੁੰਦੇ ਹਾਂ ? ਗੁਰਬਾਣੀ ਦਾ ਇਹ ਫ਼ੁਰਮਾਨ ਹੈ:
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥( ਮ:1, ਪੰਨਾ 61 )
ਇਸ ਦੇ ਨਾਲ ਸੰਬੰਧਤ ਹੀ ਇਕ ਹੋਰ ਸਾਖੀ ਸੁਣਾਉਦੇ ਹਨ ਕਿ ”ਜਦੋਂ ਅੰਮ੍ਰਿਤ ਤਿਆਰ ਹੋਇਆ ਤਾਂ ਬਾਟੇ ਵਿੱਚੋਂ ਦੋ ਚਿੱੜੀਆਂ ਨੇ ਥੋੜਾ ਥੋੜਾ ਪੀ ਲਿਆ । ਉਸ ਮਗਰੋਂ ਦੋਵੇ ਚਿੱੜੀਆਂ ਆਪਸ ਵਿੱਚ ਲੜ-ਲੜ ਕੇ ਮਰ ਗਈਆਂ । ਇਹ ਵੇਖਕੇ ਗੁਰੂ ਸਾਹਿਬ ਨੇ ਮਾਤਾ ਜੀ ਵੱਲੋਂ ਲਿਆਂਦੇ ਪਤਾਸੇ ਬਾਟੇ ਵਿੱਚ ਪਾਏ ਤਾਂ ਕਿ ਸਿੱਖ ਅੰਮ੍ਰਿਤ ਛੱਕ ਕੇ ਆਪਸ ਵਿੱਚ ਨਾ ਲੜਨ”।
ਇਹ ਵੀ ਵਿਚਾਰਨ ਵਾਲੀ ਗੱਲ ਹੈ, ਕਿ ਅੰਮ੍ਰਿਤ ਦਾ ਮਤਲਬ ਉਹ ਚੀਜ਼ ਜਿਸ ਦੇ ਛੱਕਣ ਨਾਲ ਇਨਸਾਨ ਆਤਮਿਕ ਤੇ ਸਰੀਰਕ ਮੌਤ ਦੇ ਭੈਅ ਤੋਂ ਰਹਿਤ ਹੋ ਜਾਂਦਾ ਹੈ ਅਤੇ ਉਸ ਪ੍ਰਾਣੀ ਨੇ ਆਪਣੀ ਮਨਮੱਤ ਛੱਡਕੇ, ਗੁਰੂ ਵੱਲੋਂ ਦਿੱਤੀ ਸਿਖਿਆ ਅਨੁਸਾਰ ਜੀਵਨ ਜੀਣ ਦਾ ਢੰਗ ਅਪਣਾਉਣ ਦਾ ਪ੍ਰਣ ਕਰਨਾ ਹੁੰਦਾ ਹੈ। ਕੀ ਸਾਡੇ ਗੁਰੂ ਸਾਹਿਬ ਸਿੱਖਾਂ ਨੂੰ ਲੜਨ-ਝਗੜਨ ਵਾਲੇ ਬਣਾਉਦੇ ਸਨ ? ਵਿਚਾਰਨ ਵਾਲੀ ਗੱਲ ਹੈ ਕਿ ਅਜਿਹੀਆਂ ਸਾਖੀਆਂ ਸੁਣਾਉਣ ਵਾਲੇ ਸਿੱਖ ਧਰਮ ਦੇ ਦੋਸਤ ਹਨ ਜਾਂ ਦੁਸ਼ਮਣ ? ਗੁਰਬਾਣੀ ਦਾ ਅੰਮ੍ਰਿਤ ਬਾਰੇ ਇਹ ਫ਼ੁਰਮਾਨ ਹੈ: ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ ਸੇਵਿਐ ਰਿਦੈ ਸਮਾਣੀ ॥
ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥ ( ਮ:3, ਪੰਨਾ 118-119
ਕਈ ਕਥਾਕਾਰ ਅਤੇ ਲੇਖਕ ਤੰਬੂ ਵਿੱਚ ਗੁਰੂ ਸਾਹਿਬ ਤੇ ਪੰਜਾਂ ਸਿੱਖਾਂ ਵਿੱਚ ਕੀ ਹੋਇਆ ਬਾਰੇ ਆਪਣੀ ਮੱਤ ਅਨੁਸਾਰ ਕਿਆਸ ਆਈਆਂ ਕਰਦੇ ਰਹਿੰਦੇ ਹਨ। ਜੇ ਗੁਰੂ ਸਾਹਿਬ ਨੇ ਪੜ੍ਹਦਾ ਰੱਖਿਆ ਹੈ ਤਾਂ ਕਿਸੇ ਸਿੱਖ ਨੂੰ ਕੀ ਹੱਕ ਹੈ ਪੜ੍ਹਦੇ ਵਿੱਚ ਝਾਕਣ ਦਾ ? ਉਥੇ ਕੀ ਹੋਇਆ ਇਹ ਤਾਂ ਅਕਾਲ ਪੁਰਖ ਜਾਂ ਗੁਰੂ ਸਾਹਿਬ ਜਾਂ ਪੰਜ ਸਿੱਖ ਜਾਣਦੇ ਹਨ। ਗੁਰੂ ਸਾਹਿਬ ਨੇ ਜੋ ਭਾਣਾ ਵਰਤਾਇਆ ਸਾਨੂੰ ਉਸ ਨੂੰ ਮੰਨਣਾ ਚਾਹੀਦਾ ਹੈ। ਮਨਘੜ੍ਹਤ ਕਰਾਮਤੀ ਸਾਖੀਆਂ ਸੁਣਾਕੇ ਸਿੱਖਾਂ ਨੂੰ ਵਹਿਮੀ-ਭਰਮੀ ਤੇ ਅੰਧਵਿਸ਼ਵਾਸੀ ਨਹੀਂ ਬਣਾਉਣਾ ਚਾਹੀਦਾ।
ਕੀ ਵੈਸਾਖੀ ਦਾ ਸ਼ੁਭ ਦਿਹਾੜਾ ਮਨਾਉਣ ਵਾਲੇ ਸਾਡੇ ਧਾਰਮਿਕ, ਸਿਆਸੀ ਲੀਡਰ ਅਤੇ ਪ੍ਰਚਾਰਕ ਵਾਕਿਆ ਹੀ ਸਿੱਖੀ ਸਿਧਾਂਤ ਅਨੁਸਾਰ ਚੱਲਦੇ ਹਨ ? ਸੋਚਣ ਵਾਲੀ ਗੱਲ ਇਹ ਵੀ ਹੈ, ਕੀ ਅੱਜ ਆਪਣੇ ਆਪ ਨੂੰ ਖਾਲਸਾ ਤੇ ਸਿੰਘ ਅਖਵਾਉਣ ਵਾਲੇ ਵਾਕਿਆ ਹੀ ਸਿਰਫ ਅਕਾਲ ਪੁਰਖ ਦੇ ਉਪਾਸ਼ਕ ਹਨ ? ਕੀ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਲ ਕਿਸੇ ਸਾਧ ਦੀ ਲਿਖਤ ਨੂੰ ਗੁਰਬਾਣੀ ਦੱਸ ਕੇ ਤਾਂ ਨਹੀਂ ਪ੍ਰਚਾਰ ਰਹੇ (ਕੱਚੀ ਬਾਣੀ) ਜਾਂ ਅਖੌਤੀ ਦਸ਼ਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਜਾਂ ਮੱਥਾ ਤਾਂ ਨਹੀਂ ਟੇਕ ਰਹੇ ? ਸਾਨੂੰ ਅਜਿਹੇ ਕਰਮ ਆਪ ਨਾ ਕਰਨ ਅਤੇ ਅਜਿਹੇ ਕਰਮਾਂ ਦਾ ਪ੍ਰਚਾਰ ਕਰਨ ਵਾਲਿਆਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ।
ਸਾਨੂੰ ਵੈਸਾਖੀ ਵਰਗੇ ਪਵਿਤਰ ਤਿਉਹਾਰ, ਨਗਰ ਕੀਰਤਨ ਅਤੇ ਖਾਲਸਾ ਜਾਂ ਸਿੱਖ ਅਖਵਾਉਣਾ ਤਾਂ ਹੀ ਮੁਬਾਰਕ ਹਨ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ”ਸ਼ਬਦ ਗੁਰੂ” ਦੇ ਸੱਚੇ-ਸੁੱਚੇ ਗਿਆਨ ਦੀ ਰੋਸ਼ਨੀ ਅਨੁਸਾਰ ਆਪਣਾ ਜੀਵਨ ਜੀਣ ਦੀ ਕੋਸ਼ਿਸ਼ ਕਰੀਏ ਅਤੇ ਸਿਰਫ ਅਕਾਲ ਪੁਰਖ ਦੇ ਉਪਾਸ਼ਕ ਬਣੀਏ; ਨਾਂ ਕਿ ਸੂਰਜ, (ਸੰਗਰਾਂਦ) ਚੰਦ (ਮੱਸਿਆ, ਪੁੰਨਿਆਂ, ਪੂਰਨਮਾਸ਼ੀ) ਜਾਂ ਮੜੀਆਂ ਕਬਰਾਂ, ਨਾਰੀਅਲ ਅਤੇ ਮੌਲੀ ਦੇ ਧਾਗਿਆਂ ਦੇ ਪੁਜਾਰੀ ਬਣੀਏ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …