ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਘਿਰੇ ਹਨ ਵੈਦ
ਚੰਡੀਗੜ੍ਹ/ਬਿਊਰੋ ਨਿਊਜ਼
ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅੱਜ ਸੋਮਵਾਰ ਨੂੰ ਲੁਧਿਆਣਾ ਵਿਚ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਨੇ ਉਨ੍ਹਾਂ ਕੋਲੋਂ ਸਵਾਲਾਂ ਦੇ ਜਵਾਬ ਪੁੱਛੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਖਿਲਾਫ ਦਰਜ ਹੋਈ ਸ਼ਿਕਾਇਤ ਦੇ ਅਧਾਰ ’ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਵਿਜੀਲੈਂਸ ਨੇ ਉਨ੍ਹਾਂ ਦੀ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਰਿਹਾਇਸ਼ ਅਤੇ ਨਾਲ ਲਗਦੇ ਬੰਦ ਪਏ ਰੈਸਟੋਰੈਂਟ ਦੀ ਪੈਮਾਇਸ਼ ਕੀਤੀ ਸੀ। ਸਾਬਕਾ ਵਿਧਾਇਕ ਵੈਦ ਦੀ ਹੋਰ ਜਾਇਦਾਦ, ਜਿਸ ਵਿਚ ਇਕ ਰੈਸਟੋਰੈਂਟ ਤੇ ਬੈਂਕ ਬਣਿਆ ਹੋਇਆ ਹੈ, ਦੀ ਵੀ ਪੈਮਾਇਸ਼ ਕੀਤੀ ਗਈ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਰਿਹਾਇਸ਼ ਤੋਂ ਸ਼ਰਾਬ ਵੀ ਬਰਾਮਦ ਹੋਈ ਸੀ। ਇਸਦੇ ਚੱਲਦਿਆਂ ਵਿਜੀਲੈਂਸ ਨੇ ਅੱਜ 20 ਮਾਰਚ ਨੂੰ ਪੇਸ਼ੀ ਲਈ ਉਨ੍ਹਾਂ ਨੂੰ ਬੁਲਾਇਆ ਸੀ। ਵਿਜੀਲੈਂਸ ਦਾ ਮੰਨਣਾ ਹੈ ਕਿ ਸਾਬਕਾ ਵਿਧਾਇਕ ਵੱਲੋਂ ਬਣਾਈਆਂ ਗਈਆਂ ਇਮਾਰਤਾਂ ਵੀ ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਹਨ।