ਸੁਖਪਾਲ ਸਿੰਘ ਗਿੱਲ
ਅਤੀਤ ਤੋਂ ਵਰਤਮਾਨ ਤੱਕ ਕਿਸਾਨ, ਕਣਕ ਅਤੇ ਵਿਸਾਖੀ ਦਾ ਗੁੜ੍ਹਾ ਸਬੰਧ ਹੈ। ਵਿਸਾਖੀ ਕਣਕ ਦੇ ਜਰੀਏ ਪੰਜਾਬੀਆਂ ਦੀ ਮਾਣਮੱਤੀ ਵਿਰਾਸਤ ਹੈ।ਕਣਕ ਦੀ ਫਸਲ ਦੀ ਆਮਦ ਵਿੱਚ ਖੁਸ਼ੀ ਹੋਇਆ ਕਿਸਾਨ ਵਿਸਾਖੀ ਦੇ ਮੇਲੇ ਜਾਣ ਲਈ ਤੱਤਪਰ ਹੁੰਦਾ ਹੈ।ਕਣਕ ਪਰਿਵਾਰ ਨੂੰ ਛੇ ਮਹੀਨੇ ਦੀ ਉਡੀਕ ਤੋਂ ਬਾਅਦ ਗੁਰਬਤ ਵਿੱਚੋਂ ਬਾਹਰ ਕੱਢਦੀ ਹੈ। ਇਸ ਕਣਕ ਦੀ ਆਮਦ ਨਾਲ ਹੀ ਕਿਸਾਨੀ ਪਰਿਵਾਰਾਂ ਵੱਲੋਂ ਝੱਗੇ ਚਾਦਰੇ ਅਤੇ ਨਵੇਂ ਕੱਪੜੇ ਸਿਵਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ।ਕਣਕ ਦੀ ਫਸਲ ਦੀ ਆਮਦ ਤੋਂ ਇੱਕਤਰ ਪੈਸਾ ਹੀ ਕਿਸਾਨ ਦੀ ਜੇਬ ਨੂੰ ਹਰੀ ਕਰ ਕੇ ਵਿਸਾਖੀ ਜਾਣ ਦਾ ਚਾਅ ਚੜ੍ਹਾਉਂਦਾ ਹੈ।
ਹਰੀਕ੍ਰਂਾਤੀ ਤੋਂ ਪਹਿਲਾ ਕਣਕ ਦਾ ਚਾਅ ਵੱਧ ਸੀ ਪਰ ਤੋਰ ਤਰੀਕੇ ਮੱਠੇ ਸਨ। ਮਨੁੱਖੀ ਸ਼ਕਤੀ ਵੱਧ ਅਤੇ ਕਣਕ ਦੀ ਫਸਲ ਘੱਟ ਹੁੰਦੀ ਸੀ। ਬਿਨ੍ਹਾਂ ਪਾਣੀ ਤੋਂ ਕਣਕ ਦੀ ਫਸਲ ਹੁੰਦੀ ਸੀ ਜੋ ਕਿ ਵਿਸਾਖੀ ਤੋਂ ਪਹਿਲਾ ਹੀ ਕੱਟਣ ਲਈ ਤਿਆਰ ਹੋ ਜਾਂਦੀ ਸੀ। ਉਸ ਸਮੇਂ ਤੂੜੀ ਕੁੱਪਾਂ ਵਿੱਚ ਅਤੇ ਕਣਕ ਕੋਠੀਆਂ ਵਿੱਚ ਪਾ ਕੇ ਵਿਹਲਾਂ ਹੋਇਆ ਪੰਜਾਬੀ ਕਿਸਾਨ ਵਿਸਾਖੀ ਦੇ ਮੇਲੇ ਜਾਣ ਦੀ ਤਿਆਰੀ ਖਿੱਚਦਾ ਸੀ।ਅਠਾਰਵੀਂ ਸਦੀ ਵਿੱਚ ਲਾਲਾ ਧਨੀ ਰਾਮ ਚਾਤਰਿਕ ਨੇ ਕਿਸਾਨ ਅਤੇ ਵਿਸਾਖੀ ਦਾ ਨਕਸ਼ਾ ਇਉਂ ਕਲਮਬੰਦ ਕੀਤਾ ਸੀ:
”ਤੂੜੀ ਤੰਦ ਹਾੜੀ ਸਾਭ ਵੇਚ ਵੱਟ ਕੇ, ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ”
”ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ”
ਕਣਕ ਦੀ ਸੁਨਹਿਰੀ ਫਸਲ ਉੱਤੇ ਧਾਵਾ ਬੋਲ ਕੇ ਸਮੁੱਚੀ ਕਣਕ ਕੱਟੀ ਜਾਦੀ ਹੈ ਅਤੇ ਦਿਨਾਂ ਵਿੱਚ ਹੀ ਧਰਤੀ ਆਪਣੇ ਰੰਗ ਵਿੱਚ ਰੰਗੀ ਜਾਦੀ ਹੈ। ਵਿਹਲਾ ਜੱਟ ਕਣਕ ਦੇ ਥਕੇਂਵੇ ਤੋ ਤਰੋਤਾਜਾ ਹੋ ਕੇ ਵਿਸਾਖੀ ਦੇ ਮੇਲੇ ਨੂੰ ਜਾਦਾ ਹੈ।ਪਹਿਲੇ ਪਹਿਲ ਕਿਸਾਨ ਕੋਠੀ ਵਿੱਚੋ ਕਣਕ ਕੱਢ ਕੇ ਮਹਿਮਾਨ ਨਿਵਾਜੀ ਲਈ ਆਟਾ ਪਿਸਾਉਂਦਾ ਸੀ। ਕਿਸਾਨ ਦੇ ਬੱਚੇ ਵੀ ਕਣਕ ਦੀ ਰੋਟੀ ਨੂੰ ਦਿਨ ਤਿਉਹਾਰ ਤੇ ਹੀ ਖਾਂਦੇ ਸੀ।ਹਰੀਕ੍ਰਾਂਤੀ ਨੇ ਕਿਸਾਨ ਦੇ ਘਰ ਬਾਹਰ ਖੁਸ਼ਹਾਲੀ ਲਿਆ ਕੇ ਕਣਕ ਦੇ ਭੰਡਾਰ ਭਰ ਦਿੱਤੇ। ਨਤੀਜਾ ਕਿਸਾਨ ਆਤਮ ਨਿਰਭਰ ਹੋਇਆ ਅਤੇ ਕੇਂਦਰੀ ਪੂਲ ਵਿੱਚ ਪੰਜਾਬੀ ਕਿਸਾਨ ਦਾ ਵੱਡਾ ਹਿੱਸਾ ਕਣਕ ਜਾਦੀ ਹੈ।ਅੱਜ ਕਿਸਾਨ ਦੀ ਜਿਆਦਾ ਆਰਥਿਕਤਾ ਕਣਕ ਉੱਤੇ ਖੜ੍ਹੀ ਹੈ।ਇਸੀ ਹੁਲਾਰੇ ਵਿੱਚੋ ਵਿਸਾਖੀ ਦਾ ਚਾਅ ਉਪਜਦਾ ਹੈ।ਗੁਰਬਤ ਦੇ ਚੰਬੇ ਨੂੰ ਸਕੂਨ ਵੀ ਮਿਲਦਾ ਹੈ।ਭਾਵੇਂ ਸਮਾਂ ਬੀਤਣ ਤੋਂ ਬਹੁਤਾ ਕੁਝ ਬਦਲ ਜਾਂਦਾ ਹੈ। ਪਰ ਕਣਕ ਕਿਸਾਨ ਅਤੇ ਵਿਸਾਖੀ ਦਾ ਆਪਸੀ ਰਿਸ਼ਤਾ ਅੱਜ ਵੀ ਸਮੇਂ ਦਾ ਹਾਣੀ ਹੈ।ਸਾਹਿਤਕ ਪੱਖ ਵੀ ਤਿੰਨਾਂ ਦੇ ਸੁਮੇਲ ਅਤੇ ਸਹਿਯੋਗ ਨੂੰ ਜੋੜ ਕੇ ਰੱਖਦਾ ਹੈ।
ਅਠਾਰਵੀਂ ਸਦੀ ਤੋਂ ਹੁਣ ਤੱਕ ਇੱਕ ਫ਼ਰਕ ਜਰੂਰ ਹੈ ਉਦੋਂ ਬਿਨ੍ਹਾਂ ਪਾਣੀ ਤੋ ਮਾਰੂ ਕਣਕ ਹੁੰਦੀ ਸੀ ਜੋ ਕਿ ਘੱਟ ਅਤੇ ਅਗੇਤੀ ਪੱਕਦੀ ਸੀ। ਸਮੇਂ ਦੇ ਨਾਲ ਖੋਜਾਂ, ਤਕਨੀਕਾਂ ਅਤੇ ਸਾਧਨਾਂ ਨੇ ਬਦਲਾਅ ਲਿਆਂਦਾ ਹੈ।ਹੁਣ ਕਈ ਵਾਰ ਵਿਸਾਖੀ ਵਾਲੇ ਦਿਨ ਹੀ ਕਣਕ ਦੀ ਕਟਾਈ ਲਈ ਦਾਤੀ ਨੂੰ ਘੁੰਗਰੂ ਲੱਗਦੇ ਹਨ। ਘੋਲ, ਕਬੱਡੀਆਂ, ਜਲੇਬੀਆਂ ਅਤੇ ਮੇਲਣਾ ਦੀ ਤੋਰ ਦੇਖਣ ਵਾਲੀਆਂ ਵੰਨਗੀਆਂ ਨੇ ਵੀ ਰੁੱਖ ਬਦਲੇ ਹਨ। ਕਿਸਾਨ ਦੇ ਕਣਕ ਅਤੇ ਵਿਸਾਖੀ ਦੇ ਮੇਲੇ ਨਾਲ ਸੁਨੇਹ ਨੂੰ ਬਹੁਤਾ ਫਰਕ ਨਹੀਂ ਪਿਆ। ਕਾਰਨ ਇਹ ਹੈ ਜੇ ਕਿਸਾਨ ਹੈ ਤਾਂ ਕਣਕ ਹੈ, ਜੇ ਕਣਕ ਹੈ ਤਾਂ ਕਿਸਾਨ ਹੈ। ਇਸ ਲਈ ਇਸ ਨੂੰ ਪੱਕਣ ਦਾ ਵੇਲਾ ਵੀ ਵਿਸਾਖੀ ਉੱਤੇ ਟਿਕਿਆ ਹੋਇਆ ਹੈ।ਕਣਕ ਕਿਸਾਨ ਅਤੇ ਵਿਸਾਖੀ ਦਾ ਆਪਸੀ ਰਿਸ਼ਤਾ ਭਵਿੱਖ ਵਿੱਚ ਵੀ ਪੂਰੀ ਤਰ੍ਹਾਂ ਕਾਇਮ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਤਿੰਨੇ ਇੱਕ ਦੂਜੇ ਦੇ ਪੂਰਕ ਹਨ। ਇਹਨਾਂ ਦੀ ਆਪਸੀ ਨਿਰੰਤਰਤਾ ਅਤੀਤ ਤੋਂ ਵਰਤਮਾਨ ਅਤੇ ਵਰਤਮਾਨ ਤੋ ਭਵਿੱਖ ਨੂੰ ਜੋੜ ਕੇ ਰੱਖੇਗੀ।