ਮੇਰਾ ਇਕਬਾਲ
ਡਾ: ਰਛਪਾਲ ਗਿੱਲ
ਇਕਬਾਲ ਮੇਰਾ ਵੱਡਾ ਭਰਾ ਹੋਣ ਨਾਲੋਂ ਕਿਤੇ ਵੱਧ ਮਾਂ-ਬਾਪ, ਰਹਿਨਮਾ, ਮਾਰਗ-ਦਰਸ਼ਕ, ਉਸਤਾਦ, ਅਤੇ ਗੂੜ੍ਹਾ ਦੋਸਤ ਸੀ। ਉਹਨੇ ਮੇਰੀ ਬੋਲੀ ਨੂੰ ਚੰਡਿਆ, ਤਿਰਛਿਆ, ਅਤੇ ਸੁਨਿਹਰੀ ਚਮਕ ਦੀ ਕਲੀ ਕਰਕੇ ਹੁੰਦਲਹੇੜ ਬਣਾਇਆ। ਕਿਵੇਂ ਲਿਖਣਾ ਅਤੇ ਬੋਲਣਾ ਹੈ, ਇਹ ਵੱਲ ਵੀ ਉਹਨੇ ਮੇਰੇ ਜ਼ਹਿਨ ਦੇ ਸਲੀਕੇ ਨੂੰ ਗੁੜ੍ਹਤੀ ਦੇ ਰੂਪ ਵਿੱਚ ਦਿੱਤਾ। ਮੇਰੇ ਕਿਸੇ ਅੰਗਰੇਜ਼ੀ ਲਫ਼ਜ਼ ਦਾ ਗ਼ਲਤ ਉਚਾਰਣ ਸੁਣਨ-ਸਾਰ ਉਹ ਮੈਨੂੰ ਅਕਸਰ ਟੋਕ ਦਿੰਦਾ ਸੀ। “ਆਪਾਂ ਅਧਿਆਪਕ ਹਾਂ, ਗ਼ਲਤ ਉਚਾਰਣ ਆਮ ਆਦਮੀ ਦਾ ਤਾਂ ਚੱਲ ਸਕਦਾ ਹੈ, ਪਰ ਇੱਕ ਅਧਿਆਪਕ ਦਾ ਉਚਾਰਣ ਕਦੇ ਵੀ ਗ਼ਲਤ ਨਹੀਂ ਹੋਣਾ ਚਾਹੀਦਾ- ਕੰਪਿਊਟਰ ਦੀ ਵੈਬੱਸਟਰ ਡਿਕਸ਼ਨਰੀ ਵਿਚ ਇਹ ਲਫ਼ਜ਼ ਪਾ, ਅਤੇ ਉਚਾਰਣ ਘੱਟੋ ਘੱਟ ਦਸ ਵਾਰੀ ਸੁਣ!” ਮੈਨੂੰ ਲਗਿਆ ਜਿਵੇਂ ਇਹ ਹਦਾਇਤ ਦੇ ਕੇ ਉਹਨੂੰ ਕੋਈ ਅਗੰਮੀਂ ਸਰੂਰ ਆ ਗਿਆ ਹੋਵੇ!
ਉਹ ਮੇਰੇ ਨਾਲ਼ ਦਿਹਾੜੀ ਵਿਚ 10-12 ਫੋਨ ਕਰਕੇ ਸੁਖਾਵੀਆਂ-ਅਣ-ਸੁਖਾਈਆਂ ਵਾਪਰਦੀਆਂ ਘਟਨਾਵਾਂ, ਨਵੀਂ ਲਿਖੀ ਰਚਨਾ, ਅਤੇ ਦੋਸਤ-ਮਿੱਤਰਾਂ ਦੀਆਂ ਗੱਲਾਂ ਦੀ ਚਰਚਾ ਕਰਦਾ ਰਹਿੰਦਾ। ਸਹਿਮਤੀ/ਅਸਹਿਮਤੀ ਵਾਲ਼ੇ ਹਰ ਵਿਅਕਤੀ ਬਾਰੇ ਉਸਾਰੂ ਲਹਿਜ਼ੇ ਵਿੱਚ ਗੱਲਾਂ ਸਾਂਝੀਆਂ ਕਰਦਾ। ਉਹਦੀ ਸਭ ਤੋਂ ਵੱਡੀ ਖੂਬੀ ਸੀ: “ਮਦਦਗੀਰੀ”! ਜਦ ਕਦੇ ਵੀ ਕੋਈ ਆਪਣੀ ਮੁਸ਼ਕਲ ਲੈ ਕੇ ਇਕਬਾਲ ਨੂੰ ਮਿਲ਼ਦਾ, ਤਾਂ ਉਹ ਮਾਣ ਮਹਿਸੂਸ ਕਰਦਾ,
ਸਮੱਸਿਆਵਾਂ ਨੂੰ ਦੂਰ ਕਰਨ ਦੀ ਅੱਚਵੀ ਲੱਗ ਜਾਂਦੀ, ਅਤੇ ਹਰ ਹੀਲਾ ਵਰਤਕੇ ਉਹਨਾਂ ਦਾ ਹੱਲ ਲੱਭਣ ਦੀ ਠਾਣਕੇ ਤਨੋਂ-ਮਨੋਂ ਜੁਟ ਜਾਂਦਾ-ਮਸਲਨ, ਬੱਚਿਆਂ ਦੀਆਂ ਤਤਕਾਲ ਮੁਸ਼ਕਲਾਂ ਕਿ ਇੰਡੀਆ ਤੋਂ ਕੈਨੇਡਾ ਪਹੁੰਚੇ ਨਵੇਂ ਬੱਚੇ ਕਿੱਥੇ ਰਹਿਣ, ਕਿਸ ਦਿਸ਼ਾ ਵੱਲ ਜਾਣ, ਕਿਵੇਂ ਸੈਟਲ ਹੋਣ, ਦੋ-ਤਿੰਨ ਹਫ਼ਤੇ ਆਪਣੇ ਕੋਲ਼ ਫ੍ਰੀ ਰਹਿਣ ਦੀ ਪੇਸ਼ਕਸ਼ ਕਰਨੀ ਅਤੇ ਕੋਲ਼ ਰਖਣੇ ਵੀ ਆਦਿ! ਜਿੰਨੀ ਦੇਰ ਨਵੇਂ ਕੈਨੇਡਾ ਪਹੁੰਚੇ ਬੱਚੇ, ਸਕੂਲ ਜਾਣ ਤੋਂ ਪਹਿਲਾਂ ਰੁਜ਼ਗਾਰ ਹਾਸਿਲ ਕਰਕੇ ਆਪਣੀ ਕਮਾਈ ਕਰਨੀ ਸ਼ੁਰੂ ਨਾ ਕਰ ਦੇਣ, ਇਕਬਾਲ ਦੀ ਤਸੱਲੀ ਨਹੀਂ ਹੁੰਦੀ ਸੀ। ਅਤੇ ਉਹ ਊਣਾ-ਊਣਾ ਜਿਹਾ ਰਹਿੰਦਾ! ਉਹਦੇ ਘਰ ਵਿੱਚ ਜਾਣ-ਪਹਿਚਾਣ ਵਾਲ਼ੇ ਨਵੇਂ-ਪੁਰਾਣੇ ਵਿਦਿਆਰਥੀ ਆਪਣੀਆਂ ਅਸਾਈਨਮੈਟਾਂ ਨੂੰ ਦਰੁਸਤ ਕਰਵਾਉਣ ਲਈ ਕਤਾਰਾਂ ਵਿੱਚ ਖੜੋਤੇ ਮੈਂ ਕਈ ਵਾਰ ਦੇਖੇ। ਉਹ ਉਹਨਾਂ ਦੀ ਅੰਗਰੇਜ਼ੀ ਲਿਖਤ ਨੂੰ ਠੀਕ ਕਰਨ ਦੇ ਨਾਲ਼ ਨਾਲ਼, ਵਾਕ ਬਣਤਰ, ਅੱਖਰਾਂ ਦੀ ਚੋਣ, ਗਰਾਮਰ, ਅਤੇ ਪੈਰਾਗਰਾਫ਼ ਵਰਗੇ ਨੁਕਤਿਆਂ ਦੀ ਬੁਣਤੀ ਕਿਵੇਂ ਕਰਨੀ ਹੈ, ਇਹ ਸਾਰਾ ਕੁਝ ਬੜੀ ਤਫ਼ਸੀਲ ਨਾਲ਼ ਸਮਝਾਉਂਦਾ। ਬੱਚਿਆਂ ਦੀ ਅਜਿਹੀ ਮੁਫ਼ਤ ਸੇਵਾ ਕਰਨਾ ਉਹਦੇ ਸਹਿਯੋਗੀ- ਸੁਭਾਅ ਦੀ ਵਿਲੱਖਣਤਾ ਸੀ, ਅਤੇ ਅੰਗਰੇਜ਼ੀ ਜ਼ਬਾਨ ਪ੍ਰਤੀ ਅਭਿੱਜ ਮੋਹ! ਉਹ ਨੂੰ ਲਫ਼ਜ਼ਾਂ ਦੀ ਬੀਨ ਵਜਾਉਣ ਵਿੱਚ ਸਿਰੇ ਦੀ ਮੁਹਾਰਤ ਹਾਸਿਲ ਸੀ, ਅਤੇ ਉਹ ਲੋੜਵੰਦਾਂ ਦੀ ਮਦਦ ਕਰਨ ਵਾਲ਼ਾ ਇੱਕ ਦੀਵਾਨਾ “ਵਿਦਿਅਕ-ਯੋਗੀ” ਸੀ।ઠ
ਜਾਂਦਾ ਜਾਂਦਾ, ਨਵੰਬਰ 2016 ਵਿੱਚ, ਮੈਨੂੰ ਪ੍ਰੇਰਿਤ ਕਰਕੇ ਕਦੇ-ਕਿਦਾਈਂ ਕੁੱਝ ਨਾ ਕੁਝ ਲਿਖਣ ਦੀ ਸਾਹਿਤਕ ਭਲਵਾਨੀ-ਥਾਪਨਾ ਦੇ ਕੇ, ਇੱਕ ਚਿਣਗ ਲਾ ਗਿਆ! ” ਵੈਸੇ ਮੈਂ ਪੈਰੀਂ ਹੱਥ ਲਾਉਣ ਅਤੇ ਲਵਾਉਣ ਦੇ ਬਾਹਲ਼ਾ ਹੱਕ ਵਿਚ ਨਹੀਂ, ਪਰ ਕਿਉਂਕਿ ਤੂੰ ਮੇਰਾ ਛੋਟਾ ਭਰਾ ਹੈਂ, ਕਦੇ ਯਾਦ ਹੀ ਕਰ ਲਿਆ ਕਰੇਂਗਾ, ਇਸ ਲਈ ਤੂੰ ਜ਼ਰੂਰ ਮੇਰੇ ਪੈਰੀਂ ਹੱਥ ਲਾ, ਤਾਂਕਿ ਮੈਂ ਤੈਨੂੰ ਇੱਕ ਇਤਿਹਾਸਿਕ ਸੰਜੀਦਗੀ ਭਰਿਆ ਵੱਡੇ ਭਰਾ ਦਾ ਅਸ਼ੀਰਵਾਦ ਦੇ ਸਕਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰੀਆਂ ਸਾਰੀਆਂ ਛੋਟੀਆਂ-ਮੋਟੀਆਂ ਕਲਾਵਾਂ ਦਾ ਸੰਜੀਦਾ, ਅਤੇ ਸਮਝਦਾਰ ਸ਼ਰਧਾਲੂ ਹੈ। ਤੇਰੇ ਕੋਲ਼ ਹੁਣ ਲੋੜ ਮੁਤਾਬਿਕ ਵਕਤ ਵੀ ਹੈ, ਲਿਖਣ ਦੀ ਬਲ-ਬੁੱਧੀ, ਤਰੀਕਾ, ਸ਼ਬਦਾਵਲੀ, ਵਿਸ਼ੇ, ਅਤੇ ਤਜਰਬਾ ਵੀ ਹੈ। ਬਸ, ਲਿਖਣ ਵਿਚ ਜੁਟ ਜਾਹ ਹੁਣ੩..!” ਉਹਨੇ ਮੈਨੂੰ ਕਦੇ ਦੁਰਕਾਰਿਆ, ਫਿਟਕਾਰਿਆ, ਨਿਕਾਰਿਆ, ਅਤੇ ਵਿਸਾਰਿਆ ਨਹੀਂ, ਸਗੋਂ ਗਲ਼ ਲਾ ਕੇ ਹਮੇਸ਼ਾਂ ਸ਼ੰਗਾਰਿਆ, ਲਿਸ਼ਕਾਰਿਆ, ਨਿਖਾਰਿਆ, ਅਤੇ ਸੰਵਾਰਿਆ ਹੈ। ઠ ઠ ઠ
ਸੁਣਿਐਂ “ਭਾਈਆਂ ਵਰਗਾ ਪਿਆਰ ਨਹੀਂ ਜੱਗ ਵਿੱਚ, ਜੇ ਵਿੱਚ ਖਾਰ ਨਾ ਹੋਵੇ” ઠ੩.. ਇਕਬਾਲ ਇੱਕ ਸੱਚਾ-ਸੁੱਚਾ, ਸ਼ਰੀਫ਼, ਨੇਕ ਇਨਸਾਨ ਅਤੇ ਪੈਸੇ ਦਾ ਲੋਭੀ ਨਹੀਂ ਸੀ। ਉਮਰ ਭਰ ਅਸੀਂ ਦੋਨੋਂ ਹਰ ਦੁੱਖ-ਸੁੱਖ ਵਿੱਚ ਇੱਕ ਦੂਜੇ ਦੇ ਸਹਾਈ ਬਣੇ ਰਹੇ। ਔਖ-ਸੌਖ ਵਿੱਚ ਉਹਨੇ ਜਦ ਵੀ ਕਦੇ ਮੈਨੂੰ ਹਾਕ ਮਾਰੀ, ਮੈਂ ਭੱਜਿਆ ਭੱਜਿਆ ਉਹਦੇ ਵੱਲ ਗਿਆ, ਅਤੇ ਜ਼ਿੰਦਗੀ ‘ਚ ਜਦੋਂ ਵੀ ਉਹਨੇ ਮੈਨੂੰ ਕੋਈ ਸਵਾਲ ਪਾਇਆ, ਮੈਂ ਸ਼ਾਇਦ ਹੀ ਕਦੇ ਉਹਨੂੰ “ਨਾਂਹ” ਕਰਨ ਦੀ ਜੁਅਰਤ ਕੀਤੀ ਹੋਵੇ! ਅਖੀਰਲੇ ਮੁਸ਼ਕਲ, ਅਸਿਹ, ਅਤੇ ਪੀੜਾਂ ਲੱਦੇ ਵਖ਼ਤ ਵਿੱਚ, ਮੈਂ ਉਹਦਾ ਨਿੱਕਾ “ਆਗਿਆਕਾਰੀ ਭਾਈ” ਬਣਿਆਂ ਰਿਹਾ। ਇਕਬਾਲ ਦੇ ਅੰਤਲੇ ਸਾਹ ਤੱਕ, ਮੈਂ ਉਸ ਨਾਲ਼ ਕੀਤੇ ਨਿਗਰ ਬਚਨ, ਵਾਇਦੇ, ਬਣਾਏ ਮਜ਼ਬੂਤ ਸਾਥ, ਸਦੀਵੀ ਸੁਹਿਰਦਤਾ, ਅਤੇ ਇਮਾਨਦਾਰ ਭਰੱਪੇ ਨੂੰ ਤਿੜਕਣ, ਥਿੜਕਣ, ਖਿਸਕਣ, ਤੇ ਤਿਲਕਣ ਤੋਂ ਬਚਾ ਕੇ ਤਨੋਂ ਮਨੋਂ ਚਾਈ-ਚਾਈਂ ਨਿਭਾਇਆ!
ਜਦੋਂ ਉਹ ਆਪਣੇ ਅਖੀਰਲੇ ਸਮੇਂ, ਭੈੜੇ ਨਾ-ਮੁਰਾਦ ਰੋਗ ਨਾਲ਼ ਪੀੜਤ ਹੋਇਆ ਸਿਰ-ਤੋੜ ਸੰਘਰਸ਼ ਕਰ ਰਿਹਾ ਸੀ, ਤਿਲ਼ ਤਿਲ਼ ਹੋਕੇ ਤਿੜਕ ਰਿਹਾ ਸੀ, ਅਤੇ ਚਿੰਬੜੀ ਚੰਦਰੀ ਮਰਜ਼ ਨਾਲ਼ ਦਸਤਪੰਜਾ ਹੋ ਕੇ ਸੂਰਮਿਆਂ ਵਾਂਗ ਘੋਲ਼ ਘੁਲ਼ ਰਿਹਾ ਸੀ, ੩੩. ਅਫ਼ਸੋਸ!…….ਮੈਂ ਓਦੋਂ ਕੋਈ ਸੰਜੀਵਨੀ ਬੂਟੀ ਲਿਆਉਣ ਵਰਗੀ ਕਰਾਮਾਤ ਤਾਂ ਨਾ ਕਰ ਸਕਿਆ, ਪਰ ਉਸਦੇ ਕਿਰਦੇ ਸਾਹਾਂ ਨੂੰ ਥੰਮਣ ਦੀ ਕੋਸ਼ਿਸ਼ ਜ਼ਰੂਰ ਕਰਦਾ ਰਿਹਾ!
ਹਸਪਤਾਲ ਦੀ ਸਤਾਰਵੀਂ ਮੰਜ਼ਲ ਦੇ ਕਮਰਾ ਨੰਬਰ 1712 ਦੇ ਬਿਸਤਰੇ ਉੱਤੇ ਪਏ ਇਕਬਾਲ ਨੇ ਕਦੇ ਵੀ ਹਿੰਮਤ ਨਹੀਂ ਹਾਰੀ, ਨਾ ਹੀ ਉਹਦੇ ਬੁਲੰਦ ਹੌਸਲੇ ਵਿੱਚ ਕਿਸੇ ਕਿਸਮ ਦੇ ਸੰਸਾਰ ਛੱਡਣ ਦੇ ਡਰੂ-ਸ਼ੇਕ ਹੋਏ। ਨਾ ਰੋਇਆ-ਕੁਰਲਾਇਆ, ਅਤੇ ਨਾ ਹੀ ਕੋਈ ਬਹੁੜੀ-ਬਹੁੜੀ ਦੀ ਦੁਹਾਈ ਪਾਈ। ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਹੁਣ ਹਰ ਹਾਲਤ ਬੜੀ ਛੇਤੀ ਜੀਵਨ ਲੀਲਾ ਖ਼ਤਮ ਹੋ ਜਾਣੀ ਹੈ, ਉਹਨੇ ਫਿਰ ਵੀ ਦਿਲ ਨਹੀਂ ਛੱਡਿਆ, ਤੇ ਨਾ ਹੀ ਕੋਈ ਡਿੱਗੀ-ਹਾਰੀ ਗੱਲ ਕੀਤੀ। ਸਗੋਂ ਉਹ ਸਾਨੂੰ ਆਖਦਾ, “ਮੌਤ ਕਿਹੜਾ ਸਾਹਮਣੇ ਰਾਹ ਰੋਕੀ ਖੜ੍ਹਾ ਕੋਈ ਬੰਦਾ ਹੈ, ਜੀਹਦੇ ਹੱਥ ਵਿੱਚ ਪਸਤੌਲ ਫੜਿਆ ਹੋਇਐ, ਅਤੇ ਉਸ ਤੋਂ ਬਚਣ ਲਈ ਮੈਂ ਕੰਧ ਉਹਲੇ ਹੋਜੂੰਗਾ।”੩..ਹੌਲ਼ੀ ਹੌਲ਼ੀ ਮੌਤ ਵੱਲ ਵੱਧ ਰਹੇ ਹਾਲਾਤਾਂ, ਅਤੇ ਸ਼ਰੀਰ ਦੇ ਕੁੱਝ ਸੋਹਲ ਅੰਗਾਂ ਦੇ ਅੰਙਣ ਵਿੱਚ ਭਿਆਨਕ ਮਾਰੂ ਰੋਗ ਦੇ ਸੈਲਜ਼ ਦੀ ਤੇਜ਼ੀ ਨਾਲ਼ ਉਸਰ ਰਹੀ ਛਾਉਣੀ ਤੋਂ ਪੂਰੀ ਤਰ੍ਹਾਂ ਜਾਣੂੰ ਹੁੰਦਿਆਂ ਹੋਇਆਂ, ઠਉਹਨੇ “ਜੰਮਣ-ਮਰਨ” ਨੂੰ ਜਗਤ ਦੀ ਸਭ ਤੋਂ ਵਧੀਆ “ਖੇਲ” ਆਖਿਆ। ਵੀਰ ਮੇਰੇ ਨੇ, ਕੁਦਰਤ ਉੱਤੇ ਮਿੱਠਾ ਜਿਹਾ ਗਿਲਾ ਕਰਦਿਆਂ ਏਨਾਂ ਕੁ ਜ਼ਰੂਰ ਕਿਹਾ ਕਿ ਹਾਲੀਂ ਮੈਂ ਲਿਖਣਾ ਬਹੁਤ ਕੁੱਝ ਸੀ, ਅਤੇ ਹੁਣ ਮੇਰੇ ਲਿਖਣ ਦੇ ਵਲਵਲੇ ਵੀ ਮੇਰੇ ਨਾਲ਼ ਹੀ ਹਵਾ ਬਣ ਜਾਣਗੇ! ਆਪਣੇ ਵੱਲੀਂ ਪਲ ਪਲ ਪੈਰ ਪਸਾਰ ਰਹੀ “ਜ਼ੋਰਾਵਰ-ਜਰਵਾਣੀ ਹੋਣੀ” ਦੇ ਘੋੜੇ (“ਚਾਰੇ ਕੰਧਾਂ ਚਾਹੇ ਹੋਵਣ ਸਖ਼ਤ ਸਟੀਲ ਦੀਆਂ, ਤਾਂ ਵੀ ਰੋਕ ਸਕਣ ਨਾ, ਹੋਣਹਾਰ ਦੇ ਘੋੜਿਆਂ ਨੂੰ” -ਬਾਪੂ ਪਾਰਸ ਜੀ) ਦੇ ਪੈਰਾਂ ਦੀ ਠੱਕ ਠੱਕ, ਉਹਨੂੰ ਢੱਡਾਂ ਅਤੇ ਸਾਰੰਗੀਆਂ ਵਿੱਚੋਂ ਨਿਕਲ਼ ਰਹੀ ਕੋਈ ਉਹਦੇ ਆਪਣੇ ਹੀ ਮਨ-ਪਸੰਦ ਦੀ ਵੱਜ ਰਹੀ ਵਿਸਮਾਦਿਕ ਧੁੰਨ ਲਗ ਰਹੀ ਸੀ!ઠ
ਇਹ ਜਾਣਦਿਆਂ ਕਿ ਉਹਦੇ ਵਗ ਰਹੇ ਸਾਹ ਬਸ ਹੁਣ ਚੰਦ ਕੁ ਦਿਨਾਂ ਦੇ ਮਹਿਮਾਨ ਹਨ, ਉਹਨੇ ਬੜੀ ਦਲੇਰੀ ਨਾਲ਼ ਆਪਣੀ ਆਖ਼ਰੀ ਇੱਛਾ ਪਰਿਵਾਰ ਨਾਲ਼ ਸਾਂਝੀ ਕੀਤੀ। ਉਹਨੇ ਖੱਬੇ ਹੱਥ ਨੂੰ ਥੋੜ੍ਹਾ ਜਿਹਾ ਉਪਰ ਚੁੱਕ ਕੇ ਕਿਹਾ, ਕੁੱਝ ਪਰਿਵਾਰਕ ਮੈਂਬਰਾਂ, ਅਤੇ ਕੁੱਝ ਦੋਖੀ ਦੋਸਤਾਂ, ਜਿਹਨਾਂ ਨੇ ਮੇਰੇ ਜਿਊਂਦਿਆਂ ਮੇਰੀ ਆਤਮਾ ਨੂੰ ਮੱਛੀ ਵਾਂਗੂੰ ਤਲ਼ਿਆ, ਮੇਰੇ ਸਵੈ-ਮਾਨ ਨੂੰ ਕੋਹ-ਕੋਹ ਕੇ ਜ਼ਖ਼ਮੀਂ ਕਰਕੇ ਭੁੰਨਿਆਂ, ਮੇਰੀ ਹੋਂਦ ਨੂੰ ਥੋਹਰ-ਕੰਡੀਆਂ ਜੀਭਾਂ ਦੀਆਂ “ਬਾਜ਼-ਚੁੰਝਾਂ” ਨਾਲ਼ ਨੋਚਿਆ, ਧੱਕੇ ਕੀਤੇ, ਅਤੇ ਧ੍ਰੋਹ ਕਮਾਕੇ ਮੇਰੇ ਉੱਤੇ ਮਾਨਸਿਕ ਕਹਿਰ ਢਾਹੇ,੩.ਜਦੋਂ ਉਹ ਮੇਰੇ ਮ੍ਰਿਤਕ ਸ਼ਰੀਰ ਉੱਤੇ ਫੁੱਲਾਂ ਦੀਆਂ ਚਾਰ-ਪੰਜ ਪੱਤੀਆਂ ਸੁੱਟਣਗੇ ਤਾਂ ਇਹ ਮੇਰੀ ਦੇਹ ਨੂੰ ਛੁਰੇ ਮਾਰਨ ਬਰੋਬਰ ਹੋਵੇਗਾ। ਇਸ ਲਈ ਉਹਨਾਂ ਨੂੰ ਮੇਰੀਆਂ ਅੰਤਮ ਰਸਮਾਂ ਤੋਂ ਦੂਰ ਹੀ ਰਖਿਆ ਜਾਵੇ ਤਾਂ ਚੰਗਾ ਹੋਵੇਗਾ! ਕਿਸੇ ਕਿਸਮ ਦੀ ਧਾਰਮਿਕ ਰਸਮ ਨਾ ਕੀਤੀ ਜਾਵੇ! ਮੇਰਾ ਭੋਗ ਨਾ ਪਾਇਆ ਜਾਵੇ, ਅਤੇ ਨਾ ਹੀ ਕੋਈ ਅਰਦਾਸ ਕਰਾਈ ਜਾਵੇ! ਸ਼ਹਿਨਾਈ ਦੀ ਮਾਤਮੀ ਧੁੰਨ, ਅਤੇ ਮੇਰੇ ਤੇ ਰਛਪਾਲ ਦੇ ਗਾਏ ਦੋ ਗੀਤ ਵਜਾਕੇ ਮੇਰੀ ਮ੍ਰਿਤਕ ਦੇਹ ਨੂੰ ਭੱਖ ਰਹੀ ਭੱਠੀ ਵੱਲ ਲੈ ਜਾਣਾ”!ઠ
ਮਤਲਬੀ ਮਿੱਤਰਾਂ ਅਤੇ ਨਜ਼ਦੀਕੀਆਂ ਦੀ ਤੁਲਨਾ ਉਹ “ਕੇਸੂ ਦੇ ਫੁੱਲਾਂ” ਨਾਲ਼ ਕਰਦਾ।ઠ
“ਗੁਣ ਤੋਂ ਬਾਝਾਂ ਰੂਪ ਨਿਕੰਮਾਂ, ਜਿਉਂ ਕੇਸੂ ਦੇ ਫੁੱਲ,
ਹਵਾ ਵਗੀ ਝੱੜ ਜਾਣਗੇ, ਕਿਸੇ ਨਹੀਂ ਲੈਣੇ ਮੁੱਲ।” (ਬਾਪੂ ਪਾਰਸ ਜੀ)
ਇਉਂ ਉਹ ਹਮੇਸ਼ਾਂ ਬੜੇ ਜ਼ੋਰ ਨਾਲ਼ ਕਹਿੰਦਾ ਕਿ ਜ਼ਿਆਦਾ ਕਰਕੇ ਗ਼ੈਰ-ਸੰਜੀਦਾ ਦੋਸਤੀਆਂ ਅਤੇ ਆਉਣੀਆਂ ਜਾਣੀਆਂ ਅਕਸਰ ਤੀਜੀ ਰੋਟੀ ਵਿਤੇ ਆ ਕੇ ਤਿੜਕ ਜਾਂਦੀਆਂ ਹਨ। ਕਿਉਂਕਿ, ਇਹਨਾਂ ਰਿਸ਼ਤਿਆਂ ਵਿੱਚ ਇਮਾਨਦਾਰੀ, ਸੁਹਿਰਦਤਾ, ਆਪਣਾ-ਪਣ, ਅਤੇ ਚਿਰੋਕਾ ਨਿਭਣ ਦੀ ਤਾਂਘ ਦੇ ਵਾਸੇ ਦੀ ਘਾਟ ਹੁੰਦੀ ਹੈ। ਇਹ ਤਾਂ ਸਿਰਫ ਆਰਜ਼ੀ ਜਜ਼ਬਾਤਾਂ ਦੀ ਹਨ੍ਹੇਰੀ ਹੁੰਦੇ ਹਨ। ਜੇਕਰ ਬਣਾਏ ਰਿਸ਼ਤਿਆਂ ਨੇ ਤੁਹਾਡੇ ਉਪਰ ਪਏ ਦੁੱਖਾਂ ਵਿੱਚ ਕੰਮ ਹੀ ਨਹੀਂ ਆਉਣਾ, ਤਾਂ ਫਿਰ ਭੋਗਾਂ, ਸ਼ਾਦੀਆਂ, ਜਨਮ-ਦਿਨਾਂ, ਅਤੇ ਮਕਾਨਾਂ ਦੀਆਂ ਚੱਠਾਂ ਵਿੱਚ ਹਾਜ਼ਰੀਆਂ ਭਰਨਾ ਫ਼ਜ਼ੂਲ ਹੈ, ਤੇ ਵਕਤ ਖ਼ਰਾਬ ਕਰਨਾ ਹੈ।
ਉਹ ਹਮੇਸ਼ਾ ਵਿਰੋਧੀਆਂ ਦੀਆਂ ਚੰਗੀਆਂ ਗੱਲਾਂ ਨੂੰ ਦਿਲੋਂ ਸਲਾਹੁੰਦਾ, ਪਲੇ ਬੰਨਦਾ, ਅਤੇ ਪ੍ਰਚਾਰਦਾ। ਜੇਕਰ ਕਿਤੇ ਜਾਣੇ-ਅਣਜਾਣੇ ਕਿਸੇ ਨਾਲ਼ ਥੋੜਾ ਬਾਹਲ਼ਾ ਮਨ-ਮੋਟਾਪਾ ਹੋ ਵੀ ਜਾਂਦਾ ਤਾਂ ਉਹ ਉਹਨਾਂ ਸੱਜਣਾ ਦੀ ਨਾ ਤਾਂ ਕਦੇ ਚੁਗਲੀ-ਨਿੰਦਿਆ ਕਰਦਾ, ਅਤੇ ਨਾ ਸੁਣਦਾ। ਜਦ ਵੀ ਕਿਤੇ, ਕਿਸੇ ਦੇ ਬੱਚੇ ਦੀ ਤਰੱਕੀ ਦੀ ਖ਼ਬਰ ਸੁਣਦਾ ਤਾਂ ਉਹਦਾ ਚਾਅ ਅਤੇ ਖੁਸ਼ੀ ਧਰੂ ਤਾਰੇ ਦੇ ਵਿਹੜੇ ਵਿਚ ਜਾਕੇ ਭੰਗੜੇ ਪਾ ਪਾ ਉਹਦੀ ਟੀਸੀ ਭੋਰ ਦਿੰਦੇ। ਉਹ ਹਮੇਸ਼ਾਂ ਟਿੱਚਰ-ਮਖੌਲ ਵੀ ਆਪਣੇ ਸਾਹਿਤਕ ਮਜਾਜ਼ ਅਤੇ ਲਹਿਜ਼ੇ ਵਿੱਚ ਹੀ ਕਰਦਾ।
ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀਆਂ ਗ਼ਲਤੀਆਂ ਨੂੰ ਬੜੀ ਹੀ ਬੇਬਾਕੀ ਨਾਲ਼ ਮੂੰਹ ਉਪਰ ਹੀ ਕਹਿ ਦੇਣ ਨੂੰ ਉਹ ਆਪਣੇ ਸਾਹਿਤਕ ਸੁਭਾਓ ਦੀ ਪ੍ਰਦਰਸ਼ਨੀ ਕਰਨ ਦੇ ਤੁਲ ਸਮਝਦਾ, ਜੋ ਕਿ ਜੀਹਨੂੰ ਕਿਹਾ ਜਾਂਦਾ ਉਹਨੂੰ ਸ਼ਾਇਦ ਚੰਗਾ ਨਾ ਲੱਗਦਾ ਹੋਵੇ। ਬਾਹਲ਼ੀ ਵਾਰ ਉਹ ਉਹਨਾਂ ਦੀ ਨਿਰਾਸਤਾ, ਨਿਰਾਜ਼ਗੀ, ਵਿਰੋਧ, ਅਤੇ ਗੁੱਸੇ ਨੂੰ ਪਾਣੀ ਵਾਂਗੂੰ ਪੀ ਜਾਣ ਵਿੱਚ ਹੀ ਬਿਹਤਰੀ ਸਮਝਦਾ। ਉਹਦਾ ਇਹ ਅਸੂਲ ਸੀ ਕਿ ਜੇ ਆਪਾਂ ਗ਼ਲਤ ਨੂੰ ਗ਼ਲਤ ਨਹੀਂ ਕਹਾਂਗੇ ਤਾਂ ਫਿਰ ਉਹਨੂੰ ਹੋਰ ਕੌਣ ਗ਼ਲਤ ਕਹਿਣ ਦੀ ਜੁਅੱਰਤ ਕਰੇਗਾ।
ਉਪ੍ਰੋਕਤ ਧਾਰਨਾ ਅਤੇ ਅਕੀਦੇ ਨੂੰ ਮੁੱਖ ਰੱਖਦਿਆਂ “ਬਾਪੂ ਜੀ ਪਾਰਸ” ਹੋਰਾਂ ਦੀ ਮੌਤ ਤੋਂ ਬਾਅਦ ਘਰ ਵਿੱਚ ਸਾਡੇ ਉਪਰ ਜਾਣ-ਬੁੱਝ ਕੇ ਬਣਾਏ ਅਤੇ ਠੋਸੇ ਗਏ ਅਣ-ਸੁਖਾਵੇਂ ਹਾਲਾਤਾਂ, ਅਤੇ ਸਾਡੇ ਨਾਲ਼ ਹੋਈ ਧੱਕੇ-ਸ਼ਾਹੀ ਤੇ ਬੇ-ਇਨਸਾਫੀ ਨਾਲ਼ ਨਜਿੱਠਣ ਲਈ, ਉਹਨੇ ਆਪਣੇ ਅੰਤਲੇ ਸਾਹਾਂ ਤੱਕ ਹੱਕ-ਸੱਚ ਅਤੇ ਅਸੂਲਾਂ ਦੀ ਲੜਾਈ ਇੱਕ ਜੂਝਾਰੂ ਦੀ ਤਰ੍ਹਾਂ ਲੜੀ। ਇੱਥੇ ਵੀ, ਬਾਵਜੂਦ ਇੱਕ ਕਥਿੱਤ ਰਾਜਨੀਤਿਕ-ਨਿਰਦਈ ਸ਼ਕਤੀ ਵੱਲੋਂ ਸਾਡੇ ਹਰ ਰਸਤੇ ਅਤੇ ਮੋੜ ਉੱਤੇ ਵਿਛਾਏ ਗਏ ਅਨੇਕਾਂ ਦੁਸ਼ਵਾਰੀਆਂ ਦੇ ਬੇ-ਸ਼ੁਮਾਰ ਤੱਤੇ ਭੱਖਦੇ ਲਾਲ-ਸੂਹੇ ਕੋਇਲੇ, ਅਤੇ ਕਚਿਹਰੀਏਂ ਰੋਲਣ ਦੇ ਝੂਠੇ ਬੁਣੇ ਜਾਲ਼ਾਂ ਅੱਗੇ ਸਾਡਾ “ਸੂਰਮਾ ਇਕਬਾਲ” ਬਿਲਕੁਲ ਝੁਕਿਆ ਨਹੀਂ।ઠ
ਕਿਉਂਕਿ, ਇਕਬਾਲ ਨੇ ਆਪਣੀ ਕਾਰਜ-ਸ਼ੈਲੀ ਅਤੇ ਜੀਵਨ ਇੱਕ ਖਾਸ-ਨਿਵੇਕਲ਼ੀ ਕਿਸਮ ਦੇ ਜ਼ਬਤ, ਸੰਜਮ, ਅਤੇ ਨੇਮਬੱਧਤਾ ਨੂੰ ਅਧਾਰ ਬਣਾ ਕੇ ਜਿਉਂਇਆਂ ਹੈ, ਇਸੇ ਲਈ ਅਸੂਲਾਂ ਦੇ ਰੇਸ਼ਮੀਂ ਧਾਗੇ ਅਤੇ ਸੱਚ ਦੀ ਸੂਈ ਨਾਲ਼ ਸਿਊਂਤਾ ਹੋਇਆ ਉਹਦਾ ਦ੍ਰਿੜ੍ਹ ਇਰਾਦਾ, ਜਿੱਥੇ ਅੱੜ ਜਾਂਦਾ, ਓਥੋਂ ਝੁੱਕਣਾ ਅਤੇ ਮੁੜਨਾ ਉਹਦੇ ਨਿੱਡਰ, ਅਡੋਲ, ਤੇ ਬੇਬਾਕ ਸੁਭਾਅ ਦਾ ਹਿੱਸਾ ਨਾ ਬਣ ਸਕਿਆ।
ਵੀਰ ਇਕਬਾਲ; ਨਿਧੱੜਕ ਹੋ ਕੇ ਗੱਲ ਕਹਿਣ ਦੀ ਸਮਰੱਥਾ, ਅਤੇ ਸਾਹਿਸ ਰਖਣ ਵਾਲ਼ਾ ਤਰਕਵਾਦੀ ਸੀ। ਜੋ ਸੱਚ ਲਗੇ ਉਹ ਝੱਟ ਮੂੰਹ ਉਤੇ ਹੀ ਕਹਿ ਦੇਣ ਦੀ ਜੁਅਰਤ ਅਤੇ ਦਲੇਰੀ ਕਰਨ ਵਾਲ਼ੀ ਪ੍ਰਤਿਭਾ ਦਾ ਮਾਲਕ ਸੀ। ਜਵਾਬਦੇਹ ਅਤੇ ਉਸਾਰੂ ਕਿਸਮ ਦੀ ਦਲੀਲ ਭਰਪੂਰ ਗ਼ਿਰਿਆਜ਼ਾਰੀ ਕਰਨ ਵਾਲ਼ਾ ਪੱਕਾ ਤਰਕਸ਼ੀਲ ਸੀ। ਉਹ ਸਹੀ ਹੱਕਾਂ ਦਾ ਮੁਦੱਈ ਬਣਕੇ ਕਲਮ ਨੂੰ ਆਪਣੇ ਵਿਚਾਰਾਂ ਦੀ ਸਹੇਲੀ ਬਣਾਕੇ, ਮੁੱਦਿਆਂ ਨਾਲ਼ ਹੱਥੋ-ਪਾਈ ਹੋਣ ਵਾਲ਼ਾ ਸਿਰੇ ਦਾ ਸਿਰੜੀ ਸਾਹਿਤਕ-ਜੁਝਾਰੂ ਸੀ।ઠ
ਇਕਬਾਲ ਯਾਰਾਂ ਦਾ ਅਲਬੇਲਾ ਅਤੇ ਕੋਹਿਨੂਰੀ ਦਿੱਖ ਮਾਰਨ ਵਾਲ਼ਾ ਯਾਰ ਸੀ। ਉਹਦੀ ਦੋਸਤੀ ਦੇ ਦਰੱਖ਼ਤ ਦੀਆਂ ਜੜ੍ਹਾਂ ਸਾਰੇ ਸੰਸਾਰ ਤੱਕ ਸੰਙਣੀਆਂ ਫੈਲੀਆਂ ਹੋਈਆਂ ਹਨ। ਭਾਵੇਂ ਕਿ ਕਈ ਵਾਰੀ ਵਿੱਚੋਂ ਵਿੱਚੋਂ ਇੱਕ-ਅੱਧੀ ਜੜ੍ਹ ਨੂੰ ਘੁਣਾ ਵੀ ਲਗ ਜਾਂਦਾ, ਪਰ ਫਿਰ ਵੀ ਉਹ ਉਸ ਸੁੱਕ ਰਹੀ ਜੜ੍ਹ ਨੂੰ ਹਰਿਆ-ਭਰਿਆ ਰਖਣ ਲਈ ਪੂਰਾ ਤਾਣ ਲਾ ਕੇ ਪਿਆਰ-ਸਤਿਕਾਰ ਦੀ ਪਿਊਂਦ ਚਾੜ੍ਹਨ ਦੀ ਕੋਸ਼ਿਸ਼ ਕਰਦਾ। ਉਹਨੂੰ ਦੋਸਤੀ ਨਿਭਾਉਣ ਦਾ ਵੱਲ ਆਉਂਦਾ ਸੀ। ਦੁਨੀਆਂ ਦੇ ਕਿਸੇ ਵੀ ਖਿਤੇ ਵਿੱਚੋਂ ਆਇਆ ਸਾਹਿਤਕਾਰ ਜਾਂ ਜਾਣ-ਪਹਿਚਾਣ ਵਾਲ਼ਾ ਸੱਜਣ, ਇਕਬਾਲ ਦੀ ਸਨੇਹ ਭਿੱਜੀ ਪ੍ਰਾਉਣਚਾਰੀ ਮਾਨਣ ਤੋਂ ਸ਼ਾਇਦ ਹੀ ਵਾਂਝਾ ਰਿਹਾ ਹੋਵੇ। ਘਰ ਵਿੱਚ ਆਏ ਮਿੱਤਰਾਂ ਸੱਜਣਾਂ ਦੀ ਲਗੀ ਮਹਿਫ਼ਲ ਦਾ ਲੁਤਫ਼ ਮਾਣਕੇ ਉਹ ઠਝੂੰਮਣ ਲਗ ਜਾਂਦਾ, ਅਤੇ ਉਹਨੂੰ ਚੇਹਾਂ ਚੜ੍ਹ ਜਾਂਦੀਆਂ। ਸ਼ਾਇਰੋ-ਸ਼ਾਇਰੀ ਕਰਦਿਆਂ ਜਦ ਉਹ ਆਪਣੀਆਂ ਰਚਨਾਵਾਂ ਨੂੰ ਤਰੱਨਮ ਵਿੱਚ ਗਾ ਕੇ ਰੰਗ ਬੰਨਦਾ ਤਾਂ ਅਕਸਰ ਸਾਰੇ “ਯਾਰਾਨਾ ਮੇਲੇ” ਨੂੰ ਲੁਟ ਲੈਂਦਾ, ਤੇ ਬੇਲੀਆਂ ਦੀ ਸ਼ਾਮ ਯਾਦਗਾਰੀ ਹੋ ਨਿਬੜਦੀ!ઠ
ਇਕਬਾਲ ਅਧਿਐਨ ਬਹੁਤ ਕਰਦਾ ਸੀ। ਦਿਨ ਅਤੇ ਰਾਤ ਦਾ ਬਹੁਤਾ ਹਿੱਸਾ ਲਿਖਣ ਅਤੇ ਪੜ੍ਹਨ ਵਿਚ ਹੀ ਗੁਜ਼ਾਰਦਾ। ਉਹ ਸਮੇਂ ਦੀ ਕਦਰ ਕਰਨੀਂ ਜਾਣਦਾ ਸੀ, ਅਤੇ ਅਕਸਰ ਲਿਖਤੀ ਰੁਝੇਵਿਆਂ ਵਿੱਚ ਬੜੀ ਸ਼ਿੱਦਤ ਨਾਲ਼ ਰੁਝਿਆ ਰਹਿੰਦਾ।
ਉਹਦੀ ਸਾਹਿਤ ਰਚਣ ਦੀ ਚੇਸ਼ਟਾ ਅਤੇ ਧੁੰਨ ਬੜੀ ਹੀ ਅਜੀਬ ਸੀ। ਉਹਨੇ ਪੁਲਿਸ ਮਹਿਕਮੇਂ, ਪਟਵਾਰੀ ਤੋਂ ਡੀ ਸੀ ਤੱਕ ਦੇ ਦਫ਼ਤਰਾਂ ਵਿੱਚ ਫੈਲਿਆ ਭ੍ਰਿੱਸ਼ਟਾਚਾਰ, ਪੰਜਾਬ ਦੀਆਂ ਅਦਾਲਤਾਂ ਵਿੱਚ ਖੁਦ ਹੱਡੀਂ-ਹੰਢਾਈ ਰਾਜਸੀ ਦਖਲ-ਅੰਦਾਜ਼ੀ, ਅਤੇ ਧੱਕੇਸ਼ਾਹੀ ਆਦਿ ਨੂੰ ਆਪਣੀਆਂ ਲਿਖਤਾਂ ਤੇ ਇੰਟਰਵਿਊਜ਼ ਵਿੱਚ ਰੱਜਕੇ, ਨੰਗੇ-ਧੱੜ, ਸ਼ਰੇਆਮ ਹੋਕਾ ਦੇ ਕੇ ਨਿੰਦਿਆ ਅਤੇ ਵਿਰੋਧ ਕੀਤਾ।ઠ
ਲਗਾਤਾਰ ਰੇਡੀਓ ਅਤੇ ਟੀ ਵੀ ਉੱਤੇ ਕਈ ਤਰ੍ਹਾਂ ਦੇ ਰਾਜਸੀ, ਸਮਾਜਿਕ, ਵਿਦਿਅਕ, ਸਰਕਾਰੀ ਤਸ਼ੱਦਦ, ਆਮ ਜਨਤਾ ਦੀ ਹੋ ਰਹੀ ਲੁੱਟ ਘਸੁੱਟ, ਸਿਆਸਤ ਵਿੱਚ ਆਏ ਨਿਘਾਰ, ਅਤੇ ਹੋਰ ਭੱਖਦੇ ਮਸਲਿਆਂ ਉਪਰ ਚਰਚਾ ਕਰਨੀਂ ਉਹਦਾ “ਇਨਸਾਨੀ ਧਰਮ” ਸੀ। ਹਕੂਮਤੀ ਅਤੇ ਧਰਮਾਂ ਦੇ ਤਾਣੇ ਬਾਣੇ ਵਿੱਚ ਆਈਆਂ ਬੁਰਿਆਈਆਂ ਤੇ ਗਿਰਾਵਟਾਂ ਉਹਦੇ ਲਿਖਾਰੀ-ਮਨ ਨੂੰ ਜ਼ਖ਼ਮੀਂ ਕਰਦੀਆਂ ਤੇ ਸਤਰਾਂ ਦਾ ਲਾਵਾ ਬਣਕੇ ਉਹਦੇ ਖਿਆਲਾਂ ਵਿਚ ਭਾਂਬੜ ਬਾਲ਼ਦੀਆਂ। ਆਪਣੇ ਇਹਨਾਂ ਉਬਲ਼ਦੇ ਜਜ਼ਬਾਤਾਂ ਨੂੰ ਕਲਮ ਦੇ ਮੂੰਹ ਰਾਹੀਂ ਖਿਲਾਰਨ ਅਤੇ ਬਿਖਾਰਨ ਲਈ ਉਹਨੇ ਕਦੇ ਵੀ ਅੱਕਣ ਅਤੇ ਥੱਕਣ ਦੀ ਬੁੱਕਲ਼ ਨੂੰ ਖਿਆਲਾਂ ਦੇ ਪਿੰਡੇ ‘ਤੇ ਵੱਜਣ ਨਹੀਂ ਸੀ ਦਿੱਤਾ। ਉਹ ਲੋਕ-ਪੱਖੀ ਵਿਚਾਰਧਾਰਾ ਅਤੇ ਜੁਝਾਰੂ ਖਿਆਲਾਂ ਦੀ ਕਾਵਿ-ਕਲਾ ਦੀ ਰਚਨਾ ਕਰਦਾ ਸੀ।
ਹੱਠ, ਹਿੰਡ, ਅੱਤੜਪੁਣਾ, ਫਿਰਕੂ ਸੋਚ, ਜਾਨੂੰਨ, ਅਤੇ ਕੱਟੜਤਾ ਨੂੰ ਉਹ ਹਜ਼ਾਰਾਂ ਫ਼ਨੀਅਰ ਸੱਪਾਂ ਦੀ ਜ਼ਹਿਰ ਭਰੀ ਪਿਚਕਾਰੀ ਮੰਨਦਾ ਸੀ। ਧਰਮ ਅਤੇ ਸਿਆਸਤ ਵਿੱਚ ਭੜਥੂ ਪਾਉਂਦੇ ਖ਼ਰੂਦੀ ਜਾਨੂੰਨ ਨੂੰ ਕਰਾਰੇ ਹੱਥੀਂ ਲੈਂਦਾ ਸੀ। ਇਸੇ ਕਰਕੇ ਇਕਬਾਲ ਨੇ ਨਾ ਤਾਂ ਆਪਣੀ ਸਧਰਾਂ ਨਾਲ਼ ਬਣਾਈ ਵਿਸ਼ਾਲ ਸਾਹਿਤਕ ਫੁਲਬਾੜੀ ਵਿੱਚ ਕੱਟੜਤਾ ਦੀ “ਕਾਂਗਿਆਰੀ ਬੂਟੀ” ਨੂੰ ਉੱਗਣ ਦਿਤਾ, ਅਤੇ ਨਾ ਹੀ ਨਫ਼ਰਤ ਫੈਲਾਊ ਤੇ ਅੱਗ ਉਗਲ਼ੂ ਲੂੰਬਿਆਂ ਦੇ ਨਾਗ਼ੀ ਵਿਚਾਰਾਂ ਨੂੰ ਖੁੱਡਾਂ ਪੁੱਟਣ ਦਿੱਤੀਆਂ।
ਪਹਿਲਾਂ, ਜਦੋਂ 2010 ਵਿੱਚ ਇਸ ਚੰਦਰੀ ਮਰਜ਼ ਨੇ ਇਕਬਾਲ ਦੇ ਸ਼ਰੀਰ ਵਿੱਚ ਬੜੀ ਚਲਾਕੀ ਨਾਲ਼ ਸੰਗਾਊ ਜਿਹਾ ਮਾਰੂ ਮੋਹ ਪਾਇਆ ਤਾਂ ਡਾਕਟਰਾਂ ਨੇ ਝੱਟ ਇਸ ਰੋਗ ਦਾ ਉਹਦੇ ਬਦਨ ਨਾਲੋਂ ਤੋੜ-ਵਿਛੋੜਾ ਕਰ ਦਿਤਾ। ਇਕਬਾਲ ਠੀਕ ਹੋ ਗਿਆ! ਉਹਨੇ ਇਸ ਅਲਾਮਤ ਦੇ ਓੜ-ਪੋੜ ਦੀ ਤਹਿ ਵਿੱਚ ਜਾਕੇ ਡੂੰਘੀ ਖੋਜ ਕੀਤੀ, ਅਤੇ ਸਤ ਵਰ੍ਹੇ ਇਹਦੀਆਂ ਖ਼ਤਰਨਾਕ ਹਰਕਤਾਂ ਨੂੰ ਆਪਣੇ ਨਜ਼ਦੀਕ ਫਰਕਣ ਤੱਕ ਨਾ ਦਿਤਾ। ਅਚਾਨਕ ਫਿਰ, ਫਰਵਰੀ 2017 ਵਿੱਚ, ਇਹ ਭਿਆਨਕ ਅਤੇ ਬੇ-ਇਲਾਜੀ ਬਿਮਾਰੀ ਆਪਣੀ ਘੂਕ ਨੀਂਦ ਵਿੱਚੋਂ ਐਸੀ ਜਾਗੀ ਕਿ ਡਾਕਟਰਾਂ ਦੀ ਵੀ ਕੋਈ ਵਾਹ ਨਾ ਚਲਣ ਦਿਤੀ, ਅਤੇ ਉਹ ਵੀ ਜੂਨ 17 ਦੀ ਮਨਹੂਸ ਸਵੇਰ ਨੂੰ ਹਾਰ ਗਏ।
ઠਸ਼ੁਰੂ ਤੋਂ ਅਖੀਰ ਤੱਕ ਸੁਖਸਾਗਰ ਭੈਣ ਜੀ ਨੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤਿਆ। ਇਸਦੇ ਰੋਕ-ਥਾਮ ਲਈ ਜਿੱਥੇ ਜਿਹੋ ਜੇਹੀ ਵੀ ਦਸ ਪੈਂਦੀ, ਉਹ ਝੱਟ ਉਸਨੂੰ ਵਰਤੋਂ ਵਿੱਚ ਲਿਆਉਂਦੇ। ਆਪਣੀ ਪਤਨੀ ਸੁਖਸਾਗਰ ਵਲੋਂ ਇਸ ਤਰ੍ਹਾਂ ਕੀਤੀ ਗਈ ਨਿਸ਼ਕਾਮ ਸੇਵਾ ਅਤੇ ਮਿਲ਼ੇ ਸਹਿਯੋਗ ਬਾਰੇ ਉਹਦਾ ਕਵੀ ਮਨ ਨ-ਝਿੱਜਕ ਹੋ ਕੇ ਆਖਦਾ ਹੈ ਕਿ “ਸਾਗਰ” ਸ਼ਾਇਦ ਮੈਂ ਦੁਨੀਆਂ ਦਾ ਪਹਿਲਾ ਅਜਿਹਾ ਪਤੀ ਹੋਵਾਂ ਜੋ ਤੇਰੇ ਵੱਲੋਂ ਉਮਰ ਭਰ ਕੀਤੀ ਗਈ ਦੇਖਭਾਲ਼, ਮਿਲ਼ੇ ਮਾਣ-ਸਤਿਕਾਰ, ਅਤੇ ਮੋਹ ਭਰੇ ਮਿਲ਼ਗੋਭੇ ਕਰਕੇ ਇਹ ਆਖਣ ਦੀ ਦਲੇਰੀ ਕਰ ਰਿਹਾਂ ਹੋਵਾਂ ਕਿ ਜਿੱਥੇ ਤੂੰ ਮੇਰੀ ਸੁਯੋਗ ਪਤਨੀ ਹੈਂ, ਉਥੇ ਨਾਲ਼ ਹੀ ਮੈਂ ਤੈਨੂੰ ਹੋਰ ਕਈ ਰੂਪਾਂ ਵਿਚ ਵਿਚਰਦੀ ਦੇਖਦਾ ਹਾਂ, ਜਿਵੇਂ ਕਿ ਤੂੰ ਮੇਰੀ ਮਾਂ, ਬਾਪ, ਦੋਸਤ,, ਬੇਟਾ, ਬੇਟੀ, ਭਰਾ ਅਤੇ ਭੈਣ ਵੀ ਹੋਵੇਂ!ઠ
ਜਦ ਉਹਦੇ ਘਰ ਦੋ-ਜੁੜਵੀਆਂ ਬੱਚੀਆਂ (ਸੁਖੀ-ਕਿਨੂੰ) ਨੇ ਪਹਿਲੀ ਕਿਲਕਾਰੀ ਦਾ ਰਾਗ ਅਲਾਪਿਆ ਤਾਂ ਜਨਮ ਤੋਂ ਪਹਿਲਾਂ ਮਾਂ ਦੇ ਪੇਟ ਵਿਚ ਪਲ਼ ਰਹੀਆਂ ਇਹਨਾਂ ਦੋ ਜਿੰਦੜੀਆਂ ਨੂੰ “ਨਜ਼ਮਾਂ” ਕਹਿਣ ਵਾਲ਼ਾ ਇਕਬਾਲ ਖੁਸ਼ੀ ਵਿਚ ਝੂੰਮਰਾਂ ਪਾਉਣ ਲਗਿਆ। ઠਬੱਚੀਆਂ ਨਾਲ਼ ਪਿਤਰੀ-ਰਿਸ਼ਤੇ ਦੀ ਸਾਂਝ ਨੂੰ ਮਜ਼ਬੂਤ ਕਰਨ ਲਈ ਉਹਨਾਂ ਦੇ ਹਰ ਜਾਇਜ਼ ਚਾਅ ਨੂੰ ਪੂਰਾ ਕਰਕੇ ਉਹ ਵਧੀਆ ਪਿਉ ਬਣਿਆ। ਇਕਬਾਲ ਨੇ ਘਰ ਵਿੱਚ ਸਦਾ ਹੀ ਪੰਜਾਬੀ ਮਾਹੌਲ ਨੂੰ ਬਰਕਰਾਰ ਰੱਖਿਆ। ਦੋਵੇਂ ਬੇਟੀਆਂ ਏਹਨੀ ਸੋਹਣੀ ਠੇਠ ਮਲਵੱਈ ਪੰਜਾਬੀ ਬੋਲਦੀਆਂ ਹਨ ਜਿਵੇਂ ਹੁਣੇ-ਹੁਣੇ “ਮੋਗੇ ਜਾਂ ਦੋਰਾਹੇ” ਤੋਂ ਆਈਆਂ ਹੋਣ! ਹਸਪਤਾਲ ਵਿਚ ਦਾਖਲ ਹੋਣ ਤੋਂ ਕਾਫੀ ਦੇਰ ਪਹਿਲਾਂ ਹੀ ਦੋਨਾਂ ਧੀਆਂ ਨੇ ਆਪਣੇ ਪਤੀਆਂ (ਡੈਕੀ-ਗਰਿਗ) ਸਮੇਤ ਇਸ ਬਿਮਾਰੀ ਦੇ ਕਹਿਰ ਤੋਂ ਬਾਪ ਦੀ ਜਾਨ ਬਚਾਉਣ ਲਈ “ਗੂਗਲ ਦੀਆਂ ਸੈਂਕੜੇ ਵੈਬ-ਸਾਈਟਸ” ਦਾ ਚੱਪਾ-ਚੱਪਾ ਫਰੋਲ਼ਕੇ ਪੂਰੀ ਛਾਣ-ਬੀਣ ਕੀਤੀ। ਮਨਹੂਸ ਰੋਗ ਦੇ ਇਲਾਜ ਦੀ ਖੋਜ ਅਤੇ ਮੈਡੀਕਲ ਖੇਤਰ ਵਿਚ ਆਈਆਂ ਨਵੀਆਂ ਤਕਨੀਕਾਂ ਦੀ ਭਾਲ਼ ਕਰਕੇ ਵਰਤੋਂ ਵਿੱਚ ਲਿਆਉਣ ਲਈ ਬੀਬੀਆਂ ਨੇ ਡਾਕਟਰਾਂ ਦੀ ਟੀਮ ਨਾਲ਼ ਰਾਬਤਾ ਬਣਾਈ ਰਖਿਆ। ਪਰ ਇਹ ਕੋਸ਼ਿਸ਼ਾਂ ਵੀ ਫਲ਼ ਨਾ ਦੇ ਸਕੀਆਂ। ਧੀਆਂ ਅਤੇ ਜੁਆਈਆਂ ਵੱਲੋਂ ਬੈਡ ਉੱਤੇ ਪਏ ਇਕਬਾਲ ਦੀ ਚੌਵੀ ਘੰਟੇ ਤੇ ਪਲ-ਪਲ ਕੀਤੀ ਗਈ ਦੇਖ-ਭਾਲ਼, ਟਹਿਲ-ਸੇਵਾ ਅਤੇ ਲਡਾਏ ਲਾਡ ਉਹਨੂੰ ਬੁਝ ਰਹੇ ਦੀਵੇ ਵਿਚ ਤੇਲ ਦੀ ਥਾਂ ਅੰਮ੍ਰਿਤ ਲੱਗਿਆ। ਉਹਨੇ ਭਾਵੁਕ ਹੋ ਕੇ ਆਖਿਆ,” ਬੇਟਾ! ਤੁਸੀਂ ਤਾਂ ਮੇਰੀਆਂ “ਸਰਵਣ ਧੀਆਂ ਹੋ।
ਦਰਅਸਲ, ਇਕਬਾਲ ਬਹੁ-ਪੱਖੀ ਕਲਾਵਾਂ ਦਾ ਵਗਦਾ ਇੱਕ ਸ਼ਾਂਤ ਸਾਗਰ ਸੀ। ਇਸੇ ਕਰਕੇ ਉਹਦੀ ਸ਼ਖ਼ਸੀਅਤ ਬਾਰੇ ਮਿੱਤਰਾਂ-ਸੱਜਣਾਂ ਦਾ ਨਜ਼ਰੀਆ ਵੀ ਵੱਖਰਾ ਵੱਖਰਾ ਹੈ। ਉਹਨੂੰ ਨੇੜਿਓਂ ਜਾਨਣ ਵਾਲ਼ੇ ਆਖਦੇ ਹਨ ਕਿ ਉਹ ਸੱਚਮੁੱਚ ਇਕ ਚੋਟੀ ਦਾ ਬੁਲਾਰਾ, ਤਜੱਰਬੇਕਾਰ-ਵਚਨਬੱਧ, ਅਤੇ ਪੇਸ਼ੇ ਨੂੰ ਸਮਰਪਿਤ ਮਿਹਨਤੀ ਅਧਿਆਪਕ ਸੀ। ਬਾਹਲ਼ਿਆਂ ਨੇ ਉਹਨੂੰ ਲਾ-ਜੁਵਾਬ ਸ਼ਾਇਰ, ਅਤੇ ਬੜਾ ਹੀ ਇਮਾਨਦਾਰ ਸਲਾਹਕਾਰ ਗਰਦਾਨਿਆਂ। ਕਈ ਉਹਦੀ ਸ਼ਲਾਘਾ ਵਿੱਚ ਇਹ ਖੁਲਾਸਾ ਕਰਦੇ ਹਨ ਕਿ ਉਹ ਇੱਕ ਗੰਭੀਰ ਗਾਈਡ, ਦੂਰ-ਅੰਦੇਸ਼ੀ ਦੋਸਤ, ਅਤੇ ਮਾਖਿਓਂ ਮਿੱਠਾ ਮਿਲਣਸਾਰ ਮਨੁੱਖ ਸੀ। ਗੈਹਰਾਈ ਨਾਲ਼ ਰਚਨਾਵਾਂ ਦੀ ਚੀਰ-ਫਾੜ ਕਰਨ ਵਾਲ਼ੇ, ਉਹਦੀਆਂ ਲਿਖਤਾਂ ਦਾ ਮੁੱਲਅੰਕਣ ਕਰਦਿਆਂ, ਇਕਬਾਲ ਨੂੰ ਵਿਸ਼ੇ ਦੇ ਗੁੱਡੇ ਦੀ ਡੋਰ ਨੂੰ ਘੁੱਟ ਕੇ ਫੜਨ ਵਾਲ਼ਾ, ਪਿੰਨ ਦੀ ਨਿੱਬ੍ਹ ਨਾਲ਼ “ਰੌਚਿਕਤੀ” ਰੰਗ ਰੰਗਣ ਵਾਲ਼ਾ ਲਲਾਰੀ, ਅਤੇ ਅਗਾਂਹ ਕੀ ਵਾਪਰੇਗਾ ਵਾਲ਼ੀ ਉਤਸੁਕਤਾ ਪੈਦਾ ਕਰਨ ਵਾਲ਼ੀ ਕਲਮ ਦਾ ਧਨੀ-ਲਿਖਾਰੀ ਕਹਿਕੇ ਨਿਵਾਜਦੇ ਹਨ। ਵੱਡੀ ਗਿਣਤੀ ਵਿੱਚ ਉਹਦੀਆਂ ਰਚਨਾਵਾਂ ਦੇ ਪ੍ਰੇਮੀ-ਪਾਠਕ, ਉਹਨੂੰ ਖੂਬਸੂਰਤ ਲਫ਼ਜ਼ਾਂ ਦੀ ਝੜੀ ਲਾ ਕੇ, ਵਾਕਾਂ ਦੇ ਗ਼ੁਲਦਸਤੇ ਵਿੱਚ ਸਜਾਕੇ, ਰੁਚੀ ਬਣੀ ਰਹੇ ਦੀ ਇਕਸਾਰਤਾ ਦਾ ਝੂਟਾ ਦੇ ਕੇ, ਲਿਖਤ ਨੂੰ ਮਨ-ਮੋਹਣਾ ਬਨਾਉਣ ਵਾਲ਼ਾ ਸ਼ਬਦ-ਘਾੜਾ ਮੰਨਦੇ ਹਨ। ਵਿੱਚ ਵਿੱਚ ਇਕਬਾਲ ਦੇ ਪ੍ਰਸ਼ੰਸਕ ਉਹਨੂੰ ਪੰਜਾਬੀ ਦਾ “ਸ਼ੈਕਸਪੀਅਰ” ઠਹੋਣ ਦੀ ਉਪਾਧੀ ਦੇ ਕੇ ਉਹਦੀ ਕਿਰਤ ਨੂੰ ਬਣਦਾ ਸਤਿਕਾਰ ਦਿੰਦੇ ਹਨ।ઠ
ਜਿੱਥੇ ਉਹ ਪਰਪੱਕ ਸਾਹਿਤਕਾਰ ਸੀ, ਉਥੇ ਉਹ ਸੁਰੀਲਾ ਗਵੱਈਆ ਵੀ ਸੀ। ਉਹਦੀ ਆਵਾਜ਼ ਵਿੱਚ ਲੋਹੜਿਆਂ ਦੀ ਮਿਠਾਸ, ਗਲ਼ੇ ਵਿੱਚ ਕਲਾਤਮਿਕ ਬਾਰੀਕੀਆਂ, ਅਤੇ ਰਸਦਾਇਕ ਉਤਰਾਅ-ਚੜਾਅ ਦੇ ਨਾਲ਼ ਨਾਲ਼ ਉਹਨੂੰ ਗਵਾਇਸ਼ ਤੇ ਸੁਰ-ਤਾਲ ਦੀ ਪੂਰੀ ਸਮਝ ਸੀ। ਉੱਚੀ ਸੁਰ ਵਿੱਚ ਰਸ-ਭਿੰਨਾ ਗਾਉਣਾ ਅਤੇ ਦਮਦਾਰ ਹੇਕਾਂ ਲਾਉਣੀਆਂ ਇਕਬਾਲ ਦੀ ਕਲਾਕਾਰੀ ਦਾ ਅਦ-ਭੁੱਤ ਨਮੂਨਾ ਸੀ। ਉਹ ਗ਼ਜ਼ਲ ਲਿਖਦਾ ਵੀ ਕਮਾਲ ਦੀ ਸੀ, ਅਤੇ ਗਾਉਂਦਾ ਵੀ ਭਿੱਜਕੇ ਰੂਹ ਨਾਲ਼ ਸੀ। ਕੁਦਰਤ ਵੱਲੋਂ ਉਹ ਤਕਰੀਬਨ ਹਰ ਕਿਸਮ ਦੇ ਸਾਜ਼ ਉਤੇ ਹੱਥ-ਅਜ਼ਮਾਈ ਕਰਨ ਦੇ ਸਮਰੱਥ ਵੀ ਸੀ।ઠ
ਮੈਂ ਦੇਖਿਆ ਹੈ ਕਿ ਉਹਦੇ ਮਨ ਅੰਦਰ ਅਗਾਂਹਵੱਧੂ ਖਿਆਲਾਂ ਦੇ ਵਾ-ਵਰੋਲ਼ੇ ਹਮੇਸ਼ਾਂ ਖੌਰੂ ਪਾਉਂਦੇ ਰਹਿੰਦੇ ਸੀ। ਗੱਲ ਕੀ, ਉਹ ਬਹੁਤ ਸਾਰੀਆਂ ਕਲਾਵਾਂ ਵਿੱਚ ਗੜੁੱਚ ਹੋਇਆ ਮਸਤ-ਫ਼ਕੀਰ ਜਿਹੀ ਤਬੀਅਤ ਦਾ ਨਿਰ-ਸੁਆਰਥ, ਖੁ-ਦਾਰ, ਅਤੇ ਮਾਨਵਤਾ ਦਾ “ਅਲਬੇਲਾ ਪੁਜਾਰੀ” ਇਨਸਾਨ ਸੀ।
ਅੰਗਰੇਜ਼ੀ ਵਿੱਚ ਕੈਨੇਡਾ ਦੀਆਂ ਵੱਖ-ਵੱਖ ਯੂਨੀਵਰਸਟੀਆਂ ਵਿੱਚੋਂ ਪ੍ਰਾਪਤ ਕੀਤੀਆਂ ਕਈ ਉੱਚ-ਡਿੱਗਰੀਆਂ ਦੀ “ਅਦਬੀ-ਸੂਝ ਬੂਝ” ਨੂੰ ਮਨ ਦੇ ਖੀਸੇ ਵਿਚ ਪਾ ਕੇ ਉਹ ਲਿਟਰੇਚਰ ਦਾ ਇੱਕ ਹੁਨਰੀ-ਕਾਰੀਗਰ ਬਣ ਗਿਆ। ਫਿਰ ਉਹਨੇ ਸੁਨਿਹਰੀ ਲਿਸ਼ਕ ਮਾਰਦੀਆਂ, ਸ਼ਬਦਾਂ ਦੀਆਂ “ਪਾਰਸ-ਛੋਹੀ” ਇੱਟਾਂ ਨਾਲ਼, 12 “ਕਿਤਾਬੀ-ਚੁਬਾਰਿਆਂ ਦੀ ઠਉਸਾਰੀ ਕੀਤੀ, ਅਤੇ ਹਰ “ਪੁਸਤਕੀ ਅਲਮਾਰੀ” ਵਿੱਚ ਸਾਹਿਤ ਦੇ ਤਕਰੀਬਨ ਸਾਰੇ ਰੂਪਾਂ ਦੀ ਸਜਾਵਟ ਕੀਤੀ, ਜਿਵੇਂ ਕਵਿਤਾ, ਕਹਾਣੀਆਂ, ਕਾਵਿ-ਨਾਟ, ਨਾਵਲ, ਸਵੈ-ਜੀਵਨੀ, ਖੁਲੇ ਲੇਖ, ਵਾਰਤਿਕ, ਅਖ਼ਬਾਰੀ ਐਡੀਟੋਰੀਅਲ ਅਤੇ ਹੋਰ ਬਹੁਤ ਕੁੱਝ। ਉਹ ਜਿੱਥੇ ਪੰਜਾਬੀ ਜ਼ਬਾਨ ਦਾ ਗਿਆਤਾ ਅਤੇ ਸ਼ਬਦ-ਭੰਡਾਰ ਦਾ ਸਮੁੰਦਰ ਸੀ, ਉਥੇ ਉਹਦੀ ਅੰਗਰੇਜ਼ੀ ਭਾਸ਼ਾ ਉਪਰ ਵੀ ਪਾਏਦਾਰ ਅਤੇ ਹੈਰਾਨੀ-ਜਨਕ ਪਕੜ ਸੀ। ਇਸ ਹਕੀਕਤ ਦੀ ਗਵਾਹੀ ਦੀ ਹਾਮੀਂ, ਇਕਬਾਲ ਦੇ ਅੰਗਰੇਜ਼ੀ ਵਿੱਚ ਲਿਖੇ ਦੋ ਨਾਵਲ, ਬਾਹਾਂ ਉਲਾਰ-ਉਲਾਰਕੇ ਭਰਦੇ ਨਹੀਂ ਥੱਕਦੇ।
ਸੱਚ ਹੈ ਕਿ ਆਪਾਂ ਸਾਰੇ ਇਨਸਾਨ ਹਾਂ, ਇਕਬਾਲ ਕੋਈ ਦੇਵਤਾ ਨਹੀਂ ਸੀ ਬਲਕਿ ਇੱਕ ਸਧਾਰਨ ਇਨਸਾਨਾਂ ਵਰਗਾ ਸਾਦ-ਮੁਰਾਦਾ ਜਿਹਾ ਅਨੁਭਵੀ ਮਨੁੱਖ ਸੀ। ਜੇਕਰ ਕਿਤੇ ਆਮ ਮਨੁੱਖਾਂ ਵਰਗੀ ਭੁੱਲ ਜਾਂ ਕਮਜ਼ੋਰੀ ਉਹਦੇ ਮਨ ਦੀ ਦਹਿਲੀਜ਼ ਉੱਤੇ ਆਕੇ ਖਿਆਲਾਂ ਦੇ ਦਰਵਾਜ਼ੇ ‘ਤੇ ਦਸਤਕ ਦੇ ਵੀ ਦਿੰਦੀ, ਤਾਂ ਉਹ ਆਪਣੇ ਪਰਿਵਾਰ, ਮੇਰੇ, ਅਤੇ ਮੇਰੀਆਂ ਭੈਣਾਂ ਨਾਲ਼ ਸਾਂਝੀਆਂ ਕਰਕੇ ઠਪਛਤਾਵੇ ਅਤੇ ਮੁਆਫੀ ਦੀ ਚਾਦਰ ਓੜ ਲੈਣ ਵਿਚ ਬਿਹਤਰੀ ਸਮਝਦਾ।
ਉਹ ਅਕਸਰ ਆਪਣੀ ਗ਼ਲਤੀ ਦਾ ਅਹਿਸਾਸ ਝੱਟਪੱਟ ਕਰ ਲੈਂਦਾ, ਅਤੇ ਬੜੇ ਹੀ ਸੁਘੜ ਜਿਹੇ ਸਾਹਿਤਕ ਬੋਲਾਂ ਵਿੱਚ ਮੁਆਫੀ ਦੀ ਦਰਖਾਸਤ ਦੇ ਦਿੰਦਾ। ਛੇਤੀ ਕੀਤੇ ਉਹ ਪਿਆਰ-ਸਤਿਕਾਰ ਵਿੱਚ ਚਿੱਬ ਨਹੀਂ ਪੈਣ ਦਿੰਦਾ ਸੀ। ਫਿਰ ਵੀ ਜੇ ਕਿਤੇ ਰਿਸ਼ਤਿਆਂ ਨੂੰ ਮਾੜੀ ਮੋਟੀ ਜ਼ਰਬ ਲਗ ਵੀ ਜਾਂਦੀ ਤਾਂ ਉਹ ਵਾਹ ਲਾਉਂਦਾ ਕਿ ਮਾਮਲਾ ਨਜਿੱਠ ਲਿਆ ਜਾਵੇ, ਪਰ ਹਮੇਸ਼ਾਂ ਸੱਚ ‘ਤੇ ਪਹਿਰਾ ਦਿੰਦਾ ਅਤੇ ਅਸੂਲਾਂ ਨਾਲ਼ ਸਮਝੌਤਾ ਨਹੀਂ ਸੀ ਕਰਦਾ। ਵਾਹ ਲਗਦੀ ਉਹ ਫਾਲਤੂ ਦੀ ਖ਼ਹਿਬਾਜ਼ੀ ਅਤੇ ਬਹਿਸਬਾਜ਼ੀ ਤੋਂ ਪ੍ਰਹੇਜ਼ ਕਰਦਾ ਤੇ ਪਾਸਾ ਵੱਟਕੇ ਛੇਤੀ ਹੀ ਕਿਨਾਰਾ ਕਰ ਲੈਂਦਾ। ਪਰ ਜਿੱਥੇ ਉਹਨੂੰ ਲਗੇ ਕਿ ਉਹ ਸਹੀ ਹੈ, ਫਿਰ ਓਥੋਂ ਉਹਦੇ ਅਣਖੀ ਸੁਭਾਅ ਦਾ ਜੂਲ਼ਾ ਪੁਟਣਾ ਡਾਢਾ ਮੁਸ਼ਕਲ ਹੋ ਜਾਂਦਾ।
ਨਿਰਸੰਦੇਹ, ਜਿੱਥੇ “ਬਾਪੂ ਜੀ ਪਾਰਸ” ਹੋਰਾਂ ਦੀ ਲਿਖਣ ਕਲਾ ਦੀ ਸਾਹਿਤਕ ਵਿਰਾਸਤ ਅਤੇ ਗਾਇਕੀ ਦੀ ਮਿਸ਼ਾਲ ਸਾਡੇ ਪਰਿਵਾਰ ਵਿੱਚੋਂ ਸਿਰਫ਼ ਇਕਬਾਲ ਦੇ ਹੱਥਾਂ ਨੇ ਹੀ ਪਕੜੀ ਤੇ ਉਹਨੇ ਇਸ ਜੋਤ ਨੂੰ ਰੌਸ਼ਨਾਈ ਵੀ ਰਖਿਆ, ਉਥੇ ਬਾਕੀ ਦੇ ਮੈਂਬਰ ਇਸ ਦਾਤ ਤੋਂ ਅਜੇ ਤੱਕ ਮਹਿਰੂਮ ਹੀ ਰਹੇ ਹਨ। ਉਹ “ਪਾਰਸ” ਪਰਿਵਾਰ ਵਿੱਚੋਂ ਸਭ ਤੋਂ ਸੁਣੱਖਾ, ਉੱਚਾ ਲੰਬਾ, ਗੁਣਾਂ, ਅਤੇ ਕਲਾਵਾਂ ਦੀ ਗੁੱਥਲੀ ਦੇ ਸਮੁੰਦਰ ਵਿੱਚੋਂ ਸਾਹਿਤਕ ਛੱਲਾਂ ਮਾਰਦਾ ਵਿਸ਼ਾਲ, ਤੇ ਅਮੁੱਕ ਖ਼ਜ਼ਾਨਾ ਸੀ।
ਇਕਬਾਲ ਮੈਥੋਂ ਦੋ ਸਾਲ ਵੱਡਾ ਸੀ। ਨਿੱਕੇ ਹੁੰਦਿਆਂ “ਬੇਬੇ” ਨੇ ਸਾਡਾ ਪਾਲਣ-ਪੋਸਣ ਇੱਕੋ-ਜਿਹਾ ਕੀਤਾ। “ਮਾਂ” ਹਮੇਸ਼ਾਂ ਸਾਨੂੰ ਮਿਲ਼ਦੇ-ਜੁਲ਼ਦੇ ਰੰਗਾਂ ਦੇ ਮੌਜੇ, ਖੇਸੀਆਂ, ਸਵਾਟਰਾਂ, ਝੱਗੇ-ਪਜਾਮੇਂ, ਪੱਗਾਂ, ਇੱਕੋ ਕੰਘੀ ਨਾਲ਼ ਵਾਲ਼ ਵਾਹਕੇ, ਸਿਰ ਦੇ ਵਿਚਾਲ਼ੇ ਤੇ ਦੋਨੀਂ ਪਾਸੀਂ ਪਤਲੀਆਂ-ਪਤਲੀਆਂ ਮੀਡੀਆਂ ਕਰਕੇ, ਅਤੇ ਸਿਰ ਦੇ ਜੂੜਿਆਂ ਉੱਤੇ ਇੱਕੋ ਜਿਹੇ ਰੁਮਾਲ ਬੰਨਕੇ ਆਪਣੀ ਮਮਤਾ ਦੇ ਰਜਕੇ ਲਾਡ ਲਡਾਉਂਦੀ। ਸਾਡੀਆਂ ਦੋਹਾਂ ਦੀਆਂ ਆਵਾਜ਼ਾਂ ਆਪਿਸ ਵਿੱਚ ਬਹੁਤ ਹੀ ਜ਼ਿਆਦਾ ਮਿਲ਼ਦੀਆਂ ਹਨ। ਬਾਹਲ਼ੀ ਵਾਰ ਸਾਡੀ ਮਾਂ ਵੀ ਟੈਲੀਫੋਨ ਉੱਤੇ ਗੱਲ ਕਰਦਿਆਂ ਭੁਲੇਖਾ ਖਾ ਜਾਂਦੀ ਸੀ ਕਿ ਦੋਹਾਂ ਵਿਚੋਂ ਕਿਹੜਾ ਬੋਲ ਰਿਹਾ ਹੈ।
ਇਕਬਾਲ ਨੂੰ ਛੋਟੇ ਹੁੰਦਿਆਂ ਘਰ ਵਿੱਚ “ਢੋਲ” ਕਹਿੰਦੇ ਸੀ। ਪਰ ਵਾਹ! ਬਲਿਹਾਰੇ ਜਾਈਏ ਕੁਦਰਤ ਦੇ ਅਜੀਬ ਰੰਗਾਂ ਦੇ ਜਿਹਨਾਂ ਨੇ ਇਸ ਗੁੰਮ-ਸੁੰਮ ਨਿੱਕੇ ਜਿਹੇ “ਢੋਲ” ਨੂੰ, ਵੱਖ ਵੱਖ ਕਲਾਵਾਂ ਦਾ ਐਸਾ ਅਦੁੱਤੀ ਵਰਦਾਨ ਦਿਤਾ ਕਿ “ਰਾਮੂੰਵਾਲ਼ੇ” ਦੇ ਨਿੱਕੇ ਜਿਹੇ ਘਰ ਦੇ ਤੰਗ ਵਿਹੜੇ ਵਿੱਚ ਰੁੜਦਾ-ਖੁੜਦਾ ਇਹ ਛੋਟਾ ਜਿਹਾ “ਬਾਲ-ਢੋਲ” ਵੱਡਾ ਹੋ ਕੇ ਆਪਣੀਆਂ ਕਲਾਤਮਿਕ ਖੂਬੀਆਂ ਨਾਲ਼ ਚਮਕਕੇ ਅਜਿਹਾ ਅਲੌਕਿਕ ਅਤੇ ਵਿਸਮਾਦੀ “ਨਗਾਰਾ ਬਣਕੇ ਗੂੰਜਿਆ ਕਿ ਜਿਸ ਦੀਆਂ ਧੁੰਨਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਸਾਹਿਤ-ਪ੍ਰੇਮੀਆਂ ਦੇ ਮਨਾਂ ਨੂੰ ਅੰਤਰ-ਮੁਗਧ ਕਰ ਦਿੱਤਾ।ઠ
ਮੇਰਾ ਲਾਡਲਾ ਭਰਾ- ਸ਼ਨਿਚਰਵਾਰ, ਜੂਨ 17, ਸਵੇਰੇ 7:10 ਉੱਤੇ, 71 ਸਾਲ 3 ਮਹੀਨੇ,ਅਤੇ 25 ਦਿਨ ਉੱਮਰ ਭੋਗਕੇ ਇਸ ਸੰਸਾਰ ਵਿੱਚੋਂ ਹਮੇਸ਼ਾ ਲਈ ਰੁਖ਼ਸਤ ਹੋ ਗਿਆ!ઠ
ਜਿਸ ਢੰਗ ਅਤੇ ਪੱਧਰ ਉੱਤੇ ਸੰਸਾਰ ਭਰ ਦੇ ਪੰਜਾਬੀ ਮੀਡੀਏ ਨੇ ਇਕਬਾਲ ਜੀ ਦੇ ਤੁਰ ਜਾਣ ਦੀ ਦੁਖ਼-ਦਾਇਕ ਖ਼ਬਰ ਨੂੰ ਨਸ਼ਰ ਕੀਤਾ, ਅਤੇ ਰੇਡੀਓ/ਟੀ ਵੀ ਪ੍ਰੋਗਰਾਮਾਂ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਇਹ ਆਪਣੇ ਆਪ ਵਿੱਚ ਇਹਨਾਂ ਅਦਾਰਿਆਂ ਦੀ ਇੱਕ ਸ਼ਲਾਘਯੋਗ ਮਿਸਾਲ ਬਣ ਗਿਆ ਹੈ। ਇਕਬਾਲ ਜੀ ਦੇ ਸਮੂਹ ਸ਼ੁੱਭ-ਚਿੰਤਕਾਂ ਵੱਲੋਂ ਅੰਤਮ ਰਸਮਾਂ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ, ਅਤੇ ਬਾਅਦ ਵਿੱਚ ਪ੍ਰਗਟਾਈ ਜਾ ਰਹੀ ਧਰਵਾਸ ਦਿਵਾਊ ਹਮਦਰਦੀ ਸਾਡੇ ਪਰਿਵਾਰਾਂ ਦੇ ਗ਼ਮ, ਪੀੜ, ਅਤੇ ਸਦਮੇਂ ਨੂੰ ਘਟਾਉਣ ਵਿੱਚ ਬਹੁਤ ਸਹਾਈ ਹੋ ਰਹੀ ਹੈ।
ਸੱਚਮੁਚ ਇਹੋ ਜਿਹਾ ਸੀ “ਮੇਰਾ ਇਕਬਾਲ!