ਨਵੀਂ ਦਿੱਲੀ : ਚੀਨ ਵੱਲੋਂ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ਵਿਚ ਪਾਬੰਦੀ ਸਬੰਧੀ ਅੜਿੱਕਾ ਡਾਹੇ ਜਾਣ ਦਾ ਭਾਰਤ ਨੇ ਮਾਮਲਾ ਚੁੱਕਿਆ। ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ਵਿਚ ਭਾਰਤੀ ਮੈਂਬਰਸ਼ਿਪ ਦਾ ਚੀਨ ਵੱਲੋਂ ਵਿਰੋਧ ਕੀਤੇ ਜਾਣ ਦੇ ਮਸਲੇ ‘ਤੇ ਵੀ ਚਰਚਾ ਹੋਈ। ਦੋਹਾਂ ਮੁਲਕਾਂ ਨੇ ਨਿਰਸਤਰੀਕਰਣ ਦੇ ਡਾਇਰੈਕਟਰ ਜਨਰਲਾਂ ਵਿਚਕਾਰ ਛੇਤੀ ਹੀ ਬੈਠਕ ਕਰਨ ‘ਤੇ ਸਹਿਮਤੀ ਜਤਾਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਗੱਲਬਾਤ ਦੌਰਾਨ ਫ਼ੈਸਲਾ ਲਿਆ ਗਿਆ ਕਿ ਦੁਵੱਲੇ ਸਬੰਧਾਂ ‘ਤੇ ਵਿਚਾਰ ਵਟਾਂਦਰੇ ਲਈ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਜਾਏਗੀ। ਕਰੀਬ ਤਿੰਨ ਘੰਟਿਆਂ ਤੱਕ ਹੋਈ ਬੈਠਕ ਦੌਰਾਨ ਸ੍ਰੀਮਤੀ ਸਵਰਾਜ ਨੇ ਮਕਬੂਜ਼ਾ ਕਸ਼ਮੀਰ ਵਿਚ ਚੀਨ-ਪਾਕਿਸਤਾਨ ਆਰਥਿਕ ਲਾਂਘੇ ‘ਤੇ ਭਾਰਤ ਦੇ ਤੌਖ਼ਲਿਆਂ ਤੋਂ ਵੈਂਗ ਨੂੰ ਜਾਣੂ ਕਰਵਾਇਆ। ਉਨ੍ਹਾਂ ਸਰਹੱਦ ‘ਤੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸ਼ਾਂਤੀ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਚੁਕਣ ਬਾਰੇ ਵਿਚਾਰ ਵਟਾਂਦਰਾ ਕੀਤਾ। ਸਰਕਾਰੀ ਸੂਤਰਾਂ ਨੇ ਕਿਹਾ ਕਿ ਐਨਐਸਜੀ ਵਿਚ ਭਾਰਤ ਦੀ ਮੈਂਬਰੀ ਨੂੰ ਲੈ ਕੇ ਲੰਬੀ ਗੱਲਬਾਤ ਹੋਈ। ਸਵਰਾਜ ਨੇ ਸਾਫ਼ ਊਰਜਾ ਟੀਚਿਆਂ ਦੀ ਮਹੱਤਤਾ ਦੀ ਵੀ ਜਾਣਕਾਰੀ ਦਿੱਤੀ ਅਤੇ ਕਿਸੇ ਵੀ ਤਕਨੀਕੀ ਨੁਕਤੇ ‘ਤੇ ਵਿਚਾਰ ਵਟਾਂਦਰੇ ਦੀ ਪੇਸ਼ਕਸ਼ ਕੀਤੀ। ਸੂਤਰਾਂ ਨੇ ਕਿਹਾ ਕਿ ਚੀਨ ਨੇ ਗੱਲਬਾਤ ਦੌਰਾਨ ਦੱਖਣੀ ਚੀਨ ਸਾਗਰ ਦਾ ਮੁੱਦਾ ਨਹੀਂ ਉਭਾਰਿਆ। ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਅਤੇ ਵੈਂਗ ਨੇ ਦੁਵੱਲੇ ਮੁੱਦਿਆਂ, ਖੇਤਰੀ ਅਤੇ ਆਲਮੀ ਵਿਕਾਸ ਅਤੇ ਬ੍ਰਿਕਸ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕੀਤੀ ਜੋ ਅਕਤੂਬਰ ਵਿਚ ਗੋਆ ‘ਚ ਹੋਣ ਜਾ ਰਿਹਾ ਹੈ।
Check Also
ਸੁਨੀਤਾ ਵਿਲੀਅਮ ਅਤੇ ਬੁਸ਼ ਵਿਲਮੋਰ ਤੋਂ ਬਿਨਾ ਹੀ ਸਪੇਸ ਕਰਾਫਟ ਧਰਤੀ ’ਤੇ ਪਰਤਿਆ
ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ …