Breaking News
Home / ਮੁੱਖ ਲੇਖ / 5 ਦਸੰਬਰ 1872 : ਜਨਮ ਦਿਹਾੜੇ ‘ਤੇ ਵਿਸ਼ੇਸ਼

5 ਦਸੰਬਰ 1872 : ਜਨਮ ਦਿਹਾੜੇ ‘ਤੇ ਵਿਸ਼ੇਸ਼

ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ
*ਹੀਰ-ਵੰਨੇ ਵਾਲੇ ‘ਚੁੰਝ ਵਿਦਵਾਨਾਂ’ ਵੱਲੋਂ ਭਾਈ ਸਾਹਿਬ ‘ਤੇ ‘ਪੰਜਾਬ ਦਾ ਫੈਬਰਿਕ’ ਤਹਿਸ-ਨਹਿਸ ਕਰਨ ਦੇ ਦੋਸ਼ ਕਿੰਨੇ ਕੁ ਸਹੀ?
ਡਾ. ਗੁਰਵਿੰਦਰ ਸਿੰਘ
ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਸਾਹਿਤਕਾਰ ਹਨ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਭਾਈ ਵੀਰ ਸਿੰਘ ਦੇ ਪਿਤਾ ਸਰਦਾਰ ਚਰਨ ਸਿੰਘ ਜੀ ਹਿੰਦੀ , ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਉੱਚ ਕੋਟੀ ਦੇ ਵਿਦਵਾਨ ਸਨ ਅਤੇ ਸਿੰਘ ਸਭਾ ਲਹਿਰ ਦੇ ਸੰਚਾਲਕ ਮੋਢੀਆਂ ਵਿੱਚੋਂ ਇੱਕ ਸਨ। ਬਚਪਨ ਤੋਂ ਹੀ ਸਿੰਘ ਸਭਾ ਲਹਿਰ ਦਾ ਭਾਈ ਸਾਹਿਬ ਵੀਰ ਸਿੰਘ ‘ਤੇ ਡੂੰਘਾ ਪ੍ਰਭਾਵ ਸੀ। ਇਸ ਪ੍ਰਭਾਵ ਦਾ ਅਸਰ ਇਹ ਸੀ ਕਿ ਮੈਟ੍ਰਿਕ ਦੀ ਪੜਾਈ ਖਤਮ ਕਰਦੇ ਹੀ ਆਪ ਦੀਆਂ ਪੰਜਾਬ ਵਿੱਚ ਸਿੱਖ ਧਾਰਮਿਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਅਤੇ ਆਪ ਜਲਦ ਹੀ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਦੇ ਰੂਪ ਵਿੱਚ ਅੱਗੇ ਗਏ। ਸਿੰਘ ਸਭਾ ਅੰਮ੍ਰਿਤਸਰ ਦੇ ਵਜੀਰ ਸਿੰਘ ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭੀ ‘ਵਜ਼ੀਰ ਹਿੰਦ ਪ੍ਰੈਸ’ ਨੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ਅਹਿਮ ਭੂਮਿਕਾ ਨਿਭਾਈ।
ਭਾਈ ਵੀਰ ਸਿੰਘ ਵੱਲੋਂ 1892 ਵਿਚ ਖਾਲਸਾ ਟਰੈਕਟ ਸੁਸਾਇਟੀ ਦੇ ਪੰਦਰ੍ਹਾਂ-ਰੋਜ਼ਾ ਪੱਤਰ ‘ਨਿਰਗੁਣਆਰਾ’ ਦੇ ਛਪਣ ਨਾਲ ਪੰਜਾਬੀ ਦੇ ਪਾਠਕਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ। ਸਿੰਘ ਸਭਾ ਲਹਿਰ ਦੇ ਅਸਰ ਦਾ ਨਤੀਜਾ ਹੀ ਸੀ ਕਿ ਪੰਜਾਬੀ ਪੱਤਰਕਾਰੀ ਦੇ ਆਰੰਭਿਕ ਦੌਰ ‘ਚ ਸਭ ਤੋਂ ਵੱਧ ਸਮਾਂ ਛਪਣ ਵਾਲਾ ਹਫ਼ਤਾਵਾਰੀ ‘ਖਾਲਸਾ ਸਮਾਚਾਰ’, 17 ਨਵੰਬਰ 1899 ਨੂੰ ‘ਵਜ਼ੀਰ ਹਿੰਦ ਪ੍ਰੈੱਸ’ ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭ ਹੋਇਆ। ਭਾਈ ਸਾਹਿਬ ਵੀਰ ਸਿੰਘ ਦੀ ਪੰਜਾਬੀ ਸਾਹਿਤ ‘ਚ ਆਮਦ ਤੋਂ ਪਹਿਲਾਂ ਪੰਜਾਬੀ ਵਾਕ ਬਣਤਰ, ਸ਼ਬਦਾਵਲੀ, ਠੇਠਤਾ ਅਤੇ ਰਵਾਨੀ ਦੇ ਨਮੂਨੇ ਟਾਵੇਂ-ਟਾਵੇਂ ਮਿਲਦੇ ਹਨ . ਪੰਜਾਬੀ ਵਿਚ ਨਿੱਕੀ ਕਵਿਤਾ, ਨਾਵਲ, ਨਾਟਕ, ਜੀਵਨੀ ਸਾਹਿਤ, ਅਨੁਵਾਦ ਅਤੇ ਸੰਪਾਦਨ ਕਾਰਜਾਂ ਸਮੇਤ, ਅਨੇਕਾਂ ਹੋਰ ਸਾਹਿਤ-ਰੂਪਾਂ ਰਾਹੀਂ ਭਾਈ ਸਾਹਿਬ ਨੇ ਮਾਂ-ਬੋਲੀ ਦਾ ਖਜ਼ਾਨਾ ਭਰਪੂਰ ਕਰ ਦਿੱਤਾ .
ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨਣ ਅਤੇ ਮੂੰਹ-ਮੁਹਾਂਦਰਾ ਨਿਖਾਰਨ ਵਿਚ ਵੀ ਭਾਈ ਵੀਰ ਸਿੰਘ ਦੀ ਦੇਣ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ . ਗੁਰਬਾਣੀ ਸਾਹਿਤ ਦੀ ਵਿਆਖਿਆ ਅਤੇ ਗੁਰੂ ਸਾਹਿਬਾਨ ਤੋਂ ਲੈ ਕੇ, ਮਹਾਨ ਸਿੱਖ ਸ਼ਖ਼ਸੀਅਤਾਂ ਬਾਰੇ ਵਡਮੁੱਲਾ ਸਾਹਿਤ ਭਾਈ ਵੀਰ ਸਿੰਘ ਦੀ ਇਤਿਹਾਸਕ ਦੇਣ ਹੈ । 1898 ਵਿਚ ਪ੍ਰਕਾਸਤਿ ਨਾਵਲ ‘ਸੁੰਦਰੀ’ ਨਾਲ ਪੰਜਾਬੀ ਪਾਠਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੀ ਨਹੀਂ ਹੋਇਆ, ਸਗੋਂ ਪੰਜਾਬੀ ਸਾਹਿਤ ਅੰਦਰ ਅਥਾਹ ਸੰਭਾਵਨਾਵਾਂ ਨੇ ਵੀ ਜਨਮ ਲਿਆ . ਮਗਰੋਂ ਨਾਵਲ ਬਿਜੈ ਸਿੰਘ, ਸਤਵੰਤ ਕੌਰ, ਮਹਾਂਕਾਵਿ ਰਾਣਾ ਸੂਰਤ ਸਿੰਘ, ਕਾਵਿ-ਸੰਗ੍ਰਹਿ ; ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬਦੀ ਕਲਾਈ, ਪ੍ਰੀਤ ਵੀਣਾ ਤੇ ਮੇਰੇ ਸਾਈਆਂ ਜੀਉ, ਨਾਟਕ ; ਰਾਜਾ ਲੱਖ ਦਾਤਾ ਸਿੰਘ, ਵੱਡ-ਅਕਾਰੀ ਜੀਵਨੀ ਸਾਹਿਤ ; ਬਾਬਾ ਨੌਧ ਸਿੰਘ, ਸੰਤ ਬਿਮਲਾ ਸਿੰਘ, ਭਰਥਰੀ ਹਰੀ ਜੀਵਨ ਅਤੇ ਨੀਤੀ ਸਾਹਿਤ, ਬਾਲ-ਸਾਹਿਤ ਵਿਚ ਗੁਰ ਬਾਲਮ ਸਾਖੀਆਂ, ਦੇਵੀ ਪੂਜਨ ਪੜਤਾਲ ਅਤੇ ਸੰਤ ਗਾਥਾ ਤੋਂ ਇਲਾਵਾ ਗੁਰੂ ਨਾਨਕ ਚਮਤਕਾਰ , ਅਸ਼ਟ ਗੁਰੂ ਚਮਤਕਾਰ , ਕਲਗੀਧਰ ਚਮਤਕਾਰ ਗਦ ਰਚਨਾਵਾਂ, ਪੁਰਾਤਨ ਜਨਮਸਾਖੀ , ਕਬਿਤ , ਸਵਈਏ ਭਾਈ ਗੁਰਦਾਸ , ਜੀਵਨ ਭਾਈ ਗੁਰਦਾਸ , ਭਗਤ ਰਤਨਾਵਲੀ , ਗੁਰੂ ਗ੍ਰੰਥ ਕੋਸ਼, ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀ ਗ੍ਰੰਥ ਸਟੀਕ ਆਦਿ ਖੋਜ ਸੰਪਾਦਨਾ ਨਾਲ ਸੰਬੰਧਿਤ ਸਾਹਿਤਕ ਰਚਨਾਵਾਂ ਰਾਹੀਂ ਨਿਆਣੇ ਤੋਂ ਸਿਆਣੇ ਤੱਕ, ਹਰ ਵਰਗ ਦੇ ਪੰਜਾਬੀ ਪਾਠਕ ਨੂੰ ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਅਤੇ ਗੁਰਮੁਖੀ ਲਿੱਪੀ ਨਾਲ ਜੋੜਿਆ। ਆਪ ਨੇ ਸਾਲ 1901 ਵਿੱਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ।1908 ਵਿੱਚ ਸਿੱਖ ਵਿੱਦਿਅਕ ਕਾਨਫਰੰਸਾਂ ਰਾਹੀਂ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਇਨਕਲਾਬ ਲੈਂ ਆਂਦਾ।
ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਨੂੰ ਸੰਸਾਰ ਪੱਧਰ ਤੱਕ ਲਿਜਾਣ ਵਾਸਤੇ ਜਿੱਥੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਅਨੇਕਾਂ ਨਵੇਂ ਸਾਹਿਤ ਰੂਪਾਂ ਨੂੰ ਪੰਜਾਬੀ ਸਾਹਿਤ ਵਿਚ ਲਿਆਂਦਾ, ਉੱਥੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਈ ਹੋਰ ਮਹਾਨ ਸਾਹਿਤਕਾਰ ਪਾਕੇ ਅਜਿਹਾ ਉਪਕਾਰ ਕੀਤਾ, ਜੋ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ। ਆਪਣੇ ਸਮਿਆਂ ਵਿਚ ਸੰਸਾਰ ਪੱਧਰ ਦੇ ਸਾਹਿਤ ਦੇ ਚੋਟੀ ਦੇ ਲਿਖਾਰੀ ਪ੍ਰੋ. ਪੂਰਨ ਸਿੰਘ ਵਲੋਂ ਮਾਂ ਬੋਲੀ ਪੰਜਾਬੀ ਵਿਚ ਲਿਖਣਾ ਅਤੇ ਸਿਖਰਲੇ ਪੱਧਰ ਦੀਆ ਲਿਖਤਾਂ ਪੰਜਾਬੀ ਸਾਹਿਤ ਦੇ ਖਜ਼ਾਨੇ ‘ਚ ਪਾਉਣਾ, ਭਾਈ ਸਾਹਿਬ ਸਦਕਾ ਹੀ ਸੰਭਵ ਹੋ ਸਕਿਆ। ਲੋਕ ਮੁਹਾਵਰੇ ‘ਚ ਮਾਖਿਓਂ ਮਿੱਠੀ ਪੰਜਾਬੀ ਕਵਿਤਾ ਦਾ ਲਿਖਾਰੀ ਧਨੀ ਰਾਮ ਚਾਤ੍ਰਿਕ, ਭਾਈ ਸਾਹਿਬ ਦੀ ਪ੍ਰੇਰਨਾ ਅਤੇ ਸਹਿਯੋਗ ਸਦਕਾ ਹੀ ਗੁਰਮੁਖੀ ਦੇ ਵਿਹੜੇ ਦਾ ਗੁਲਾਬ ਬਣਿਆ।
ਇਥੇ ਹੀ ਬੱਸ ਨਹੀਂ, ਲੋਕ-ਸਾਹਿਤ ਦੇ ਧਨੀਆਂ ਤੋਂ ਲੈ ਕੇ ਪੱਤਰਕਾਰ, ਨਾਵਲਕਾਰ, ਨਾਟਕਕਾਰ ਅਤੇ ਅਨੇਕਾਂ ਕਲਾਕਾਰ ਭਾਈ ਵੀਰ ਸਿੰਘ ਦੇ ਥਾਪੜੇ ਅਤੇ ਹੱਲਾਸ਼ੇਰੀ ਸਦਕਾ, ਪੰਜਾਬੀ ਅੰਬਰ ਦੇ ਸਿਤਾਰੇ, ਚੰਦ ਅਤੇ ਸੂਰਜ ਬਣੇ। ਭਾਈ ਵੀਰ ਸਿੰਘ 1890ਵਿਆਂ ਤੋਂ ਲੈਕੇ 1950ਵਿਆਂ ਤੱਕ ਪੰਜਾਬੀ ਸਾਹਿਤ ਖੇਤਰ ਦੀ ਅਗਵਾਈ ਕਰਦੇ ਰਹੇ ਅਤੇ ਨਿਰੰਤਰ ਕਲਮ ਚਲਾਉਂਦਿਆਂ ਸਾਹਿਤਕ ਸੇਵਾ ਨਿਭਾਉਂਦੇ ਰਹੇ। ਸਾਲ 1949 ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ‘ਡਾਕਟਰ ਆਫ਼ ਓਰੀਐਂਟਲ ਲਰਨਿੰਗ’ ਦੀ ਡਿਗਰੀ ਪ੍ਰਦਾਨ ਕੀਤੀ। ਸਾਲ 1952 ਵਿੱਚ ਆਪਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਆਂਨਰੇਰੀ ਮੈਂਬਰ ਨਾਮਜ਼ਦ ਕੀਤਾ ਗਿਆ। ਸਾਲ 1954 ਵਿੱਚ ਆਪ ਨੂੰ ਯਾਦਗਾਰੀ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਅਤੇ ਆਪ ਨੂੰ ਪਦਮ ਭੂਸ਼ਣ ਦੀ ਉਪਾਧੀ ਦੇ ਨਾਲ ਸਨਮਾਨਤ ਕੀਤਾ ਗਿਆ।
ਅੱਧੀ ਸਦੀ ਤੋਂ ਵਧ ਦੇ ਸਮੇਂ ਤਕ ਪੰਜਾਬੀ ਸਾਹਿਤ ਜਗਤ ਦੀ ਮਹਾਨ ਅਤੇ ਅਣਥਕ ਸੇਵਾ ਨਿਭਾ ਕੇ ਇਸ ਦਰਵੇਸ਼ ਸੰਤ ਕਵੀ,ਸਾਹਿਤਕਾਰ ਅਤੇ ਮਹਾਨ ਚਿੰਤਕ ਨੇ 10 ਜੂਨ 1957 ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ, ਸਾਨੂੰ ਸਦੀਵੀਂ ਵਿਛੋੜਾ ਦੇ ਦਿੱਤਾ। ਪੰਜਾਬੀ ਸਾਹਿਤ ਦੇ ਗਗਨ-ਮੰਡਲ ਦੇ ਧਰੂ ਤਾਰੇ, ਪੰਜਾਬੀ ਮਾਂ-ਬੋਲੀ ਦੇ ਲਾਡਲੇ ਸਾਹਿਤਕਾਰ, ਪੰਜਾਬੀ ਸਾਹਿਤ, ਗੁਰਮਤਿ ਸਾਹਿਤ ਤੇ ਵਲਵਲੇ ਭਰਪੂਰ ਕਵਿਤਾ ਦੇ ਭੰਡਾਰੇ ਭਰਪੂਰ ਕਰਨ ਵਾਲੇ ਕੋਮਲ ਭਾਵੀ, ਮਿੱਠ ਬੋਲੜੇ, ਪ੍ਰੇਮ-ਭਿੱਜੇ, ਰਹੱਸਵਾਦੀ ਅਤੇ ਉੱਚੀ ਬਿਰਤੀ ਵਾਲੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਕਹੇ ਜਾ ਸਕਦੇ ਹਨ।
ਕੁਦਰਤ ਤੇ ਕਾਦਰ ਦੇ ਰੰਗ ਵਿੱਚ ਰੰਗੀਆਂ ਦਾ ਰਚੇਤਾ ਛੋਟੀਆਂ ਕਵਿਤਾਵਾਂ ਦੇ ਵੱਡਾ ਕਵੀ, ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ। ਸਮਕਾਲੀਆਂ ਵਿਚੋਂ ਜੋ ਦੇਣ ਮਹਾਂਕਵੀ ਰਵਿੰਦਰ ਨਾਥ ਟੈਗੋਰ ਦੀ ਬੰਗਾਲੀ ਸਾਹਿਤ ਨੂੰ ਹੈ, ਉਸ ਪੱਧਰ ਦੀ ਹੀ ਦੇਣ ਭਾਈ ਵੀਰ ਸਿੰਘ ਦੀ ਪੰਜਾਬੀ ਨੂੰ ਹੈ। ਬੇਸ਼ੱਕ ਇਹ ਸੱਚ ਹੈ ਕਿ ਟੈਗੋਰ ਦੀ ਆਮਦ ਤੱਕ ਬੰਗਾਲੀ ਭਾਸ਼ਾ ਵਿਚ ਵਿਦਿਅਕ ਪਾਸਾਰ, ਵਿਸ਼ਵ ਵਿਦਿਆਲੇ ਅਤੇ ਸਾਹਿਤਕ ਫੈਲਾਓ ਉੱਚ ਪੱਧਰ ‘ਤੇ ਸੀ, ਜਿਸਨੇ ਟੈਗੋਰ ਨੂੰ ਵਿਸ਼ਵ-ਪ੍ਰਸਿੱਧ ਕਰਨ ‘ਚ ਅਹਿਮ ਭੂਮਿਕਾ ਨਿਭਾਈ, ਦੂਜੇ ਪਾਸੇ ਪੰਜਾਬੀ ਖੇਤਰ ‘ਚ ਭਾਈ ਵੀਰ ਸਿੰਘ ਦੀ ਆਮਦ ਤੱਕ ਵਿਦਿਅਕ ਅਤੇ ਸਾਹਿਤਕ ਪੱਧਰ ‘ਤੇ ਵੱਡੀ ਘਾਟ ਸੀ। ਲਾਹੌਰ ਯੂਨੀਵਰਸਿਟੀ ਵਿਚ ਪੰਜਾਬੀ ਦੀ ਪੜ੍ਹਾਈ ਤਾਂ ਕਿਤੇ ਮਗਰੋਂ ਸ਼ੁਰੂ ਹੋਈ। ਅਜਿਹੇ ਸਮੇਂ ਭਾਈ ਵੀਰ ਸਿੰਘ ਵਲੋਂ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੀ ਸਾਹਿਤ ਸਿਰਜਣਾ ਲਈ ਚੋਣ ਕਰਨਾ, ਇਨਕਲਾਬੀ ਕਦਮ ਕਿਹਾ ਜਾ ਸਕਦਾ ਹੈ।
ਭਾਈ ਵੀਰ ਸਿੰਘ ਦੇ ਸਮਕਾਲੀ ਅਲਾਮਾ ਇਕਬਾਲ ਨੂੰ ਉਰਦੂ ਸਾਹਿਤ ‘ਚ ‘ਸ਼ਾਇਰ-ਏ-ਮਿੱਲਤ’ ਦਾ ਦਰਜਾ ਹਾਸਿਲ ਹੈ। ਵਿਦੇਸ਼ ਤੋਂ ਉੱਚ-ਪੱਧਰੀ ਪੜ੍ਹਾਈ ਕਰਨ ਮਗਰੋਂ ਡਾ. ਇਕਬਾਲ ਨੇ ਸਾਹਿਤ ਸਿਰਜਣਾ ਲਈ ਉਰਦੂ ਦੀ ਚੋਣ ਕੀਤੀ, ਹਾਲਾਂਕਿ ਉਹ ਪੰਜਾਬੀ ਸੀ, ਪਰ ਉਸਨੇ ਪੰਜਾਬੀ ਵਿਚ ਨਹੀਂ ਲਿਖਿਆ। ਇਸ ਦੇ ਬਾਵਜੂਦ ਉਰਦੂ ਪ੍ਰੇਮੀਆਂ ਨੇ ‘ਸ਼ਾਇਰ-ਏ-ਮਿੱਲਤ’ ਭਾਵ ਕੌਮੀ ਸ਼ਾਇਰ ਦਾ ਮਾਣ ਦੇ ਕੇ ਡਾ. ਇਕਬਾਲ ਨੂੰ ਸਿਰਮੌਰ ਲਿਖਾਰੀ ਪ੍ਰਵਾਨਿਆ। ਡਾ. ਭਾਈ ਵੀਰ ਸਿੰਘ ਵੀ ਸਰਦੇ-ਪੁਜਦੇ ਪਰਿਵਾਰ ਵਿਚੋਂ ਸਨ। ਭਾਸ਼ਾ ਪੱਖੋਂ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਦੇ ਗਿਆਤਾ ਸਨ। ਪਰਿਵਾਰਿਕ ਪਿਛੋਕੜ ਕਰਕੇ ਉੱਚ ਪੱਧਰੀ ਸਾਇੰਸ ਵਿੱਦਿਆ ਲਈ ਇੰਗਲੈਂਡ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਜਾ ਸਕਦੇ ਸਨ। ਅੰਗਰੇਜ਼ੀ ਵਿਚ ਸਾਹਿਤ ਲਿਖ ਕੇ ਉੱਚਾ ਨਾਂ ਕਮਾ ਸਕਦੇ ਸਨ।
ਇਹਨਾਂ ਸੁਨਹਿਰੀ ਮੌਕਿਆਂ ਦੇ ਬਾਵਜੂਦ ਭਾਈ ਵੀਰ ਸਿੰਘ ਨੇ ‘ਪੰਜਾਬੀ ਸਪੂਤ ਹੋਣ ਦਾ ਸਬੂਤ’ ਦਿੰਦਿਆਂ ਪੰਜਾਬੀ ਬੋਲੀ, ਸਾਹਿਤ ਅਤੇ ਗੁਰਮੁਖੀ ਲਿੱਪੀ ਦਾ ਰਾਹ ਚੁਣਿਆ ਅਤੇ ਸਾਰੀ ਜ਼ਿੰਦਗੀ ਪੰਜਾਬੀ ਨੂੰ ਸਮਰਪਿਤ ਕਰ ਦਿੱਤੀ। ਇਹ ਕੋਈ ਛੋਟੀ ਗੱਲ ਨਹੀਂ ਸੀ, ਬਲਕਿ ਪੰਜਾਬੀ ਸਾਹਿਤ ਖੇਤਰ ਨੂੰ ਵੀਹਵੀਂ ਸਦੀ ‘ਚ ਉੱਚੇ ਪੱਧਰ ਤੱਕ ਲਿਜਾਣ ਦਾ ਵੱਡਾ ਉਪਰਾਲਾ ਸੀ। ਭਾਈ ਵੀਰ ਸਿੰਘ ਨੂੰ ਸੰਨ 1956 ਵਿਚ ਕਾਵਿ ਰਚਨਾ ‘ਮੇਰੇ ਸਾਈਆਂ ਜੀਉ’ ਲਈ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ। ‘ਸ਼੍ਰੋਮਣੀ ਸਾਹਿਤਕਾਰ’ ਵਜੋਂ ਪੰਜਾਬੀ ਵਿਚ ਇਹ ਪੁਰਸਕਾਰ ਲੈਣ ਵਾਲੇ ਪਹਿਲੇ ਸਾਹਿਤਕਾਰ ਭਾਈ ਵੀਰ ਸਿੰਘ ਹੀ ਹਨ।
ਜਿਥੇ 1950ਵਿਆਂ ਵਿਚ ਇਕ ਪਾਸੇ ਭਾਈ ਵੀਰ ਸਿੰਘ ਨੂੰ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਮਿਲਦਾ ਹੈ, ਉਥੇ ਦੂਜੇ ਪਾਸੇ ਪੰਜਾਬੀ ਸਾਹਿਤ ‘ਚ ਇਕ ਵਿਸ਼ੇਸ਼ ਧੜੇ ਵਲੋਂ ਉਹਨਾਂ ਖਿਲਾਫ਼ ਈਰਖਾ ਦਾ ਦੌਰ ਵੀ ਇਥੋਂ ਹੀ ਸ਼ੁਰੂ ਹੁੰਦਾ ਹੈ। ਪੰਜਾਬੀ ਸਾਹਿਤ ਦੇ ਅਣਥੱਕ ਸੇਵਾਦਾਰ ਨੂੰ ਸਮਕਾਲੀ ‘ਸਾਹਿਤ ਮਾਫ਼ੀਆ’ ਭੰਡਣ ਲੱਗਦਾ ਹੈ। ਸਾਹਿਤਕ ਸੂਝ-ਬੂਝ ਤੋਂ ਸੱਖਣੇ ਲੋਕ ਉਦੋਂ ਤੋਂ ਲੈ ਕੇ ਹੁਣ ਤੱਕ ਭਾਈ ਵੀਰ ਸਿੰਘ ਨੂੰ ਮਿਥ ਕੇ ਭੰਡਦੇ ਆ ਰਹੇ ਹਨ। ਸਵੈ-ਨਿਰਧਾਰਤ ਆਲੋਚਨਾ ਪੈਮਾਨੇ ‘ਤੇ ਭਾਈ ਵੀਰ ਸਿੰਘ ਨੂੰ ਰੱਦ ਕਰਨ ਵਾਲੇ ਇਹ ਆਲੋਚਕ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਪਿਛਾਂਹ-ਖਿੱਚੂ ਲੇਖਕ ਹੈ, ਉਸਦੀ ਸ਼ਾਇਰੀ ਸਮਕਾਲੀ ਹਾਲਤਾਂ ਦੀ ਵਿਆਖਿਆ ਨਹੀਂ ਕਰਦੀ, ਫੋਕਾ ਰੋਮਾਂਸਵਾਦ ਬਿਆਨ ਕਰਦੀ ਹੈ, ਭਾਈ ਵੀਰ ਸਿੰਘ ਸਿੱਖੀ ਪ੍ਰਤੀ ਭਾਵੁਕ ਹੋ ਕੇ ਲਿਖਦਾ ਹੈ, ਉਹ ਅੰਗਰੇਜ਼ ਸਾਮਰਾਜ ਦੀ ਆਲੋਚਨਾ ਨਹੀਂ ਕਰਦਾ, ਆਜ਼ਾਦੀ ਦੀ ਗੱਲ ਨਹੀਂ ਕਰਦਾ ਅਤੇ ਉਹ ‘ਪੰਜਾਬ ਦੇ ਤਾਣੇ-ਪੇਟੇ ਨੂੰ ਲੀਰੋ-ਲੀਰ’ ਕਰਦਾ ਹੈ।
ਦਰਅਸਲ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਛੁਟਿਆਉਣ ਲਈ ‘ਸਾਹਿਤ ਮਾਫ਼ੀਆ’ ਯੋਜਨਾਬੱਧ ਢੰਗ ਨਾਲ ਪ੍ਰਚਾਰ ਕਰਦਾ ਆ ਰਿਹਾ ਹੈ। ਅਜਿਹਾ ਬਿਰਤਾਂਤ ਸਿਰਜ ਕੇ ਮਾਫ਼ੀਆ ਭਾਈ ਸਾਹਿਬ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਲਿਖਾਰੀ ਵਜੋਂ ਬਣਦੀ ਥਾਂ ਖੋਹਣ ਵਿਚ ਕਿਸੇ ਹੱਦ ਤੱਕ ਸਫ਼ਲ ਵੀ ਹੋਇਆ ਹੈ। ਪੰਜਾਬੀ ਵਿਦਿਅਕ ਅਦਾਰਿਆਂ, ਸਾਹਿਤਕ ਸੰਸਥਾਵਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਤੇ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੱਕ, ਇਹੀ ਮਾਫ਼ੀਆ ਕਾਬਜ਼ ਚੱਲਿਆ ਆ ਰਿਹਾ ਹੈ। ਅਜਿਹੇ ਈਰਖਾਲੂ ਆਲੋਚਕਾਂ ਵਲੋਂ ਭਾਈ ਵੀਰ ਸਿੰਘ ਵਿਰੁੱਧ ਨਫ਼ਰਤ ਫੈਲਾਉਣ ‘ਚ ਸਫਲ ਹੋਣ ਦਾ ਕਾਰਨ ਇਹ ਵੀ ਹੈ ਕਿ ਭਾਈ ਸਾਹਿਬ ਦੀ ਸਾਹਿਤਕ ਦੇਣ ਤੋਂ ਜਾਣੂੰ ਲਿਖਾਰੀਆਂ ਦੀ ਜਾਂ ਤਾਂ ਗਿਣਤੀ ਹੀ ਨਿਗੂਣੀ ਹੈ ਅਤੇ ਜਾਂ ਫਿਰ ਉਹ ‘ਸਾਹਿਤ ਮਾਫ਼ੀਆ’ ਨਾਲ ਟੱਕਰ ਲੈਣ ਤੋਂ ਡਰਦੇ ਹਨ । ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਈ ਵੀਰ ਸਿੰਘ ਦੇ ‘ਪੰਜਾਬੀ ਦੇ ਮਹਾਨ ਵਿਦਵਾਨ’ ਹੋਣ ਦੇ ਬਾਵਜੂਦ, ‘ਪੰਜਾਬੀ ਦੇ ਹੀ ਲੇਖਕਾਂ ਤੇ ਆਲੋਚਕਾਂ ਦੀਆਂ ਜੁੰਡਲੀਆਂ’ ਉਹਨਾਂ ਨੂੰ ਨਫ਼ਰਤ ਕਿਉਂ ਕਰਦੀਆਂ ਹਨ ਅਤੇ ਛੁਟਿਆ ਕਿਉਂ ਰਹੀਆਂ ਹਨ?
ਅਸਲ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਨਾਲ ਈਰਖਾ ਕਰਨ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਸਿੱਖੀ ਤੋਂ ਪ੍ਰੇਰਿਤ ਹੋਣਾ ਹੈ। ਭਾਈ ਵੀਰ ਸਿੰਘ ਦੀਆਂ ਲਿਖਤਾਂ ਦਾ ਮਨੋਰਥ ਨਿਸ਼ਚਿਤ ਰੂਪ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਗੁਰਮੁਖੀ ਲਿਪੀ ਨੂੰ ਪ੍ਰਫੁਲਤ ਕਰਨਾ ਹੈ। ਚਾਹੇ ਕਵਿਤਾ ਹੋਵੇ, ਚਾਹੇ ਨਾਵਲ, ਚਾਹੇ ਕਹਾਣੀ ਤੇ ਚਾਹੇ ਨਾਟਕ, ਭਾਈ ਵੀਰ ਸਿੰਘ ਪਾਠਕਾਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਦੇ ਹਨ। ਇਥੇ ਉਹ ਖੁੱਲ੍ਹ ਦਿਲੀ ਨਾਲ ਸਵਿਕਾਰਦੇ ਹਨ ਕਿ ਉਹਨਾਂ ਦੀ ਪ੍ਰੇਰਨਾ ਸਿੱਖੀ ਜੀਵਨ ਜਾਚ ਅਤੇ ਗੁਰੂ ਗ੍ਰੰਥ ਸਾਹਿਬ ਹਨ। ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਰਾਹੀਂ ਸਿੱਖੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੇ ਹੋਏ ਭਾਈ ਵੀਰ ਸਿੰਘ ਨਾਵਲ ‘ਸੁੰਦਰੀ’ ਦੀ ਭੂਮਿਕਾ ਵਿੱਚ ਲਿਖਦੇ ਹਨ,”ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ-ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ, ਦੋਹਾਂ ਨੂੰ ਨਿਭਾਉਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ, ਆਪਣੇ ਉੱਤਮ ਅਸੂਲ ਪਿਆਰੇ ਲੱਗਣ, ਆਪਣੇ ਵਿਚ ਜਥੇਬੰਦ ਹੋਕੇ ਸਿੰਘ, ਦੂਜੀਆਂ ਕੌਮਾਂ ਨੂੰ ਇਕ ਰਸ ਜਾਣ ਕੇ, ਕਿਸੇ ਨਾਲ ‘ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ’, ਸਗੋਂ ‘ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ’ ਵਾਲੀ ਗੁਰੂ ਸਿੱਖਿਆ ਪੁਰ ਟੁਰ ਕੇ, ਅਟੱਲ ਰਹਿਣ।”
ਇਹ ਸੱਚ ਹੈ ਕਿ ਭਾਈ ਸਾਹਿਬ ਨੇ ਜਦੋਂ ਪੰਜਾਬੀ ਸਾਹਿਤ ਖੇਤਰ ‘ਚ ਪੈਰ ਧਰਿਆ, ਉੱਦੋਂ ਇਕ ਪਾਸੇ ਈਸਾਈ ਮਿਸ਼ਨਰੀ ਤੇ ਦੂਜੇ ਪਾਸੇ ਆਰੀਆ ਸਮਾਜੀ ਸਿੱਖੀ ‘ਤੇ ਹਮਲੇ ਕਰ ਕਹੇ ਸਨ। ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਸਿੱਖੀ, ਪੰਜਾਬੀ ਅਤੇ ਗੁਰਮੁਖੀ ਨੂੰ ਖਤਮ ਕਰਨ ‘ਤੇ ਤੁਲੀਆਂ ਸਨ। ਉਦੋਂ ਸਿੰਘ ਸਭਾ ਲਹਿਰ ਨੇ ਇਹਨਾਂ ਤਾਕਤਾਂ ਨਾਲ ਟੱਕਰ ਲਈ ਅਤੇ ਆਰੀਆ ਸਮਾਜ ਤੇ ਈਸਾਈ ਮਿਸ਼ਨਰੀਆਂ ਨੂੰ ਨੱਥ ਪਾਈ। ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ ਸਮੇਤ ਸਮੂਹ ਸਿੰਘ ਸਭੀਏ, ਕਲਮ ਦੇ ਤਲਵਾਰੀਏ ਬਣ ਕੇ ਸਿੱਖੀ ਤੇ ਪੰਜਾਬੀ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਖਿਲਾਫ਼ ਡਟੇ। ਭਾਈ ਵੀਰ ਸਿੰਘ ਇਸ ਲਹਿਰ ਨੂੰ ਅਗਲੇ ਪੜਾਓ ਤੱਕ ਲੈ ਕੇ ਗਏ।
ਭਾਈ ਵੀਰ ਸਿੰਘ ਦੇ ਪ੍ਰਚਾਰ ਦੇ ਪ੍ਰਭਾਵ ਸਦਕਾ ਹੀ ਕਈ ਸਿੱਖ ਵਿਦਵਾਨ ਆਰੀਆ ਸਮਾਜ ਨੂੰ ਛੱਡ ਕੇ, ਆਪਣੇ ਸਿੱਖੀ ਵਿਰਸੇ ਨਾਲ ਜੁੜੇ। ਉਹਨਾਂ ਲੇਖਕਾਂ ਨੇ ਗੁਰਮੁਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਵਿਚ ਲਿਖਣਾ ਸ਼ੁਰੂ ਕੀਤਾ। ਉਦੋਂ ਤੋਂ ਹੀ ਆਰੀਆ ਸਮਾਜੀਆਂ ਅੰਦਰ ਭਾਈ ਵੀਰ ਸਿੰਘ ਪ੍ਰਤੀ ਨਫ਼ਰਤ ਬਣੀ ਹੋਈ ਸੀ, ਜੋ ਕਿ ਧਨੀ ਰਾਮ ਚਾਤ੍ਰਿਕ ਅਤੇ ਪ੍ਰੋ. ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਦੇ ਪੰਜਾਬੀ ਸਾਹਿਤ ਖੇਤਰ ‘ਚ ਲਿਆਉਣ ਕਰਕੇ ਸਿਖਰ ‘ਤੇ ਪਹੁੰਚ ਗਈ। ਆਰੀਆ ਸਮਾਜੀਆਂ ਨੇ ਹੀ ਗੁਰਮੁਖੀ ਲਿਪੀ ਦੀ ਥਾਂ ਦੇਵਨਾਗਰੀ ਲਿਪੀ ਅਤੇ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ ਸੀ।
ਅੱਜ-ਕੱਲ੍ਹ ਵੀ ਜੋ ‘ਇਕ ਭਾਸ਼ਾ ਇਕ ਰਾਸ਼ਟਰ’ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਉਹ ਅਸਲ ਵਿਚ ‘ਆਰੀਆ ਸਮਾਜੀ ਬਿਰਤਾਂਤ ਦਾ ਹੀ ਸੰਗਠਿਤ ਰੂਪ’ ਹੈ। ਇਸ ਦਾ ਸਕਿਾਰ ਕਈ ਦੇਸ਼ ਭਗਤ ਪੰਜਾਬੀ ਵੀ ਹੋਏ, ਜਿਹੜੇ ਆਰੀਆ ਸਮਾਜ ਦੇ ਪ੍ਰਚਾਰ ਅਧੀਨ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ ਅਤੇ ਗੁਰਮੁਖੀ ਦੀ ਥਾਂ ਦੇਵਨਾਗਰੀ ਵਿਚ ਲਿਖਣ ਨੂੰ ਪ੍ਰਚਾਰਦੇ ਰਹੇ। ਭਾਈ ਵੀਰ ਸਿੰਘ ਨੇ ਅਜਿਹੇ ਸਮੇਂ ‘ਕਲਮ ਨੂੰ ਪੰਜਾਬੀ ਤੇ ਗੁਰਮੁਖੀ ਦੇ ਬਚਾਓ ਲਈ ਤਲਵਾਰ’ ਬਣਾ ਕੇ ਵਰਤਿਆ ਅਤੇ ਵਿਰੋਧੀ ਤਾਕਤਾਂ ਨਾਲ ਟੱਕਰ ਲੈਂਦੇ ਹੋਏ, ਉਹ ਪੰਜਾਬੀ ਬੋਲੀ ਦੇ ਯੋਧੇ ਬਣ ਕੇ ਨਿੱਤਰੇ।
ਕੀ ਗੁਰਬਾਣੀ ਸਾਹਿਤ ਅਤੇ ਸਿੱਖ ਵਿਰਾਸਤ ਤੋਂ ਪ੍ਰੇਰਨਾ ਲੈਣ ਵਾਲਾ ਵਿਅਕਤੀ ਪੰਜਾਬੀ ਸਾਹਿਤਕਾਰ ਨਹੀਂ ਹੋ ਸਕਦਾ? ਇਹ ਬਿਰਤਾਂਤ ਨਿਰਾ ਪਾਖੰਡ ਅਤੇ ਦੰਭ ਹੈ। ਸੰਸਾਰ ਦੇ ਸਰਵੋਤਮ ਸਾਹਿਤ ਵੱਲ ਨਿਗ੍ਹਾ ਮਾਰੀਏ, ਤਾਂ ਸਾਨੂੰ ਇਸ ਦਾ ਉੱਤਰ ਸਹਿਜੇ ਹੀ ਮਿਲ ਜਾਂਦਾ ਹੈ। ਇੰਗਲੈਂਡ ਦਾ ਮਹਾਂਕਵੀ ਮਿਲਟਨ ਅਤੇ ਇਟਲੀ ਦਾ ਮਹਾਂ-ਕਵੀ ਦਾਂਤੇ ਇਸਦੀ ਮਿਸਾਲ ਹਨ। ਦੋਵੇਂ ਸੰਸਾਰ ਸਾਹਿਤ ਦੇ ਮੰਨੇ-ਪ੍ਰਮੰਨੇ ਲਿਖਾਰੀ ਹਨ। ਜੌਹਨ ਮਿਲਟਨ ਦੀ ਲਿਖਤ ‘ਪੈਰਾਈੲਜ਼ ਲੌਸਟ’ ਵਿਸ਼ਵ ਸਾਹਿਤ ਦਾ ਸ਼ਾਹਕਾਰ ਮੰਨੀ ਜਾਂਦੀ ਹੈ। ਇਉਂ ਹੀ ਦਾਂਤੇ ਦੀ ਲਿਖਤ ‘ਡਿਵਾਈਨ ਕਾਮੇਡੀ’ ਨੂੰ ਸਾਹਿਤ ਜਗਤ ਵਿਚ ਉੱਚਾ ਥਾਂ ਹਾਸਿਲ ਹੈ। ਇਹ ਦੋਵੇਂ ਲਿਖਤਾਂ ਬਾਈਬਲ ‘ਤੇ ਆਧਾਰਿਤ ਹਨ। ਦਾਂਤੇ ਅਤੇ ਮਿਲਟਨ ਈਸਾਈਅਤ ਤੋਂ ਪ੍ਰੇਰਿਤ ਹਨ। ਇਸ ਦੇ ਬਾਵਜੂਦ ਉਹਨਾਂ ਦੀ ਸਾਹਿਤਕ ਸ਼ਖ਼ਸੀਅਤ ਨੂੰ ਛੁਟਿਆਉਣ ਦਾ ਕੋਈ ਹੀਆ ਨਹੀਂ ਕਰਦਾ। ਦੋਵੇਂ ਮਹਾਂਕਵੀ ਵਜੋਂ ਜਾਣੇ ਜਾਂਦੇ ਹਨ। ਜੇਕਰ ਮਿਲਟਨ ਤੇ ਦਾਂਤੇ ਬਾਈਬਲ ਤੋਂ ਪ੍ਰੇਰਨਾ ਲੈ ਕੇ ਸੰਸਾਰ ਪੱਧਰ ‘ਤੇ ਮਹਾਨ ਸਾਹਿਤਕਾਰ ਬਣ ਸਕਦੇ ਹਨ, ਤਾਂ ਫਿਰ ਭਾਈ ਵੀਰ ਸਿੰਘ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਮਹਾਂਕਵੀ ਕਿਉਂ ਨਹੀਂ ਬਣ ਸਕਦੇ? ਭਾਈ ਸਾਹਿਬ ਦੀ ਲਿਖਤ ਗੁਰਬਾਣੀ ਦੀ ਜੀਵਨ ਜਾਚ ਨੂੰ ਪੰਜਾਬੀ ਸਾਹਿਤ ਖੇਤਰ ਵਿਚ, ਵੱਖ-ਵੱਖ ਸਾਹਿਤਕ ਰੂਪਾਕਾਰਾਂ ਰਾਹੀਂ ਪੇਸ਼ ਕਰਦੀ ਹੋਈ ਅਮਰ ਹੋ ਨਿਬੜਦੀ ਹੈ। ਇਉਂ ਭਾਈ ਵੀਰ ਸਿੰਘ ਪੰਜਾਬੀ ਵਿਚ ਮਿਲਟਨ ਅਤੇ ਦਾਂਤੇ ਵਾਂਗ ਕੱਦਾਵਰ ਤੇ ਸਿਰਮੌਰ ਵਿਦਵਾਨ ਹੋ ਨਿਬੜਦੇ ਹਨ।
ਪੱਛਮੀ ਸਾਹਿਤ ਪਰੰਪਰਾ ਤੋਂ ਮਗਰੋਂ ਭਾਰਤੀ ਸਾਹਿਤ ਪਰੰਪਰਾ ਵੱਲ ਨਿਗ੍ਹਾ ਮਾਰੀਏ, ਤਾਂ ਇਥੇ ਹੀ ਅਨੇਕਾਂ ਮਿਸਾਲਾਂ ਹਨ। ਮਹਾਂਕਵੀ ਤੁਲਸੀ ਦਾਸ ਹੋਣ ਜਾਂ ਮਹਾਂਕਵੀ ਸੂਰਦਾਸ, ਇਹਨਾਂ ਨੂੰ ਸਾਹਿਤ ਵਿਚ ਉੱਚਾ ਦਰਜਾ ਹਾਸਿਲ ਹੈ। ਜੇ ਤੁਲਸੀ ਦਾਸ ਸ੍ਰੀ ਰਾਮ ਦੇ ਗੁਣਗਾਨ ਕਰਕੇ ਤੇ ਰਾਮਾਇਣ ਲਿਖਕੇ ਮਹਾਂਕਵੀ ਹੋ ਸਕਦੇ ਹਨ, ਜੇ ਸੂਰਦਾਸ ਸ੍ਰੀ ਕ੍ਰਿਸ਼ਨ ਬਾਰੇ ਲਿਖਕੇ ਮਹਾਂਕਵੀ ਹੋ ਸਕਦੇ ਹਨ ਤਾਂ ਕੀ ਭਾਈ ਵੀਰ ਸਿੰਘ ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ ਅਤੇ ਕਲਗੀਧਰ ਚਮਤਕਾਰ ਲਿਖ ਕੇ, ਮਹਾਂਕਵੀ ਨਹੀਂ ਹੋ ਸਕਦੇ? ਦੋਹਰੇ ਮਾਪਦੰਡ ਭਾਈ ਵੀਰ ਸਿੰਘ ਲਈ ਹੀ ਕਿਉਂ?
ਇਥੇ ਹੀ ਬੱਸ ਨਹੀਂ ਅਖੌਤੀ ਖੱਬੇ ਪੱਖੀ ਆਲੋਚਕ ਭਾਈ ਵੀਰ ਸਿੰਘ ਨੂੰ ਸਿੱਖੀ ਪ੍ਰਤੀ ਉਪਭਾਵੁਕ ਹੋ ਕੇ ਲਿਖਣ ਵਾਲਾ ਗਰਦਾਨਦੇ ਹਨ। ਦੂਜੇ ਪਾਸੇ ਅਜਿਹੇ ਆਲੋਚਕਾਂ ਦੀ ਆਪਣੀ ਲਿਖਤ ਖੱਬੇ ਪੱਖੀ ਫਲਸਫੇ ਪ੍ਰਤੀ ਹੱਦੋਂ ਵੱਧ ਉਪ-ਭਾਵੁਕਤਾ ‘ਚੋਂ ਪੈਦਾ ਹੁੰਦੀ ਹੈ। ਅਖੌਤੀ ਅਗਾਂਹ ਵਧੂ ਪਹੁੰਚ ਦਾ ਨਾਂ ਵਰਤ ਕੇ ਇਹ ਲੇਖਕ ਆਪਣੇ ਘੜੇ ਮਾਪ-ਦੰਡ ਪੂਰੀ ਕੱਟੜਤਾ ਨਾਲ ਪ੍ਰਚਾਰਦੇ ਹਨ। ਇਹਨਾਂ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲ, ਨਾਟਕ ਆਦਿ ਰੂਸੀ ਲਿਖਤਾਂ ਦੀ ਕੱਚ-ਘਰੜ ਨਕਲ ਤੋਂ ਵੱਧ ਕੁਝ ਨਹੀਂ। ‘ਦਿੱਤਾ ਹੈ’ ਅਤੇ ‘ਸਿੱਧ ਕਰਨਾ ਹੈ’ ਆਦਿ ਸੰਦ ਇਹਨਾਂ ਦੀ ਆਲੋਚਨਾ ਦਾ ਅਧਾਰ ਹਨ। ਜੋ ਲਿਖਤ ਇਹਨਾਂ ਦੇ ਢਾਂਚੇ ‘ਚ ਫਿੱਟ ਨਹੀਂ, ਉਹ ਲਿਖਤ ਮਿਆਰੀ ਨਹੀਂ ਅਤੇ ਜੋ ਲਿਖਤ ਕੱਟੜਤਾ ਨਾਲ ਖੱਬੇ ਪੱਖੀ ਮਾਪਦੰਡ ਦੇ ਚੌਖਟੇ ‘ਚ ਢੁਕਦੀ ਹੈ, ਉਹੀ ਮਿਆਰੀ ਹੈ।
ਇਹਨਾਂ ਸਾਹਿਤ ਮਾਫੀਏ ਦੇ ਕੱਟੜਵਾਦੀਆਂ ਦੀ ਜੁੰਡਲੀ ਭਾਈ ਵੀਰ ਸਿੰਘ ਨੂੰ ਤਾਂ ਸਿੱਖੀ ਪ੍ਰਤੀ ਭਾਵੁਕ ਦੱਸਦੀ ਹੈ, ਪਰ ਇਹਨਾਂ ਨੂੰ ਆਪਣੀ ਭਾਵੁਕਤਾ ਨਜ਼ਰ ਨਹੀਂ ਆਉਂਦੀ। ਉਂਝ ਵੀ ਜੇਕਰ ਇਹ ਲੇਖਕ ਤੇ ਆਲੋਚਕ ਪੱਛਮੀ ਢਾਂਚੇ ਨੂੰ ਅਪਨਾ ਕੇ ਖ਼ੁਦ ਨੂੰ ਸਹੀ ਦੱਸਦੇ ਹਨ, ਤਾਂ ਭਾਈ ਵੀਰ ਸਿੰਘ ਤੇ ਉਹਨਾਂ ਦੇ ਰਾਹ ‘ਤੇ ਚੱਲਣ ਵਾਲੇ ਧਰਾਤਲ ਪੱਧਰ ‘ਤੇ ਗੁਰਬਾਣੀ ਤੇ ਵਿਰਸੇ ਨੂੰ ਅਪਨਾ ਕੇ ਗ਼ਲਤ ਕਿਵੇਂ ਹਨ? ਇਹਨਾਂ ਕੱਚ-ਘਰੜ ਆਲੋਚਕਾਂ ਦੀ ਸੋਚ ਤਾਂ ‘ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ’ ਵਾਲੀ ਹੈ।
ਭਾਈ ਵੀਰ ਸਿੰਘ ‘ਤੇ ਅੱਜ ਕੱਲ੍ਹ ਦੇ ਹੀਰ-ਵੰਨੇ ਵਾਲੇ ਨਵੇਂ ‘ਚੁੰਝ ਵਿਦਵਾਨ’ ਇਹ ਦੋਸ਼ ਵੀ ਲਾਉਂਦੇ ਹਨ ਕਿ ਭਾਈ ਸਾਹਿਬ ਨੇ ‘ਪੰਜਾਬ ਦੇ ਫੈਬਰਿਕ’ ਭਾਵ ਤਾਣੇ ਪੇਟੇ ਨੂੰ ਤਹਿਸ ਨਹਿਸ ਕੀਤਾ। ਇਸ ਦੋਸ਼ ਦਾ ਅਧਾਰ ਅਖੌਤੀ ਆਲੋਚਕ ਭਾਈ ਸਾਹਿਬ ਦਾ ਸਿੱਖੀ ਨੂੰ ਸਮਰਪਿਤ ਹੋਣਾ ਮੰਨਦੇ ਹਨ। ਇਹ ਦੋਸ਼ ਨਿਰਮੂਲ ਹੈ ਤੇ ਸਾਜਿਸ਼ੀ ਢੰਗ ਨਾਲ ਮੜ੍ਹਿਆ ਗਿਆ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖੀ ਨੇ ਪੰਜਾਬ ਦਾ ਫੈਬਰਿਕ ਨਸ਼ਟ ਨਹੀਂ ਕੀਤਾ, ਸਗੋਂ ਮਜ਼ਬੂਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਾਹਦ ਇਕੋ-ਇਕ ਸੋਮਾ ਹਨ, ਜੋ ਰੰਗ, ਨਸਲ, ਜਾਤ, ਫਿਰਕੇ, ਬੋਲੀ ਤੇ ਖੇਤਰ ਆਦਿ ਤੋਂ ਉੱਪਰ ਹੋਕੇ, ਸਭ ਨੂੰ ਇਕ ਲੜੀ ਵਿਚ ਜੋੜਦੇ ਹਨ। ਸਿੱਖੀ ਤਾਂ ਮਨੂਵਾਦੀ ਵਿਤਕਰੇ, ਊਚ ਨੀਚ, ਛੂਆ-ਛਾਤ, ਵਰਣ-ਵੰਡ ਆਦਿ ਨੂੰ ਰੱਦ ਕਰਕੇ, ਸਭ ਨੂੰ ਬਰਾਬਰਤਾ ਦਿੰਦੀ ਹੈ। ਭਾਈ ਵੀਰ ਸਿੰਘ ਦੀ ਹਰ ਲਿਖਤ ਵੀ ਜਿਥੇ ਉਕਤ ਗੌਰਵਮਈ ਵਿਰਸੇ ‘ਤੇ ਫਖ਼ਰ ਮਹਿਸੂਸ ਕਰਨਾ ਸਿਖਾਉਂਦੀ ਹੈ, ਉਥੇ ਵਿਤਕਰਿਆਂ ਦੀਆਂ ਵਲਗਣਾਂ ਵੀ ਤੋੜਦੀ ਹੈ।
ਭਾਈ ਸਾਹਿਬ ਨੇ ਪੰਜਾਬ ਦਾ ਤਾਣਾ ਪੇਟਾ ਗ਼ਰਕ ਨਹੀਂ ਕੀਤਾ, ਸਗੋਂ ਗ਼ਰਕ ਹੋਣੋ ਬਚਾਇਆ ਹੈ। ਗੁਰਮੁਖੀ ਸਾਹਿਤ ਵਿਚ ਲਾਲਾ ਧਨੀ ਰਾਮ ਚਾਤ੍ਰਿਕ ਦਾ ਪ੍ਰਵੇਸ਼ ਕਰਵਾਉਣ ਵਾਲੇ ਕੋਈ ਹੋਰ ਨਹੀਂ, ਸਗੋਂ ਭਾਈ ਵੀਰ ਸਿੰਘ ਹਨ। ਉਸ ਸਮੇਂ ਆਰੀਆ ਸਮਾਜੀ ਪੰਜਾਬ ਵਿਚ ਜਾ ਕੇ ਇਥੋਂ ਦੇ ਪੰਜਾਬੀ ਹਿੰਦੂ ਨੂੰ ਪੰਜਾਬੀ ਨਾਲੋਂ ਤੋੜ ਰਹੇ ਸਨ, ਪਰ ਭਾਈ ਵੀਰ ਸਿੰਘ ਪੰਜਾਬੀ ਹਿੰਦੂ ਨੂੰ ਵੀ ਪੰਜਾਬੀ ਨਾਲ ਜੋੜ ਰਹੇ ਸਨ। ਇਉਂ ਭਾਈ ਸਾਹਿਬ ਨੇ ਮਜ਼ਹਬੀ ਵਲਗਣਾਂ ਤੋਂ ਉੱਪਰ, ਪੰਜਾਬ ਤੇ ਪੰਜਾਬੀ ਦੀ ਫੈਬਰਿਕ ਨੂੰ ਮਜ਼ਬੂਤ ਕਰਨ ‘ਚ ਵੱਡੀ ਭੂਮਿਕਾ ਨਿਭਾਈ ਹੈ।
ਜਿੱਥੇ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਆਰੀਆਂ ਸਮਾਜੀ ਤੱਤ ਭਾਈ ਵੀਰ ਸਿੰਘ ਦੇ ਪੰਜਾਬੀ ਪ੍ਰਚਾਰ ਤੋਂ ਈਰਖਾ ਖਾਂਦੇ ਸਨ, ਉੱਥੇ ਪੰਜਾਬ ਦੀ ਵੰਡ ਮਗਰੋਂ ਉਹਨਾਂ ‘ਚੋਂ ਹੀ ਬਹੁਤੇ ਅਖੌਤੀ ਪੱਬੇ ਪੱਖੀ ਬਣ ਕੇ, ਭਾਈ ਸਾਹਿਬ ਨੂੰ ਰੱਦ ਕਰਨ ਲਈ ਹੋਰ ਕਾਰਨ ਲੱਭਣ ਤੁਰ ਪਏ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕੋਸਸ਼ਿਾਂ ਜਾਰੀ ਹਨ। ਉਹ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਨੇ ਸਮਕਾਲੀ ਹਾਲਤਾਂ ਬਾਰੇ ਕਿਉਂ ਨਹੀਂ ਲਿਖਿਆ ਅਤੇ ਅੰਗਰੇਜ਼ਾਂ ਖਿਲਾਫ਼ ਕੁੱਝ ਕਿਉਂ ਨਹੀਂ ਬੋਲਿਆ? ਦੋਸ਼ ਲਾਇਆ ਜਾਂਦਾ ਹੈ ਕਿ ਜੋ ਜ਼ੁਲਮ ਤੇ ਧੱਕੇਸ਼ਾਹੀ ਵੇਖ ਕੇ ਚੁੱਪ ਰਹੇ, ਉਹ ਸਾਹਿਤਕਾਰ ਨਹੀਂ। ਇਹ ਪਰਿਭਾਸ਼ਾ ਸਹੀ ਹੈ, ਪਰ ਇਹ ਸਾਹਿਤ ਮਾਫ਼ੀਆ ਆਪਣੇ ਵਰਗ ਦੇ ਲੇਖਕਾਂ ‘ਤੇ ਅਜਿਹੀ ਪਰਿਭਾਸ਼ਾ ਲਾਗੂ ਨਹੀਂ ਕਰਦਾ . ਅਜਿਹੀ ਅਸਾਹਿਤਕ ਬੇਈਮਾਨੀ ਦੀ ਇਕ ਉਦਾਹਰਣ ਇਹ ਹੈ ਕਿ 1984 ਵਿਚ ਦਿੱਲੀ ਸਮੇਤ ਭਾਰਤ ਦੇ ਕੋਨੇ ਕੋਨੇ ‘ਚ ਹੋਏ ਸਿੱਖ ਕਤਲੇਆਮ ਵੇਲੇ ਅਖੌਤੀ ਅਗਾਂਹ ਵਧੂ ਲੇਖਕਾਂ ਦੀ ਢਾਣੀ ਦੇ ਮੋਢੀਆਂ ਦੀ ਬੰਦ ਜ਼ੁਬਾਨ! ਦਿੱਲੀ ਵਿਚ ਜਦੋਂ ਸਿੱਖ ਨਸਲਕੁਸ਼ੀ ਹੋ ਰਹੀ ਸੀ ਤੇ ਹਜ਼ਾਰਾਂ ਸਿੱਖ ਮਾਰੇ ਜਾ ਰਹੇ ਸਨ, ਧੀਆਂ ਦੇ ‘ਗੈੱਗ ਰੇਪ’ ਹੋ ਰਹੇ ਸਨ, ਉਸ ਵੇਲੇ ਦਿੱਲੀ ਵਿਚ ਹੀ ਕਵਿੱਤਰੀ ਅੰਮਿ੍ਤਾ ਪ੍ਰੀਤਮ ਵੀ ਮੌਜੂਦ ਸੀ . ਉਸਨੇ ਇਸ ਦੇ ਖਿਲਾਫ਼ ਇਕ ਸ਼ਬਦ ਵੀ ਨਹੀਂ ਬੋਲਿਆ।
ਅਫ਼ਸੋਸ ਕਿ ਭਾਈ ਵੀਰ ਸਿੰਘ ਨੂੰ ਕਟਿਹਰੇ ‘ਚ ਖੜ੍ਹਾ ਕਰਨ ਵਾਲਾ ‘ਸਾਹਿਤ ਮਾਫ਼ੀਆ’ ਅੰਮ੍ਰਿਤਾ ਪ੍ਰੀਤਮ ਦੀ ਚੁੱਪ ‘ਤੇ ਖਾਮੋਸ਼ ਰਹਿੰਦਾ ਹੈ। ਮੰਨ ਲੈਂਦੇ ਹਾਂ ਕਿ ਅਖੌਤੀ ਅਗਾਂਹ ਵਧੂਆਂ ਨੂੰ ਸਿੱਖ ਕਤਲੇਆਮ ਬਾਰੇ ਬੋਲਣ ‘ਤੇ ਤਕਲੀਫ ਹੁੰਦੀ ਹੈ, ਪਰ ਜਦੋਂ ਭਾਰਤ ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਉਦੋਂ ਵੀ ਖੱਬੇ ਪੱਖੀ ਚੁੱਪ ਰਹੇ . ਚੁੱਪ ਹੀ ਨਹੀਂ, ਬਲਕਿ ਐਮਰਜੈਂਸੀ ਦੀ ਹਮਾਇਤ ਕਰਦੇ ਰਹੇ। ਪਰ ਭਾਈ ਵੀਰ ਸਿੰਘ ਸਮਕਾਲੀ ਸਰਕਾਰ ਖਿਲਾਫ ਨਾਂ ਬੋਲਣ ਕਰਕੇ ਸਾਹਿਤਕਾਰ ਦਾ ਫਰਜ਼ ਨਹੀਂ ਨਿਭਾ ਰਹੇ . ਅਜਿਹਾ ਦੋਗਲਾਪਣ ਸਾਹਿਤ ਮਾਫੀਏ ਦਾ ਕਿਰਦਾਰ ਹੈ!
ਭਾਈ ਸਾਹਿਬ ਵੀਰ ਸਿੰਘ ਦੇ ਸਮਕਾਲੀ ਰਵਿੰਦਰ ਨਾਥ ਟੈਗੋਰ ਅਤੇ ਡਾ. ਮੁਹੰਮਦ ਇਕਬਾਲ ਦੀ ਗੱਲ ਕਰੀਏ, ਤਾਂ ਉਹਨਾਂ ਦੀ ਸਮਕਾਲੀ ਭੂਮਿਕਾ ਬਾਰੇ ਖੱਬੇ ਪੱਖੀ ਚੁੱਪ ਹਨ। ਮਹਾਂਕਵੀ ਟੈਗੋਰ ਨੇ ਜਾਰਜ ਪੰਜਵੇਂ ਦੀ ਭਾਰਤ ਫੇਰੀ ਮੌਕੇ ‘ਜਨ ਗਨ ਮਨ’ ਗੀਤ ਲਿਖਿਆ, ਜੋ ਕਿ ਪ੍ਰਸ਼ੰਸਾ ਮਈ ਸਾਹਿਤ ਦਾ ਹੀ ਰੂਪ ਸੀ। ਜਾਰਜ ਪੰਚਮ ਦੀ ਆਮਦ ‘ਤੇ ਲਿਖਿਆ ਇਹ ਗੀਤ ਅੱਜ ਭਾਰਤ ਦਾ ਰਾਸ਼ਟਰੀ ਗੀਤ ਹੈ। ਖੱਬੇ ਪੱਖੀ ਇਹ ਸੱਚ ਬਿਆਨ ਕਰਨ ਤੋਂ ਗੁਰੇਜ ਕਰਦੇ ਹਨ। ਟੈਗੋਰ ਨੂੰ ਅੰਗਰੇਜ਼ਾਂ ਵਲੋਂ ‘ਸਰ’ ਦਾ ਖਿਤਾਬ ਮਿਲਿਆ ਸੀ, ਜੋ ਕਿ ਉਹ ਵੱਡੇ ਹਮਾਇਤੀ ਨੂੰ ਦਿਆ ਕਰਦੇ ਸਨ। ਇਹ ਸਹੀ ਹੈ ਕਿ ਜਲ੍ਰਿਆਂ ਵਾਲਾ ਬਾਗ਼ ਦੇ ਸਾਕੇ ਵੇਲੇ ਟੈਗੋਰ ਨੇ ਇਹ ਖਿਤਾਬ ਵਾਪਿਸ ਕੀਤਾ ਸੀ। ਇਸ ਤੋਂ ਇਲਾਵਾ ਟੈਗੋਰ ਦੀ ਕੋਈ ਵੀ ਲਿਖਤ ਅੰਗਰੇਜ਼ ਸਾਮਰਾਜ ਖਿਲਾਫ਼ ਨਹੀਂ, ਪਰ ਟੈਗੋਰ ਦੀ ਕਾਮਰੇਡ ਸਹੁੰ ਖਾਂਦੇ ਹਨ, ਜਦਕਿ ਭਾਈ ਵੀਰ ਸਿੰਘ ਨੂੰ ਬੁਰੀ ਤਰ੍ਹਾਂ ਭੰਡਦੇ ਹਨ . ਡਾ. ਮੁਹੰਮਦ ਇਕਬਾਲ ਨੂੰ ਮੁਸਲਿਮ ‘ਕੌਮ ਦੇ ਸ਼ਾਇਰ’ ਦਾ ਰੁਤਬਾ ਦਿੰਦੇ ਹਨ, ਜਦਕਿ ਇਕਬਾਲ ਨੇ ਆਪਣੀ ਲਿਖਤ ਵਿਚ ਕਿਧਰੇ ਵੀ ਅੰਗਰੇਜ਼ ਸਾਮਰਾਜ ਨੂੰ ਨਹੀਂ ਨਿੰਦਿਆ। ਵੱਡੇ-ਵੱਡੇ ਸਾਹਿਤਕਾਰ ਉਸਦੇ ਸ਼ੇਅਰ ਪੜ੍ਹਦੇ ਹੋਏ ਅਸ਼-ਅਸ਼ ਕਰਦੇ ਹਨ, ਪਰ ਡਾ. ਇਕਬਾਲ ਦੀ ਅੰਗਰੇਜ਼ਾਂ ਖਿਲਾਫ਼ ਚੁੱਪ ‘ਤੇ ਖਾਮੋਸ਼ ਰਹਿੰਦੇ ਹਨ।
ਹੁਣ ਗੱਲ ਭਾਈ ਵੀਰ ਸਿੰਘ ਦੀ ਕਰਦੇ ਹਾਂ। ਅੱਜ ਦੀ ਤਾਰੀਖ਼ ਵਿਚ ਅਸੀ ਸਪੱਸ਼ਟ ਹਾਂ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਬਸਤੀ ਬਣਾ ਕੇ ਜਿਵੇਂ ਲੁੱਟਿਆ, ਲੋਕਾਂ ‘ਤੇ ਜੋ ਕਹਿਰ ਢਾਹਿਆਂ, ਜਲ੍ਹਿਆਂ ਵਾਲਾ ਬਾਗ ਕਾਂਢ ਕਰਕੇ ਸੈਂਕੜੇ ਬੈਕਸੂਰ ਮਾਰੇ ਅਤੇ ਪੰਜਾਬ ਅਤੇ ਭਾਰਤ ਦੇ ਜਿਵੇਂ ਟੁਕੜੇ ਕੀਤੇ, ਉਹ ਨਾਮੁਆਫ਼ ਕਰਨ ਯੋਗ ਗੁਨਾਹ ਹਨ। ਇਹ ਵੀ ਸੱਚ ਹੈ ਕਿ 1849 ਵਿਚ ਪੰਜਾਬ ਨੂੰ ਗ਼ੁਲਾਮ ਬਣਾਉਣ ਲਈ ਅੰਗਰੇਜ਼ਾਂ ਨਾਲ ਪੂਰਬੀਆਂ ਨੇ ਮਿਲ ਕੇ, ਸਿੱਖ ਰਾਜ ਖਤਮ ਕੀਤਾ, ਜਿਸ ਦਾ ਸਿੱਖਾਂ ਅੰਦਰ ਲਗਾਤਾਰ ਰੋਸ ਸੀ। ਸਿੰਘ ਸਭਾ ਲਹਿਰ ਦੌਰਾਨ ਵੀ ਇਹ ਵਰਤਾਰਾ ਝਲਕਦਾ ਹੈ। ਭਾਈ ਵੀਰ ਸਿੰਘ ਦਾ ਜਲ੍ਹਿਆ ਵਾਲਾ ਬਾਗ਼ ਸਾਕੇ ਬਾਰੇ ਨਾ ਲਿਖਣਾ ਜਾਂ ਅੰਗਰੇਜ਼ਾਂ ਦਾ ਵਿਰੋਧ ਨਾ ਕਰਨਾ ਵੀ ਉਸੇ ਪ੍ਰਸੰਗ ਦਾ ਹਿੱਸਾ ਹੈ। ਇਸ ਦੇ ਬਾਵਜੂਦ ਭਾਈ ਸਾਹਿਬ ਦੀ ਉਕਤ ਪਹੁੰਚ ‘ਤੇ ਅਸਹਿਮਤੀ ਪ੍ਰਗਟਾਉਣਾ ਜਾਇਜ਼ ਹੈ ਤੇ ਆਲੋਚਨਾ ਕਰਨੀ ਸਹੀ ਹੈ, ਪਰ ਇਸ ਆਧਾਰ ‘ਤੇ ਭਾਈ ਵੀਰ ਸਿੰਘ ਨਾਲ ਈਰਖਾ ਕਰਨੀ ਅਤੇ ਆਪਣੇ ਖੇਮੇ ਦੇ ਲੇਖਕਾਂ ਦੀ ਪੁਸ਼ਤ-ਪਨਾਹੀ ਕਰਨੀ, ਦੋਗਲੀ ਪਹੁੰਚ ਹੀ ਕਹੀ ਜਾਵੇਗੀ।
ਇਹ ਦੋਹਰੇ ਮਾਪਦੰਡ ਇਉਂ ਹੀ ਹਨ ਜਿਵੇਂ ਕਿ ਪੰਜਾਬ ਅੰਦਰ ਖਾੜਕੂਵਾਦ ਦੇ ਦੌਰ ਸਮੇਂ ਖੱਬੇ ਪੱਖੀਆਂ ਦੀ ਇਕ ਢਾਣੀ ਦਾ ਨਾਅਰਾ ਸੀ ਕਿ ਪੰਜਾਬ ਵਿਚ ਖ਼ਾਲਿਸਤਾਨ ਉਹਨਾਂ ਦੀਆਂ ਲਾਸ਼ਾਂ ‘ਤੇ ਬਣੇਗਾ। ਅੱਜ ਪੂਰਾ ਭਾਰਤ ‘ਹਿੰਦੂ ਰਾਸ਼ਟਰ’ ਬਣਨ ਜਾ ਰਿਹਾ ਹੈ, ਹੁਣ ਉਹਨਾਂ ਦੀਆਂ ਲਾਸ਼ਾਂ ਕਿਧਰੇ ਨਹੀਂ ਵਿਛੀਆਂ, ਸਗੋਂ ਉਹਨਾਂ ਦੇ ਜਿਉਂਦੇ ਜੀਅ ਹੀ ਹਿੰਦੂ ਰਾਸ਼ਟਰ ਕਾਇਮ ਹੋ ਰਿਹਾ ਹੈ। ਇਉਂ ਹੀ ਭਾਈ ਵੀਰ ਸਿੰਘ ਬਾਰੇ ਦੋਗਲਾਪਣ ਸਰਾਸਰ ਬੇਇਨਸਾਫੀ ਅਤੇ ਬੇਈਮਾਨੀ ਹੈ। ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ‘ਚ ਵੀਹਵੀਂ ਸਦੀ ਦੇ ਮੁੱਢ ਤੋਂ ਲੈ ਕੇ ਅੱਧੀ ਸਦੀ ਤੱਕ ਸਰਗਰਮ ਰਹਿੰਦੇ ਹਨ।
ਭਾਈ ਸਾਹਿਬ ਦੀ ਸਾਹਿਤਕ ਦੇਣ ਨੂੰ ਅੱਜ ਪੰਜਾਬ ਤੋਂ ਲੈ ਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੀ ਉਹਨਾਂ ਦਾ 152 ਸਾਲਾ ਜਨਮ ਦਿਹਾੜਾ ਮਨਾਉਣਾ ਕਿਹਾ ਜਾ ਸਕਦਾ ਹੈ। ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ। ਭਾਈ ਵੀਰ ਸਿੰਘ ਦੇ ਜਨਮ ਦਿਹਾੜਾ ਮਨਾਉਂਦੇ ਹੋਏ, ਨਵੇਂ ਸਿਰਿਓਂ ਇਹ ਕਾਰਜ ਆਰੰਭਣ ਦੀ ਲੋੜ ਹੈ। ਭਾਈ ਸਾਹਿਬ ਦੀ ਸਾਹਿਤਕ ਦੇਣ ਨੂੰ ਰੱਦ ਕਰਨ ‘ਤੇ ਤੁਲੀਆਂ ਤਾਕਤਾਂ ਦਾ ਦਲੀਲ ਪੂਰਨ ਜਵਾਬ ਦੇਣਾ ਜ਼ਰੂਰੀ ਹੋ ਗਿਆ ਹੈ। ‘ਸਾਹਿਤ ਮਾਫ਼ੀਆ’ ਦੀਆਂ ਸਾਜਿਸ਼ਾਂ ਨੂੰ ਜੱਗ-ਜਾਹਿਰ ਕਰਕੇ ਹੀ ਭਾਈ ਵੀਰ ਸਿੰਘ ਖਿਆਫ਼ ਝੂਠਾ ਬਿਰਤਾਂਤ ਨਕਾਰਿਆ ਜਾ ਸਕਦਾ ਹੈ।
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਸਫੋਰਡ, ਬੀਸੀ, ਕੈਨੇਡਾ।

Check Also

10 ਦਸੰਬਰ : ਮਨੁੱਖੀ ਹੱਕਾਂ ਦੇ 76ਵੇਂ ਵਰ੍ਹੇ ‘ਤੇ ਵਿਸ਼ੇਸ਼

‘ਮਨੁੱਖੀ ਅਧਿਕਾਰ ਦਿਵਸ’ ਬਨਾਮ ‘ਕਾਲੀ ਦਸਤਾਰ ਦਿਵਸ’ ਯੂ ਐਨ ਓ ਦਾ ਮਹਿਜ਼ ਘੋਸ਼ਣਾ-ਪੱਤਰ ਬਣ ਕੇ …