Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਸਖ਼ਤ ਫ਼ੈਸਲੇ ਲੈ ਕੇ ਪਰਵਾਸੀਆਂ ਖਾਸਕਰ ਪੰਜਾਬੀਆਂ ਦੀਆਂ ਮੁਸ਼ਕਲਾਂ ਵਧਾਉਂਦੀ ਜਾ ਰਹੀ ਹੈ। ਹੁਣ ਪੰਜਾਬੀਆਂ ਦੇ ਕੈਨੇਡਾ ਵਿਚ ਪੱਕੇ ਹੋਣ ਦਾ ਆਖ਼ਰੀ ਰਾਹ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (Labour Market Impact Assessments-LMIs) ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੱਡੇ ਖ਼ੁਲਾਸੇ ਕਰਦਿਆਂ ਕਿਹਾ ਹੈ ਕਿ ਕੈਨੇਡਾ ਦੀ ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਦੁਰਵਰਤੋਂ ਹੋ ਰਹੀ ਹੈ ਅਤੇ ਫੈਡਰਲ ਸਰਕਾਰ ਰਾਹੀਂ ਮਿਲਣ ਵਾਲੇ 50 ਵਾਧੂ ਅੰਕਾਂ ਦੀ ਸਹੂਲਤ ਖ਼ਤਮ ਕਰਨ ‘ਤੇ ਵਿਚਾਰ ਕਰ ਰਹੀ ਹੈ।
ਇਸ ਵੇਲੇ ਬਿਨੈਕਾਰ ਇੱਕ LMIA ਲਈ 50 ਅੰਕ ਜਾਂ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਦੇ ਅਧੀਨ ਪ੍ਰਬੰਧਨ ਦੇ ਅਹੁਦਿਆਂ ਲਈ 200 ਅੰਕ ਪ੍ਰਾਪਤ ਕਰ ਸਕਦੇ ਹਨ।
ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ ‘ਤੇ ਲੋਕਾਂ ਨੂੰ ਠਗਿਆ ਜਾ ਰਿਹਾ ਹੈ ਅਤੇ ਕਾਲਾ ਬਾਜ਼ਾਰੀ ਕਰਦਿਆਂ ਇਕ ਕਾਗ਼ਜ਼ ਲਈ 70 ਹਜ਼ਾਰ ਡਾਲਰ ਤੱਕ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿਚ ਸਖ਼ਤੀ ਕਰਨ ਲਈ ਮਜਬੂਰ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਠੱਗ ਏਜੰਟਾਂ ਵੱਲੋਂ LMIA ਰਾਹੀਂ ਯਕੀਨੀ ਪੀ.ਆਰ. ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਫ਼ਰਜ਼ੀ ਨੌਕਰੀਆਂ ਲਈ LMIA ਤਿਆਰ ਕਰਵਾਏ ਜਾਂਦੇ ਹਨ ਅਤੇ ਨੌਜਵਾਨਾਂ ਦਾ ਵੱਡੇ ਪੱਧਰ ‘ਤੇ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਵੇਲੇ ਕੈਨੇਡੀਅਨ ਪੀ.ਆਰ. ਲਈ ਸੀ.ਆਰ.ਐੱਸ. ਸਕੋਰ 500 ਤੋਂ ਉੱਤੇ ਚੱਲ ਰਿਹਾ ਹੈ ਅਤੇ LMIA ਦੇ 50 ਵਾਧੂ ਅੰਕ ਪੀ.ਆਰ. ਦਿਵਾਉਣ ਵਿਚ ਕਾਰਗਰ ਸਾਬਤ ਹੁੰਦੇ ਹਨ ਪਰ ਜ਼ਿਆਦਾਤਰ ਮਾਮਲਿਆਂ ਵਿਚ ਇਸ ਸਹੂਲਤ ਦੀ ਵਰਤੋਂ ਠੱਗੀ-ਠੋਰੀ ਲਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ਾ ਬੰਦ ਕੀਤੇ ਜਾ ਚੁੱਕੇ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤੇ ਜਾ ਰਹੇ ਹਨ। ਸਿਰਫ਼ ਐਨਾ ਹੀ ਨਹੀਂ, ਕੌਮਾਂਤਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵੀ ਘਟਾ ਕੇ 4 ਲੱਖ 37 ਹਜ਼ਾਰ ਕੀਤੀ ਜਾ ਚੁੱਕੀ ਹੈ।
ਮਾਰਕ ਮਿਲਰ ਨੇ ਵਰਕ ਪਰਮਿਟ ਦੀ ਮਿਆਦ ਵਿਚ ਵਾਧਾ ਕਰਨ ਲਈ ਬਰੈਂਪਟਨ ਵਿਖੇ ਪੱਕੇ ਰੋਸ ਧਰਨੇ ‘ਤੇ ਬੈਠੇ ਸਾਬਕਾ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਟੱਡੀ ਵੀਜ਼ਾ ਤੋਂ ਕੈਨੇਡੀਅਨ ਪੀਆਰ ਤੱਕ ਪਹੁੰਚਣ ਦਾ ਰਾਹ ਕੋਈ ਸੌਖਾ ਰਾਹ ਨਹੀਂ। ਕੋਈ ਵਿਦਿਆਰਥੀ ਇਹ ਸੋਚ ਕੇ ਕੈਨੇਡਾ ਨਾ ਆਵੇ ਕਿ ਉਹ ਯਕੀਨੀ ਤੌਰ ‘ਤੇ ਪੀਆਰ ਹਾਸਲ ਕਰ ਲਵੇਗਾ।
ਮਾਰਕ ਮਿਲਰ ਵੱਲੋਂ ਪਿਛਲੇ ਦਿਨੀਂ ਕੌਮਾਂਤਰੀ ਵਿਦਿਆਰਥੀਆਂ ਵਾਸਤੇ ਕਈ ਹਾਂ ਪੱਖੀ ਐਲਾਨ ਵੀ ਕੀਤੇ ਗਏ ਜਿਨ੍ਹਾਂ ਤਹਿਤ ਹਫ਼ਤੇ ਵਿਚ ਕੰਮ ਦਾ ਸਮਾਂ 20 ਘੰਟੇ ਤੋਂ ਵਧਾ ਕੇ 24 ਘੰਟੇ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਕਾਲਜ ਬਦਲਣ ਦੀ ਸੂਰਤ ਵਿਚ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਅਰਜ਼ੀ ਦਾਖਲ ਕਰਨ ਦਾ ਨਿਯਮ ਵੀ ਲਾਗੂ ਕਰ ਦਿੱਤਾ ਗਿਆ।
ਕੌਮਾਂਤਰੀ ਵਿਦਿਆਰਥੀਆਂ ਦੀ ਕੈਨੇਡਾ ਵਿਚ ਸ਼ਰਨ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੂਜੇ ਪਾਸੇ ਕੈਨੇਡਾ ਵਿਚ ਆਰਜ਼ੀ ਵੀਜ਼ਾ ‘ਤੇ ਮੌਜੂਦ ਲੋਕਾਂ ਦੀ ਗਿਣਤੀ 30 ਲੱਖ ਤੋਂ ਟੱਪ ਚੁੱਕੀ ਹੈ ਅਤੇ ਫੈਡਰਲ ਸਰਕਾਰ ਇਸ ਵਿਚ ਵੱਡੀ ਕਟੌਤੀ ਕਰਨਾ ਚਾਹੁੰਦੀ ਹੈ। ਬਗੈਰ ਲਾਇਸੈਂਸ ਤੋਂ ਕੰਮ ਕਰ ਰਹੇ ਇਮੀਗ੍ਰੇਸ਼ਨ ਸਲਾਹਕਾਰ ਇਸ ਦਾ ਸਭ ਤੋਂ ਵੱਧ ਫ਼ਾਇਦਾ ਉਠਾ ਰਹੇ ਹਨ ਅਤੇ ਪੰਜਾਬੀ ਨੌਜਵਾਨਾਂ ਨੂੰ LMIA ਰਾਹੀਂ ਪੱਕੇ ਕਰਵਾਉਣ ਦਾ ਲਾਰਾ ਲਾਇਆ ਜਾਂਦਾ ਹੈ।
ਇਮੀਗ੍ਰੇਸ਼ਨ ਬਾਬਤ ਹੋ ਰਹੇ ਨਿੱਤ ਦਿਨ ਘਪਲਿਆਂ ਨੂੰ ਰੋਕਣ ਦੇ ਇਰਾਦੇ ਨਾਲ ਉਨਟਾਰੀਓ ਸਰਕਾਰ ਨੇ ਇਕ ਨਵੀਂ ਪਹਿਲਕਦਮੀ ਕਰਦਿਆਂ, ਸ਼ੋਸ਼ਣ ਕਰਨ ਵਾਲੇ ਇਮੀਗ੍ਰੇਸ਼ਨ ਕੰਸਲਟੈਂਟਸ ‘ਤੇ ਸ਼ਿਕੰਜਾ ਕਸਣ ਲਈ ਇਕ ਬਿੱਲ ਲਿਆਉਣ ਦੀ ਤਜਵੀਜ਼ ਰੱਖੀ ਹੈ। ਇਸ ਵਿੱਚ ਇਮੀਗ੍ਰੇਸ਼ਨ ਕੰਸਲਟੈਂਟਸ, ਰੁਜ਼ਗਾਰਦਾਤਾਵਾਂ ਅਤੇ ਪ੍ਰੋਗਰਾਮ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਵਿਚਕਾਰ ਵਧੇਰੇ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਲੋੜ ‘ਤੇ ਜ਼ੋਰ ਦਿੱਤਾ ਜਾਣਾ ਹੈ।
ਸਰਕਾਰ, ਕੰਸਲਟੈਂਟਸ ਅਤੇ ਬਿਨੈਕਾਰਾਂ ਵਿਚਕਾਰ ਲਿਖਤੀ ਇਕਰਾਰਨਾਮਾ ਕਰਨ ਦੀ ਲੋੜ, ਕੰਸਲਟੈਂਟਸ ਨੂੰ ਉਨ੍ਹਾਂ ਦੀ ਰਜਿਸਟਰੇਸ਼ਨ ਜਾਂ ਲਾਇਸੈਂਸ ਦਾ ਸਬੂਤ ਦੇਣ, ਬਿਨੈਕਾਰਾਂ ਨੂੰ ਆਪਣੀ ਫਾਈਲ ਤੱਕ ਵਧੇਰੇ ਪਹੁੰਚ ਜਿਹੇ ਕਰਾਰ ਲੈ ਕੇ ਆਉਣ ‘ਤੇ ਵਿਚਾਰ ਕਰ ਰਹੀ ਹੈ।
ਸ਼ੈਰੀਡਨ ਕਾਲਜ 40 ਪ੍ਰੋਗਰਾਮਾਂ ਨੂੰ ਕਰੇਗਾ ਮੁਅੱਤਲ
ਫੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ‘ਤੇ ਕੈਂਪ ਲਗਾਉਣ ਦੇ ਐਲਾਨ ਕਰਨ ਤੋਂ ਬਾਅਦ ਸ਼ੈਰੀਡਨ ਕਾਲਜ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਪਹਿਲਾ ਕਾਲਜ ਹੈ। ਕਾਲਜ ਦੇ ਅਨੁਸਾਰ ਇਥੇ 40,000 ਤੋਂ ਵੱਧ ਵਿਦਿਆਰਥੀ ਹਨ। ਇਹ ਕੈਨੇਡਾ ਦਾ ਚੋਟੀ ਦਾ ਐਨੀਮੇਸ਼ਨ ਕਾਲਜ ਮੰਨਿਆ ਜਾਂਦਾ ਹੈ ਜਿਸ ਵਿੱਚ ਸੱਤ ਸ਼ੈਰੀਡਨ-ਸਿਖਲਾਈ ਪ੍ਰਾਪਤ ਐਨੀਮੇਟਰਾਂ ਨੇ ਅਕੈਡਮੀ ਅਵਾਰਡ ਜਿੱਤਿਆ ਹੈ। ਓਨਟਾਰੀਓ ਦੇ ਇਸ ਕਾਲਜ ਨੇ ਸਰਕਾਰੀ ਨੀਤੀ ਵਿਚ ਤਬਦੀਲੀ ਅਤੇ ਦਾਖ਼ਲੇ ਵਿਚ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਆਪਣੇ ਦਰਜਨਾਂ ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਆਪਣੇ ਸਟਾਫ਼ ਨੂੰ ਘਟਾ ਦਿੱਤਾ ਹੈ। ਸ਼ੈਰੀਡਨ ਕਾਲਜ ਨੇ ਆਪਣੀ ਵੈੱਬਸਾਈਟ ਤੇ ਕਿਹਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਮੌਕਾ ਮਿਲੇਗਾ, ਪਰ ਅਸੀਂ ਅੱਗੇ ਨਵੇਂ ਸਾਲ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਵਾਂਗੇ। ਬਰੈਂਪਟਨ, ਮਿਸੀਸਾਗਾ ਅਤੇ ਓਕਵਿਲੇ ਵਿਚ ਕੈਂਪਸ ਰੱਖਣ ਵਾਲੇ ਕਾਲਜ ਨੇ ਕਿਹਾ ਕਿ ਕੁਝ ਮੁਅੱਤਲੀਆਂ ਮਈ ਦੇ ਸ਼ੁਰੂ ਵਿਚ ਲਾਗੂ ਹੋਣਗੀਆਂ ਪਰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਪ੍ਰੋਗਰਾਮ ਬੰਦ ਹੋ ਜਾਣਗੇ। ਸ਼ੈਰੀਡਨ ਕਾਲਜ ਵਿੱਚ ਪ੍ਰਭਾਵਿਤ ਮੁਅੱਤਲ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਅਪਲਾਈਡ ਸਾਇੰਸ ਐਂਡ ਟੈਕਨਾਲੋਜੀ ਦੀ ਫੈਕਲਟੀ ਵਿੱਚ 13, ਬਿਜ਼ਨਸ ਪ੍ਰੋਗਰਾਮਾਂ ਦੇ 13, ਐਨੀਮੇਸ਼ਨ, ਆਰਟਸ ਅਤੇ ਡਿਜ਼ਾਈਨ ਦੀ ਫੈਕਲਟੀ ਵਿੱਚ ਛੇ, ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਵਿੱਚ ਪੰਜ ਅਤੇ ਹਿਊਮੈਨਿਟੀ ਅਤੇ ਸਮਾਜਿਕ ਵਿਗਿਆਨ ਵਿੱਚ ਤਿੰਨ ਪ੍ਰੋਗਰਾਮ ਸ਼ਾਮਲ ਹਨ।

 

Check Also

ਟਰੂਡੋ ਸਰਕਾਰ ਦੇ ਮੰਤਰੀ ਚੋਣਾਂ ਲੜਨ ਤੋਂ ਕਿਨਾਰਾ ਕਰਨ ਲੱਗੇ

ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਮੁੜ ਅਧਿਆਪਨ ਕਿੱਤੇ ਨਾਲ ਜੁੜਨ ਦੀ ਇੱਛਾ ਜਤਾਈ ਓਟਵਾ/ਬਿਊਰੋ ਨਿਊਜ਼ …