Breaking News
Home / ਹਫ਼ਤਾਵਾਰੀ ਫੇਰੀ / ਸਿੱਖਭਾਈਚਾਰੇ ਨੂੰਵੱਡੀ ਰਾਹਤ

ਸਿੱਖਭਾਈਚਾਰੇ ਨੂੰਵੱਡੀ ਰਾਹਤ

ਯੂ.ਕੇ. ਵਿਚ ਸਿੱਖਾਂ ਨੂੰ ਮਿਲੀ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਦੀ ਅਜ਼ਾਦੀ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਚਾਕੂ ਨਾਲ ਹਮਲਿਆਂ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵਾਂ ਘਾਤਕ ਹਥਿਆਰ ਬਿੱਲ ਸੰਸਦ ਵਿਚ ਪਾਸ ਹੋ ਗਿਆ ਹੈ। ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ ‘ਤੇ ਮੋਹਰ ਲਾਏ ਜਾਣ ਮਗਰੋਂ ਇਹ ਐਕਟ ਹੋਂਦ ਵਿਚ ਆ ਗਿਆ ਹੈ। ਬਿੱਲ ਵਿਚ ਪਿਛਲੇ ਵਰ੍ਹੇ ਸੋਧ ਕੀਤੀ ਗਈ ਸੀ ਤਾਂ ਜੋ ਬ੍ਰਿਟਿਸ਼ ਸਿੱਖ ਭਾਈਚਾਰੇ ‘ਤੇ ਇਸ ਦਾ ਕੋਈ ਅਸਰ ਨਾ ਪਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ”ਅਸੀਂ ਕ੍ਰਿਪਾਨ ਦੇ ਮੁੱਦੇ ‘ਤੇ ਸਿੱਖਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਨਤੀਜੇ ਵਜੋਂ ਅਸੀਂ ਬਿੱਲ ਵਿਚ ਸੋਧ ਕਰਕੇ ਇਹ ਯਕੀਨੀ ਬਣਾਇਆ ਕਿ ਸਿੱਖ ਧਾਰਮਿਕ ਸਮਾਗਮਾਂ ਲਈ ਵੱਡੀਆਂ ਕ੍ਰਿਪਾਨਾਂ ਦੀ ਵਰਤੋਂ ਕਰ ਸਕਣ ਅਤੇ ਉਨ੍ਹਾਂ ਦੀ ਵਿਕਰੀ ਹੋ ਸਕੇ।” ਬ੍ਰਿਟਿਸ਼ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਗਰੁੱਪ ਦੇ ਵਫ਼ਦ ਨੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਜਦੋਂ ਵੀ ਨਵਾਂ ਬਿੱਲ ਹੋਂਦ ਵਿਚ ਆਵੇ ਤਾਂ ਕ੍ਰਿਪਾਨ ਨੂੰ ਉਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਗਰੁੱਪ ਦੀ ਮੁਖੀ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਸ ਨੂੰ ਸਰਕਾਰ ਵੱਲੋਂ ਕੀਤੀ ਗਈ ਸੋਧ ਨੂੰ ਦੇਖ ਕੇ ਖੁਸ਼ੀ ਹੋਈ ਹੈ ਜਿਸ ਵਿਚ ਸਿੱਖਾਂ ਵੱਲੋਂ ਵੱਡੀਆਂ ਕ੍ਰਿਪਾਨਾਂ ਦੀ ਵਿਕਰੀ ਜਾਂ ਉਸ ਨੂੰ ਕੋਲ ਰੱਖਣਾ ਕੋਈ ਜੁਰਮ ਨਹੀਂ ਕਰਾਰ ਦਿੱਤਾ ਗਿਆ ਹੈ।
ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਹਾਊਸ ਆਫ਼ ਕਾਮਨਜ਼ ਵਿਚ ਘਾਤਕ ਹਥਿਆਰਾਂ ਬਾਰੇ ਬਿੱਲ ‘ਤੇ ਬਹਿਸ ਦੌਰਾਨ ਕ੍ਰਿਪਾਨ ਰੱਖਣ ਦਾ ਭਰੋਸਾ ਮੰਗਦਿਆਂ ਕਿਹਾ ਸੀ ਕਿ ਇਹ ਸਿੱਖਾਂ ਲਈ ਸੰਜੀਦਾ ਧਾਰਮਿਕ ਮਾਮਲਾ ਹੈ। ਯੂਕੇ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਕਿਹਾ, ”ਇਹ ਨਵੇਂ ਕਾਨੂੰਨ ਪੁਲਿਸ ਨੂੰ ਵਾਧੂ ਤਾਕਤਾਂ ਦੇਣਗੇ ਤਾਂ ਜੋ ਖ਼ਤਰਨਾਕ ਹਥਿਆਰਾਂ ਨੂੰ ਜ਼ਬਤ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਛੁਰੇ ਮਾਰਨ ਦੀਆਂ ਵਾਰਦਾਤਾਂ ਸੜਕਾਂ ‘ਤੇ ਘੱਟ ਹੋਣ। ਐਕਟ ਵਿਚ ਚਾਕੂ ਅਪਰਾਧ ਰੋਕੂ ਹੁਕਮ ਵੀ ਸ਼ਾਮਲ ਹੋਵੇਗਾ ਜਿਸ ਲਈ ਪੁਲਿਸ ਨੇ ਤਾਕਤ ਮੰਗੀ ਸੀ।” ਜ਼ਿਕਰਯੋਗ ਹੈ ਕਿ ਵੱਡੀਆਂ ਕ੍ਰਿਪਾਨਾਂ, ਜਿਨ੍ਹਾਂ ਦਾ ਬਲੇਡ 50 ਸੈਂਟੀਮੀਟਰ ਤੋਂ ਵੱਧ ਹੁੰਦਾ ਹੈ, ਦੀ ਵਰਤੋਂ ਗੁਰਦੁਆਰਿਆਂ ਵਿਚ ਧਾਰਮਿਕ ਸਮਾਗਮਾਂ ਅਤੇ ਗਤਕੇ ਦੌਰਾਨ ਕੀਤੀ ਜਾਂਦੀ ਹੈ। ਬਿੱਲ ਵਿਚ ਸੋਧ ਨਾ ਹੋਣ ਕਰਕੇ ਪਹਿਲਾਂ ਇਹ ਕ੍ਰਿਪਾਨਾਂ ਵੀ ਉਸ ਦੇ ਘੇਰੇ ਵਿਚ ਆਉਂਦੀਆਂ ਸਨ ਪਰ ਹੁਣ ਇਸ ‘ਤੇ ਸਹਿਮਤੀ ਬਣਨ ਕਰਕੇ ਸਿੱਖਾਂ ਨੂੰ ਰਾਹਤ ਮਿਲ ਗਈ ਹੈ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …