Breaking News
Home / ਹਫ਼ਤਾਵਾਰੀ ਫੇਰੀ / ਫੈਡਰਲ ਚੋਣਾਂ ਲੜ ਰਹੇ ਆਗੂਆਂ ਨੇ ਇੱਕ-ਦੂਜੇ ‘ਤੇ ਕੀਤੇ ਸਿਆਸੀ ਹਮਲੇ

ਫੈਡਰਲ ਚੋਣਾਂ ਲੜ ਰਹੇ ਆਗੂਆਂ ਨੇ ਇੱਕ-ਦੂਜੇ ‘ਤੇ ਕੀਤੇ ਸਿਆਸੀ ਹਮਲੇ

ਓਟਵਾ/ਬਿਊਰੋ ਨਿਊਜ਼ : 2021 ਦੀਆਂ ਫੈਡਰਲ ਚੋਣਾਂ ਦੇ ਪ੍ਰਚਾਰ ਦੇ ਆਖਰੀ ਦੋ ਹਫਤਿਆਂ ਵਿੱਚ ਪਾਰਟੀ ਆਗੂਆਂ ਨੇ ਖੁਦ ਨੂੰ ਆਪਣੇ ਵਿਰੋਧੀਆਂ ਤੋਂ ਵੱਖ ਕਰਨ ਲਈ ਇੱਕ ਦੂਜੇ ਉੱਤੇ ਸਿਆਸੀ ਹਮਲੇ ਹੋਰ ਤੇਜ਼ ਕਰ ਦਿੱਤੇ ਹਨ। ਇਸ ਦਰਮਿਆਨ ਐਂਟੀ ਵੈਕਸੀਨੇਸ਼ਨ ਮੁਜ਼ਾਹਰਾਕਾਰੀਆਂ ਵੱਲੋਂ ਵੀ ਹਿੰਸਕ ਹਮਲੇ ਤੇਜ਼ ਕਰ ਦਿੱਤੇ ਗਏ ਹਨ।
ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਲੰਡਨ, ਓਨਟਾਰੀਓ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਉੱਤੇ ਬੱਜਰੀ ਸੁੱਟੇ ਜਾਣ ਦੇ ਮਾਮਲੇ ਦੀ ਨਿਖੇਧੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ। ਟਰੂਡੋ ਵੱਲੋਂ ਵੀ ਅਜਿਹੇ ਮੁਜ਼ਾਹਰਾਕਾਰੀਆਂ ਖਿਲਾਫ ਸਖਤ ਲਹਿਜਾ ਅਪਣਾਇਆ ਜਾ ਰਿਹਾ ਹੈ। ਮਾਂਟਰੀਅਲ ਵਿੱਚ ਟਰੂਡੋ ਨੇ ਐਲਾਨ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਉਹ ਆਪਣੇ ਰਾਹ ਤੋਂ ਥਿੜਕਣ ਨਹੀਂ ਵਾਲੇ ਸਗੋਂ ਹੁਣ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਿਸ ਕੋਲ ਸਕਿਊਰਿਟੀ ਗਾਰਡ ਨਹੀਂ ਹਨ, ਜਿਹੜੇ ਲੇਟ ਨਾਈਟ ਸਿਫਟ ਲਈ ਹਸਪਤਾਲ ਜਾਂਦੇ ਸਮੇਂ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਕੋਈ ਐਂਟੀ ਵੈਕਸਰ ਆ ਕੇ ਉਨ੍ਹਾਂ ਦਾ ਮਾਸਕ ਨਾ ਉਤਾਰ ਦੇਵੇ ਜਾਂ ਉਨ੍ਹਾਂ ਉੱਤੇ ਹਮਲਾ ਨਾ ਕਰ ਦੇਵੇ, ਅਜਿਹੇ ਲੋਕਾਂ ਦੀ ਹਿਫਾਜਤ ਯਕੀਨੀ ਬਣਾਈ ਜਾ ਸਕੇ। ਅਸੀਂ ਜਮਹੂਰੀ ਪ੍ਰਕਿਰਿਆ ਉੱਤੇ ਅਜਿਹੇ ਲੋਕਾਂ ਦੇ ਗੁੱਸੇ ਨੂੰ ਹਾਵੀ ਨਹੀਂ ਹੋਣ ਦੇਵਾਂਗੇ। ਇਸ ਦੇ ਨਾਲ ਹੀ ਟਰੂਡੋ ਨੇ ਆਪਣੇ ਕੱਟੜ ਵਿਰੋਧੀ ਕੰਸਰਵੇਟਿਵ ਆਗੂ ਐਰਿਨ ਓਟੂਲ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਹ ਜਿਹੜੇ ਵਾਅਦੇ ਕਰ ਰਹੇ ਹਨ ਉਨ੍ਹਾਂ ਉੱਤੇ ਕਿੰਨਾਂ ਖਰਚਾ ਆਵੇਗਾ ਇਸ ਬਾਰੇ ਉਹ ਕੈਨੇਡੀਅਨਜ਼ ਨੂੰ ਕੁੱਝ ਨਹੀਂ ਦੱਸ ਰਹੇ। ਕੰਸਰਵੇਟਿਵਾਂ ਦੇ ਪਲੇਟਫਾਰਮ ਨੂੰ ਪਲੇਟਫਾਰਮ ਵੀ ਨਹੀਂ ਆਖਿਆ ਜਾ ਸਕਦਾ ਕਿਉਂਕਿ ਉਸ ਵਿੱਚ ਖਰਚੇ ਬਾਰੇ ਕੋਈ ਪਾਰਦਰਸ਼ਤਾ ਨਹੀਂ ਅਪਣਾਈ ਗਈ। ਲਿਬਰਲ ਪਲੇਟਫਾਰਮ ਵਾਂਗ ਉਨ੍ਹਾਂ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਕਿਸ ਅਧਾਰ ਉੱਤੇ ਬਜਟ ਨੂੰ ਸੰਤੁਲਿਤ ਕਰਨ ਦੇ ਦਾਅਵੇ ਕਰ ਰਹੇ ਹਨ। ਓਟੂਲ ਆਪਣਾ ਕੰਮ ਨਹੀਂ ਦਰਸਾ ਰਹੇ, ਉਨ੍ਹਾਂ ਵੱਲੋਂ ਇਸ ਬਾਬਤ ਕੋਈ ਹੋਮਵਰਕ ਨਹੀਂ ਕੀਤਾ ਜਾ ਰਿਹਾ। ਜੇ ਤੁਸੀਂ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹੋਂ ਤਾਂ ਤੁਹਾਨੂੰ ਘੱਟੋ ਘੱਟ ਕੈਨੇਡੀਅਨਜ਼ ਨਾਲ ਤਾਂ ਇਮਾਨਦਾਰ ਹੋਣਾ ਹੀ ਹੋਵੇਗਾ।
ਇਸ ਦੀ ਪ੍ਰਤੀਕਿਰਿਆ ਵਜੋਂ ਓਟੂਲ ਨੇ ਆਖਿਆ ਕਿ ਉਨ੍ਹਾਂ ਦੇ ਪਲੇਟਫਾਰਮ ਵਿੱਚ ਗੰਨ ਕੰਟਰੋਲ ਪਾਲਿਸੀ ਨੂੰ ਲੈ ਕੇ ਤਬਦੀਲੀ ਤੋਂ ਇਲਾਵਾ ਸਾਰੇ ਖਰਚਿਆਂ ਦਾ ਵੇਰਵਾ ਦਿੱਤਾ ਜਾਵੇਗਾ, ਪਰ ਉਹ ਇਹ ਨਹੀਂ ਦੱਸ ਸਕੇ ਕਿ ਇਹ ਕਦੋਂ ਉਪਲਬਧ ਹੋਵੇਗਾ। ਓਟੂਲ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਨੂੰ ਵੈਕਸੀਨੇਟ ਕਰਵਾਉਣ ਦੀ ਸ਼ਰਤ ਵੀ ਨਹੀਂ ਰੱਖੀ ਗਈ ਉਨ੍ਹਾਂ ਵੱਲੋਂ ਸਗੋਂ ਰੈਪਿਡ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟਰੂਡੋ ਤੋਂ ਉਲਟ ਓਟੂਲ ਓਟਵਾ ਦੇ ਹੋਟਲ ਤੋਂ ਕੈਂਪੇਨਿੰਗ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਮਹਾਂਮਾਰੀ ਕਾਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਟਰੂਡੋ ਉੱਤੇ ਮੁਜ਼ਾਹਰਾਕਾਰੀਆਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਵੀ ਕੀਤੀ।
ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਈ ਮੁੱਦਿਆਂ ਉੱਤੇ ਟਰੂਡੋ ਦੇ ਪੱਖ ਨਾਲ ਅਸਹਿਮਤੀ ਪ੍ਰਗਟਾਈ ਤੇ ਆਖਿਆ ਕਿ ਕਲਾਈਮੇਟ ਸੰਕਟ ਵੱਲ ਵੀ ਉਨ੍ਹਾਂ ਦਾ ਧਿਆਨ ਬਹੁਤ ਘੱਟ ਹੈ। ਉਨ੍ਹਾਂ ਟਰੂਡੋ ਉੱਤੇ ਮੁਜ਼ਾਹਰਾਕਾਰੀਆਂ ਵੱਲੋਂ ਬੱਜਰੀ ਸੁੱਟੇ ਜਾਣ ਵਾਲੀ ਘਟਨਾ ਦੀ ਨਿਖੇਧੀ ਕੀਤੀ। ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਆਖਿਆ ਕਿ ਤੁਸੀਂ ਆਪ ਵੇਖ ਚੁੱਕੇ ਹੋ ਕਿ ਭਾਵੇਂ ਹਾਊਸਿੰਗ, ਕਲਾਈਮੇਟ ਸੰਕਟ, ਅਫੋਰਡੇਬਿਲਿਟੀ ਜਾਂ ਹੈਲਥ ਕੇਅਰ ਵਰਗਾ ਕੋਈ ਵੀ ਮੁੱਦਾ ਹੋਵੇ, ਪਿਛਲੇ ਛੇ ਸਾਲਾਂ ਵਿੱਚ ਟਰੂਡੋ ਨੇ ਕੀ ਕੀਤਾ ਹੈ? ਉਨ੍ਹਾਂ ਅਜਿਹੇ ਮੁੱਦਿਆਂ ਨੂੰ ਆਪਣੀ ਤਰਜੀਹ ਕਦੇ ਨਹੀਂ ਬਣਾਇਆ। ਪਰ ਸਾਡੀ ਪਾਰਟੀ ਨੂੰ ਮੌਕਾ ਦੇ ਕੇ ਤੁਸੀਂ ਹਾਲਾਤ ਬਿਹਤਰ ਬਣਾ ਸਕਦੇ ਹੋ।

 

Check Also

ਲਖੀਮਪੁਰ ਖੀਰੀ ‘ਚ ਮਨਾਇਆ ‘ਸ਼ਹੀਦ ਕਿਸਾਨ ਦਿਵਸ’

ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ: ਕਿਸਾਨ ਮੋਰਚਾ ਲਖੀਮਪੁਰ ਖੀਰੀ (ਯੂਪੀ)/ਬਿਊਰੋ ਨਿਊਜ਼ : ਯੂਪੀ ਦੇ …