Breaking News
Home / ਹਫ਼ਤਾਵਾਰੀ ਫੇਰੀ / ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਵਾਦ ਦਾ ਸੇਕ ਭਾਜਪਾ ਦੇ ਵਿਹੜੇ ਤੱਕ ਪਹੁੰਚਿਆ

ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਵਾਦ ਦਾ ਸੇਕ ਭਾਜਪਾ ਦੇ ਵਿਹੜੇ ਤੱਕ ਪਹੁੰਚਿਆ

ਵੱਡਾ ਸਵਾਲ : ਜੇ ਨਵਜੋਤ ਸਿੱਧੂ ਦੇਸ਼ਧ੍ਰੋਹੀ
ਤਾਂ ਮੋਦੀ ਤੇ ਵਾਜਪਾਈ ਕੀ ਹਨ?
ਸਿੱਧੂ ਬੋਲੇ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ‘ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲ ਸੁਣ ਮੈਂ ਬਾਜਵਾ ਨੂੰ ਪਾ ਲਈ ਜੱਫੀ
ਚੰਡੀਗੜ੍ਹ : ਪਾਕਿਸਤਾਨੀ ਫੌਜ ਮੁਖੀ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਜੱਫੀ ਪਾਉਣ ‘ਤੇ ਭਾਜਪਾ ਤੇ ਆਰ ਐਸ ਐਸ ਨੇ ਇਸ ਨੂੰ ਦੇਸ਼ਧ੍ਰੋਹ ਦਾ ਮੁੱਦਾ ਬਣਾ ਕੇ ਉਛਾਲਿਆ, ਪਰ ਨਵਜੋਤ ਸਿੱਧੂ ਨੇ ਆਪਣੇ ਜਵਾਬ ਵਿਚ ਆਖਿਆ ਕਿ ਪਾਕਿਸਤਾਨ ਫੌਜ ਮੁਖੀ ਬਾਜਵਾ ਮੇਰੇ ਕੋਲ ਆਏ ਤੇ ਉਨ੍ਹਾਂ ਕਿਹਾ ਕਿ ਸਾਡੀ ਦਿਲੀ ਇੱਛਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦੇਈਏ। ਸਿੱਧੂ ਨੇ ਕਿਹਾ ਕਿ ਮੈਂ ਭਾਵੁਕ ਹੋ ਗਿਆ ਤੇ ਲਾਂਘਾ ਖੋਲ੍ਹਣ ਦੀ ਗੱਲ ਸੁਣ ਕੇ ਮੈਂ ਪਾਕਿ ਫੌਜ ਮੁਖੀ ਨੂੰ ਗਲਵੱਕੜੀ ਪਾ ਲਈ ਇਹ ਤਸਵੀਰਾਂ ਨਸ਼ਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜਮ ਕੇ ਬਹਿਸ ਚੱਲੀ। ਮਾਮਲਾ ਇਥੇ ਆ ਕੇ ਖਲੋਅ ਗਿਆ ਕਿ ਜੇਕਰ ਨਵਜੋਤ ਸਿੱਧੂ ਦਾ ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣਾ ਦੇਸ਼ਧ੍ਰੋਹੀ ਵਾਲਾ ਕਦਮ ਹੈ ਤਾਂ ਫਿਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਬਿਨਾ ਬੁਲਾਏ ਹੀ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਨਮ ਦਿਨ ਮੌਕੇ ਪਹੁੰਚ ਗਏ ਸਨ ਤੇ ਉਨ੍ਹਾਂ ਨੂੰ ਕਲਾਵੇ ਵਿਚ ਵੀ ਲਿਆ ਸੀ। ਇਸੇ ਤਰ੍ਹਾਂ ਪ੍ਰਵੇਜ਼ ਮੁਸ਼ੱਰਫ ਨੂੰ ਵਾਜਪਾਈ ਨੇ ਉਸ ਸਮੇਂ ਆਗਰਾ ਬੁਲਾ ਕੇ ਪਲਕਾਂ ‘ਤੇ ਬਿਠਾਇਆ ਸੀ ਜਦੋਂ ਉਹ ਪਾਕਿ ਫੌਜ ਦੇ ਵੀ ਮਾਲਕ ਸਨ ਤੇ ਰਾਸ਼ਟਰਪਤੀ ਵੀ। ਤੇ ਤਦ ਵੀ ਪਾਕਿ ਕੋਈ ਭਾਰਤੀ ਜਵਾਨਾਂ ਵੱਲ ਫੁੱਲ ਨਹੀਂ ਬਰਸਾਉਂਦਾ ਸੀ। ਇਸੇ ਪ੍ਰਕਾਰ ਵਾਜਪਾਈ ਜਦੋਂ ਪਾਕਿਸਤਾਨ ਸਮਝੌਤੇ ਵਾਲੀ ਬੱਸ ਲੈ ਗਏ ਸਨ ਤਦ ਉਨ੍ਹਾਂ ਪਿੱਠ ਪਿੱਛੋਂ ਕਾਰਗਿਲ ਵਾਰ ਕੀਤੀ ਸੀ। ਇਸ ਲਈ ਸਵਾਲ ਉਠਣੇ ਜਾਇਜ਼ ਹਨ ਕਿ ਜੇਕਰ ਨਵਜੋਤ ਸਿੱਧੂ ਦੇਸ਼ਧ੍ਰੋਹੀ ਹੈ ਤਾਂ ਫਿਰ ਮੋਦੀ ਤੇ ਵਾਜਪਈ ਕੀ ਹਨ। ਕੁਝ ਸਿੱਖ ਸੰਗਠਨ ਤੇ ਪੰਥਕ ਨੁਮਾਇੰਦੇ ਇਸ ਮਾਮਲੇ ਨੂੰ ਇਸ ਢੰਗ ਨਾਲ ਵੀ ਲੈਂਦੇ ਹਨ ਕਿ ਸਿੱਧੂ ਤੇ ਬਾਜਵਾ ਦਾ ਮਿਲਣਾ ਦੋ ਪੰਜਾਬੀਆਂ ਦੀ ਯਾਰੀ ਨਾ ਪੈ ਜਾਵੇ ਤੇ ਦੋਵੇਂ ਪੰਜਾਬ ਕਿਤੇ ਇਕਮਿਕ ਨਾ ਹੋ ਜਾਣ। ਕਿਉਂਕਿ ਜੇ ਸਰਹੱਦਾਂ ਖੁੱਲ੍ਹਦੀਆਂ ਹਨ ਤੇ ਸ਼ਾਂਤੀ ਬਹਾਲ ਹੁੰਦੀ ਹੈ ਤਾਂ ਰੁਜ਼ਗਾਰ ਪੱਖੋਂ ਵੀ, ਵਪਾਰ ਪੱਖੋਂ ਵੀ ਤੇ ਸਕੂਨ ਪੱਖੋਂ ਵੀ ਸਭ ਤੋਂ ਵੱਧ ਫਾਇਦਾ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਹੀ ਹੋਣਾ ਹੈ ਤੇ ਇਹ ਦੇਸ਼ ਦੀਆਂ ਸਰਕਾਰਾਂ ਨੂੰ ਕਦੇ ਮਨਜ਼ੂਰ ਨਹੀਂ ਹੋਇਆ। ਇਸ ਲਈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਵਿਵਾਦ ਨੂੰ ਹਵਾ ਦੇਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਨਵਜੋਤ ਸਿੱਧੂ ਦੀ ਗਲਵੱਕੜੀ ਵਾਲੀ ਤਸਵੀਰ ਦੇ ਨਾਲ-ਨਾਲ ਪਾਕਿ ਪ੍ਰਧਾਨ ਮੰਤਰੀਆਂ ਨਾਲ ਜਾਂ ਫੌਜੀ ਅਫ਼ਸਰਾਂ ਨਾਲ ਮਿਲਣੀ ਵਾਲੀਆਂ ਵਾਜਪਾਈ, ਮੋਦੀ, ਰਾਜਨਾਥ ਤੇ ਕੁਝ ਵੱਡੇ ਪੱਤਰਕਾਰਾਂ ਦੀਆਂ ਤਸਵੀਰਾਂ ਵੀ ਚਰਚਾ ਵਿਚ ਹਨ ਤੇ ਸਵਾਲ ਉਠ ਰਹੇ ਹਨ ਕਿ ਫਿਰ ਤਾਂ ਕੀ ਇਹ ਸਾਰੇ ਹੀ ਦੇਸ਼ਧ੍ਰੋਹੀ ਹਨ। ਮਾਮਲਾ ਅਜੇ ਕੁਝ ਦਿਨ ਚਲਦਾ ਰਹੇਗਾ ਜਦੋਂ ਤੱਕ ਕੋਈ ਨਵਾਂ ਮੁੱਦਾ ਸਿਆਸਤਦਾਨਾਂ ਤੇ ਸ਼ੋਸ਼ਲ ਮੀਡੀਆ ਵਾਲਿਆਂ ਨੂੰ ਨਹੀਂ ਮਿਲ ਜਾਂਦਾ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …