Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਮਹਾਰਾਣੀ ਐਲਿਜ਼ਾਬੈੱਥ-2 ਦੇ ਪਲਾਟੀਨਮ ਜੁਬਲੀ ਪਿਨ ਨਾਲ ਸਨਮਾਨਿਤ

ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਮਹਾਰਾਣੀ ਐਲਿਜ਼ਾਬੈੱਥ-2 ਦੇ ਪਲਾਟੀਨਮ ਜੁਬਲੀ ਪਿਨ ਨਾਲ ਸਨਮਾਨਿਤ

ਸਨਮਾਨ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਦੇ ਦਫ਼ਤਰ ‘ਚ ਹੋਇਆ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਦਸ ਸਾਲ ਤੋਂ ਸਿਹਤ ਸਬੰਧੀ ਜਾਗਰੂਕਤਾ ਦਾ ਲਗਾਤਾਰ ਅਮਲੀ ਹੋਕਾ ਦੇ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਨੂੰ ਲੰਘੇ ਵੀਰਵਾਰ 6 ਅਕਤੂਬਰ ਵਿਸ਼ੇਸ਼ ਨੂੰ ਮਾਣ ਪ੍ਰਾਪਤ ਹੋਇਆ ਜਦੋਂ ਇਸ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਵੱਲੋਂ ਉਨ੍ਹਾਂ ਦੇ ਦਫ਼ਤਰ ਵਿਚ ਹੋਏ ਇਕ ਸੰਖੇਪ ਸਮਾਗਮ ਦੌਰਾਨ ‘ਮਹਾਰਾਣੀ ਐਲਿਜ਼ਾਬੈਥ ਦੇ ਪਲਾਟੀਨਮ ਜੁਬਲੀ ਪਿੰਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈੱਥ-2 ਜੋ 96 ਸਾਲ ਦੀ ਲੰਮੀ ਉਮਰ ਭੋਗਣ ਤੋਂ ਬਾਅਦ ਪਿਛਲੇ ਮਹੀਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਈ, ਦੇ ਰਾਜ ਦੇ 70 ਸਾਲ ਲੰਮੇ ਚੱਲੇ ਕਾਰਜਕਾਲ ਦੀ ਨਿਸ਼ਾਨੀ ਵਜੋਂ ਇਹ ਪਲਾਟੀਨਮ ਜੁਬਲੀ ਪਿੰਨ ਐਵਾਰਡ ਆਖ਼ਰੀ ਸਨਮਾਨ-ਚਿੰਨ੍ਹ ਹਨ ਜੋ ਇੰਗਲੈਂਡ ਅਤੇ ਕੈਨੇਡਾ ਦੀਆਂ ਸਰਕਾਰਾਂ ਵੱਲੋਂ ਆਪਣੇ ਅਹਿਮ ਨਾਗਰਿਕਾਂ ਨੂੰ ਪ੍ਰਦਾਨ ਕੀਤੇ ਗਏ।
ਪਾਠਕਾਂ ਨੂੰ ਯਾਦ ਹੋਵੇਗਾ ਕਿ 2002 ਵਿਚ ਜਦੋਂ ਇੰਗਲੈਂਡ ਦੀ ਇਸ ਮਹਾਰਾਣੀ ਅਲਿਜ਼ਾਬੈੱਥ-2 ਦੇ ਰਾਜ ਦੇ 50 ਸਾਲ ਪੂਰੇ ਹੋਏ ਸਨ ਤਾਂ ਕਈ ਅਹਿਮ ਸ਼ਖ਼ਸੀਅਤਾਂ ਨੂੰ ‘ਮਹਾਰਾਣੀ ਅਲਿਜ਼ਾਬੈੱਥ-2 ਗੋਲਡਨ ਜੁਬਲੀ ਐਵਾਰਡ’ ਦਿੱਤੇ ਗਏ ਸਨ ਅਤੇ ਸਾਲ 2012 ਵਿਚ ਵੀ ਉਸ ਦੇ ਰਾਜਕਾਲ ਦੇ 60 ਸਾਲ ਪੂਰੇ ਹੋਣ ‘ਤੇ ਕਈਆਂ ਨੂੰ ਪਲਾਟੀਨਮ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ 2022 ਵਿਚ ਮਹਾਰਾਣੀ ਦੇ ਰਾਜਕਾਲ ਦੇ 70 ਸਾਲ ਪੂਰੇ ਹੋਣ ਉਤੇ ‘ਅਲਿਜ਼ਾਬੈੱਥ-2 ਪਲਾਟੀਨਮ ਪਿੰਨ’ ਕਈ ਅਹਿਮ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤੇ ਗਏ ਹਨ। ਇਹ ਐਵਾਰਡ ਉਨ੍ਹਾਂ ਵਿਅੱਕਤੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਸਮਾਜ ਵਿਚ ਵਿਚਰਦਿਆਂ ਹੋਇਆਂ ਕਮਿਊਨਿਟੀ ਦੀ ਬੇਹਤਰੀ ਲਈ ਵਿਸ਼ੇਸ਼ ਸੇਵਾ ਨਿਭਾਈ ਹੋਵੇ, ਆਲੇ-ਦੁਆਲੇ ਦੇ ਲੋਕਾਂ ਨਾਲ ਆਪਸੀ ਸਾਂਝ ਵਧਾਉਣ ਵਿਚ ਅਹਿਮ ਯੋਗਦਾਨ ਪਾਇਆ ਹੋਵੇ, ਫ਼ਰੰਟ-ਲਾਈਨ ਵਰਕਰ ਦੇ ਤੌਰ ‘ਤੇ ਜਾਂ ਵਾਲੰਟੀਅਰ ਵਜੋਂ ਵਿਸ਼ੇਸ਼ ਕੰਮ ਕੀਤਾ ਹੋਵੇ ਜਾਂ ਫਿਰ ਉਹ ਕਿਸੇ ਸਮਾਜ ਭਲਾਈ ਸੰਸਥਾ ਦਾ ਮੋਹਰੀ ਆਗੂ ਹੋਣ।
ਸੰਧੂਰਾ ਸਿੰਘ ਬਰਾੜ ਨੂੰ ਇਹ ਮਹਾਰਾਣੀ ਐਲਿਜ਼ਾਬੈਥ ਦੇ ਪਲਾਟੀਨਮ ਜੁਬਲੀ ਪਿੰਨ ਐਵਾਰਡ ਮਿਲਣ ‘ਤੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ, ਟੀ.ਪੀ.ਏ.ਆਰ. ਕਲੱਬ ਦੇ ਸਹਿਯੋਗੀ ਮੈਂਬਰਾਂ, ਸਬੰਧੀਆਂ ਅਤੇ ਜਾਣਕਾਰਾਂ ਵੱਲੋਂ ਵਧਾਈ ਦੇ ਲਗਾਤਾਰ ਸੁਨੇਹੇ ਰਹੇ ਹਨ।
ਜ਼ਿਕਰਯੋਗ ਹੈ ਕਿ ਦਸ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ 5-6 ਸਾਥੀਆਂ ਨਾਲ ਟੀ.ਪੀ.ਏ.ਆਰ. ਕਲੱਬ ਦਾ ਗਠਨ ਕੀਤਾ ਸੀ। ਹੌਲੀ-ਹੌਲੀ ਇਸ ਕਲੱਬ ਵਿਚ ਵਾਧਾ ਹੁੰਦਾ ਗਿਆ ਅਤੇ ਇਹ ਕਾਫਲ਼ੇ ਦਾ ਰੂਪ ਧਾਰਨ ਕਰ ਗਈ। ਹੁਣ ਇਸ ਸਮੇਂ ਇਸ ਕਲੱਬ ਦੇ 100 ਤੋਂ ਵਧੀਕ ਮੈਂਬਰ ਹਨ ਅਤੇ ਇਹ ਮੈਂਬਰ ਹਰ ਹਫ਼ਤੇ ਸ਼ਨੀਵਾਰ ਜਾਂ ਐਤਵਾਰ ਵਾਲੇ ਦਿਨ ਬਰੈਂਪਟਨ, ਮਿਸੀਸਾਗਾ ਜਾਂ ਕੈਲੇਡਨ ਦੀ ਕਿਸੇ ਨਾ ਕਿਸੇ ਟਰੇਲ ‘ਤੇ 15-20 ਕਿਲੋਮੀਟਰ ਤੇ ਕਈ ਵਾਰ ਇਸ ਤੋਂ ਵੀ ਵੱਧ ਦੌੜ ਲਾਉਂਦੇ ਹਨ ਜਾਂ ਤੇਜ਼ ਤੁਰਦੇ ਹਨ। ਕਈ ਮੈਂਬਰ ਆਪਣੇ ਸਾਈਕਲਾਂ ‘ਤੇ 50-60 ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਹਨ।
ਕਲੱਬ ਦੇ ਸਾਰੇ ਮੈਂਬਰ ਹਰ ਸਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ ਕਰਵਾਈ ਜਾਂਦੀ ‘ਇਨਸਪੀਰੇਸ਼ਨਲ ਸਟੈੱਪਸ’, ‘ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’, ਤਰਕਸ਼ੀਲ ਸੋਸਾਇਟੀ ਕੈਨੇਡਾ ਵੱਲੋਂ ਕਰਵਾਈ ਜਾਂਦੀ ‘ਰੱਨ-ਕਮ-ਵਾੱਕ’ ਅਤੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਵਿਚ ਭਾਗ ਲੈਂਦੇ ਹਨ।
ਇਸ ਸਾਲ 11 ਸਤੰਬਰ ਨੂੰ ਉਨ੍ਹਾਂ ਬਰੈਂਪਟਨ ਤੋਂ 100 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਜੌਰਜਿਨਾ ਵਿਚ ਹੋਈ ਮੈਰਾਥਨ/ਹਾਫ਼-ਮੈਰਾਥਨ/5 ਤੇ 10 ਕਿਲੋਮੀਟਰ ਦੌੜ ਵਿਚ ਵੀ ਭਾਗ ਲਿਆ। ਇਸ ਤੋਂ ਇਲਾਵਾ ਉਹ ਹਰ ਸਾਲ ਸੀ.ਐੱਨ. ਟਾਵਰ ਦੀਆਂ 1776 ਪੌਵੀਆਂ ਚੜ੍ਹਨ ਦੇ ਈਵੈਂਟ ਵਿਚ ਵੀ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਇਹ ਵੱਖਰੀ ਗੱਲ ਹੈ ਕਿ ਸਾਰੀ ਦੁਨੀਆਂ ਵਿਚ ਫ਼ੈਲੀ ਕਰੋਨਾ ਮਹਾਂਮਾਰੀ ਕਾਰਨ ਪਿਛਲੇ ਤਿੰਨ ਸਾਲ ਤੋਂ ਇਹ ਈਵੈਂਟ ਨਹੀਂ ਕਰਵਾਇਆ ਜਾ ਸਕਿਆ ਅਤੇ ਅਗਲੇ ਸਾਲ ਤਂ ਇਹ ਫਿਰ ਸ਼ੁਰੂ ਹੋਣ ਦੀ ਪੂਰੀ ਉਮੀਦ ਹੈ। ਕਲੱਬ ਦੇ ਮੈਂਬਰਾਂ ਦੀਆਂ ਇਨ੍ਹਾਂ ਸਰਗ਼ਰਮੀਆਂ ਨਾਲ ਕਮਿਊਨਿਟੀ ਨੂੰ ਸਿਹਤ ਸਬੰਧੀ ਬੜਾ ਵਧੀਆ ਉਸਾਰੂ ਸੁਨੇਹਾ ਪਹੁੰਚਦਾ ਹੈ। ਏਸੇ ਲਈ ਹਰ ਸਾਲ ਇਸ ਕਲੱਬ ਦੇ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਸੰਧੂਰਾ ਸਿੰਘ ਬਰਾੜ ਦੀ ਯੋਗ ਅਗਵਾਈ ਵਿਚ ਇਹ ਕਲੱਬ ਨਵੀਆਂ ਪੁਲਾਂਘਾ ਪੁੱਟ ਰਹੀ ਹੈ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੇ ਬਦਲੇ ਹੀ ਉਨ੍ਹਾਂ ਨੂੰ ਮਹਾਰਾਣੀ ਅਲਿਜ਼ਾਬੈੱਥ-2 ਦਾ ਇਹ ਵੱਕਾਰੀ ਐਵਾਰਡ ਦਿੱਤਾ ਗਿਆ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …