ਬਰੈਂਪਟਨ/ਬਾਸੀ ਹਰਚੰਦ : ਗੌਰ/ਮੀਡੋਅ ਕਮਿਊਨਿਟੀ ਸੈਂਟਰ ਵਿਖੇ ਐਤਵਾਰ ਨੂੰ ਰੌਕ ਗਾਰਡਨ ਕਲੱਬ ਦੇ ਪ੍ਰੀਤੀ ਭੋਜਨ ਸਮੇਂ ਗੀਤ ਸੰਗੀਤ ਦੇ ਪ੍ਰੋਗਰਾਮ ਨਾਲ ਹਾਲ ਗੂੰਜ ਉਠਿਆ। ਰੌਕ ਗਾਰਡਨ ਸੀਨੀਅਰਜ਼ ਕਲੱਬ ਹਰ ਸਾਲ ਗਰਮੀਆਂ ਦੇ ਅੰਤ ਤੇ ਫਾਲ ਸਮੇਂ ਆਪਣੀ ਕਲੱਬ ਦਾ ਆਮ ਇਜਲਾਸ ਅਤੇ ਆਪਣੇ ਮੈਂਬਰਾਂ ਨੂੰ ਪ੍ਰੀਤੀ ਭੋਜਨ ਵਿਚ ਸ਼ਾਮਲ ਕਰਦੀ ਹੈ। ਇਸ ਕਲੱਬ ਦੇ ਬਰੈਂਪਟਨ ਵਿਚ ਸਭ ਤੋਂ ਵੱਧ ਮੈਂਬਰ ਹਨ। ਇਹ ਨਿਰੋਲ ਆਪਣੇ ਮੈਂਬਰਾਂ ਦੀ ਇੰਟਰਟੇਨਮੈਂਟ ਦੇ ਪ੍ਰਬੰਧ ਕਰਦੀ ਹੈ, ਜਿਨ੍ਹਾਂ ਵਿਚ ਵੱਖ-ਵੱਖ ਦਿਸ਼ਾਵਾਂ ਵਿਚ ਮੈਂਬਰਾਂ ਦੇ ਟੂਰ ਕਰਵਾਉਣੇ ਅਤੇ ਗਰਮੀਆਂ ਦੇ ਅੰਤ ਤੇ ਫਾਲ ਸਮੇਂ ਪ੍ਰੀਤੀ ਕਰਾਉਣਾ ਹੈ। ਇਸ ਦਿਨ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਹੁੰਦਾ ਹੈ। ਇਹ ਪ੍ਰੋਗਰਾਮ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਅਤੇ ਸਮੁੱਚੀ ਕਾਰਜਕਰਨੀ ਦੀ ਅਗਵਾਈ ਵਿਚ ਗੌਰ/ਮੀਡੋਅ ਕਮਿਊਨਿਟੀ ਹਾਲ ਵਿਚ ਸਜਿਆ। ਦੋ ਅਕਤੂਬਰ ਦਿਨ ਐਤਵਾਰ ਨੂੰ ਪਹਿਲਾਂ ਕਲੱਬ ਦਾ ਆਮ ਇਜਲਾਸ ਹੋਇਆ, ਜਿਸ ਵਿਚ ਪਿਛਲੇ ਸਾਲ ਦੇ ਕੰਮਾਂ ਦਾ ਲੇਖਾ-ਜੋਖਾ ਅਤੇ ਹਿਸਾਬ ਕਿਤਾਬ ਮੈਂਬਰਾਂ ਅੱਗੇ ਪੇਸ਼ ਕੀਤਾ, ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਆਉਂਦਿਆਂ ਹੀ ਮਹਿਮਾਨਾਂ ਲਈ ਚਾਹ ਸਨੈਕਸ ਪਰੋਸੇ ਗਏ। ਡਾ. ਸਮੰਤਾ ਮੋਹੰਤੀ ਦਾ ਸੋਸ਼ਲ ਪਲੈਨਿੰਗ ਟੋਰਾਂਟੋ ਦਾ ਲੈਕਚਰ ਆਯੋਜਿਤ ਕੀਤਾ ਗਿਆ।
ਇਸ ਤੋਂ ਅਗਲੇ ਸੈਸ਼ਨ ਵਿਚ ਸਿਟੀ ਤੋਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਗਿਆ। ਇਸ ਉਪਰੰਤ ਕਲੱਬ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਥਿੰਦ ਅਤੇ ਬੀਬੀ ਤਰਿਪਤਾ ਕੁਮਾਰੀ ਨੂੰ ਉਸ ਦੀਆਂ ਵਧੀਆ ਸੇਵਾਵਾਂ ਲਈ ਸਨਮਾਨ ਵਜੋਂ ਇਕ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਫਿਰ ਗੀਤ-ਸੰਗੀਤ ਦਾ ਦੌਰ ਸ਼ੁਰੂ ਹੋ ਗਿਆ। ਬੀਬੀ ਨਾਜ਼ ਕੈਰੀਬਨ ਨੇ ਬਹੁਤ ਹੀ ਖੂਬਸੂਰਤ ਆਵਾਜ਼ ਵਿਚ ਹਿੰਦੀ ਗੀਤ ਗਾਏ। ਇਉਂ ਲੱਗਦਾ ਸੀ ਜਿਵੇਂ ਪ੍ਰੋਫੈਸ਼ਨਲ ਹੋਵੇ। ਮਿਸਜ਼ ਸੱਗੂ ਨੇ ਧਾਰਮਿਕ ਸ਼ਬਦ ਗਾਇਨ ਕੀਤਾ। ਇਕ ਹੋਰ ਵਿਅਕਤੀ ਨੇ ‘ਨਾ ਝਟਕੇ ਜੁਲਫ ਸੇ ਪਾਣੀ’ ਵਧੀਆ ਗੀਤ ਨਾਲ ਰੰਗ ਬੰਨਿਆ। ਲਾਲ ਮਿਊਜੀਸ਼ਨ ਗਰੁੱਪ ਦੇ ਪਾਲ ਅਤੇ ਰੀਟਾ ਰਾਣੀ ਦੀ ਸੰਗੀਤ ਮੰਡਲੀ ਨੇ ਪੂਰਾ ਸਮਾਂ ਵਧੀਆ ਗੀਤਾਂ ਨਾਲ ਇੰਟਰਟੇਨਮੈਂਟ ਕੀਤੀ। ਵਿਚੋਂ ਕੁਝ ਸਮਾਂ ਗੀਤ ਸੰਗੀਤ ਰੋਕ ਕੇ ਔਰਤਾਂ ਨੇ ਪੰਜਾਬੀ ਗਿੱਧੇ ਨਾਲ ਧਮਾਲ ਪਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਉਸ ਉਪਰੰਤ ਜਾਗੋ ਦਾ ਰੰਗ ਗਿੱਧੇ ਦੇ ਹਾਣ ਦਾ ਸੀ। ਔਰਤਾਂ ਦੀ ਇਸ ਕਲਾ ਦੀ ਦਰਸ਼ਕਾਂ ਨੇ ਦਾਦ ਦਿੱਤੀ। ਵਿਸ਼ੇਸ਼ ਸੱਦੇ ‘ਤੇ ਮਹਿਮਾਨਾਂ ਵਿਚ ਸੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਕਾਹਲੋ ਸੈਂਬੀ, ਜਗਦੀਸ਼ ਸਿੰਘ ਗਰੇਵਾਲ, ਅਮਰੀਕ ਸਿੰਘ ਕੁਮਰੀਆ, ਮਹਿੰਦਰ ਸਿੰਘ ਮੋਹੀ, ਸਤਵੰਤ ਸਿੰਘ ਬੋਪਾਰਾਏ, ਜਗੀਰ ਸਿੰਘ ਕਾਹਲੋਂ ਅਤੇ ਹਰਚੰਦ ਸਿੰਘ ਬਾਸੀ ਸ਼ਾਮਲ ਸਨ। ਹਰਚੰਦ ਸਿੰਘ ਬਾਸੀ ਨੂੰ ਕੁਝ ਸਮਾਂ ਸਮਾਗਮ ਨੂੰ ਅਡਰੈਸ ਕਰਨ ਲਈ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਦੱਸਿਆ ਕਿ ਜਿਹੜੀ ਸਭਾ ਦੀ ਅਗਵਾਈ ਸੁਚੱਜੀ ਹੋਵੇ ਤੇ ਮੈਂਬਰ ਅਨੁਸ਼ਾਸ਼ਨ ਵਿਚ ਹੋਣ, ਉਸਦੀ ਉਮਰ ਲੰਮੀ ਅਤੇ ਸ਼ੋਭਾਵੰਤ ਹੁੰਦੀ ਹੈ। ਇਹ ਗੁਣ ਰੌਕ ਗਾਰਡਨ ਕਲੱਬ ਵਿਚ ਹਨ। ਇਸਦਾ ਸਿਹਰਾ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਨੂੰ ਜਾਂਦਾ ਹੈ। ਸਭਾ ਦੇ ਪ੍ਰਬੰਧਕ ਗੁਰਮੇਲ ਸਿੰਘ ਸੱਗੂ, ਕਸ਼ਮੀਰਾ ਸਿੰਘ ਦਿਓਲ ਸਮੇਤ ਮੈਂਬਰਾਂ ਅਤੇ ਕਾਰਜਕਾਰਨੀ ਨੂੰ ਸਫਲ ਸਮਾਗਮ ਦੀਆਂ ਵਧਾਈਆਂ ਦਿੱਤੀਆਂ। ਕਲੱਬ ਦੇ ਪ੍ਰਧਾਨ ਨੇ ਰੌਕ ਗਾਰਡਨ ਦੇ ਵਲੰਟੀਅਰਜ਼ ਅਤੇ ਸੀਨੀਅਰਜ਼ ਵੋਮੈਨ ਕਲੱਬ ਦੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …