ਸਰੀ : ਪੰਜਾਬੀ ਦੀ ਪ੍ਰਸਿੱਧ ਨਜ਼ਮ ‘ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?’ ਦੇ ਲਿਖਾਰੀ ਗੁਰਦਾਸ ਰਾਮ ਆਲਮ ਨੂੰ ਸਮਰਪਤ ਸਾਹਿਤਕ ਸੰਮੇਲਨ ਸਰੀ ਦੇ ਸੀਨੀਅਰ ਸੈਂਟਰ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਾਹਿਤ ਸਭਾਵਾਂ ਦੇ ਬੁਲਾਰਿਆਂ ਨੇ ਗੁਰਦਾਸ ਰਾਮ ਆਲਮ ਦੀ ਸਾਹਿਤਕ ਦੇਣ ਬਾਰੇ ਵਿਚਾਰ ਚਰਚਾ ਕੀਤੀ। ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਜਿੱਥੇ ਮੌਜੂਦਾ ਸਮੇਂ ਵਧ ਰਹੇ ਸਾਹਿਤਕ ਮਾਫੀਆ ਅਤੇ ਸਰਕਾਰ ਪ੍ਰਸਤੀ ‘ਤੇ ਚਿੰਤਾ ਪ੍ਰਗਟਾਈ ਗਈ, ਉਥੇ ਲੋਕ ਕਵੀ ਗੁਰਦਾਸ ਰਾਮ ਆਲਮ ਦੀ ਤਰਜ਼ ‘ਤੇ ਲੋਕਾਂ ਦੇ ਪੀੜਤ ਵਰਗ ਦੇ ਹੱਕ ਵਿੱਚ ਖੜ੍ਹਨ ਲਈ ਸਾਹਿਤਕਾਰਾਂ ਨੇ ਅਹਿਦ ਲਿਆ। ਸਮਾਗਮ ਵਿੱਚ ਮੌਜੂਦ ਸ਼ਖ਼ਸੀਅਤਾਂ ਨੇ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਗੁਰਦਾਸ ਰਾਮ ਆਲਮ ਨੂੰ ਵਿਸਾਰੇ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਮੁੱਖ ਪ੍ਰਬੰਧਕ ਪ੍ਰਿੰਸੀਪਲ ਮਲੂਕ ਚੰਦ ਕਲੇਰ ਵੱਲੋਂ ਸੰਮੇਲਨ ਦੀ ਆਰੰਭਤਾ ਕੀਤੀ ਅਤੇ ਸੰਸਥਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਦਕਿ ਸਿੱਖ ਵਿਦਵਾਨ ਮਨਮੋਹਣ ਸਿੰਘ ਸਮਰਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਕਵੀ ਆਲਮ ਦੀ ਮਹਾਨ ਸਾਹਿਤਕ ਦੇਣ ‘ਤੇ ਚਾਨਣਾ ਪਾਇਆ।
ਸੰਮੇਲਨ ਦੇ ਮੁੱਖ ਬੁਲਾਰੇ ਡਾ ਗੁਰਵਿੰਦਰ ਸਿੰਘ ਨੇ ਗੁਰਦਾਸ ਰਾਮ ਆਲਮ ਨਾਲ ਆਪਣੀ ਸਾਂਝ ਬਾਰੇ ਜਾਣਕਾਰੀ ਦਿੰਦਿਆਂ ਵਰਤਮਾਨ ਸਮੇਂ ਉਨ੍ਹਾਂ ਦੀ ਕਵਿਤਾ ਦੀ ਪ੍ਰਸੰਗਕਤਾ ਬਾਰੇ ਵਿਚਾਰ ਦਿੱਤੇ। ਸਾਊਥ ਏਸ਼ੀਅਨ ਰੀਵਿਊ ਦੇ ਸਹਿ ਸੰਪਾਦਕ ਅਤੇ ਵਿਰਾਸਤ ਫਾਊਂਡੇਸ਼ਨ ਦੇ ਮੋਢੀ ਭੁਪਿੰਦਰ ਸਿੰਘ ਮੱਲ੍ਹੀ ਨੇ ਸਾਹਿਤਕਾਰਾਂ ਨੂੰ ‘ਜੋਕਾਂ ਦੀ ਥਾਂ ਲੋਕਾਂ’ ਨਾਲ ਖੜ੍ਹਨ ਦਾ ਸੱਦਾ ਦਿੱਤਾ। ਹੋਰਨਾਂ ਬੁਲਾਰਿਆਂ ਵਿਚ ਹਰਜਿੰਦਰ ਸਿੰਘ ਪੰਧੇਰ, ਜ਼ਿਲ੍ਹੇ ਸਿੰਘ, ਚਮਕੌਰ ਸਿੰਘ ਸੇਖੋਂ, ਹਰਚੰਦ ਸਿੰਘ ਗਿੱਲ ਅਚਰਵਾਲ, ਕਵੀ ਆਲਮ ਦੇ ਗਰਾਈਂ ਬਲਰਾਜ ਸਿੰਘ ਬਾਸੀ ਅਤੇ ਚੇਤਨਾ ਫਾਊਂਡੇਸ਼ਨ ਦੇ ਪ੍ਰਬੰਧਕ ਜੈ ਵਿਰਦੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ। ਪ੍ਰੋਗਰਾਮ ਦੇ ਅਖੀਰ ਵਿਚ ਪੰਜਾਬ ਤੋਂ ਆਏ ਲੇਖਕ ਸੁਖਦੇਵ ਸਿੰਘ ਦਰਦੀ ਦੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਗੁਰਦਾਸ ਰਾਮ ਆਲਮ ਨੂੰ ਸਮਰਪਤ ਇਹ ਸਾਹਿਤਕ ਸੰਮੇਲਨ ਯਾਦਗਾਰੀ ਹੋ ਨਿੱਬੜਿਆ।