3.9 C
Toronto
Sunday, December 21, 2025
spot_img
Homeਕੈਨੇਡਾਸਕੂਲਾਂ ਤੇ ਘਰਾਂ ਦੇ ਮਾਹੌਲ ਵਿੱਚ ਤਾਲਮੇਲ ਜ਼ਰੂਰੀ : ਸਤਪਾਲ ਸਿੰਘ ਜੌਹਲ

ਸਕੂਲਾਂ ਤੇ ਘਰਾਂ ਦੇ ਮਾਹੌਲ ਵਿੱਚ ਤਾਲਮੇਲ ਜ਼ਰੂਰੀ : ਸਤਪਾਲ ਸਿੰਘ ਜੌਹਲ

ਬੱਚੇ ਪੜ੍ਹਾਉਣ ਦੀ ਵਿਦੇਸ਼ਾਂ ਤੋਂ ਲਿਆਂਦੀ ਸੋਚ ਕੈਨੇਡਾ ਦੇ ਸਿੱਖਿਆ ਸਿਸਟਮ ਵਿੱਚ ਕੰਮ ਨਹੀਂ ਕਰਦੀ : ਪ੍ਰਿੰਸੀਪਲ ਬੈਂਸ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਪੀਲ ਡਿਸਟਰਿਕਟ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਬੀਤੇ ਹਫਤਿਆਂ ਤੋਂ ਆਪਣੇ ਹਲਕੇ ਦੇ ਸਕੂਲਾਂ ਦਾ ਦੌਰਾਨ ਕਰਨਾ ਜਾਰੀ ਰੱਖਿਆ ਹੈ ਜਿਸ ਦੌਰਾਨ ਉਨ੍ਹਾਂ ਨੂੰ ਸਕੂਲਾਂ ਦੇ ਸਟਾਫ, ਮਾਪਿਆਂ ਅਤੇ ਬੱਚਿਆਂ ਵਲੋਂ ਭਰਵਾਂ ਸਹਿਯੋਗ ਪ੍ਰਾਪਤ ਹੋ ਰਿਹਾ ਹੈ।
ਲੋਕਾਂ ਦਾ ਧੰਨਵਾਦ ਕਰਦਿਆਂ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਬੀਤੇ ਹਫਤਿਆਂ ਦੌਰਾਨ ਪੇਰੈਂਟ ਕੌਸਲ ਮੀਟਿੰਗਾਂ ਵਿੱਚ ਜਾ ਕੇ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ਼ ਮੁਲਾਕਾਤਾਂ ਕਰਕੇ ਸਕੂਲਾਂ ਵਿੱਚ ਵਰਦੀ ਬਾਰੇ ਲੋਕਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਬੋਰਡ ਦੀ ਨੀਤੀ ਅਨੁਸਾਰ ਉਸ ਸਕੂਲ ਵਿੱਚ ਵਰਦੀ ਲਾਗੂ ਕਰਨਾ ਸੰਭਵ ਹੈ ਜਿੱਥੇ 70 ਫੀਸਦ ਮਾਪੇ ਅਤੇ ਵਿਦਿਆਰਥੀ ਇਸ ਦੇ ਹੱਕ ਵਿੱਚ ਹੋਣ। ਪਰ ਵੱਖ-ਵੱਖ ਭਾਈਚਾਰਿਆਂ ਵਿੱਚ ਇਸ ਬਾਰੇ ਵੱਖ-ਵੱਖ ਰਾਏ ਪਾਈ ਜਾ ਰਹੀ ਹੈ ਅਤੇ ਕੈਨੇਡਾ ਦੇ ਬਹੁਸਭਿਆਚਾਰਕ ਸਮਾਜ ਵਿੱਚ ਹਰੇਕ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਜਰੂਰੀ ਹੈ।
ਵਾਰਡ 9 ‘ਚ ਸਥਿਤ ਸਟੈਨਲੀ ਮਿੱਲਜ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਦੀਪ ਬੈਂਸ ਨਾਲ਼ ਬੀਤੇ ਹਫਤੇ ਟਰੱਸਟੀ ਸਤਪਾਲ ਸਿੰਘ ਜੌਹਲ ਦੀ ਵਿਸਥਾਰਿਤ ਮੀਟਿੰਗ ਹੋਈ, ਜਿਸ ਵਿੱਚ ਸਕੂਲਾਂ ਵਿੱਚ ਲੜਾਈਆਂ, ਨਸ਼ਿਆਂ, ਸਸਪੈਂਸ਼ਨਾਂ, ਹਥਿਆਰਾਂ ਅਤੇ ਬੱਚਿਆਂ ਦੇ ਵਿਗੜਨ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਆਖਿਆ ਕਿ ਸੋਸ਼ਲ ਮੀਡੀਆ ਦੇ ਇਸ ਸਮੇਂ ਚੱਲ ਰਹੇ ਦੌਰ ਦੌਰਾਨ ਹੁਣ ਸਮਾਂ ਆ ਗਿਆ ਹੈ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਂਦੇ ਮਾਹੌਲ ਦਾ ਘਰਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੇ ਮਾਹੌਲ ਨਾਲ਼ ਮੇਲ਼ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਬੈਂਸ ਨੇ ਕਿਹਾ ਕਿ ਉਹ ਪੇਰੈਂਟ ਕੌਂਸਲ ਵਿੱਚ ਵਰਦੀ ਬਾਰੇ ਵਿਚਾਰ ਰੱਖਣਗੇ ਅਤੇ ਇਸ ਬਾਰੇ ਮਾਪਿਆਂ ਤੋਂ ਮਿਲੀ ਰਾਏ ਦੇ ਅਧਾਰ ‘ਤੇ ਕੰਮ ਕੀਤਾ ਜਾਵੇਗਾ। ਸਕੂਲਾਂ ਦੇ ਛੇ ਘੰਟੇ ਤੇ ਘਰਾਂ ਵਿੱਚ ਅਤੇ ਸਮਾਜ ਵਿੱਚ ਬੱਚੇ ਦੇ 18 ਘੰਟੇ ਉਸ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵ ਰੱਖਦੇ ਹਨ ਜਿਸ ਕਰਕੇ ਘਰਾਂ ਵਿੱਚ ਵੀ ਬੱਚਿਆਂ ਦੇ ਕੰਪਿਊਟਰ ਅਤੇ ਫੋਨਾਂ (ਗਰੁੱਪ ਚੈਟਾਂ) ਉਪਰ ਮਾਪਿਆਂ ਦੀ ਚੌਕਸੀ ਤੇ ਕੰਟਰੋਲ ਰਹਿਣਾ ਜ਼ਰੂਰੀ ਹੈ। ਇਹ ਵੀ ਕਿ ਬੱਚਿਆਂ ਦੇ ਬੈੱਡਰੂਮ ਵਿੱਚ ਕੰਪਿਊਟਰ ਅਤੇ ਫੋਨ ਨਹੀਂ ਵੜਨ ਦਿੱਤਾ ਜਾਣਾ ਚਾਹੀਦਾ ਅਤੇ ਇਹ ਚੌਕਸੀ ਮਾਪਿਆਂ ਤੋਂ ਬਿਨਾ ਹੋਰ ਕੋਈ ਨਹੀਂ ਰੱਖ ਸਕਦਾ। ਇਕ ਸੱਚ ਇਹ ਹੈ ਕਿ ਮਾਪਿਆਂ ਦੀ ਬੇਧਿਆਨੀ ਕਾਰਨ ਬੱਚੇ ਵਿਗਾੜਾਂ ਦਾ ਸ਼ਿਕਾਰ ਹੋਣ ਲੱਗਦੇ ਹਨ ਅਤੇ ਸਕੂਲਾਂ ਵਿੱਚ ਜਾ ਕੇ ਅਕਸਰ ਉਹ ਵਿਗਾੜ ਹੋਰ ਵੱਡੇ ਹੋ ਸਕਦੇ ਹੁੰਦੇ ਹਨ।
ਪ੍ਰਿੰਸੀਪਲ ਬੈਂਸ ਨੇ ਕਿਹਾ ਕਿ ਬੱਚਿਆ ਨੂੰ ਪੜ੍ਹਾਉਣ ਲਈ ਮਾਪਿਆਂ ਵਲੋਂ ਵਿਦੇਸ਼ਾਂ ਤੋਂ ਲਿਆਂਦੀ ਸੋਚ ਕੈਨੇਡਾ ਦੇ ਸਿੱਖਿਆ ਸਿਸਟਮ ਵਿੱਚ ਕਾਰਗਰ ਸਾਬਿਤ ਨਹੀਂ ਹੋ ਸਕਦੀ। ਏਥੇ ਬੱਚਿਆਂ ਦੀ ਬਿਹਤਰੀ ਵਾਸਤੇ ਮਾਪਿਆਂ ਨੂੰ ਟੀਚਰਾਂ ਨਾਲ਼ ਲਗਾਤਾਰ ਸੰਪਰਕ ਅਤੇ ਸਹਿਯੋਗ ਵਿੱਚ ਰਹਿਣਾ ਜ਼ਰੂਰੀ ਹੈ।
ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਪਿਛਲੇ ਦਿਨੀਂ ਵਾਰਡ 9 ਵਿੱਚ ਫ੍ਰਨਫਾਰੈਸਟ ਪਬਲਿਕ ਸਕੂਲ ਦਾ ਵੀ ਦੌਰਾ ਕੀਤਾ ਸੀ ਜਿੱਥੇ ਪ੍ਰਿੰਸੀਪਲ ਗੁਰਮੀਤ ਗਿੱਲ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸਟੈਨਲੀ ਮਿੱਲਜ਼ ਸਕੂਲ ਅਤੇ ਫ੍ਰਨਫਾਰੈਸਟ ਸਕੂਲਾਂ ਦੀ ਖੂਬਸੂਰਤੀ ਇਹ ਹੈ ਕਿ ਬੀਤੇ ਸਾਲਾਂ ਵਿੱਚ ਓਥੇ ਕੋਈ ਵੀ ਬੱਚਾ ਸਸਪੈਂਡ ਨਹੀਂ ਕਰਨਾ ਪਿਆ ਜਦਕਿ ਲੁਈਸ ਆਰਬਰ, ਕੈਸਲਬਰੁੱਕ, ਰੌਸ ਡ੍ਰਾਈਵ ਸਮੇਤ ਹਲਕੇ ਦੇ ਕਈ ਹੋਰ ਸਕੂਲਾਂ ਵਿੱਚ ਹਾਲਾਤ ਬੜੇ ਵੱਖਰੇ ਹਨ ਜਿੱਥੋਂ ਲੜਾਈਆਂ, ਨਸ਼ਿਆਂ, ਵਿਤਕਰੇ ਕਾਰਨ ਕਈ ਬੱਚੇ ਸਸਪੈਂਡ ਕੀਤੇ ਗਏ ਅਤੇ ਸਕੂਲਾਂ ਵਿੱਚੋਂ ਕੱਢੇ ਵੀ ਗਏ ਜਿਨ੍ਹਾਂ ਵਿੱਚ ਪੰਜਾਬੀ ਬੱਚਿਆਂ ਦੀ ਚੋਖੀ ਗਿਣਤੀ ਹੈ।
ਪ੍ਰਿੰਸੀਪਲ ਬੈਂਸ ਨੇ ਕਿਹਾ ਕਿ ਸਕੂਲ ਦੇ ਸਿਸਟਮ ਵਿੱਚ ਕਿਸੇ ਇਕ ਕਮਿਊਨਟੀ ਦੇ ਬੱਚਿਆਂ ਅਤੇ ਮਾਪਿਆਂ ਨਾਲ਼ ਲਿਹਾਜ਼ ਅਤੇ ਹੋਰਨਾਂ ਕਮਿਊਨਿਟੀਆਂ ਦੇ ਬੱਚਿਆਂ ਤੇ ਮਾਪਿਆਂ ਨਾਲ਼ ਵਿਤਕਰੇ ਜਾਂ ਵਧੀਕੀ ਸਵੀਕਾਰ ਨਹੀਂ ਕੀਤੀ ਜਾਂਦੀ ਅਤੇ ਹਰੇਕ ਸਥਿਤੀ ਨੂੰ ਨਿਯਮਾਂ ਤਹਿਤ (ਜ਼ਰੂਰਤ ਹੋਵੇ ਤਾਂ ਸਖਤੀ ਨਾਲ਼) ਨਜਿੱਠਿਆ ਜਾਂਦਾ ਹੈ।

 

RELATED ARTICLES
POPULAR POSTS