Breaking News
Home / ਕੈਨੇਡਾ / ਭਾਰਤੀ ਕੌਂਸਲੇਟ ਜਨਰਲ ਆਫ਼ਿਸ ਵੱਲੋਂ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫ਼ੀਕੇਟ ਬਰੈਂਪਟਨ ਦੇ ਬੀ.ਐੱਲ.ਐੱਸ. ਦਫ਼ਤਰ ਵਿਖੇ ਜਾਰੀ ਕੀਤੇ ਜਾਣਗੇ

ਭਾਰਤੀ ਕੌਂਸਲੇਟ ਜਨਰਲ ਆਫ਼ਿਸ ਵੱਲੋਂ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫ਼ੀਕੇਟ ਬਰੈਂਪਟਨ ਦੇ ਬੀ.ਐੱਲ.ਐੱਸ. ਦਫ਼ਤਰ ਵਿਖੇ ਜਾਰੀ ਕੀਤੇ ਜਾਣਗੇ

ਕਰੋਨਾ ਦੇ ਕਾਰਨ ਇਸ ਵਾਰ ਸ਼ਾਇਦ ਕੈਂਪ ਨਾ ਲਗਾਏ ਜਾ ਸਕਣ
ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕੌਂਸਲੇਟ ਆਫ਼ਿਸ ਟੋਰਾਂਟੋ ਨੇ ਇਸ ਵਾਰ ਭਾਰਤੀ ਪੈਨਸ਼ਨਰਾਂ ਨੂੰ ਲੋੜੀਂਦੇ ਲਾਈਫ਼-ਸਰਟੀਫ਼ੀਕੇਟ ਬਰੈਂਪਟਨ-ਵਾਸੀਆਂ ਲਈ ਮੇਨ ਸਟਰੀਟ ਅਤੇ ਗਲਿੰਘਮ ਰੋਡ ਮੇਨ-ਇੰਟਰਸੈਕਸ਼ਨ ਦੇ ਨੇੜੇ ਸਥਿਤ ਬੀ.ਐੱਲ.ਐੱਸ. ਦੇ ਦਫ਼ਤਰ 20 ਗਲਿੰਘਮ ਰੋਡ ਰਾਹੀਂ 19 ਅਕਤੂਬਰ ਤੋਂ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ ਪੈੱਨਸ਼ਨਰਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਾਉਣ ਲਈ ਇਸ ਦਫ਼ਤਰ ਨੂੰ ਲੋੜੀਂਦਾ ਰਜਿਸਟ੍ਰੇਸ਼ਨ ਫ਼ਾਰਮ ਭੇਜਣਾ ਹੋਵੇਗਾ ਜਿਸ ਦੀ ਰੂਪ-ਰੇਖਾ ਭਾਰਤੀ ਕੌਂਸਲੇਟ ਜਨਰਲ ਆਫ਼ਿਸ ਦੀ ਵੈੱਬ-ਸਾਈਟ ਵਿਚ ਉਪਲੱਭਧ ਹੈ ਜੋ ਕਿ ਔਨ-ਲਾਈਨ ਭੇਜਣੀ ਹੈ। ਐਪਲੀਕੇਸ਼ਨ ਵਿਚਲੀ ਲੋੜੀਂਦੀ ਜਾਣਕਾਰੀ ਦੀ ਕਾਪੀ ਇੱਥੇ ਵੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸਰਟੀਫ਼ੀਕੇਟ ਇਸ ਤੋਂ ਇਲਾਵਾ ਟੋਰਾਂਟੋ ਵਿਚ 365 ਬਲੂਰ ਸਟਰੀਟ ਨੰ: 700 ਵਿਖੇ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਵਿੱਚੋਂ ਵੀ ਏਸੇ ਤਰੀਕ ਭਾਵ 19 ਅਕਤੂਬਰ ਤੋਂ ਜਾਰੀ ਕੀਤੇ ਜਾ ਰਹੇ ਹਨ ਅਤੇ ਇਸ ਦੇ ਲਈ ਪ੍ਰਕ੍ਰਿਆ ਵੀ ਲੱਗਭੱਗ ਏਹੀ ਹੈ। ਅਲਬੱਤਾ, ਇੱਥੇ ਰਜਿਸਟ੍ਰੇਸ਼ਨ ਲਈ ਬੇਨਤੀ-ਪੱਤਰ ਡਾਕ ਰਾਹੀਂ ਵੀ ਭੇਜਿਆ ਜਾ ਸਕਦਾ ਹੈ। ਬੀ.ਐੱਲ.ਐੱਸ. ਦੇ ਦਫ਼ਤਰ ਵਿਚ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਅਤੇ ਇਸ ਦੇ ਲਈ ਪੈੱਨਸ਼ਨਰ ਭਾਰਤੀ ਕੌਂਸਲੇਟ ਜਨਰਲ ਦੀ ਵੈੱਬਸਾਈਟ ਉੱਪਰ ਲਾਈਫ਼ ਸਰਟੀਫ਼ੀਕੇਟ ਵਾਲੇ ਸੈੱਕਸ਼ਨ ਵਿਚ ਜਾ ਕੇ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰਨਗੇ ਅਤੇ ਫ਼ਾਰਮ ਵਿਚ ਲੋੜੀਂਦੀਆਂ ਖਾਲੀ ਥਾਵਾਂ ਭਰਕੇ ਇਸ ਵਿਚ ਬੀ.ਐੱਲ.ਐੱਸ. ਬਰੈਂਪਟਨ ਦੀ ਆਪਸ਼ਨ ਭਰਨ ਤੋਂ ਬਾਅਦ ਆਪਣੀ ਐਪਲੀਕੇਸ਼ਨ ਸਬਮਿਟ ਕਰਨਗੇ। ਇਹ ਐਪਲੀਕੇਸ਼ਨ ਦੀ ਪਹੁੰਚ ਅਤੇ ਲਾਈਫ਼ ਸਰਟੀਫ਼ੀਕੇਟ ਪ੍ਰਾਪਤ ਕਰਨ ਲਈ ਆਉਣ ਦੀ ਤਰੀਕ ਤੇ ਸਮੇਂ ਬਾਰੇ ਸੂਚਨਾ ਉਨ੍ਹਾਂ ਨੂੰ ਇਸ ਦਫ਼ਤਰ ਵੱਲੋਂ ਈ.ਮੇਲ. ਰਾਹੀਂ ਭੇਜੀ ਜਾਏਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਈ-ਮੇਲ ਵਿਚ ਆਪਣੇ ਨਾਲ ਲੋੜੀਂਦੇ ਦਸਤਾਵੇਜ਼ (ਮੌਜੂਦਾ ਪਾਸਪੋਰਟ ਅਤੇ ਇਕ ਹੋਰ ਫ਼ੋਟੋ ਆਈ.ਡੀ.(ਡਰਾਈਵਿੰਗ ਲਾਇਸੈਂਸ ਜਾਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਜਾਰੀ ਕੀਤੀ ਗਈ ਕੋਈ ਹੋਰ ਆਈ.ਡੀ.) ਲਿਆਉਣ ਬਾਰੇ ਕਿਹਾ ਜਾਏਗਾ। ਦਫ਼ਤਰ ਵੱਲੋ ਨਿਰਧਾਰਿਤ ਕੀਤੀ ਗਈ ਮਿਤੀ ‘ਤੇ ਉਹ ਇਸ ਦਫ਼ਤਰ ਵਿਚ ਜਾ ਕੇ ਆਪਣੇ ਲਾਈਫ਼-ਸਰਟੀਫ਼ੀਕੇਟ ਪ੍ਰਾਪਤ ਕਰ ਸਕਣਗੇ।

ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ
ਟੋਰਾਂਟੋ ਪੀਅਰਸਨ ਨੇ ‘ਹੈਲਦੀ ਏਅਰਪੋਰਟ’ ਨਾਂ ਦਾ ਇਕ ਪ੍ਰੋਗਰਾਮ ਅਪਣਾਇਆ ਹੈ, ਜਿਸ ਦਾ ਮਕਸਦ ਏਅਰ ਟਰੈਵਲ ਦੀਆਂ ਮੌਜੂਦਾ ਪ੍ਰਸਥਿਤੀਆਂ ਮੁਤਾਬਕ ਇਕ ਪਾਸੇ ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਦੂਜੇ ਪਾਸੇ ਭਵਿੱਖ ਦੇ ਤੰਦਰੁਸਤ ਟਰੈਵਲ ਕੌਰੀਡੋਰ ਤਿਆਰ ਕਰਨ ਵਾਸਤੇ ਹਵਾਬਾਜ਼ੀ ਇੰਡਸਟਰੀ ਦੀ ਅਗਵਾਈ ਕਰਨਾ ਹੈ।
ਹੁਣ ਏਅਰਪੋਰਟ ਦੇ ਅੰਦਰ ਮਾਸਕ ਪਹਿਨਣਾ ਲਾਜ਼ਮੀ ਹੈ ਅਤੇ ਸਿਰਫ ਯਾਤਰਾ ਕਰਨ ਵਾਲੇ ਯਾਤਰੀ ਅਤੇ ਡਿਊਟੀ ਤੇ ਤਾਇਨਾਤ ਵਰਕਰਾਂ ਨੂੰ ਹੀ ਟਰਮੀਨਲ ਬਿਲਡਿੰਗਾਂ ਦੇ ਅੰਦਰ ਜਾਣ ਦੀ ਇਜਾਜ਼ਤ ਹੈ। ਯਾਤਰੀਆਂ ਨੂੰ ਕਰਬ ਤੇ ਹੀ ਛੱਡਿਆ ਅਤੇ ਚੁੱਕਿਆ ਜਾ ਸਕਦਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਬਿਨਾ ਏਅਰਪੋਰਟ ਵਿਚ ਦਾਖਲ ਹੋਇਆਂ ਇਥੋਂ ਹੀ ਉਨ੍ਹਾਂ ਨੂੰ ਵਿਦਾਇਗੀ ਦੇਣੀ ਹੋਵੇਗੀ ਜਾਂ ਉਨ੍ਹਾਂ ਦਾ ਸੁਆਗਤ ਕਰਨਾ ਹੋਵੇਗਾ।
ਪੀਅਰਸਨ ਦੇ ਯਾਤਰੀ ਜਦੋਂ ਏਅਰਪੋਰਟ ਵਿਚ ਦਾਖਲ ਹੋਣਗੇ ਤਾਂ ਉਨ੍ਹਾਂ ਨੂੰ ਪੰਜ ਨੁਕਤਿਆਂ ਵਾਲੇ ਹੈਲਦੀ ਏਅਰਪੋਰਟ ਪ੍ਰੋਗਰਾਮ ਦੀ ਪਾਲਣਾ ਕਰਨੀ ਹੋਵੇਗੀ। ਇਸ ਵਿਚ ਸਫਾਈ ਦੇ ਉਚਤਮ ਮਿਆਰ, ਸਪਸ਼ਟ ਕਮਿਉਨਿਕੇਸ਼ਨ ਅਤੇ ਨਵੀਂ ਟੈਕਨੌਲੋਜੀ, ਟੱਚਲੈੱਸ ਚੈਕਇਨ, ਕੌਰੀਡੋਰ ਦੀ ਡਿਸਇਨਫੈਕਸ਼ਨ, ਭੀੜ ਤੋਂ ਰੋਕਥਾਮ ਲਈ ਲਗਾਤਾਰ ਨਿਗਰਾਨੀ, ਫਲੋਰ ਕਲੀਨਿੰਗ ਵਾਸਤੇ ਆਟੋਮੈਟਿਕ ਮਸ਼ੀਨਾਂ, ਅਤੇ ਏਅਰ ਕੁਆਲਿਟੀ ਮੌਨੀਟਰ ਆਦਿ ਸ਼ਾਮਲ ਹਨ। ਕੋਵਿਡ-19 ਅਤੇ ਹੋਰ ਲਾਗ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ ਟਾਲਣ ਲਈ ਨਜ਼ਰਸਾਨੀ ਵਾਸਤੇ ਗਰੇਟਰ ਟੋਰਾਂਟੋ ਏਅਰਪੋਰਟ ਅਥੌਰਿਟੀ ਨੇ ਬਲੂ-ਡੌਟ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ। ਇਸ ਕੈਨੇਡੀਅਨ ਕੰਪਨੀ ਦਾ ਜਗਤ-ਪ੍ਰਸਿੱਧ ਪਲੈਟਫਾਰਮ ਬਿਮਾਰੀ ਦੇ ਟਾਕਰੇ ਵਾਸਤੇ ਗਰੇਟਰ ਟੋਰਾਂਟੋ ਏਅਰਪੋਰਟ ਅਥੌਰਿਟੀ ਨੂੰ ਵੱਧ ਸਮਰੱਥ ਬਣਾਏਗਾ।
ਗਰੇਟਰ ਟੋਰਾਂਟੋ ਏਅਰਪੋਰਟ ਅਥੌਰਿਟੀ ਦੇ ਪ੍ਰੈਜ਼ੀਡੈਂਟ ਅਤੇ ਸੀ ਈ ਓ ਡੈਬੋਰਾਹ ਫਲਿੰਟ ਦਾ ਕਹਿਣਾ ਹੈ ਕਿ ਜੋ ਕੋਈ ਵੀ ਟੋਰਾਂਟੋ ਪੀਅਰਸਨ ਤੇ ਕੰਮ ਕਰਦਾ ਹੈ, ਉਹ ਸਿਹਤ ਸੰਭਾਲ ਕਦਮਾਂ ਨੂੰ ਲਾਗੂ ਕਰਨ ਅਤੇ ਨਵੀਆਂ ਤਬਦੀਲੀਆਂ ਮੁਤਾਬਕ ਆਪਣੇ ਆਪ ਨੂੰ ਢਾਲਣ ਵਾਸਤੇ ਮੋਢੀ ਰੋਲ ਅਦਾ ਕਰਨ ਵਾਸਤੇ ਤਿਆਰ ਹੈ।
ਅਸੀਂ ਕੈਨੇਡੀਅਨ ਲੋਕਾਂ ਦੁਆਰਾ ਦੁਬਾਰਾ ਟਰੈਵਲ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਅਗਵਾਈ ਪ੍ਰਦਾਨ ਕਰਨ ਲਈ ਸਮਰਪਿਤ ਹਾਂ।
ਹੋਰ ਜਾਣਕਾਰੀ ਲਈ ਦੇਖੋ: torontopearson.com/healthyairport.

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …