Breaking News
Home / ਕੈਨੇਡਾ / ਡਾ. ਅਜਮੇਰ ਔਲਖ ਨੂੰ ਭਾਵ-ਭਿੰਨੀ ਸ਼ਰਧਾਂਜਲੀ

ਡਾ. ਅਜਮੇਰ ਔਲਖ ਨੂੰ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬਲਦੇਵ ਰਹਿਪਾ ਨੇ ਲੋਕਾਂ ਦਾ ਹਾਜਰ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਡਾ: ਅਜਮੇਰ ਔਲਖ ਇੱਕ ਐਸਾ ਨਾਟਕਕਾਰ ਸੀ ਜਿਸ ਨੇ ਨਾ ਸਿਰਫ ਲੋਕਾਂ ਦੀਆਂ ਪੀੜਾਂ ਨੂੰ ਆਪਣੇ ਨਾਟਕਾਂ ਰਾਹੀਂ ਉਭਾਰਿਆ। ਉਹ ਲੋਕਾਂ ਸੰਗ ਜੀਵਿਆ ਤੇ ਉਹਨਾਂ ਦੇ ਸੰਘਰਸ਼ਾਂ ਵਿੱਚ ਵੀ ਉਸੇ ਸ਼ਿੱਦਤ ਨਾਲ ਸ਼ਾਮਲ ਹੁੰਦਾ ਰਿਹਾ। ਇਸ ਉਪਰੰਤ ਡਾ: ਬਲਜਿੰਦਰ ਸੇਖੋਂ ਨੇ ਸਟੇਜ ਦੀ ਕਾਰਵਾਈ ਸੰਭਾਲਦਿਆ ਹੈਟਸ ਅੱਪ ਦੇ ਹੀਰਾ ਰੰਧਾਵਾ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ ਜਿਸ ਨੇ ਡਾ: ਔਲਖ ਨੂੰ ਰੋਹੀ ਦੇ ਕੇਸੂ ਕਹਿੰਦਿਆਂ ਦੱਸਿਆ ਕਿ ਉਸ ਨੇ ਡਾ: ਔਲਖ ਦਾ ਨਾਟਕ ‘ਅੰਨ੍ਹੇ ਨਿਸ਼ਾਨਚੀ’ ਖੇਡ ਕੇ ਰੰਗਮੰਚ ਦਾ ਸਫਰ ਸ਼ੁਰੂ ਕੀਤਾ ਸੀ। ਟੋਰਾਂਟੋ ਆਰਟਸ ਐਸੋਸੀਏਸ਼ਨ ਦੇ ਕੁਲਦੀਪ ਰੰਧਾਵਾ ਨੇ ਡਾ: ਔਲਖ ਨੂੰ ਲੋਕਾਂ ਦਾ ਨਾਟਕਕਾਰ ਕਹਿ ਕੇ ਸ਼ਰਧਾਂਜਲੀ ਭੇਂਟ ਕੀਤੀ। ਪ੍ਰਸਿੱਧ ਰੰਗਕਰਮੀ ਜਸਪਾਲ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਰੇ ਰੰਗਕਰਮੀਆਂ ਦਾ ਇੱਕੱਠੇ ਹੋ ਕੇ ਚੱਲਣਾ ਹੀ ਉਸ ਮਹਾਨ ਨਾਟਕਕਾਰ ਨੂੰ ਸੱਚੀ ਸਰਧਾਂਜਲੀ ਹੈ। ‘ਸਰੋਕਾਰਾਂ ਦੀ ਆਵਾਜ’ ਦੇ ਹਰਬੰਸ ਸਿੰਘ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਸਿਰਫ ਧਰਤੀ ਹੀ ਨਹੀਂ ਲੋਕ ਅਸਲ ਵਿੱਚ ਦੇਸ਼ ਹੁੰਦੇ ਹਨ ਅਤੇ ਡਾ: ਔਲਖ ਲੋਕਾਂ ਦਾ ਲੇਖਕ ਅਤੇ ਸੰਘਰਸ ਕਰ ਰਹੇ ਲੋਕਾਂ ਦਾ ਸਾਥੀ ਸੀ ਇਸ ਲਈ ਉਹ ਸੱਚਾ ਦੇਸ਼ ਭਗਤ ਸੀ। ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਪਰਮਜੀਤ ਬੜਿੰਗ ਨੇ ਕਿਹਾ ਕਿ ਦੱਬੇ ਕੁਚਲੇ ਲੋਕਾਂ ਲਈ ਆਵਾਜ ਉਠਾਂਉਣਾ ਤੇ ਉਹਨਾਂ ਦੀ ਜਿੰਦਗੀ ਬਿਹਤਰ ਬਣਾਉਣ ਲਈ ਕੰਮ ਕਰਨਾ ਹੀ ਡਾਂ: ਔਲਖ ਨੂੰ ਸੱਚੀ ਸ਼ਰਧਾਂਜਲੀ ਹੈ। ”ਸੰਵਾਦ” ਦੇ ਸੰਚਾਲਕ ਸੁਖਿੰਦਰ ਨੇ ਕਵਿਤਾ ਰਾਹੀਂ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਕਨੇਡੀਅਨ ਪੰਜਾਬੀ ਸਾਹਿਤ ਸਭਾਂ ਦੇ ਸੁਖਦੇਵ ਝੰਡ ਨੇ ਡਾ: ਔਲਖ ਨੂੰ ਮਲਵਈ ਬੋਲੀ ਦਾ ਉੱਤਮ ਨਾਟਕਕਾਰ ਕਿਹਾ। ਨਾਟਕਕਾਰ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਪਹਿਲਾਂ ਗੁਰਸ਼ਰਨ ਭਾਅ ਜੀ ਅਤੇ ਹੁਣ ਡਾ. ਔਲਖ ਦੇ ਵਿਛੋੜੇ ਨਾਲ ਲੋਕ ਪੱਖੀ ਨਾਟਕ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਹੈ। ਇਸ ਖਲਾਅ ਨੂੰ ਭਰਨ ਲਈ ਵਧੀਆ ਲੋਕ ਪੱਖੀ ਨਾਟਕ ਸਿਰਜ ਕੇ ਭਰਨ ਦੀ ਕੋਸ਼ਿਸ਼ ਹੀ ਡਾ: ਔਲਖ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਅੰਮ੍ਰਿਤ ਢਿੱਲੋਂ ਨੇ ਕਿਹਾ ਕਿ ਡਾ: ਔਲਖ ਨੇ ਆਪਣੇ ਨਾਟਕਾਂ ਰਾਹੀਂ ਗਦਰੀ ਬਾਬਿਆਂ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਤੋਰਿਆਂ ਹੈ। ਬਲਜੀਤ ਬੈਂਸ ਨੇ ਗਜ਼ਲ ਰਾਹੀਂ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰਿੰ: ਸਰਵਣ ਸਿੰਘ ਨੇ ਡਾ: ਔਲਖ ਨਾਲ ਆਪਣੀ ਸਾਂਝ ਬਾਰੇ ਸਰੋਤਿਆਂ ਨਾਲ ਗੱਲ  ਕੀਤੀ। ਡਾ: ਕੰਵਲਜੀਤ ਢਿੱਲੋਂ ਨੇ ਦਿਸ਼ਾ ਵਲੋਂ ਡਾ: ਔਲਖ ਨੂੰ ਸਰਧਾਂਜਲੀ ਭੇਂਟ ਕਰਦਿਆਂ ਡਾ: ਔਲਖ ਦੇ ਨਾਟਕਾਂ ਦੇ ਇਸਤਰੀ ਪਾਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਔਲਖ ਦੇ ਨਾਟਕਾਂ ਵਿੱਚ ਔਰਤਾਂ ਦੀ ਪੀੜਾਂ ਤੇ ਉਨ੍ਹਾਂ ਨਾਲ ਹੁੰਦੇ ਵਿਤਕਰੇ ਦਾ ਭਰਪੂਰ ਵਰਣਨ ਹੈ। ਸ਼ਹੀਦ ਭਗਤ ੰਿਸੰਘ ਦੇ ਭਤੀਜੇ ਕਿਰਨਵੀਰ ਸੰਧੂ ਨੇ ਔਲਖ ਨੂੰ ਮੁਨੱਖ ਦੀ ਅਸਲੀ ਆਜ਼ਾਦੀ ਲਈ ਕੰਮ ਕਰਨ ਵਾਲਾ ਕਲਾਕਾਰ ਕਿਹਾ। ਕਰਮਜੀਤ ਗਿੱਲ ਜਿਸ ਨੇ ਤਰਕਸ਼ੀਲ਼ ਸੁਸਾਇਟੀ ਵਲੋਂ ਡਾ. ਔਲਖ ਦੁਆਰਾ ਪੇਸ਼ ਨਾਟਕਾਂ ਵਿੱਚ ਕੰਮ ਕੀਤਾ ਕਿਹਾ ਕਿ ਡਾ.ਔਲਖ ਜਿੱਥੇ ਬਹੁਤ ਵੱਡੇ ਨਾਟਕਕਾਰ ਸਨ ਉੱਥੇ ਬਹੁਤ ਮਹਾਨ ਇਨਸਾਨ ਵੀ ਸਨ। ਜੋਗਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਡਾ. ਔਲਖ ਨੂੰ ਲੋਕ ਪੱਖੀ ਨਾਟਕਕਾਰ ਹੋਣ ਦੇ ਨਾਤੇ ਹਮੇਸ਼ਾਂ ਯਾਦ ਕੀਤਾ ਜਾਦਾਂ ਰਹੇਗਾ। ਡਾਂ ਵਰਿਆਮ ਸੰਧੂ ਨੇ ਡਾ: ਔਲਖ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਔਲਖ ਦੇ ਨਾਟਕਾਂ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਲੋਕ ਆਪਣੇ ਆਪ ਨੂੰ ਉਸਦੇ ਨਾਟਕਾਂ ਦੇ ਪਾਤਰ ਸਮਝਦੇ ਹਨ। ਡਾ: ਵਰਿਆਮ ਸੰਧੂ ਮੁਤਾਬਕ ਡਾ: ਔਲਖ ਦਾ ਇਹ ਕਥਨ ਕਿ ”ਮੈਂ ਤਾਂ ਨਾਟਕਾਂ ਵਿੱਚ ਆਪਣੀ ਹੀ ਗੱਲ ਕਰਦਾ ਹਾਂ” ਦੀ ਮਹਾਨਤਾ ਇਸੇ ਵਿੱਚ ਹੈ ਕਿ ਉਸ ਦੇ ਨਾਟਕਾਂ ਵਿੱਚ ਔਲਖ ਤੇ ਲੋਕ ਇੱਕ-ਮਿੱਕ ਹੋ ਜਾਂਦੇ ਹਨ।
ਪ੍ਰੋਗਰਾਮ ਦੇ ਅੰਤ ਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਬਲਰਾਜ ਛੋਕਰ ਨੇ ਡਾ: ਔਲਖ ਦੀ ਵਸੀਹਤ ਦੇ ਹਵਾਲੇ ਨਾਲ ਗੱਲ ਤੋਰਦਿਆਂ ਕਿਹਾ ਕਿ ਔਰਤਾਂ ਨੂੰ ਬਰਾਬਰੀ ਲਈ ਧੀਆਂ ਦੁਆਰਾ ਚਿਤਾ ਨੂੰ ਅਗਨੀ ਦੇਣਾ, ਕੋਈ ਧਾਰਮਿਕ ਰਸਮ ਨਾ ਕਰਨਾ ਅਤੇ ਸਮਾਗਮ ਤੇ ਕਿਸੇ ਰਾਜਨੀਤਕ ਨੇਤਾ ਨੂੰ ਨਾ ਬੁਲਾਉਣਾ ਉਹਨਾਂ ਦੀ ਤਰਕਸ਼ੀਲ ਸੋਚ ਦਾ ਹਿੱਸਾ ਹੈ। ਡਾ: ਔਲਖ ਦਾ ਇਹ ਪਾਰਲੀਮਾਨੀ ਲੋਕਰਾਜ ਵਿੱਚ ਗੱਦੀਆਂ ਤੇ ਬੈਠੇ ਕੁੱਝ ਲੋਕਾਂ ਅਤੇ ਉਨ੍ਹਾਂ ਦੇ ਭਾਈਵਾਲਾਂ ਵਲੋਂ ਕਾਮਿਆਂ ਦੀ ਕਿਰਤ ਦੀ ਲੁੱਟ ਖਿਲਾਫ ਅਤੇ ਸਮਾਜਵਾਦੀ ਪਰਬੰਧ ਦੀ ਸਥਾਪਨਾ ਵੱਲ ਸੰਕੇਤ ਹੈ। ਇਹ ਸਾਡੇ ਲਈ ਵੀ ਇੱਕ ਚੈਲੰਜ ਹੈ ਕਿ ਅਸੀਂ ਤਰਕਸ਼ੀਲਤਾ ਨੂੰ ਕਥਨੀ ਦੇ ਨਾਲ ਕਰਨੀ ਵਿੱਚ ਕਿਵੇਂ ਬਦਲਣਾ ਹੈ। ਸਟੇਜ ਸਕੱਤਰ ਦੀ ਜਿੇੰਮੇਵਾਰੀ ਨਿਭਾ ਰਹੇ ਡਾ: ਬਲਜਿੰਦਰ ਸੇਖੋਂ ਨੇ ਡਾ: ਔਲਖ ਨਾਲ ਸਬੰਧਤ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਿਸ ਨਾਲ ਉਸ ਮਹਾਨ ਯੋਧੇ ਨਾਟਕਕਾਰ ਦੇ ਜੀਵਨ ਫਲਸਫੇ ਅਤੇ ਉਹਨਾਂ ਦੀ ਜੀਵਨ ਸ਼ੈਲੀ ਦੇ ਪਰਤੱਖ ਦਰਸ਼ਨ ਕਰਵਾ ਦਿੱਤੇ। ਬੁਲਾਰਿਆਂ ਨੇ ਪ੍ਰਗਤੀਵਾਦੀ ਲੇਖਕ ਇਕਬਾਲ ਰਾਮੂਵਾਲੀਆ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਬਿਨਾਂ ਬਲਜਿੰਦਰ ਲੇਲਣਾ, ਮਲੂਕ ਕਾਹਲੋਂ , ਪੂਰਨ ਸਿੰਘ ਪਾਂਧੀ, ਸੁਰਜੀਤ ਕੌਰ, ਇਕਬਾਲ ਬਰਾੜ, ਸੰਨੀ ਸ਼ਿਵਰਾਜ, ਸੁਖਦੇਵ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਸਰਾਂ, ਗੁਰਮੇਲ ਸਿੰਘ ਬਰਗਾਂੜੀ, ਜਸਵਿੰਦਰ ਗਿੱਲ ਅਚਾਰੀਆ, ਜੀਵਨ ਚਾਹਲ, ਰੈੱਡ ਵਿੱਲੋ ਕਲੱਬ, ਏਅਰਪੋਰਟ ਰੱਨਰਜ਼ ਕਲੱਬ ਅਤੇ ਜੇਮਜ ਪੌਟਰ ਕਲੱਬ ਦੇ ਮੈਂਬਰ ਕਾਫੀ ਗਿਣਤੀ ਵਿੱਚ ਹਾਜ਼ਰ ਸਨ। ਸੁਸਾਇਟੀ ਵਲੋਂ ਸਮੁੱਚੇ ਮੀਡੀਏ, ਹਾਜਰ ਲੋਕਾਂ ਅਤੇ ਰੋਇਲ ਬੈਂਕੁਅਟ ਹਾਲ ਦੇ ਪਰਬੰਧਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …