Breaking News
Home / ਕੈਨੇਡਾ / ਲਿਬਰਲਾਂ ਨੇ ਦਿੱਤਾ ਆਪਣਾ 2019 ਇਲੈਕਸ਼ਨ ਪਲੇਟਫਾਰਮ ਬਰੈਂਪਟਨ ਵਿਚ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਅਫ਼ੋਰਡੇਬਲ ਐਜੂਕੇਸ਼ਨ

ਲਿਬਰਲਾਂ ਨੇ ਦਿੱਤਾ ਆਪਣਾ 2019 ਇਲੈਕਸ਼ਨ ਪਲੇਟਫਾਰਮ ਬਰੈਂਪਟਨ ਵਿਚ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਅਫ਼ੋਰਡੇਬਲ ਐਜੂਕੇਸ਼ਨ

ਬਰੈਂਪਟਨ : ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਪਾਰਲੀਮੈਂਟ ਚੋਣਾਂ ਲਈ ਕੈਨੇਡਾ ਦੀ ਲਿਬਰਲ ਪਾਰਟੀ ਦੇ 2019 ਪਲੇਟਫ਼ਾਰਮ ਦਾ ਐਲਾਨ ਕੀਤਾ। ਲਿਬਰਲ ਪਾਰਟੀ ਦਾ ਇਹ ਪਲੇਟਫ਼ਾਰਮ ਪਰਿਵਾਰਾਂ, ਵਰਕਰਾਂ ਅਤੇ ਕਮਿਊਨਿਟੀਆਂ ਵਿਚ ਕੀਤੇ ਗਏ ਪੂੰਜੀ-ਨਿਵੇਸ਼ ਬਾਰੇ ਹੈ। 2019 ਪਲੈਟਫ਼ਾਰਮ ਵਿਚ ਲਿਬਰਲਾਂ ਦਾ ਕਹਿਣਾ ਹੈ ਕਿ ਉਹ ਅਮੀਰਾਂ ਨੂੰ ਕੋਈ ਰਾਹਤ ਦਿੱਤੇ ਬਗ਼ੈਰ ਮਿਡਲ ਕਲਾਸ ਉੱਪਰ ਟੈਕਸਾਂ ਦਾ ਬੋਝ ਘਟਾਉਣਗੇ। ਉਹ ਅਸਾਲਟ ਰਾਈਫ਼ਲਾਂ ਉੱਪਰ ਬੈਨ ਲਗਾਉਣਗੇ ਅਤੇ ਗੰਨ ਕੰਟਰੋਲ ਕਾਨੂੰਨ ਨੂੰ ਮਜ਼ਬੂਤ ਕਰਨਗੇ। ਉਹ ਵਾਤਾਵਰਣ ਨੂੰ ਬਚਾਉਣ ਅਤੇ ਇਸ ਵਿਚ ਹੋ ਰਹੀਆਂ ਮਾਰੂ-ਤਬਦੀਲੀਆਂ ਦੇ ਵਿਰੁੱਧ ਆਪਣੀ ਲੜਾਈ ਜਾਰੀ ਰੱਖਣਗੇ।
ਮਿਡਲ ਕਲਾਸ ਲਈ ਲਿਬਰਲ ਪਾਰਟੀ ਦੀ ਰੀਅਲ ਪਲੈਨ ਕੈਨੇਡੀਅਨਾਂ ਦੀ ਅਗਲੀ ਪੀੜ੍ਹੀ ਲਈ ਸਹਾਇਕ ਸਾਬਤ ਹੋਵੇਗੀ। ਮੁੜ ਚੁਣੀ ਗਈ ਲਿਬਰਲ ਸਰਕਾਰ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਧੇਰੇ ਮਾਇਕ-ਸਹਾਇਤਾ ਦੇਵੇਗੀ ਅਤੇ ਉਨ੍ਹਾਂ ਨੂੰ ਸਟੂਡੈਂਟ ਲੋਨ ਵਾਪਸ ਕਰਨ ਲਈ ਹੋਰ ਸਮੇਂ ਦੀ ਸਹੂਲਤ ਦੇਵੇਗੀ ਜਿਸ ਦਾ ਲਾਭ ਬਰੈਂਪਟਨ ਸਾਊਥ ਦੇ ਵਿਦਿਆਰਥੀਆਂ ਨੂੰ ਵੀ ਹੋਵੇਗਾ। ਹੁਣ ਇਸ ਸਮੇਂ ਵਿਦਿਆਰਥੀਆਂ ਦੀਆਂ ਟਿਊਸ਼ਨ ਫ਼ੀਸਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਰਿਹਾਇਸ਼, ਕਿਤਾਬਾਂ ਤੇ ਗਰੌਸਰੀ ਦੇ ਖ਼ਰਚੇ ਦਿਨੋਂ-ਦਿਨ ਵੱਧ ਰਹੇ ਹਨ ਅਤੇ ਓਨਟਾਰੀਓ ਦੀ ਸੂਬਾਈ ਸਰਕਾਰ ਉਲਟਾ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ-ਸਹਾਇਤਾ ਵਿਚ ਕੱਟ ਲਗਾ ਰਹੀ ਹੈ ਜਿਸ ਨਾਲ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਉੱਪਰ ਭਾਰੀ ਮਾਨਸਿਕ ਦਬਾਅ ਪੈ ਰਿਹਾ ਹੈ।
36 ਸਾਲ ਤੋਂ ਘੱਟ ਉਮਰ ਵਾਲੇ ਵਿਅੱਕਤੀਆਂ ਉੱਪਰ ਔਸਤਨ ਨਿੱਜੀ ਕਰਜ਼ਾ ਇਸ ਵੇਲੇ ਪਹਿਲਾਂ ਨਾਲੋਂ ਸੱਭ ਤੋਂ ਵਧੇਰੇ ਹੈ। ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਕਿਹਾ,”ਇਨ੍ਹੀਂ ਦਿਨੀਂ ਵਿਦਿਆਰਥੀਆਂ ਲਈ ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕਰਨਾ ਕੋਈ ਅਮੀਰੀ ਸ਼ੌਕ ਨਹੀਂ ਹੈ ਸਗੋਂ ਇਹ ਤਾਂ ਕੈਨੇਡਾ ਵਿਚ ਚੰਗੀਆਂ ਨੌਕਰੀਆਂ ਲੈਣ ਲਈ ਸਮੇਂ ਦੀ ਜ਼ਰੂਰਤ ਹੈ।”
ਇਸ ਮੌਕੇ ਸੋਨੀਆ ਸਿੱਧੂ ਨੇ ਕਿਹਾ,”ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਬੜੀ ਮੁਸ਼ਕਲਾਂ ਭਰਪੂਰ ਜੱਦੋ-ਜਹਿਦ ਕਰ ਰਹੇ ਹਨ ਅਤੇ ਮੈਂ ਬਰੈਂਪਟਨ ਵਿਚ ਅਕਸਰ ਇਸ ਦੇ ਬਾਰੇ ਉਨ੍ਹਾਂ ਕੋਲੋਂ ਸੁਣਦੀ ਰਹਿੰਦੀ ਹਾਂ। ਏਸੇ ਲਈ ਅਸੀਂ ਉਨ੍ਹਾਂ ਨੂੰ ਇਹ ਸਹੂਲਤਾਂ ਦੇਣੀਆਂ ਚਾਹੁੰਦੇ ਹਾਂ ਤਾਂ ਜੋ ਆਪਣੀ ਪੜ੍ਹਾਈ ਜਾਰੀ ਰੱਖ ਕੇ ਉਹ ਆਪਣੀਆਂ ਭਵਿੱਖਮਈ ਆਸਾਂ ਤੇ ਉਮੀਦਾਂ ਪੂਰੀਆਂ ਕਰ ਸਕਣ।”
ਮੁੜ ਚੁਣੀ ਗਈ ਲਿਬਰਲ ਸਰਕਾਰ ਇਨ੍ਹਾਂ ਤਰੀਕਿਆਂ ਨਾਲ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਸਹਾਇਤਾ ਕਰੇਗੀ:
* ਅਸੀਂ ਕੈਨੇਡਾ ਸਟੂਡੈਂਟ ਵਿਚ 40 ਫੀਸਦੀ ਦਾ ਵਾਧਾ ਕਰਕੇ ਵਿਦਿਆਰਥੀਆਂ 1200 ਡਾਲਰ ਸਲਾਨਾ ਹੋਰ ਮਾਇਕ ਸਹਾਇਤਾ ਦੇਵਾਂਗੇ ਤਾਂ ਜੋ ਉਹ ਆਪਣੀ ਟਿਊਸ਼ਨ ਫ਼ੀਸ, ਰਿਹਾਇਸ਼, ਗਰੌਸਰੀ ਤੇ ਕਿਤਾਬਾਂ ਆਦਿ ਦਾ ਖ਼ਰਚਾ ਪੂਰਾ ਕਰ ਸਕਣ।
* ਅਸੀਂ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਲਏ ਗਏ ਸਟੂਡੈਂਟ ਲੋਨ ਦੀ ਵਿਆਜ ਰਹਿਤ ਵਾਪਸੀ ਸ਼ੁਰੂ ਕਰਨ ਲਈ ਗਰੈਜੂਏਸ਼ਨ ਤੋਂ ਬਾਅਦ ਦੋ ਸਾਲ ਦਾ ਸਮਾਂ ਦੇਵਾਂਗੇ।
* ਅਸੀਂ ਨਵੇਂ ਮਾਪਿਆਂ ਨੂੰ ਇਹ ਸਟੂਡੈਂਟ ਲੋਨ ਵਿਆਜ ਤੋਂ ਬਿਨਾਂ ਵਾਪਸ ਕਰਨ ਲਈ ਓਨਾ ਚਿਰ ਨਹੀਂ ਕਹਾਂਗੇ ਜਿੰਨਾ ਚਿਰ ਉਨ੍ਹਾਂ ਦਾ ਸੱਭ ਛੋਟਾ ਬੱਚਾ 5 ਸਾਲ ਦਾ ਨਹੀਂ ਹੋ ਜਾਂਦਾ।
2015 ਤੋਂ ਲੈ ਕੇ ਹੁਣ ਤੀਕ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਵਿੱਦਿਆ ਨੂੰ ਅਫ਼ੋਰਡੇਬਲ ਬਨਾਉਣ ਲਈ ਅਸੀਂ ਕਈ ਢੰਗਾਂ ਨਾਲ ਸਹਾਇਤਾ ਕੀਤੀ ਹੈ।
* ਸ਼ੁਰੂ ਵਿਚ ਕੈਨੇਡਾ ਸਟੂਡੈਂਟ ਗਰਾਂਟ ਵਿਚ 50 ਫੀਸਦੀ ਦਾ ਵਾਧਾ ਕੀਤਾ ਗਿਆ ਜਿਸ ਨਾਲ ਵਿਦਿਆਰਥੀਆਂ ਦੀਆਂ ਜੇਬਾਂ ਵਿਚ 1000 ਡਾਲਰ ਵਧੇਰੇ ਪਾਏ ਗਏ।
* ਕੈਨੇਡਾ ਸਟੂਡੈਂਟ ਲੋਨ ਦੀਆਂ ਵਿਆਜ ਦਰਾਂ ਘਟਾਈਆਂ ਗਈਆਂ ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਦਿਆਰਥੀ ਜੀਵਨ ਵਿਚ 2000 ਡਾਲਰ ਦਾ ਲਾਭ ਹੋਇਆ।
* ਬਾਲਗ ਵਿਦਿਆਰਥੀਆਂ, ਹੋਰ ਵਿਦਿਆਰਥੀਆਂ ਤੇ ਬੱਚਿਆਂ ਲਈ ਕਈ ਨਵੀਆਂ ਗਰਾਂਟਾਂ ਸ਼ੁਰੂ ਕੀਤੀਆਂ ਗਈਆਂ।
* ਸਟੂਡੈਂਟ ਲੋਨ ਦੀ ਵਾਪਸੀ ਲਈ ਸਹਾਇਤਾ ਯੋਜਨਾ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਨਾਲ 25,000 ਡਾਲਰ ਸਲਾਨਾ ਤੋਂ ਘੱਟ ਕਮਾਈ ਕਰਨ ਵਾਲਿਆਂ ਲਈ ਇਸ ਕਰਜੇ ਦੀਾ ਵਾਪਸੀ ਅੱਗੇ ਪਾਈ ਗਈ।
* ਈ.ਆਈ. ਉੱਪਰ ਰਹਿ ਰਹੇ ਵਿਦਿਆਰਥੀਆਂ ਨੂੰ ਇਹ ਲਾਭ ਗੁਆਉਣ ਤੋਂ ਬਿਨਾਂ ਹੀ ਮੁੜ ਸਕੂਲ ਜਾਣ ਲਈ ਸਹਾਇਤਾ ਕੀਤੀ ਗਈ।
ਟਰੂਡੋ ਨੇ ਇਸ ਸਬੰਧੀ ਕਿਹਾ,”ਡੱਗ ਫ਼ੋਰਡ ਅਤੇ ਬਲੇਨ ਹਿੱਗਜ਼ ਵਾਂਗ ਐਂਡਰਿਊ ਸ਼ੀਅਰ ਵੀ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਵਿੱਤੀ-ਸਹਾਇਤਾ ਉੱਪਰ ਕੱਟ ਲਗਾਏਗਾ। ਪਰੰਤੂ, ਇੱਥੇ ਕਨਜ਼ਰਵੇਟਿਵ ਇਹ ਅਹਿਮ ਗੱਲ ਸਮਝਣ ਵਿਚ ਭੁੱਲ ਕਰਦੇ ਹਨ ਕਿ ਸੱਭ ਤੋਂ ਵਧੀਆ ਪੂੰਜੀ-ਨਿਵੇਸ਼ ਵਿੱਦਿਆ ਅਤੇ ਸਿਖਲਾਈ ਵਿਚ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਕੀਤੀ ਜਾ ਰਹੀ ਇਹ ਗ਼ਲਤੀ ਅਸੀਂ ਕਦੇ ਨਹੀਂ ਦੁਹਰਾਵਾਂਗੇ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …