ਪ੍ਰਸਿੱਧ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ ਤੇ ਏਜੰਡੇ ‘ਤੇ ਹੋਈਆਂ ਭਰਪੂਰ ਵਿਚਾਰਾਂ
ਬਰੈਂਪਟਨ/ਡਾ. ਝੰਡ : ਪੰਜਾਬ ਵਿਚ ਫਰਵਰੀ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨਾ ਕੇਵਲ ਕੈਨੇਡਾ ਦੇ ਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਬਰੈਂਪਟਨ ਅਤੇ ਸਰੀ ਵਿਚ ਹੀ ਕਾਫ਼ੀ ਚਰਚਾ ਹੈ, ਸਗੋਂ ਇਹ ਇਸ ਸਮੇਂ ਸਾਰੇ ਉੱਤਰੀ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਤੋਂ ਵਧੇਰੇ ਚੱਲੇ ਕਿਸਾਨ ਮੋਰਚੇ ਦੀ ਇਨ੍ਹਾਂ ਦੇਸ਼ਾਂ ਵਿਚਲੇ ਪਰਵਾਸੀਆਂ ਵੱਲੋਂ ਭਰਪੂਰ ਹਮਾਇਤ ਕੀਤੀ ਗਈ ਸੀ ਅਤੇ ਹੁਣ ਕਿਸਾਨਾਂ ਦੀਆਂ 22 ਜੱਥੇਬੰਦੀਆਂ ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ 25 ਹੋ ਗਈ ਹੈ, ਵੱਲੋਂ ਬਣਾਏ ਗਏ ‘ਸੰਯੁਕਤ ਸਮਾਜ ਮੋਰਚੇ’ ਨੂੰ ਪਰਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲ਼ ਰਿਹਾ ਹੈ। ਵਰਨਣਯੋਗ ਹੈ ਕਿ ਕਿਸਾਨਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਐਲਾਨ ਕਰਨ ਦੇ ਬਾਵਜੂਦ ਵੀ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਨ੍ਹਾਂ ਵਿਚ ਐੱਮ.ਐੱਸ.ਪੀ. ਲਈ ਕਮੇਟੀ ਬਨਾਉਣਾ, ਅੰਦੋਲਨ ਦੌਰਾਨ ਕਿਸਾਨਾਂ ਉੱਪਰ ਦਰਜ ਕੀਤੇ ਗਏ ਝੂਠੇ ਕੇਸਾਂ ਨੂੰ ਵਾਪਸ ਲੈਣਾ, ਉੱਤਰ ਪ੍ਰਦੇਸ਼ ਵਿਚ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਉਚਿਤ ਸਜ਼ਾਵਾਂ ਦੇਣਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਮੰਤਰੀ-ਮੰਡਲ ਵਿੱਚੋਂ ਬਾਹਰ ਕੱਢਣਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ। ਸੰਯੁਕਤ ਸਮਾਜ ਮੋਰਚੇ ਦੀ ਹਮਾਇਤ ਕਰਨ ਲਈ ਗਠਿਤ ਕੀਤੇ ਗਏ ਸੁਪੋਰਟ ਗਰੁੱਪ ਦੀ ਲੰਘੇ ਸ਼ਨੀਵਾਰ ਜ਼ੂਮ ਮੀਟਿੰਗ ਹੋਈ ਜਿਸ ਵਿਚ 40 ਦੇ ਕਰੀਬ ਉੱਘੀਆਂ ਸ਼ਖਖਸੀਅਤਾਂ ਨੇ ਭਾਗ ਲਿਆ। ਗਰੁੱਪ ਦੇ ਟੋਰਾਂਟੋ ਖਿੱਤੇ ਦੇ ਕਨਵੀਨਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਜ਼ੂਮ-ਮੀਟਿੰਗ ਵਿਚ ਸ਼ਾਮਲ ਵਿਅਕਤੀਆਂ ਦੀ ਜਾਣ-ਪਛਾਣ ਕਰਵਾਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਕਨਵੀਨਰ ਡਾ. ਇੰਦਰਜੀਨ ਸਿੰਘ ਮਾਨ ਨੂੰ ਮੀਟਿੰਗ ਦਾ ਏਜੰਡਾ ਪੇਸ਼ ਕਰਨ ਲਈ ਕਿਹਾ।
ਏਜੰਡੇ ਵਿਚ ਮੁੱਖ ਤੌਰ ‘ਤੇ ਇਹ ਮੱਦਾਂ ਸ਼ਾਮਲ ਸਨ: ਪੰਜਾਬੀ ਪਰਵਾਸੀਆਂ ਨੂੰ ਨਿੱਜੀ ਪੱਧਰ ‘ਤੇ ਸੰਪਰਕ ਕੀਤਾ ਜਾਏ ਜਿਸ ਵਿਚ ਉੱਤਰੀ ਅਮਰੀਕਾ ਤੋਂ ਖ਼ਾਸ ਕਰਕੇ ਮਹਿਲਾਵਾਂ, ਯੂਥ ਅਤੇ ਦਲਿਤ ਸ਼ਾਮਲ ਹੋਣ। ਗਰੁੱਪ ਨੂੰ ਉੱਤਰੀ ਅਮਰੀਕਾ ਤੋਂ ਅੱਗੇ ਯੌਰਪ, ਆਸਟ੍ਰੇਲੀਆ ਅਤੇ ਸੰਸਾਰ ਦੇ ਹੋਰ ਹਿੱਸਿਆਂ ਤੱਕ ਫੈਲਾਇਆ ਜਾਏ। ਮੋਰਚੇ ਦੀ ਹਮਾਇਤ ਲਈ ਠੋਸ ਸੁਝਾਅ ਦੇਣ ਬਾਰੇ, ਜਿਨ੍ਹਾਂ ਵਿਚ ਪੰਜਾਬ ਨੂੰ ਫ਼ੋਨ ਕਾਲਾਂ ਕਰਨਾ ਪ੍ਰਮੁੱਖ ਸਨ। ਐੱਕਸ ਸਰਵਿਸ ਮੈੱਨ ਸੰਸਥਾ ਦੇ ਆਗੂ ਸੇਵਾ-ਮੁਕਤ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਇਹ ਗਰੁੱਪ ਸਥਾਪਿਤ ਕੀਤੇ ਜਾਣ ‘ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਹਾਜ਼ਰੀਨ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਕਿ 500 ਦੇ ਕਰੀਬ ਤਾਂ ਐੱਕਸ ਸਰਵਿਸ ਮੈਨ ਓਨਟਾਰੀਓ ਵਿਚ ਹੀ ਹਨ ਅਤੇ ਪੰਜਾਬ ਵਿਚ ਉਨ੍ਹਾਂ ਦੀ ਗਿਣਤੀ ਢਾਈ ਲੱਖ ਦੇ ਲੱਗਭੱਗ ਹੈ, ਜਦਕਿ 90,000 ਫ਼ੌਜੀ ਇਸ ਸਮੇਂ ਦੇਸ਼ ਦੀ ਰਾਖੀ ਦੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਸੇਵਾ-ਮੁਕਤ ਫ਼ੌਜੀ ਬਿਨਾਂ ਸ਼ਰਤ ਮੋਰਚੇ ਦੀ ਹਮਾਇਤ ‘ਤੇ ਆ ਗਏ ਹਨ ਅਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਟਿਕਟਾਂ ਦੇਣ ਦੀ ਸਲਾਹ ਵੀ ਸੰਯੁਕਤ ਸਮਾਜ ਮੋਰਚੇ ਨੂੰ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਮੀਡੀਆਕਾਰ ਰਵਿੰਦਰ ਸਿੰਘ ਪੰਨੂ ਵੱਲੋਂ ਤਿਆਰ ਕੀਤੇ ਗਏ ਐਪ ਦੀ ਵਰਤੋਂ ਕਰਨ ਦੀ ਪੇਸ਼ਕਸ਼ ਦਿੱਤੀ ਗਈ ਹੈ।
ਅਮਰੀਕਾ ਤੋਂ ਧਰਮ ਸਿੰਘ ਗੁਰਾਇਆ ਨੇ ਸਾਰੇ ਪਰਵਾਸੀਆਂ ਨੂੰ ਪਹੁੰਚ ਕਰਨ ਦੀ ਵਕਾਲਤ ਕੀਤੀ। ਕਿਰਤਮੀਤ ਕੋਹਾੜ ਨੇ ਵਜ਼ਾਹਤ ਕੀਤੀ ਕਿ ਇਹ ਮੋਰਚਾ ਹੈ, ਰਾਜਸੀ ਪਾਰਟੀ ਨਹੀਂ ਹੈ। ਸੁਖਜੀਤ ਹੀਰ ਦਾ ਵਿਚਾਰ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਨੂੰ ਵੋਟਾਂ ਵਿਚ ਬਦਲਣ ਦੀ ਲੋੜ ਹੈ। ਰਜਿੰਦਰ ਸਿੰਘ ਦੂਹੜੇ ਨੇ ਕਿਹਾ ਕਿ ਪਰਵਾਸੀਆਂ ਨਾਲ ਪਹਿਲਾਂ ਤੋਂ ਧੋਖਾ ਹੀ ਹੁੰਦਾ ਆਇਆ ਰਿਹਾ ਹੈ ਅਤੇ ਹੁਣ ਸੁਹਿਰਦ ਧਿਰ ਨੂੰ ਮੌਕਾ ਦੇਣ ਦਾ ਸੁਨਹਿਰੀ ਮੌਕਾ ਹੈ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰ ਸਕੇ। ਮਲਕੀਤ ਸਿੰਘ ਜਿੰਡੇਰ ਨੇ ਵਿਰੋਧੀ ਪ੍ਰਚਾਰ ਦਾ ਟਾਕਰਾ ਕਰਨ ਦੀ ਸਲਾਹ ਦਿੱਤੀ। ਅਵਤਾਰ ਸਿੰਘ ਬਰਾੜ ਨੇ ਪੰਜਾਬ ਦੇ ਪਿੰਡ-ਪਿੰਡ ਵਿਚ ਲੋਕਾਂ ਨਾਲ ਸੰਪਰਕ ਕਰਨ ਦਾ ਸੁਝਾਅ ਦਿੱਤਾ।
ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਪ੍ਰਪਤੀਆਂ ਨੂੰ ਇਸ ਸੰਯੁਕਤ ਸਮਾਜ ਮੋਰਚੇ ਨਾਲ ਜੋੜਿਆ ਜਾਏ ਅਤੇ ਚੋਣਾਂ ਨਾ ਲੜਨ ਵਾਲੀਆਂ ਧਿਰਾਂ ਨਾਲ ਰਾਬਤਾ ਪੈਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦਾ ਏਜੰਡਾ ਕਾਫ਼ੀ ਹੱਦ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਵੇਲੇ ਤੋਂ ਹੀ ਬਣਿਆ ਹੋਇਆ ਹੈ। ਉਨ੍ਹਾਂ ਹੋਰ ਕਿਹਾ ਕਿ ਪ੍ਰਚਾਰ ਦੇ ਲਈ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾਏ, ਅਖ਼ਬਾਰਾਂ ਵਿਚ ਇਸ ਦੇ ਬਾਰੇ ਲਿਖਿਆ ਜਾਏ ਅਤੇ ਆਧੁਨਿਕ ਤਕਨੀਕਾਂ ਵਰਤਦੇ ਹੋਏ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਏ ਵਿਚ ਪਾਈਆਂ ਜਾਣ।
ਅਖ਼ੀਰ ਵਿਚ ਡਾ. ਇੰਦਰਜੀਤ ਸਿੰਘ ਮਾਨ ਨੇ ਵੱਖ-ਵੱਖ ਬੁਲਾਰਿਆਂ ਵੱਲੋਂ ਦਿੱਤੇ ਗਏ ਸੁਝਾਵਾਂ ‘ਤੇ ਵਿਚਾਰ ਕਰਕੇ ਮੋਰਚੇ ਦੇ ਏਜੰਡੇ ਵਿਚ ਸ਼ਾਮਲ ਕਰਨ ਦਾ ਭਰੋਸਾ ਦਿਵਾਇਆ। ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਗਰੁੱਪ ਦਾ ਘੇਰਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਗਰੁੱਪ ਨਾਲ ਸੰਪਰਕ ਕਰਨ ਅਤੇ ਹਰ ਕਿਸਮ ਦੀ ਜਾਣਕਾਰੀ ਲਈ ਡਾ. ਇੰਦਰਜੀਤ ਸਿੰਘ ਮਾਨ (604-725-5707), ਹਰਿੰਦਰਪਾਲ ਸਿੰਘ ਹੁੰਦਲ (647-818-6880), ਡਾ. ਕੰਵਲਜੀਤ ਕੌਰ ਢਿੱਲੋਂ (289-980-3255), ਨਿਰਮਲ ਸਿੰਘ ਢੀਂਡਸਾ (647-296-0106) ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਨਾਲ ਸੰਪਰਕ ਕੀਤਾ ਜਾ ਸਕਦਾ ਹੈ।