ਕੈਨੇਡਾ ਦੇ ਕਈ ਸ਼ਹਿਰਾਂ ਤੋਂ ਇਲਾਵਾ ਭਾਰਤ, ਪਾਕਿ, ਅਮਰੀਕਾ ਤੇ ਇੰਗਲੈਂਡ ਤੋਂ ਕਵੀਆਂ ਨੇ ਕੀਤੀ ਭਰਪੂਰ ਸ਼ਮੂਲੀਅਤ
ਬਰੈਂਪਟਨ/ਡਾ. ਝੰਡ : ਨਵੇਂ ਸਾਲ 2022 ਨੂੰ ਨਿੱਘੀ ‘ਜੀ-ਆਇਆਂ’ ਆਖਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅੰਤਰ-ਰਾਸ਼ਟਰੀ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਭਾਰਤ ਅਤੇ ਪਾਕਿਸਤਾਨ ਤੋਂ ਕਈ ਕਵੀਆਂ ਤੇ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਲੱਗਭੱਗ ਤਿੰਨ ਘੰਟੇ ਚੱਲੇ ਇਸ ਕਵੀ-ਦਰਬਾਰ ਵਿਚ ਨਵੇਂ ਸਾਲ ਦੀ ਸ਼ੁਭ-ਆਮਦ, ਲੋਹੜੀ, ਮਾਘੀ ਅਤੇ ਹੋਰ ਸਮਾਜਿਕ ਵਿਸ਼ਿਆਂ ਨਾਲ ਜੁੜੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ।ਨਵੇਂ ਸਾਲ ਦੀ ਮੁਬਾਰਕਬਾਦ ਸਾਂਝੀ ਕਰਦਿਆਂ ਹੋਇਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਕਵੀ-ਦਰਬਾਰ ਵਿਚ ਸ਼ਮੂਲੀਅਤ ਕਰਨ ਵਾਲੇ ਸ਼ਾਇਰਾਂ, ਮੈਂਬਰਾਂ ਤੇ ਮਹਿਮਾਨਾਂ ਦਾ ਬੜੇ ਭਾਵਪੂਰਤ ਸ਼ਬਦਾਂ ਨਾਲ ਸਵਾਗਤ ਕੀਤਾ ਗਿਆ। ਉਪਰੰਤ, ਕਵੀ-ਦਰਬਾਰ ਦੇ ਸੰਚਾਲਕ ਪਰਮਜੀਤ ਢਿੱਲੋਂ ਵੱਲੋਂ ਸੱਭ ਤੋਂ ਪਹਿਲਾਂ ਨਿਆਗਰਾ-ਵਾਸੀ ਨਿਰਵੈਰ ਸਿੰਘ ਅਰੋੜਾ ਜੋ ਇਨ੍ਹੀਂ ਦਿਨੀਂ ਪੰਜਾਬ ਫੇਰੀ ‘ਤੇ ਹਨ, ਨੂੰ ਕਵਿਤਾ ਸੁਨਾਉਣ ਲਈ ਕਿਹਾ ਜਿਨ੍ਹਾਂ ਨੇ ਸੁਰਜੀਤ ਪਾਤਰ ਦੀ ਮਾਘੀ ਨਾਲ ਸਬੰਧਿਤ ਪ੍ਰਸਿੱਧ ਰਚਨਾ ‘ਬੇਦਾਵਾ’ ਪੇਸ਼ ਕੀਤੀ। ਨਵੇਂ ਸਾਲ ਨੂੰ ਜੀ-ਆਇਆਂ ਕਹਿੰਦੀਆਂ ਹੋਈਆਂ ਕਵਿਤਾਵਾਂ ਸੁਖਦੇਵ ਸਿੰਘ ਝੰਡ, ਜਗਮੋਹਨ ਸਿੰਘ ਸੰਘਾ ਤੇ ਪਰਮਜੀਤ ਸਿੰਘ ਗਿੱਲ ਵੱਲੋਂ ਸੁਣਾਈਆਂ ਗਈਆਂ। ਇਕਬਾਲ ਬਰਾੜ ਵੱਲੋਂ ਆਪਣੀ ਖ਼ੂਬਸੂਰਤ ਆਵਾਜ਼ ਵਿਚ ਅਨੰਤ ਕੌਰ ਦਾ ਲਿਖਿਆ ਗੀਤ ‘ਆਇਆ ਹੱਸਦਾ ਹਸਾਉਂਦਾ ਨਵਾਂ ਸਾਲ’ ਪੇਸ਼ ਕੀਤਾ ਗਿਆ ਅਤੇ ਪਰਮਜੀਤ ਗਿੱਲ ਵੱਲੋਂ ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ’ ਸੁਣਾਇਆਾ ਗਿਆ। ਗਿਆਨ ਸਿੰਘ ਦਰਦੀ ਅਤੇ ਕੈਲਗਰੀ ਤੋਂ ਗੁਰਦੀਸ਼ ਗਰੇਵਾਲ ਵੱਲੋਂ ਲੋਹੜੀ ਨਾਲ ਸਬੰਧਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਧੀਆਂ ਦੀ ਲੋਹੜੀ ਮਨਾਉਣ ਦਾ ਵਿਸ਼ੇਸ਼ ਜ਼ਿਕਰ ਸੀ।ਸਭਾ ਦੇ ਸਰਗ਼ਰਮ ਮੈਂਬਰ ਮਕਸੂਦ ਚੌਧਰੀ ਦੇ ਯਤਨਾਂ ਨਾਲ ਪਾਕਿਸਤਾਨ ਤੋਂ ਜਨਾਬ ਅਬਦੁਲ ਹਮੀਦ, ਨਦੀਮ ਅਫ਼ਜ਼ਲ, ਮੋਹਤਰਿਮਾ ਬਖ਼ਤਾਵਰ ਸ਼ਾਹ, ਜਸੀਮ ਅਲੀ ਅਤੇ ਨਜਮਾ ਅਲੀ ਨੇ ਕਵੀ-ਦਰਬਾਰ ਵਿਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਆਪਣੀਆਂ ਉਰਦੂ ਤੇ ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ ਨਾਲ ਚੰਗਾ ਰੰਗ ਬੰਨ੍ਹਿਆਂ। ਨਦੀਮ ਅਫ਼ਜ਼ਲ ਦੀ ਠੇਠ ਲਾਹੌਰੀ ਪੰਜਾਬੀ ਅੰਂਦਾਜ਼ ਵਿਚ ਹਾਸਰਸ-ਕਵਿਤਾ ‘ਕੜਾਕੇ ਕੱਢ ਦਿੱਤੇ’ ਅਤੇ ਬਖ਼ਤਾਵਰ ਸ਼ਾਹ ਦੀਆਂ ਉਰਦੂ ਤੇ ਪੰਜਾਬੀ ਵਿਚ ਨਜ਼ਮਾਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਉਚੇਚੇ ਤੌਰ ‘ਤੇ ਸ਼ਮੂਲੀਅਤ ਕਰਦਿਆਂ ਹੋਇਆਂ ਪ੍ਰਸਿੱਧ ਕਵਿੱਤਰੀ ਸੁਲਤਾਨਾ ਬੇਗ਼ਮ, ਡਾ. ਰਵਿੰਦਰ ਕੌਰ ਭਾਟੀਆ, ਇੰਗਲੈਂਡ ਤੋਂ ਜਸਮੇਰ ਸਿੰਘ ਲਾਲ ਦੀ ਕਵਿਤਾ ‘ਸੱਜਣ ਜੀ, ਤੁਸੀਂ ਘਰ ਨੂੰ ਆ ਜਾਇਓ’, ਅਮਰੀਕਾ ਤੋਂ ਅਨੰਤ ਕੌਰ ਦੀ ਗ਼ਜ਼ਲ ਅਤੇ ਤਰੰਨਮ ਵਿਚ ਗਾਏ ਹੋਏ ਟੱਪੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਗਏ।
ਗਾਇਕਾ ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਆਵਾਜ਼ ਵਿਚ ਸਫ਼ਦਰ ਹਾਸ਼ਮੀ ਦੀ ਗ਼ਜ਼ਲ ‘ਆਜ ਜਾਨੇ ਕੀ ਜ਼ਿਦ ਨਾ ਕਰੋ’ ਤਰੰਨਮ ਵਿਚ ਗਾ ਕੇ ਆਪਣੀ ਗਾਇਕੀ ਦਾ ਖ਼ੂਬਸੂਰਤ ਮੁਜ਼ਾਹਰਾ ਕੀਤਾ। ਪਿਆਰਾ ਸਿੰਘ ਕੁੱਦੋਵਾਲ ਦੀ ਕਵਿਤਾ ‘ਤੜਪ’, ਤਲਵਿੰਦਰ ਮੰਡ ਦੀ ‘ਨਜ਼ਮ’ ਅਤੇ ਮਲੂਕ ਸਿੰਘ ਕਾਹਲੋਂ ਦੀ ‘ਪੰਜਾਬ ਵਿਚ ਚੋਣਾਂ’ ਵਧੀਆ ਰਹੀਆਂ। ਕਰਨ ਅਜਾਇਬ ਸਿੰਘਾ, ਮਕਸੂਦ ਚੌਧਰੀ ਅਤੇ ਬਲਜੀਤ ਭਲੂਰੀਆ ਦੀਆਂ ਕਵਿਤਾਵਾਂ ਵੀ ਕਾਫ਼ੀ ਰੌਚਕ ਸਨ। ਪਰਮਜੀਤ ਢਿੱਲੋਂ ਦਾ ਗੀਤ ‘ਚਿੰਤਾ ਹੁੰਦੀ ਚਿਖ਼ਾ ਬਰੋਬਰ ਸਾਰੀ ਦੁਨੀਆਂ ਕਹਿੰਦੀ’ ਸਰੋਤਿਆਂ ਉੱਪਰ ਵਧੀਆ ਪ੍ਰਭਾਵ ਛੱਡ ਗਿਆ ਜਿਸ ਦੀ ਪਾਕਿਸਤਾਨੀ ਮਹਿਮਾਨਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ ਗਈ।
ਸਰੋਤਿਆਂ ਵਿਚ ਰਾਜ ਕੁਮਾਰ ਓਸ਼ੋਰਾਜ, ਪੁਸ਼ਪਿੰਦਰ ਜੋਸਣ, ਹਰਜਸਪ੍ਰੀਤ ਗਿੱਲ, ਹਰਦਿਆਲ ਝੀਤਾ, ਇੰਜੀ. ਈਸ਼ਰ ਸਿੰਘ ਤੇ ਕਈ ਹੋਰ ਸ਼ਾਮਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਰਮਜੀਤ ਢਿੱਲੋਂ ਵੱਲੋਂ ਬਾਖ਼ੂਬੀ ਨਿਭਾਈ ਗਈ ਅਤੇ ਇਸ ਜ਼ੂਮ ਸਮਾਗ਼ਮ ਦਾ ਤਕਨੀਕੀ ਪੱਖ ਡਾ. ਜਗਮੋਹਨ ਸੰਘਾ ਨੇ ਵਧੀਆ ਢੰਗ ਨਾਲ ਸੰਭਾਲਿਆ।
ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਾਰੇ ਕਵੀਆਂ-ਕਵਿੱਤਰੀਆਂ ਅਤੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਮਾਗ਼ਮ ਵਿਚ ਵੱਖ-ਵੱਖ ਦੇਸ਼ਾਂ ਤੋਂ ਜੁੜੇ ਕਵੀਆਂ-ਕਵਿੱਤਰੀਆਂ ਨਾਲ ਇਹ ਖ਼ੂਬਸੂਰਤ ਗੁਲਦਸਤਾ ਬਣ ਗਿਆ ਹੈ ਅਤੇ ਨਵੇਂ ਸਾਲ ਦਾ ਸਵਾਗਤ ਕਰਨ ਲਈ ਇਹ ਵਿਸ਼ੇਸ਼ ਕਵੀ-ਦਰਬਾਰ ਇਕ ਸ਼ਾਨਦਾਰ ਅੰਤਰ-ਰਾਸ਼ਟਰੀ ਕਵੀ-ਦਰਬਾਰ ਹੋ ਨਿਬੜਿਆ ਹੈ। ਇਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਪ੍ਰਬੰਧਕ, ਮੈਂਬਰ ਤੇ ਮਹਿਮਾਨ ਇਸ ਦੇ ਲਈ ਵਧਾਈ ਦੇ ਪਾਤਰ ਹਨ।
Home / ਕੈਨੇਡਾ / ਨਵੇਂ ਸਾਲ ਨੂੰ ‘ਜੀ-ਆਇਆਂ’ ਕਹਿਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਜ਼ੂਮ ਮਾਧਿਅਮ ਰਾਹੀਂ ਕਰਵਾਇਆ ਅੰਤਰ-ਰਾਸ਼ਟਰੀ ਕਵੀ-ਦਰਬਾਰ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …