2015 ਵਿਚ ਕਾਊਂਸਲ ਮੈਂਬਰਾਂ ਨੇ ਬਹੁ-ਸੰਮਤੀ ਨਾਲ ਇਸ ਅਹਿਮ ਪ੍ਰਾਜੈੱਕਟ ਨੂੰ ਠੁਕਰਾ ਦਿੱਤਾ ਸੀ
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ ਨਵੀਂ ਬਣੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਬੁੱਧਵਾਰ ਹੋਈ ਇਸ ਦੀ ਮੀਟਿੰਗ ਵਿਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਹੱਰਨਟਾਰੀਓ ਐੱਲ.ਆਰ.ਟੀ. ਦਾ ਮੁੱਦਾ ਮੁੜ ਉਠਾਇਆ ਗਿਆ ਜਿਸ ਉੱਪਰ ਹੋਈ ਭਖ਼ਵੀਂ-ਬਹਿਸ ਤੋਂ ਬਾਅਦ ਇਸ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਪਾਠਕਾਂ ਨੂੰ ਭਲੀ-ਭਾਂਤ ਯਾਦ ਹੋਵੇਗਾ ਕਿ 2015 ਵਿਚ ਇਸ ਮਸਲੇ ‘ਤੇ ਸਿਟੀ ਕਾਊਂਸਲ ਵਿਚ ਬੜੀ ਲੰਮੀ-ਚੌੜੀ ਬਹਿਸ ਹੋਈ ਸੀ ਅਤੇ ਕਾਊਂਸਲ ਮੈਂਬਰਾਂ ਵੱਲੋਂ ਬਹੁ-ਸੰਮਤੀ ਨਾਲ ਇਸ ਅਹਿਮ ਪ੍ਰਾਜੈੱਕਟ ਨੂੰ ਠੁਕਰਾ ਦਿੱਤਾ ਗਿਆ ਸੀ ਜਿਸ ਨਾਲ ਇਹ ਲਾਈਟ-ਰੇਲ ਪ੍ਰਾਜੈੱਕਟ ਬਰੈਂਪਟਨ ਵਿਚ ਸਟੀਲਜ਼ ਐਵੀਨਿਊ ‘ਤੇ ਆ ਕੇ ਹੀ ਰੁਕ ਗਿਆ ਸੀ ਅਤੇ ਬਰੈਂਪਟਨ ਡਾਊਨ ਟਾਊਨ ਦੇ ‘ਗੋ-ਸਟੇਸ਼ਨ’ ਤੱਕ ਨਹੀਂ ਅੱਪੜ ਸਕਿਆ ਸੀ। ਹੁਣ ਗੁਰਪ੍ਰੀਤ ਢਿੱਲੋਂ ਨੇ ਆਪਣੇ ਇਸ ਮਤੇ ਰਾਹੀਂ ਇਸ ਨੂੰ ਬਰੈਂਪਟਨ ਡਾਊਨ ਟਾਊਨ ਤੋਂ ਵੀ ਅੱਗੇ ਮੇਅ-ਫ਼ੀਲਡ ਰੋਡ ਤੱਕ ਲਿਜਾਣ ਦੀ ਗੱਲ ਕੀਤੀ ਹੈ ਜਿਸ ਨੂੰ ਸਾਰੇ ਮੈਂਬਰਾਂ ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ ਅਤੇ ਜੇਕਰ ਇਹ ਅਹਿਮ ਪ੍ਰਾਜੈੱਕਟ ਸਿਰੇ ਚੜ੍ਹ ਜਾਂਦਾ ਹੈ ਤਾਂ ਇਹ ਬਰੈਂਪਟਨ ਲਈ ਫ਼ਾਰਸੀ ਕਹਾਵਤ ‘ਦੇਰ ਆਇਦ, ਦਰੱਸਤ ਆਇਦ’ ਵਾਲੀ ਗੱਲ ਹੋਵੇਗੀ। ਇਹ ਪ੍ਰਾਜੈੱਕਟ ਹਰਨਟਾਰੀਓ ਮੇਨ-ਪ੍ਰਾਜੈੱਕਟ ਦਾ ਇਕ ਹਿੱਸਾ ਹੈ ਜਿਸ ਰਾਹੀਂ ਪੋਰਟ ਕਰੈਡਿਟ ਤੋਂ ਬਰੈਂਪਟਨ ਗੋ-ਸਟੇਸ਼ਨ ਤੱਕ ਲਾਈਟ-ਰੇਲ ਬਨਾਉਣ ਲਈ ਓਨਟਾਰੀਓ ਦੀ ਸਰਕਾਰ ਵੱਲੋਂ 1.6 ਬਿਲੀਅਨ ਡਾਲਰ ਦੀ ਵੱਡੀ ਰਾਸ਼ੀ ਪ੍ਰਾਪਤ ਹੋਈ ਸੀ ਜਿਸ ਵਿੱਚੋਂ 400 ਮਿਲੀਅਨ ਡਾਲਰ ਬਰੈਂਪਟਨ ਵਿਚਲੇ ਭਾਗ ਖ਼ਰਚ ਹੋਣੇ ਸਨ ਪਰ ਪਿਛਲੀ ਕਾਊਂਸਲ ਦੇ ਮੈਂਬਰਾਂ ਦੀ ਆਪਸੀ ਖਿੱਚੋਤਾਣ ਕਾਰਨ ਇਹ ਪ੍ਰਾਜੈੱਕਟ ਸਿਰੇ ਨਾ ਚੜ੍ਹ ਸਕਿਆ, ਹਾਲਾਂ ਕਿ ਬਹੁਤੇ ਬਰੈਂਪਟਨ-ਵਾਸੀ ਇਸ ਦੇ ਹੱਕ ਵਿਚ ਸਨ। ਨਵੀਂ ਕਾਊਂਸਲ ਦੀ ਇਸ ਨਵੀਂ ਸ਼ੁਰੂਆਤ ਨਾਲ ਇਸ ਪ੍ਰਾਜੈੱਕਟ ਦਾ ਨਵਾਂ ਅਧਿਆਇ ਮੁੜ ਆਰੰਭ ਹੋਇਆ ਹੈ। ਵੇਖੋ! ਹੁਣ ਅੱਗੋਂ ਕੀ ਬਣਦਾ ਹੈ।
ਗੁਰਪ੍ਰੀਤ ਢਿੱਲੋਂ ਵੱਲੋਂ ਲਿਆਂਦੇ ਗਏ ਇਸ ਪ੍ਰਸਤਾਵ ਅਨੁਸਾਰ ਐੱਲ.ਆਰ.ਟੀ. ਪ੍ਰਾਜੈੱਕਟ ਬਰੈਂਪਟਨ ਵਿਚ ਦਾਖ਼ਲ ਹੋਣ ਲਈ ਮੇਨ ਸਟਰੀਟ ਵਾਲਾ ਰੂਟ ਡਾਊਨ-ਟਾਊਨ ਵਿੱਚੋਂ ਹੁੰਦਾ ਹੋਇਆ ਮੇਅ ਫ਼ੀਲਡ ਰੋਡ ਤੱਕ ਜਾਏਗਾ। ਵੈਸੇ, ਪਿਛਲੇ ਸਾਲਾਂ ਵਿਚ ਬਰੈਂਪਟਨ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਵਿਚ ਹੁਣ ਇਕ ਇਹ ਵੀ ਮੁੱਖ ਚੁਣੌਤੀ ਵੀ ਸ਼ਾਮਲ ਹੈ। ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਚਲੀ ਆ ਰਹੀ ਬਰੈਂਪਟਨ ਯੂਨੀਵਰਸਿਟੀ ਦੀ ਮੰਗ ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬਾ ਸਰਕਾਰ ਕੋਲ ਫ਼ੰਡਾਂ ਦੀ ਘਾਟ ਕਰਨ ਵਿੱਚੇ ਹੀ ਠੁੱਸ ਹੋ ਗਈ ਹੈ ਅਤੇ ਇਨ੍ਹਾਂ ਫ਼ੰਡਾਂ ਦੀ ਘਾਟ ਕਾਰਨ ਹੀ ਬਰੈਂਪਟਨ ਲਈ ਇਕ ਹੋਰ ਪੂਰੇ ਹਸਪਤਾਲ ਦੀ ਲੋੜ ਦੀ ਜ਼ੋਰਦਾਰ ਮੰਗ ਵੀ ਪਿੱਛੇ ਪੈ ਰਹੀ ਨਜ਼ਰ ਆ ਰਹੀ ਹੈ।
ਆਟੋ-ਇਨਸ਼ੋਅਰੈਂਸ ਰੇਟ ਤਾਂ ਬਰੈਂਪਟਨ ਵਿਚ ਪਹਿਲਾਂ ਹੀ ਆਸ-ਪਾਸ ਦੇ ਸਾਰੇ ਸ਼ਹਿਰਾਂ ਨਾਲੋਂ ਵਧੇਰੇ ਹਨ ਜਿਸ ਨੂੰ ਘੱਟ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਬਰੈਂਪਟਨ-ਵਾਸੀਆਂ ਨੂੰ ਤਾਂ ਕਈ ਵਾਰੀ ਇੰਜ ਤਰ੍ਹਾਂ ਲੱਗਦਾ ਹੈ, ਜਿਵੇਂ ਬਰੈਂਪਟਨ ਦੀ ਤੇਜ਼ੀ ਨਾਲ ਵੱਧ ਰਹੀਂ ਆਬਾਦੀ ਅਤੇ ਇਸ ਦੇ ਭਵਿੱਖ-ਮਈ ਵਿਕਾਸ ਨੂੰ ਸੂਬਾ ਸਰਕਾਰ ਵੱਲੋਂ ਜਾਣ-ਬੁੱਝ ਕੇ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ।
Home / ਕੈਨੇਡਾ / ਗੁਰਪ੍ਰੀਤ ਢਿੱਲੋਂ ਵਲੋਂ ਮੁੜ ਉਠਾਇਆ ਗਿਆ ਐਲ.ਆਰ.ਟੀ.ਦਾ ਮੁੱਦਾ ਸਿਟੀ ਕਾਊਂਸਲ ਵਿਚ ਸਰਬ ਸੰਮਤੀ ਨਾਲ ਪਾਸ
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …