ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸੁਖਬੀਰ ਬਾਦਲ ਨੂੰ ਦਿੱਤੀਆਂ ਨਸੀਹਤਾਂ
ਪਟਿਆਲਾ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਲਈ ਸੰਕਟ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਪਾਰਟੀ ਦੇ ਅੰਦਰੋਂ ਵੀ ਬਗਾਵਤੀ ਸੁਰਾਂ ਉਠਣ ਲੱਗ ਪਈਆਂ ਹਨ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਈ ਆਗੂ ਤਾਂ ਨਸੀਹਤਾਂ ਦੇਣ ਵੀ ਲੱਗ ਪਏ ਹਨ ਅਤੇ ਕਈ ਅਜੇ ਤੱਕ ਚੁੱਪ ਚਾਪ ਬੈਠੇ ਹਨ। ਇਸੇ ਤਰ੍ਹਾਂ ਪਾਰਟੀ ਦੇ ਸੀਨੀਅਰ ਆਗੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸੁਖਬੀਰ ਬਾਦਲ ਨੂੰ ਗਲਤੀਆਂ ਲਈ ਮਾਫੀ ਮੰਗਣ ਦੀ ਨਸੀਹਤ ਦੇ ਦਿੱਤੀ ਹੈ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਜੋ ਹਾਲਤ ਹੋ ਰਹੀ ਹੈ, ਉਹ ਲੀਡਰਸ਼ਿਪ ਦੀਆਂ ਗਲਤੀਆਂ ਦਾ ਨਤੀਜਾ ਹੈ। ਇਸ ਲਈ ਮਾਫੀ ਮੰਗਣ ਵਿਚ ਕੋਈ ਹਰਜ਼ ਵੀ ਨਹੀਂ ਹੋਣਾ ਚਾਹੀਦਾ ਹੈ। ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਸੀ ਕਿ ਲੀਡਰਸ਼ਿਪ ਵੱਲੋਂ ਬੇਅਦਬੀ ਮਾਮਲੇ ਵਿੱਚ ਸਹੀ ਸਮੇਂ ‘ਤੇ ਸਹੀ ਫੈਸਲੇ ਲਏ ਹੁੰਦੇ ਤਾਂ ਅੱਜ ਇਹ ਹਾਲਤ ਨਾ ਹੁੰਦੀ।