ਉਲੰਪੀਅਨ ਪਰਗਟ ਸਿੰਘ ਕਾਂਗਰਸ ਵਲੋਂ ਅਤੇ ਸੁਰਿੰਦਰ ਸੋਢੀ ਆਮ ਆਦਮੀ ਪਾਰਟੀ ਵਲੋਂ ਹੋ ਸਕਦੇ ਹਨ ਉਮੀਦਵਾਰ
ਚੰਡੀਗੜ੍ਹ/ਬਿਊਰੋ ਨਿਊਜ਼
ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਕੈਂਟ ਤੋਂ ਦੋ ਸਾਬਕਾ ਹਾਕੀ ਖਿਡਾਰੀ ਆਹਮੋ-ਸਾਹਮਣੇ ਹੋ ਸਕਦੇ ਹਨ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਵੱਲੋਂ 1980 ਦੀ ਮਾਸਕੋ ਉਲੰਪਿਕ ’ਚ ਗੋਲਡ ਮੈਡਲ ਜਿੱਤਣ ਲਈ ਦੋ 2 ਗੋਲ ਕਰਨ ਵਾਲੇ ਸੁਰਿੰਦਰ ਸਿੰਘ ਸੋਢੀ ਅਤੇ ਕਾਂਗਰਸ ਪਾਰਟੀ ਵੱਲੋਂ ਉਲੰਪੀਅਨ ਪਰਗਟ ਸਿੰਘ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਜਲੰਧਰ ਕੈਂਟ ਤੋਂ ਦੇਸ਼ ਲਈ ਖੇਡੇ ਇਹ ਦੋਵੇਂ ਖਿਡਾਰੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ-ਦੂਜੇ ਖਿਲਾਫ ਸਿਆਸੀ ਗੋਲ ਦਾਗਦੇ ਨਜ਼ਰ ਆ ਸਕਦੇ ਹਨ। ਪਰਗਟ ਸਿੰਘ ਜਲੰਧਰ ਕੈਂਟ ਤੋਂ ਦੋ ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਨੇ ਇਕ ਵਾਰ ਉਹ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਅਤੇ ਦੂਜੀ ਵਾਰ ਕਾਂਗਰਸ ਪਾਰਟੀ ਤੋਂ। ਸੰਭਾਵਨਾ ਹੈ ਕਿ ਉਹ ਤੀਜੀ ਵਾਰ ਵੀ ਇਸ ਹਲਕੇ ਤੋਂ ਹੀ ਕਾਂਗਰਸ ਪਾਰਟੀ ਵੱਲੋਂ ਚੋਣ ਲੜਗੇ। ਦੂਜੇ ਪਾਸੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਕੈਂਟ ਦਾ ਇੰਚਾਰਜ ਬਣਾਇਆ ਗਿਆ ਹੈ। ਆਪ ਵੱਲੋਂ ਥਾਪੇ ਜਾ ਰਹੇ ਹਲਕਾ ਇੰਚਾਰਜ ਨੂੰ ਹੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਜੇਕਰ ਇਨ੍ਹਾਂ ਦੋਵੇਂ ਸਾਬਕਾ ਖਿਡਾਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਂਦਾ ਹੈ ਤਾਂ ਜਲੰਧਰ ਕੈਂਟ ਤੋਂ ਮੁਕਾਬਲਾ ਬਹੁਤ ਦਿਲਚਸਪ ਬਣ ਜਾਵੇਗਾ।