ਸਿੱਧੂ ਨੇ ਕਿਸਾਨਾਂ ਨੂੰ ਵਿਧਾਨ ਸਭਾ ਚੋਣ ਲੜਨ ਦਾ ਦਿੱਤਾ ਸੱਦਾ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੰਗਰੂਰ ਵਿਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਮਾਨੇਵਾਲਾ ਵਿਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਅਗਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਆਪਣੇ ਜੱਦੀ ਪਿੰਡ ਮਾਨੇਵਾਲਾ ਵਿਚ ਕਿਸਾਨੀ ਕਾਨੂੰਨ ਤੇ ਬਿਜਲੀ ਐਕਟ ਵਿਰੁੱਧ ਕਿਸਾਨਾਂ ਨੂੰ ਇਕਜੁਟ ਕਰਨ ਪੁੱਜੇ ਸਨ। ਸਿੱਧੂ ਇੱਥੇ ਹੋਈ ਇਕ ਸਭਾ ਵਿਚ ਭਾਸ਼ਣ ਦੇ ਰਹੇ ਸਨ ਕਿ ”ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ…”। ਇਸੇ ਦੌਰਾਨ ਸਟੇਜ ਦੇ ਸਾਹਮਣੇ ਤੋਂ ਆਵਾਜ਼ ਆਈ, ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ…। ਇਹ ਨਾਅਰਾ ਸਿੱਧੂ ਦੀ ਆਵਾਜ਼ ਕਾਰਨ ਦੱਬ ਜਿਹਾ ਗਿਆ। ਦੂਜੀ ਵਾਰ ਜਦੋਂ ਫਿਰ ਨਾਅਰਾ ਲੱਗਿਆ ਤਾਂ ਸਿੱਧੂ ਨੇ ਕੁਝ ਪਲ ਲਈ ਆਪਣਾ ਭਾਸ਼ਣ ਰੋਕ ਦਿੱਤਾ। ਸਿੱਧੂ ਨੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੁੱਧ ‘ਤੇ ਐੱਮਐੱਸਪੀ ਦੇ ਸਕਦੀ ਹੈ ਤਾਂ ਫ਼ਸਲਾਂ ‘ਤੇ ਕਿਉਂ ਨਹੀਂ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਕਿਸਾਨਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਵਿਧਾਇਕ ਚੁਣ ਕੇ ਵਿਧਾਨ ਸਭਾ ਵਿਚ ਭੇਜਣ ਦਾ ਸੱਦਾ ਦਿੱਤਾ ਹੈ ਤਾਂ ਜੋ ਕਿਸਾਨਾਂ ਦੀ ਸੁਣਵਾਈ ਹੋ ਸਕੇ। ਜ਼ਿਕਰਯੋਗ ਹੈ ਕਿ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਵੱਖਰਾ ਸੁਰ ਅਲਾਪ ਰਹੇ ਹਨ, ਪਰ ਉਨ੍ਹਾਂ ਨੇ ਦਿੱਲੀ ਵਿਚ ਆਪਣਾ ਰਾਬਤਾ ਪੂਰਾ ਕਾਇਮ ਰੱਖਿਆ ਹੋਇਆ ਹੈ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …