ਦੋਵੇਂ ਪਾਰਟੀਆਂ ਵੱਖ-ਵੱਖ ਚੋਣਾਂ ਲੜ ਕੇ ਲੋਕਾਂ ਨੂੰ ਬਣਾ ਰਹੀਆਂ ਨੇ ਮੂਰਖ
ਬਠਿੰਡਾ/ਬਿਊਰੋ ਨਿਊਜ : ਹਰਸਿਮਰਤ ਕੌਰ ਬਾਦਲ ਵਲੋਂ ਅੱਜ ਬਠਿੰਡਾ ਦੇ ਵੱਖ-ਵੱਖ ਮੁਹੱਲਿਆਂ ਵਿਚ ਵਰਕਰਾਂ ਨਾਲ ਚੋਣਾਂ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਸਾਰੇ ਸੂਬਿਆਂ ਵਿਚ ਗਠਜੋੜ ਕਰ ਲਿਆ ਗਿਆ ਹੈ ਪਰ ਪੰਜਾਬ ਵਿਚ ਲੋਕਾਂ ਨੂੰ ਬੁੱਧੂ ਬਣਾਉਣ ਦੇ ਲਈ ਅਲੱਗ-ਅਲੱਗ ਚੋਣਾਂ ਲੜ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਆ ਗਈਆਂ ਹਨ ਅਤੇ ਦੇਸ਼ ਵਾਸੀ ਦੱਸ ਦੇਣ ਕਿ ਉਹ ਕਿਸ ਦੇ ਕੰਮਾਂ ਨਾਲ ਖੁਸ਼ ਹਨ, ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬੇਰੁਜ਼ਗਾਰੀ ਦੂਰ ਕਰਨ, ਨਸ਼ੇ ਖਤਮ ਕਰਨ ਅਤੇ ਬੀਬੀਆਂ ਨੂੰ ਹਜ਼ਾਰ ਰੁਪਈਆ ਪ੍ਰਤੀ ਮਹੀਨਾ ਦੇਣ ਦੇ ਝੂਠੇ ਵਾਅਦੇ ਕਰਕੇ ਮੁੱਕਰ ਗਏ। ਬੀਬਾ ਬਾਦਲ ਨੇ ਕੇਜਰੀਵਾਲ ਉਤੇ ਵਰ੍ਹਦੇ ਕਿਹਾ ਕਿ ਦੇਸ਼ ਵਿਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕਿ ਪਹਿਲਾਂ ਜੇ ਕਿਸੇ ਮੰਤਰੀ ਉਤੇ ਦੋਸ਼ ਲੱਗਦੇ ਸਨ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਕੇ ਨਿਰਪੱਖ ਜਾਂਚ ਕਰਵਾਉਂਦੇ ਸਨ ਪਰ ਕੇਜਰੀਵਾਲ ਅਜਿਹੇ ਮੁੱਖ ਮੰਤਰੀ ਹਨ ਕਿ ਇਹ ਜੇਲ ਵਿਚ ਬੈਠੇ ਵੀ ਕਹਿੰਦੇ ਹਨ, ਮੈਂ ਕੁਰਸੀ ਨਹੀਂ ਛੱਡਾਂਗਾ ਅਤੇ ਜੇਲ ਵਿਚੋਂ ਹੀ ਸਰਕਾਰ ਚਲਾਵਾਂਗਾ। ਅੱਜ ਸ਼ਹੀਦਾਂ ਦੀਆਂ ਰੂਹਾਂ ਵੀ ਕੰਬਦੀਆਂ ਹੋਣਗੀਆਂ ਕਿ ਜਿਹੜੀ ਪਾਰਟੀ ਸਾਡਾ ਨਾ ਲੈ ਕੇ ਸੱਤਾ ਵਿਚ ਆਈ ਸੀ । ਉਹ ਇਹ ਕੀ ਕੰਮ ਕਰ ਰਹੀ ਹੈ।