Breaking News
Home / ਪੰਜਾਬ / ਸਿੰਜਾਈ ਘਪਲਾ ਸ਼ਰਨਜੀਤ ਢਿੱਲੋਂ ਤੇ ਕਾਹਨ ਸਿੰਘ ਪੰਨੂ ਮੁੜ ਵਿਜੀਲੈਂਸ ਅੱਗੇ ਪੇਸ਼

ਸਿੰਜਾਈ ਘਪਲਾ ਸ਼ਰਨਜੀਤ ਢਿੱਲੋਂ ਤੇ ਕਾਹਨ ਸਿੰਘ ਪੰਨੂ ਮੁੜ ਵਿਜੀਲੈਂਸ ਅੱਗੇ ਪੇਸ਼

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਸਿੰਜਾਈ ਘਪਲੇ ਦੀ ਜਾਂਚ ਸਬੰਧੀ ਵਿਜੀਲੈਂਸ ਦੇ ਤਫ਼ਤੀਸ਼ੀ ਅਫ਼ਸਰ ਕੋਲ ਪੇਸ਼ ਹੋਏ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਸ਼ਰਨਜੀਤ ਢਿੱਲੋਂ ਅਤੇ ਕਾਹਨ ਸਿੰਘ ਪੰਨੂ ਨੂੰ ਬੈਂਕ ਖਾਤਿਆਂ ਅਤੇ ਜਾਇਦਾਦ ਦੇ ਵੇਰਵੇ ਸੌਂਪਣ ਲਈ ਕਿਹਾ ਗਿਆ ਸੀ, ਜੋ ਦੋਵਾਂ ਵੱਲੋਂ ਸੌਂਪ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਰਨਜੀਤ ਸਿੰਘ ਢਿੱਲੋਂ ਢਿੱਲੋਂ ਤੇ ਕਾਹਨ ਸਿੰਘ ਪੰਨੂ ਨੂੰ ਆਪਣੇ ਜੀਵਨ ਸਾਥੀਆਂ ਅਤੇ ਬੱਚਿਆਂ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਸੌਂਪਣ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 2017 ਵਿੱਚ ਸਿੰਜਾਈ ਵਿਭਾਗ ਦੇ ਬਹੁ ਕਰੋੜੀ ਘਪਲੇ ਸਬੰਧੀ ਇਹ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਵਿਜੀਲੈਂਸ ਵੱਲੋਂ ਅਕਾਲੀ-ਭਾਜਪਾ ਸਰਕਾਰ ਵੇਲੇ ਸਿੰਜਾਈ ਵਿਭਾਗ ਵਿੱਚ ਬਹੁ ਕਰੋੜੀ ਘਪਲਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਕਤ ਸਮੇਂ ਦੌਰਾਨ ਸ਼ਰਨਜੀਤ ਸਿੰਘ ਢਿੱਲੋਂ ਤੇ ਜਨਮੇਜਾ ਸਿੰਘ ਸੇਖੋਂ ਵਾਰੋ-ਵਾਰੀ ਵਿਭਾਗ ਦੇ ਮੰਤਰੀ ਰਹੇ ਹਨ, ਜਦਕਿ ਕੌਸ਼ਲ, ਕੇਬੀਐੱਸ ਸਿੱਧੂ ਅਤੇ ਕਾਹਨ ਸਿੰਘ ਪੰਨੂ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਸਕੱਤਰ ਦੇ ਅਹੁਦਿਆਂ ‘ਤੇ ਤਾਇਨਾਤ ਰਹੇ ਹਨ। ਸੂਬੇ ਵਿੱਚ ‘ਆਪ’ ਸਰਕਾਰ ਦੇ ਗਠਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂਚ ਦੀ ਪ੍ਰਵਾਨਗੀ ਮਿਲਣ ਮਗਰੋਂ ਵਿਜੀਲੈਂਸ ਨੇ ਮਾਮਲੇ ਦੀ ਜਾਂਚ ਮੁੜ ਆਰੰਭੀ ਹੈ।

ਵਿਜੀਲੈਂਸ ਵੱਲੋਂ ਕੁਸ਼ਲਦੀਪ ਸਿੰਘ ਢਿੱਲੋਂ ਕੋਲੋਂ ਵੀ ਪੁੱਛ-ਪੜਤਾਲ
ਫਰੀਦਕੋਟ :ਵਿਜੀਲੈਂਸ ਵਿਭਾਗ ਨੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ, ਜਿੱਥੇ ਉਸ ਤੋਂ ਕਰੀਬ ਇੱਕ ਘੰਟਾ ਪੁੱਛ ਪੜਤਾਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਨੂੰ ਇੱਕ ਲਿਖਤੀ ਸ਼ਿਕਾਇਤ ਮਿਲੀ ਸੀ, ਜਿਸ ‘ਚ ਕੁਸ਼ਲਦੀਪ ਸਿੰਘ ਢਿੱਲੋਂ ‘ਤੇ ਕਾਂਗਰਸ ਦੀ ਸਰਕਾਰ ਵੇਲੇ ਕਥਿਤ ਤੌਰ ‘ਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪ ਲਗਾਏ ਗਏ ਹਨ। ਸ਼ਿਕਾਇਤ ਵਿੱਚ ਕੁਝ ਬੇਨਾਮੀ ਜਾਇਦਾਦਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਕਰੀਬ ਇੱਕ ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਕਾਨੂੰਨੀ ਤੌਰ ‘ਤੇ ਆਪਣਾ ਕਾਰੋਬਾਰ ਕਰਦੇ ਹਨ ਅਤੇ ਹਰ ਕੰਮ ਨਿਯਮਾਂ ਮੁਤਾਬਕ ਚੱਲ ਰਿਹਾ ਹੈ, ਜਿਸ ਦਾ ਰਿਕਾਰਡ ਆਨਲਾਈਨ ਵੀ ਚੈੱਕ ਕੀਤਾ ਜਾ ਸਕਦਾ ਹੈ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਜੀਲੈਂਸ ਵਿਭਾਗ ਦੇ ਡੀਐੱਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਪੁੱਛ ਪੜਤਾਲ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਤੋਂ ਕੁਝ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਕਾਂਗਰਸੀ ਆਗੂ ਨੇ ਅਗਲੇ ਹਫ਼ਤੇ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।

 

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …