Breaking News
Home / ਕੈਨੇਡਾ / ਰੈਡ ਵਿੱਲੋਂ ਕਲੱਬ ਨੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ

ਰੈਡ ਵਿੱਲੋਂ ਕਲੱਬ ਨੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੇ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਿਛਲੇ ਦਿਨੀ ਗੁਰਨਾਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਕਾਫੀ ਸਮੇਂ ਬਾਅਦ ਹੋਈ ਮੀਟਿੰਗ ਵਿੱਚ ਇੱਕ ਦੂਜੇ ਤੋਂ ਪਰਿਵਾਰਾਂ ਦਾ ਹਾਲ ਚਾਲ ਪੁੱਛਿਆ ਗਿਆ। ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਮਹਾਂਮਾਰੀ ਦੇ ਦੌਰ ਵਿੱਚ ਅਸੀਂ ਮੁੜ ਮਿਲ ਕੇ ਭਾਈਚਾਰਕ ਸਾਂਝ ਪੈਦਾ ਕਰ ਰਹੇ ਹਾਂ। ਦੁਨੀਆ ਵਿੱਚ ਲੱਖਾਂ ਲੋਕ ਕਰੋਨਾ ਮਹਾਂਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਮੀਟਿੰਗ ਸ਼ੁਰੂ ਹੋਣ ‘ਤੇ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਏ ਕਲੱਬ ਮੈਂਬਰਾਂ ਰਵਿੰਦਰ ਕੌਰ ਪੰਨੂ ਪਤਨੀ ਕੈਪਟਨ ਰਣਜੋਧ ਸਿੰਘ, ਟੇਕ ਚੰਦ ਸ਼ਰਮਾ, ਹਰਦੇਵ ਸਿੰਘ ਰਾੜਾ ਅਤੇ ਮੁਖਤਿਆਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਵਿੱਚ ਮਾਸਟਰ ਕੁਲਵੰਤ ਸਿੰਘ, ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਪ੍ਰੋ: ਬਲਵੰਤ ਸਿੰਘ, ਜੋਗਿੰਦਰ ਸਿੰਘ ਪੱਡਾ, ਬਲਵੰਤ ਸਿੰਘ ਕਲੇਰ, ਹਿੰਮਤ ਸਿੰਘ ਲੱਛੜ, ਪਰਮਜੀਤ ਬੜਿੰਗ, ਮਹਿੰਦਰ ਕੌਰ ਪੱਡਾ, ਬਲਜੀਤ ਕੌਰ ਸੇਖੋਂ, ਨਿਰਮਲਾ ਪ੍ਰਾਸ਼ਰ, ਬਲਜੀਤ ਕੌਰ ਗਰੇਵਾਲ ਅਤੇ ਇੰਦਰਜੀਤ ਕੌਰ ਗਿੱਲ ਹਾਜ਼ਰ ਸਨ। ਮੀਟਿੰਗ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੇ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ। ਕੁੱਝ ਮਸਲਿਆਂ ‘ਤੇ ਵੱਖਰੀ ਰਾਇ ਹੋਣ ਕਰਕੇ ਉਸਾਰੂ ਬਹਿਸ ਵੀ ਹੋਈ। ਸੋਚ ਵਿਚਾਰ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਸਤ/ਸਤੰਬਰ ਵਿੱਚ ਸਾਰੇ ਕਲੱਬਾਂ ਨਾਲ ਸਾਂਝਾ ਪ੍ਰੋਗਰਾਮ ਕੀਤਾ ਜਾਵੇ। ਜਿਸ ਵਿੱਚ ਕੈਨੇਡਾ ਡੇਅ, ਭਾਰਤ ਦਾ ਆਜਾਦੀ ਦਿਵਸ ਮਨਾਏ ਜਾਣ ਅਤੇ ਸੀਨੀਅਰਜ਼ ਦੀਆਂ ਖੇਡਾਂ ਹੋਣ। ਇਸ ਤੋਂ ਬਿਨਾਂ ਇਹ ਫੈਸਲਾ ਵੀ ਕੀਤਾ ਗਿਆ ਕਿ ਅਗਸਤ/ਸਤੰਬਰ ਵਿੱਚ ਕਲੱਬ ਵਲੋਂ 2 ਜਾਂ 3 ਟੂਰ ਲਾਏ ਜਾਣ। ਸਥਾਨਾਂ ਦੀ ਚੋਣ ਕਲੱਬ ਮੈਂਬਰਾਂ ਦੀ ਸਲਾਹ ਨਾਲ ਕੀਤੀ ਜਾਵੇਗੀ।
ਡਾਇਰੈਕਟਰਜ਼ ਵਲੋਂ ਇਹ ਮਹਿਸੂਸ ਕੀਤਾ ਗਿਆ ਕਿ ਕਲੱਬ ਪਾਸ ਜੋ ਮੇਜ਼ ਕੁਰਸੀਆਂ ਹਨ ਪ੍ਰੋਗਰਾਮ ਸਮੇਂ ਵੱਧ ਉਮਰ ਕਾਰਨ ਸੀਨੀਅਰਜ਼ ਨੂੰ ਉਹਨਾਂ ਦੀ ਢੋਅ ਢੁਆਈ ਸਮੇਂ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਬਿਨਾਂ ਉਨ੍ਹਾਂ ਨੂੰ ਰੱਖਣ ਦੀ ਜਗ੍ਹਾ ਦੀ ਵੀ ਸਮੱਸਿਆ ਹੈ। ਕਾਫੀ ਟੈਂਟ ਖੁੱਲ੍ਹ ਜਾਣ ਕਾਰਨ ਠੀਕ ਰੇਟ ‘ਤੇ ਇਹ ਚੀਜ਼ਾਂ ਕਿਰਾਏ ‘ਤੇ ਮਿਲ ਜਾਂਦੀਆਂ ਹਨ।
ਇਸ ਬਾਰੇ ਕੁੱਝ ਕਰਨ ਲਈ ਅੰਤਿਮ ਫੈਸਲਾ ਮੈਂਬਰਾਂ ਦੀ ਸਲਾਹ ਨਾਲ ਕੀਤਾ ਜਾਵੇਗਾ। ਅਗਲੀ ਮੀਟਿੰਗ ਜੁਲਾਈ ਦੇ ਅੰਤ ਜਾਂ ਅਗਸਤ ਦੇ ਪਹਿਲੇ ਹਫਤੇ ਹੋਵੇਗੀ ਜਿਸ ਵਿੱਚ ਫੈਸਲਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਸਾਰੇ ਹਾਜ਼ਰ ਡਾਇਰੈਕਟਰਾਂ ਨੇ ਸਾਲ 2021-22 ਦੀ ਮੈਂਬਰਸ਼ਿਪ ਫੀਸ ਮੌਕੇ ਤੇ ਹੀ ਜਮ੍ਹਾ ਕਰਵਾ ਦਿੱਤੀ ਅਤੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਕੇ ਉਹਨਾਂ ਦੀ ਮੈਂਬਰਸ਼ਿਪ ਅਗਲੇ ਦਿਨਾਂ ਵਿੱਚ ਕਰ ਲਈ ਜਾਵੇਗੀ। ਪਰਮਜੀਤ ਬੜਿੰਗ ਨੇ ਸਸਤੇ ਫਿਊਨਰਲ ਬਾਰੇ ਵਿਸਾਰਪੂਰਬਕ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਰਜਿਸਰਟੇਸ਼ਨ ਫਰੀ ਹੋਵੇਗੀ ਤੇ ਇੱਛਕ ਸੀਨੀਅਰਾਂ ਦੇ ਫਾਰਮ ਬਗੈਰਾ ਵਾਲੰਟੀਅਰ ਤੌਰ ‘ਤੇ ਭਰ ਕੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਸ ਨੇ ਪ੍ਰੋਵਿੰਸ਼ਲ ਸਰਕਾਰ ਵਲੋਂ ਸੀਨੀਅਰਾਂ ਦੀ ਡੈਂਟਲ ਕੇਅਰ ਯੋਜਨਾ ਬਾਰੇ ਦੱਸਿਆ। ਉਸ ਨੇ ਜਾਣਕਾਰੀ ਦਿੱਤੀ ਕਿ ਕਿਹੜੀਆਂ ਲੋਕੇਸ਼ਨਾਂ ਤੇ ਰਜਿਸਟਰੇਸ਼ਨ ਲਈ ਅਪਾਇੰਟਮੈਂਟ ਵਾਸਤੇ ਬੁਕਿੰਗ ਕਿਵੇਂ ਕਰਵਾਉਣੀ ਹੈ। ਉਸ ਨੇ ਇਹ ਵੀ ਦੱਸਿਆ ਕਿ ਵੇਟਿੰਗ ਪੀਰੀਅਡ ਬਹੁਤ ਜਿਆਦਾ ਹੈ। ਇਸ ਨੂੰ ਘਟਾਉਣ ਲਈ ਸੀਨੀਅਰਜ ਐਸੋਸੀਏਸ਼ਨ ਵਲੋਂ ਯਤਨ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਐਸੋਸੀਏਸ਼ਨ ਦਾ ਵਫਦ ਐਮ ਪੀ ਪੀ ਅਮਰਜੋਤ ਸੰਧੂ ਨੂੰ ਮਿਲਿਆ। ਗੱਲਬਾਤ ਦੌਰਾਨ ਇਹ ਸੁਝਾਅ ਦਿੱਤਾ ਕਿ ਵੇਟਿੰਗ ਪੀਰੀਅਡ ਘਟਾਉਣ ਲਈ ਸਰਕਾਰ ਵਲੋਂ ਲੋਕੇਸ਼ਨਾਂ ਦੀ ਗਿਣਤੀ ਵਧਾਉਣ ਦੇ ਨਾਲ ਹੀ ਮੌਜੂਦਾ ਲੋਕੇਸ਼ਨਾਂ ‘ਤੇ ਘੱਟੋ-ਘੱਟ ਇਕ ਹੋਰ ਡਾਕਟਰ ਤੇ ਸਹਾਇਕ ਸਟਾਫ ਲਾਇਆ ਜਾਵੇ ਤਾਂ ਕਿ ਵੇਟਿੰਗ ਪੀਰੀਅਡ ਘਟੇ ਤੇ ਸੀਨੀਅਰਜ਼ ਨੂੰ ਰਾਹਤ ਮਿਲ ਸਕੇ। ਅਮਰਜੋਤ ਸੰਧੂ ਨੇ ਭਰੋਸਾ ਦਿਵਾਇਆ ਕਿ ਸਾਰੇ ਮਸਲੇ ਨੂੰ ਸਮਝ ਕੇ ਹੈਲਥ ਮਿਿਨਸਟਰ ਨਾਲ ਐਸੋਸੀਏਸ਼ਨ ਦੀ ਮੁਲਾਕਾਤ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਉਸ ਨੇ ਐਸੋਸੀਏਸ਼ਨ ਨੂੰ ਵੀ ਇਹ ਸੁਝਾਅ ਦਿੱਤਾ ਕਿ ਉਹ ਦੂਜੇ ਐਮ ਪੀਜ਼ ਨੂੰ ਵੀ ਮਿਲਣ ਤਾਂਕਿ ਉਹ ਵਿਧਾਨ ਸਭਾ ਵਿੱਚ ਜੋਰ ਨਾਲ ਆਵਾਜ ਉਠਾ ਸਕੇ।
ਰੈੱਡ ਵਿਲੋ ਕਲੱਬ ਦੇ ਵਾਲੰਟੀਅਰਾਂ ਦੁਆਰਾ 4 ਮਈ 2013 ਤੋਂ ਸ਼ੁਰੂ ਕੀਤੀ ਨੇਬਰਹੁੱਡ ਕਲੀਨਿੰਗ ਲਗਾਤਾਰ ਜਾਰੀ ਹੈ। ਇਸ ਦੌਰ ਵਿੱਚ ਇਸ ਸਾਲ ਵੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ 22 ਮਈ ਤੋਂ ਕਲੀਨਿੰਗ ਦਾ ਕੰਮ ਸ਼ੁਰੂ ਹੈ। ਇਸ ਲਈ ਕਲੱਬ ਵਲੋਂ ਵਾਲੰਟੀਅਰਾਂ ਦੀ ਬਹੁਤ ਸ਼ਲਾਘਾ ਕੀਤੀ ਗਈ। ਹੋਰ ਮੈਂਬਰਾਂ ਨੂੰ ਵੀ ਇਸ ਸਮਾਜ ਸੇਵੀ ਕੰਮ ਵਿੱਚ ਹਿੱਸਾ ਪਾਉਣ ਦੀ ਬੇਨਤੀ ਕੀਤੀ ਗਈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …