Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਫੈਸਰ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ 8 ਜੁਲਾਈ ਨੂੰ

ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਫੈਸਰ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ 8 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ ਓਨਟਾਰੀਓ ਵਲੋਂ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਦੁੱਖ ਦਰਦ ਨੂੰ ਸਮਝਣ ਅਤੇ ਅਪਣੇ ਇਨਕਲਾਬੀ ਨਾਟਕਾਂ ਰਾਹੀ ਉਨ੍ਹਾਂ ਦੇ ਮਸਲਿਆਂ ਨੂੰ ਪੇਸ਼ ਕਰਨ ਦੇ ਮਾਹਿਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ  ਦੇਣ ਲਈ 8 ਜੁਲਾਈ 2017, ਸ਼ਨਿਚਰਵਾਰ ਨੂੰ ਸਵੇਰੇ 11:30 ਤੇ, ਰੋਇਲ ਬੈਂਕਟ ਹਾਲ ਵਿਖੇ ਜੋ 185 ਸਟੇਟਸਮੈਨ ਡਰਾਇਵ ਮਿਸੀਸਾਗਾ ਵਿਚ ਸਥਿਤ ਹੈ, ਸਮਾਗਮ ਕੀਤਾ ਜਾ ਰਿਹਾ ਹੈ।  ਇਸ ਵਿਚ ਉਨ੍ਹਾਂ ਦੇ ਦੋਸਤਾਂ, ਮਿਤਰਾਂ, ਕਲਾਕਾਰਾਂ, ਸਾਗਿਰਦਾਂ, ਸਨੇਹੀਆਂ, ਨਾਟਕ ਪ੍ਰੇਮੀਆਂ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਸੁਸਾਇਟੀ ਦੇ ਸੱਦੇ ‘ਤੇ ਪ੍ਰੋਫੈਸਰ ਔਲਖ ਦੋ ਵਾਰ ਕੈਨੇਡਾ ਆਏ ਅਤੇ ਬਹੁਤ ਹੀ ਸਫਲਤਾ ਨਾਲ ਬਰੈਂਪਟਨ ਵਿਚ ਅਪਣੇ ਨਾਟਕ ਪੇਸ਼ ਕਰ ਕੇ ਗਏ।  ਉਨ੍ਹਾਂ ਬੜੇ ਹੀ ਸੀਮਿਤ ਸਮੇਂ ਵਿਚ ਸਥਾਨਕ ਕਲਾਕਾਰਾਂ ਤੋਂ ਉੱਚ ਪਾਏ ਦੀ ਕਲਾਕਾਰੀ ਕਰਵਾਉਣ ਦਾ ਮਾਣ ਹਾਸਲ ਕੀਤਾ।  ਉਨ੍ਹਾਂ ਦੇ ਨਾਟਕ ਜਿਨੇ ਪਿਆਰ ਤੇ ਸਤਿਕਾਰ ਨਾਲ ਪੰਜਾਬ ਦੇ ਪਿੰਡਾਂ ਦੇ ਵਸਨੀਕਾਂ ਵਲੋਂ ਮਾਣੇ ਜਾਂਦੇ ਸਨ, ਉਸ ਤੋਂ ਵੀ ਵੱਧ ਦਿਲਚਸਪੀ ਨਾਲ ਕੈਨੇਡਾ ਵਿਚਲੇ ਪੰਜਾਬੀਆਂ ਵਲੋਂ ਮਾਣੇ ਸਤਿਕਾਰੇ ਗਏ।  ਉਹ ਸਾਰੀ ਉਮਰ ਅਗਾਂਹਵਧੂ ਜਥੇਬੰਦੀਆਂ ਨਾਲ ਜੁੜੇ ਰਹੇ ਅਤੇ ਅਪਣੇ ਇਨ੍ਹਾ ਵਿਚਾਰਾਂ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਵਿਚ ਜੇਲ੍ਹ ਵੀ ਜਾਣਾ ਪਿਆ।  ਉਨ੍ਹਾਂ ਦੀ ਆਖਰੀ ਇੱਛਾ ਵੀ ਤਰਕਸ਼ੀਲ ਵਿਚਾਰਾਂ ਵਾਲੀ ਸੀ, ਜਿਸ ਵਿਚ ਸਸਕਾਰ ਸਮੇਂ ਅਪਣੀਆਂ ਲੜਕੀਆਂ ਨੂੰ ਅਪਣੀ ਅਰਥੀ ਨੂੰ ਮੋਢਾ ਦੇਣ ਅਤੇ ਅਗਨੀ ਵਿਖਾਉਣ ਲਈ ਕਹਿਣਾ ਅਤੇ ਆਖਰੀ ਰਸਮਾਂ ਵੇਲੇ ਧਾਰਮਿਕ ਰਸਮਾਂ ਦੀ ਥਾਂ ਅਗਾਂਹ ਵਧੂ ਜਥੇਬੰਦੀਆਂ ਅਤੇ ਕਲਾਕਾਰਾਂ ਵਲੋਂ ਸ਼ਰਧਾਂਜਲੀ ਸਮਾਗਮ ਕਰਨਾ ਸ਼ਾਮਿਲ ਸੀ।  ਮਾਲਵੇ ਦੇ ਪਿੰਡ ਫਰਵਾਹੀ ਵਿਚ ਜਗੀਰਦਾਰੀ ਦੌਰ ਵਿਚ ਕਾਸ਼ਤਕਾਰ ਦੇ ਘਰ ਜਨਮੇਂ  ਪ੍ਰੋਫੈਸਰ ਔਲਖ ਨੇ ਬਚਪਨ ਵਿਚ ਇਸ ਤੰਗੀਆਂ ਤਰੂਛੀਆਂ ਵਾਲੇ ਸਮਾਜ ਨੂੰ ਹੱਡੀਂ ਹੰਡਾਇਆ ਅਤੇ ਇਸ ਨੂੰ ਸਟੇਜਾਂ ਤੇ ਰੂਪਮਾਨ ਕੀਤਾ।  ਉਨ੍ਹਾਂ ਦਾ ਨਾਟਕ  ‘ਬਗਾਨੇ ਬੋਹੜ ਦੀ ਛਾਂ’ ਇਸ ਜਿੰਦਗੀ ਨੂੰ ਬਾਖੂਬੀ ਦਰਸਾਉਂਦਾ ਹੈ, ਜੋ ਕਈ ਨਾਟਕ ਮੰਡਲੀਆਂ ਵਲੋਂ ਕਈ ਸੌ ਵਾਰ ਸਟੇਜਾਂ ਤੇ ਖੇਡਿਆ ਜਾ ਚੁੱਕਾ ਹੈ।  ਉਨ੍ਹਾਂ ਨੂੰ ‘ਇਸ਼ਕ ਬਾਝ ਨਵਾਜ਼ ਦਾ ਹੱਜ ਨਾਹੀ’ ਨਾਵਲ ਲਿਖਣ ਤੇ ਸਾਹਿਤ ਅਕਾਡਮੀ ਇਨਾਮ ਮਿਲਿਆ।
ਸਮਾਗਮ ਵਿਚ ਤਰਕਸ਼ੀਲ ਆਗੂ ਮਨਜੀਤ ਬੋਪਾਰਾਏ ਅਪਣੀ ਕਿਤਾਬ ਜੋਤਿਸ਼ ਝੂਠ ਬੋਲਦਾ ਹੈ, ਬਾਰੇ ਸਾਂਝ ਪਾਉਣਗੇ। ਤਰਕਸ਼ੀਲ ਸੋਸਾਇਟੀ ਉਨ੍ਹਾ ਦੇ ਇਸ ਸੰਘਰਸ਼ੀਲ ਜੀਵਨ ਨੂੰ ਸਿਰ ਝੁਕਾਉਂਦੀ ਹੈ।  ਉਨ੍ਹਾਂ ਦਾ ਜੀਵਨ ਅਗਲੀਆਂ ਪੀੜ੍ਹੀਆਂ ਲਈ ਹਮੇਸ਼ਾ ਚਾਨਣ ਮੁਨਾਰੇ ਦਾ ਕੰਮ ਕਰਦਾ ਰਹੇਗਾ।  ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਕੋਆਰਡੀਨੇਟਰ ਬਲਰਾਜ ਸ਼ੌਕਰ  (647 838 4749) ਜਾਂ ਨਛੱਤਰ ਬਦੇਸ਼ਾ (647 267 3397) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …