Breaking News
Home / ਰੈਗੂਲਰ ਕਾਲਮ / “ਇਕਬਾਲ ਬਾਈ” ਦੀ ਪਹਿਲੀ ਬਰਸੀ ‘ਤੇ

“ਇਕਬਾਲ ਬਾਈ” ਦੀ ਪਹਿਲੀ ਬਰਸੀ ‘ਤੇ

ਦੋਸਤਾਂ ਅਤੇ ਸਨੇਹੀਆਂ ਨੂੰ ਹਮੇਸ਼ਾ ਹਿੱਕ ਨਾਲ ਲਾਈ ਰੱਖਦਾ ਸੀ ਇਕਬਾਲ
ਡਾ: ਰਛਪਾਲ ਗਿੱਲ ਟੋਰਾਂਟੋ
(416-669-3434)
‘ਜੋ ਜੰਮਿਆਂ ਸੋ ਮਰੂਗਾ ਘੜਿਆ ਜਾਣਾ ਭੱਜ,
ਰੌਣ ਜਿਹਾਂ ‘ਤੇ ਮੌਤ ਦੇ ਗਏ ਨਗਾਰੇ ਵੱਜ,
ਕੁਦਰਤ ਵੱਲੋਂ ਬਣੀਂ ਹੈ ਬਾਅਦ ਸੁਭਾ ਦੇ ਸ਼ਾਮ,
ਪੀਣਾ ਪੈਂਣੈਂ ਅੰਤ ਨੂੰ ਕੌੜਾ ਕਾਲ਼ ਦਾ ਜਾਮ’….(ਬਾਪੂ ਪਾਰਸ ਜੀ)
-ਅੱਜ ਤੋਂ ਠੀਕ ਇੱਕ ਸਾਲ ਪਹਿਲਾਂ-17 ਜੂਨ, 2017 ਨੂੰ ਟੋਰਾਂਟੋ ਦੇ ਪਰਿੰਸੈਸ ਮਾਰਗਰੇਟ ਹਸਪਤਾਲ ਦੀ 17 ਵੀਂ ਮੰਜ਼ਿਲ ਦੇ ਕਮਰਾ ਨੰਬਰ 1710 ‘ਚ, ਸਵੇਰੇ 7 ਵਜ ਕੇ 10 ਮਿੰਟ ‘ਤੇ, 71 ਸਾਲ ਚਾਰ ਮਹੀਨੇ ਦੀ ਉਮਰ ਭੋਗ ਕੇ, ਲਾ-ਇਲਾਜੀ ਬਿਮਾਰੀ ਨਾਲ਼ ਅੱਠਖੇਲੀਆਂ ਕਰਦੇ-ਕਰਦੇ ਸਾਡੇ ਹੀਰੇ ਭਰਾ ਇਕਬਾਲ ਦੇ ਕਲਾ ਵਿਚ ਗੜੁੱਚ ਸਾਹ ਸਦਾ ਲਈ ਖਾਮੋਸ਼ ਹੋ ਗਏ। ਉਹਦੀ ਰਸਨਾ ਹਮੇਸ਼ਾ ਲਈ ਚੁੱਪ ਹੋ ਗਈ, ਅਤੇ ਜ਼ਬਾਨ ਠਾਕੀ ਗਈ। ਉਹ ਛੇਤੀ ਹੀ ਭਰਿਆ ਮੇਲਾ ਛੱਡ ਗਿਆ।
ਅਜਿਹੀ ਚੰਦਰੀ ਸੱਟ ਜਿਸ ‘ਤੇ ਪੈਂਦੀ ਹੈ, ਉਸਦੀ ਚੀਸ ਸਿਰਫ਼ ਉਹੀ ਮਹਿਸੂਸ ਕਰ ਸਕਦਾ ਹੈ। ਰਿਸ਼ਤਾ ਜਿੰਨਾ ਨਜ਼ਦੀਕੀ ਅਤੇ ਗੂੜਾ ਹੁੰਦਾ ਹੈ, ਪੀੜ ਵੀ ਓਡੀਆਂ ਹੀ ਜ਼ਿਆਦਾ ਡੂੰਘੀਆਂ ਚੁੱਭੀਆਂ ਅਤੇ ਡੰਗ ਮਾਰਦੀ ਹੈ, ਤੇ ਤਾਅ-ਜ਼ਿੰਦਗੀ ਅਸਿਹ-ਕਿਰਕ ਬਣ ਬਣ ਚੁਭਦੀ ਰਹਿੰਦੀ ਹੈ।
ਹਰ ਤੁਰ ਜਾਣ ਵਾਲ਼ੇ ਦੇ ਪਿੱਛੇ ਰਹਿ ਗਏ ਜੀਅ, ਭਾਵੇਂ ਮਨ ਹੀ ਮਨ ਵਿਚ ਇਹ ਹੀ ਸੋਚਦੇ ਰਹਿੰਦੇ ਹਨ ਕਿ ਇਹ ਭਾਣਾ ਸਾਡੇ ਨਾਲ਼ ਨਹੀਂ ਵਰਤਣਾ ਚਾਹੀਦਾ ਸੀ, ਪਰ ਕਿਉਂਕਿ, ਦੇਰ-ਸਵੇਰ ਹਰ ਇੱਕ ਨੂੰ ਇਸ ਰਸਤੇ ਦੇ ਪਾਂਧੀ ਬਣਨਾ ਹੀ ਪੈਣਾ ਹੈ, ਇਸ ਲਈ ਅੱਜ ਹੋਰ ਤੇ ਭਲ਼ਕ ਹੋਰ ਦੀ ਨਾ-ਰੁਕਣੀ ਤੋਰ, ਮਨਾਂ ਉੱਤੇ ਪਏ ਸਦਮੇਂ ਦੇ ਜ਼ਖ਼ਮੀਂ ਟੋਇਆਂ ‘ਤੇ ਮਰਮ ਲਾ ਕੇ ਉਹਨਾਂ ਨੂੰ ਹੌਲ਼ੀ ਹੌਲ਼ੀ ਭਰ ਹੀ ਦਿੰਦੀ ਹੈ।
ਬੇ-ਸ਼ੱਕ ਸਾਡਾ ਜ਼ਖ਼ਮ ਆਠਰ ਤਾਂ ਜ਼ਰੂਰ ਗਿਆ ਹੈ, ਪਰ ਇਹਦੇ ਦਰਦ ਦੀ ਮਾਤਰਾ ਰੋਜ਼ਾਨਾ ਵੱਧਦੀ ਹੀ ਰਹਿੰਦੀ ਹੈ। ਪੀੜ ਨੇ ਮਨ ਅਤੇ ਸੋਚ ਵਿਚ ਇੱਕ ਅਜਿਹੀ ਘਾਤਿਕ-ਜਗਾ ਮੱਲੀ ਹੋਈ ਹੈ ਜਿੱਥੇ ਆਸਣ ਲਾ ਕੇ ਉਹ ਸਾਡੇ ਚਾਵਾਂ ਅਤੇ ਲਾਡਾਂ ਦੀ ਚਾਦਰ ਵਿਚ ਸੰਤਾਪ ਦੀਆਂ ਨਿੱਕੀਆਂ-ਨਿੱਕੀਆਂ ਮੋਰੀਆਂ ਕਰਨ ਵਿਚ ਮਗਨ ਰਹਿੰਦੀ ਹੈ।
ਭਾਵੀ ਬੜੀ ਜਰਵਾਣੀ ਹੈ, ਇਹਨੇ ਨਾ ਪੀਰ ਅਤੇ ਨਾ ਹੀ ਪੈਗ਼ੰਬਰ ਬਖ਼ਸ਼ੇ ਹਨ। ਮੌਤ ਨੇ ਕਦੇ ਕਿਸੇ ਨਾਲ਼ ਗੂੜੀ ਆੜੀ ਪਾ ਕੇ ਲਿਹਾਜ਼ ਵੀ ਨਹੀਂ ਕੀਤਾ। ਇਸ ਲਈ ਇਹ ਠੋਸ-ਹਕੀਕਤ ਹੈ ਕਿ ਕਾਲ਼ ਦੇ ਏਲਚੀ ਨੇ ਅੱਗੋ-ਪਿੱਛੋਂ ਇੱਕ ਖਾਸ ਵਕਤ ਉਤੇ ਹਰ ਇਨਸਾਨ ਦੇ ਸ਼ਰੀਰਕ-ਦਰਵਾਜ਼ੇ ‘ਤੇ ਆ ਕੇ ਦਸਤਕ ਦੇਣੀ ਹੀ ਦੇਣੀ ਹੈ। ਪੱਕ ਕੇ ਫ਼ਲ਼ ਧਰਤੀ ‘ਤੇ ਆਪ-ਮੁਹਾਰੇ ਡਿੱਗ ਪਏ ਤਾਂ ਦੁੱਖ, ਅਚੰਭਾ ਤੇ ਝੋਰਾ ਨਹੀਂ ਹੁੰਦਾ, ਪਰ ਜੇ ਕਰ ਕੱਚਾ ਫ਼ਲ ਕਿਸੇ ਗ਼ੈਬੀ-ਮਾਰ ਕਰਕੇ ਟਹਿਣੀ ‘ਤੋਂ ਟੁੰਡ-ਮਰੁੰਡ ਹੋ ਕੇ ਲੱਥ ਜਾਵੇ ਤਾਂ ਉਸ ਸ਼ਾਖ਼ ਦੀ ਪੱਤੀ ਦਾ ਮੁੱਢ ਅਤੇ ਆਸੇ-ਪਾਸੇ ਦੀਆਂ ਪੱਤੀਆਂ ਵੈਰਾਗ਼-ਮਈ ਵੈਣ ਪਾ ਕੇ ਉਦਾਸ ਹੋ ਕੇ ਮੁਰਝਾਅ ਜਾਂਦੀਆਂ ਹਨ। ਇਸ ਤਰਾਂ ਦੇ ਸੰਕਟ ਵਿਚ ਦੀ ਗੁਜ਼ਰਨਾ ਬੜਾ ਮੁਸ਼ਕਲ ਹੈ। ਮਨ ਮਸਾਣਾ ਵਰਗੀ ਚੁੱਪ ਧਾਰਨ ਕਰ ਲੈਂਦਾ ਹੈ।
ਪਰ ਦੋਸਤੋ: ਮੇਰਾ ਅਤੇ ਮੇਰੀਆਂ ਦੋ ਭੈਣਾਂ ਦਾ “ਇਕਬਾਲ ਭਰਾ” ਤਾਂ ਸਾਡੇ ਲਈ ਅਜੇ ਪੌਣੀ-ਕੁ ਲਾਲੀ ‘ਚ ਪੱਕਿਆ ਹੋਇਆ ਫ਼ਲ਼ ਸੀ, ਤੇ ਉਹ ਸੀ-ਵੀ ਟੀਸੀ ਦਾ ਬੇਰ! ਜਦੋਂ ਨਾਲ਼ ਦਾ ਭੈਣ-ਭਰਾ ਮੁੱਕ ਜਾਵੇ ਤਾਂ ਉਹ ਗੱਲ ਨਹੀਂ ਰਹਿੰਦੀ। ਬੜਾ ਕੁੱਝ ਟੁਟ-ਭੱਜ ਜਾਂਦਾ ਹੈ। ਜਾਣ ਵਾਲ਼ਾ ਤਾਂ ਅੱਖਾਂ ਮੀਚ ਕੇ ਚਲਾ ਜਾਂਦਾ ਹੈ, ਪਰ ਪਿੱਛੇ ਰਹਿ ਜਾਣ ਵਾਲ਼ੇ ਜੋ ਦਰਦ ਹੰਢਾਉਂਦੇ ਹਨ ਉਸਦਾ ਅੰਦਾਜ਼ਾ ਲਾਉਣਾ ਤਸੱਵਰੋਂ ਬਾਹਰ ਹੈ, ਅਤੇ ਇਹ ਸਿਰਫ਼ ਉਸ ਪੀੜ ਦੇ ਖ਼ਰਾਸ ਦੇ ਪੁੜਾਂ ਵਿਚ ਪੀਸੇ ਜਾਣ ਵਾਲ਼ੇ ਹੀ ਜਾਣਦੇ ਹਨ। ਉਸ ਵੇਲ਼ੇ, ਪਏ ਚੰਦਰੇ ਵਖ਼ਤ ਦੇ ਨਾ-ਟਾਲ਼ੇ ਜਾ ਸਕਣ ਵਾਲ਼ੇ ਵਕਤ ਨਾਲ਼ ਸਮਝੌਤਾ ਕਰਨਾ ਬੜਾ ਹੀ ਅਸੰਭਵ ਬਣ ਜਾਂਦਾ ਹੈ। ਜਿਹਨਾਂ ਦੇ ਵਿਹੜਿਆਂ ਵਿਚ ਸੱਥਰ ਵਿਛ ਜਾਣ ਉਹਨਾਂ ਟੱਬਰਾਂ ਦੇ ਮਨਾਂ ਵਿਚ ਚੀਸ ਦੇ ਮਘੋਰੇ ਹੋਣੇ ਸੁਭਾਵਿਕ ਹਨ।
ਅਦਬ ਨਾਲ਼ ਡੂੰਘਾ ਲਗਾਓ ਰਖਣ ਵਾਲ਼ੇ ਅਤੇ ਇਕਬਾਲ ਦੀਆਂ ਲਿਖਤਾਂ ਦੇ ਕਦਰਦਾਨ ਤੇ ਪ੍ਰਸ਼ੰਸਕ ਅਕਸਰ ਉਹਨੂੰ ਕਲਮ ਦਾ ਧਨੀ ਆਖਦੇ, ਤੇ ਕਈ ਉਹਨੂੰ ਸ਼ਹਿਨਸ਼ਾਹ-ਏ-ਕਲਮ ਕਹਿ ਕੇ ਵੀ ਨਿਵਾਜਦੇ। ਇਸੇ ਕਰਕੇ ਉਹ ਸਾਹਿਤਕ ਦੁਨੀਆਂ ਵਿੱਚ ਬੜੀ ਹੀ ਸਤਿਕਾਰ ਯੋਗ ਸ਼ਖ਼ਸੀਅਤ ਬਣਕੇ ਉਭਰਿਆ। ਪਾਠਕਾਂ ਉਹਨੂੰ ਦਿਲ ਖੋਲ ਕੇ ਰੱਜਵਾਂ ਪਿਆਰ ਦਿੱਤਾ। ਉਹਦੀ ਸਮੁੱਚੀ ਲੇਖਣੀ ਵਿੱਚ ਮਾਨਵਤਾ ਦਾ ਦਰਦ ਭਰਿਆ ਹੋਇਆ ਮਿਲ਼ਦਾ ਹੈ। ਹਕੂਮਤ ਵਿਚ ਸ਼ਰਾਫ਼ਤ ਦਾ ਬੁਰਕਾ ਪਾਈ ਬੈਠੇ ਬਹੁਤ ਸਾਰੇ ਭਰਿੱਸ਼ਟ ਤੇ ਵਿਭਚਾਰੀ ਕਾਨੂੰਨ-ਘਾੜਿਆਂ, ਕਾਨੂੰਨ ਦੇ ਰਖਵਾਲਿਆਂ ਅਤੇ ਆਪ-ਹੁਦਰੇ ਨਿਰਦਈ-ਅਫ਼ਸਰਾਂ ਦੇ ਕੁਕਰਮਾਂ ਨੂੰ ਉਹਦੀ ਨਿਧੱੜਕ ਕਲਮ ਅਤੇ ਬੁਲੰਦ ਆਵਾਜ਼ ਨੇ ਰੱਜ ਕੇ ਕੋਸਿਆ। ਜਦੋਂ ਉਹ ਕੁੱਝ ਚਰਿਤਰਹੀਣ, ਪਾਖੰਡੀ, ਘਤਿੱਤੀ, ਤੇ ਦਲ-ਬਦਲੂ ਅਖੌਤੀ ਨੀਚ-ਨੇਤਾਵਾਂ ਵੱਲੋਂ ਪਹਿਲਾਂ ਤਾਂ ਬੇ-ਕਸੂਰ ਅਤੇ ਸ਼ਰੀਫ਼ ਲੋਕਾਂ ਨੂੰ ਝੂਠੇ ਅਤੇ ਨਜਾਇਜ਼ ਅਦਾਲਤੀ ਕੇਸਾਂ (ਚੇਤੇ ਰਹੇ ਕਿ ਅਜਿਹੀ ਹੀ ਭੈੜੀ ਸਥਿਤੀ ਦੇ ਉਬਲ਼ਦੇ ਕੜਾਹੇ ਵਿਚ ਉਹ ਖੁਦ ਵੀ ਉਬਲ਼ਿਆ ਅਤੇ ਇਸ ਦਾ ਦਰਦ ਉਹਨੇ ਖੁਦ ਵੀ ਆਪਣੇ ਪਿੰਡੇ ‘ਤੇ ਹੰਡਾਇਆ ਸੀ) ਵਿਚ ਅੜੁੰਗ ਕੇ, ਬੜੀ ਬੇਦਰਦੀ ਨਾਲ਼ ਕਚਿਹਰੀਆਂ ਵਿੱਚ ਘੜੀਸ ਕੇ ਜ਼ਲੀਲ ਕਰਦੇ ਹਨ, ਤੇ ਫਿਰ ਨਕਲੀ ਲੋਕ-ਭਲਾਈ ਦਾ ਡਰਾਮਾ ਕਰਦੇ ਦੇਖਦਾ, ਤਾਂ ਓਦੋਂ ਇਕਬਾਲ ਦਾ ਸੂਖ਼ਮ ਕਵੀ-ਮਨ ਅਸਹਿਜ ਹੋ ਜਾਂਦਾ ਤੇ ਅੰਦਰੋ-ਅੰਦਰੀ ਕ੍ਰਿਝਦਾ ਰਹਿੰਦਾ।
ਆਪਣੇ ਵਿਚਾਰਾਂ ਨੂੰ ਹਮੇਸ਼ਾ ਤਰਕ ਦੀ ਤੱਕੜੀ ‘ਤੇ ਤੋਲ ਕੇ ਠੋਸ ਤੱਤਾਂ ਦਾ ਆਧਾਰ ਬਣਾ ਕੇ ਪੇਸ਼ ਕਰਨ ਦਾ ਉਹ ਪੂਰਾ ਉਸਤਾਦ ਸੀ। ਮੈਨੂੰ ਉਹਦੇ “ਪਲੰਘ-ਪੰਘੂੜੇ ਕਾਵਿ-ਨਾਟਕ” ਦੀ ਵਿਲੱਖਣ-ਸ਼ੈਲੀ ਨੇ ਬਹੁਤ ਪ੍ਰਭਵਿਤ ਕੀਤਾ ਹੈ। ਇਸ ਗੱਲ ਦਾ ਸਦਾ ਗ਼ਮ ਰਹੇਗਾ ਕਿ ਉਹ ਆਪਣੇ ਸ਼ੁਰੂ ਕੀਤੇ ਪੰਜਾਬੀ ਦੇ ਨਾਵਲ “ਟਰਿੱਡ-ਮਿਲ ‘ਤੇ ਤੁਰਦਾ ਆਦਮੀਂ” ਦੇ ਸਿਰਫ਼ ਤੇਰਾਂ ਸਫੇ ਹੀ ਲਿਖ ਸਕਿਆ ਤੇ ਬਾਕੀ ਦਾ ਕੰਮ ਅਧੂਰਾ ਹੀ ਛੱਡ ਗਿਆ। ਫਿਰ ਵੀ ਉਹਦੀਆਂ ਲਿਖਤਾਂ ਅਮਰ ਹਨ ਜੋ ਉਹਦੇ ਨਾਮ ਨੂੰ ਕਦੇ ਵੀ ਵਿਸਰਨ ਨਹੀਂ ਦੇਣਗੀਆਂ। ਇਹੀ ਉਸ ਦੇ ਜੀਵਨ ਦੀ ਮਹਾਨ ਪ੍ਰਾਪਤੀ ਹੈ, ਜੋ ਵਿਰਲਿਆਂ ਨੂੰ ਹੀ ਨਸੀਬ ਹੁੰਦੀ ਹੈ।
ਇਕਬਾਲ ਇਕ ਦਿਲ-ਦਰਿਆ, ਰਹਿਮ ਭਰਪੂਰ-ਸੋਚ, ਜ਼ਿੰਦਾ-ਦਿਲ, ਮਨ ਅਤੇ ਵਿਚਾਰਾਂ ਦਾ ਉਜਲ਼, ਅਣਖੀ-ਸੁਭਾਅ, ਵਾਧੂ ਦੇ ਬੇ-ਲੋੜੇ ਝਮੇਲਿਆਂ ਤੋਂ ਕੰਨੀਂ-ਕਤਰਾਉਣ ਵਾਲ਼ਾ, ਹਾਰਾਂ ਦੇ ਹਲ਼ਕ ਵਿਚ ਹੱਥ ਪਾ ਕੇ ਹਰਾਉਣ ਵਾਲ਼ਾ ਹੱਦੋਂ ਪਰੇ-ਹਿੰਮਤੀ, ਮੁਸ਼ਕਲਾਂ ਨੂੰ ਮਜ਼ਾਕ ਨਾਲ਼ ਮਾਰਨ ਵਾਲ਼ਾ ਮਿਹਨਤੀ, ਅਤੇ ਮਰਜੀਵੜੇ-ਹੌਸਲੇ ਵਾਲ਼ਾ ਚਿੰਤਕ-ਇਨਸਾਨ ਸੀ। ਉਹ ਬੇ-ਸ਼ੁਮਾਰ ਕਲਾਵਾਂ ਦੇ ਮਿਸ਼ਰਣ ਦੀ ਵਿਸਮਾਦ-ਭਰਪੂਰ ਸਰਗਮ ਦਾ ਸੂਰਜ ਸੀ। ਦਯਾ ਅਤੇ ਦਰਦ ਵੰਡਾਉਂਣ ਵਾਲ਼ੀ ਸ਼ਾਂਤ ਵਗਦੀ ਝੀਲ ਦਾ ਵਹਾਅ ਬਣਕੇ ਉਹ ਇੱਕ ਨਿਯਮ-ਬੱਧ ਜ਼ਿੰਦਗੀ ਜੀਵਿਆ। ਨਿੱਘੀ-ਪ੍ਰਾਹੁਣਚਾਰੀ ਅਤੇ ਇਮਾਨਦਾਰ-ਸੱਜਣਤਾਈ ਨਿਭਾਉਣੀ ਉਹਦਾ ਪਰਮ-ਧਰਮ ਸੀ। ਦੋਸਤਾਂ ਅਤੇ ਸਨੇਹੀਆਂ ਨੂੰ ਉਹ ਹਮੇਸ਼ਾ ਦਿਲ ਦੇ ਬਟੂਏ ਵਿਚ ਸੰਭਾਲ਼ਕੇ ਹਿੱਕ ਨਾਲ਼ ਲਾਈ ਰਖਦਾ।
ਵਿਦਿਅਕ ਅਤੇ ਅਧਿਆਪਕੀ ਕਿੱਤੇ ‘ਚ ਉਹਨੇ ਮੈਨੂੰ ਭਰਾ ਬਣਕੇ ਨਹੀਂ ਸਗੋਂ ਪਿਉ ਬਣਕੇ ਉਂਗਲ਼ੀਓਂ ਅਤੇ ਕੰਨੋਂ ਫੜਕੇ ਮਿੱਥੀ ਮੰਜ਼ਲ ‘ਤੇ ਅਪੜਾਇਆ। ਮੈਨੂੰ ਫਖ਼ਰ ਹੈ ਕਿ ਮੈਂ ਉਸ “ਇਕਬਾਲ” ਦਾ ਛੋਟਾ ਭਰਾ ਹਾਂ ਜਿਸ ਨੇ ਆਪਣੀ ਤਮਾਮ ਜ਼ਿੰਦਗੀ ਆਮ ਲੋਕਾਂ ਅਤੇ ਕੈਨੇਡਾ ਆਏ ਨਵੇਂ ਵਿਦਿਆਰਥੀਆਂ ਨੂੰ ਹਮਦਰਦੀ ਵਜੋਂ ਸਹੀ-ਸੇਧ ਦੇਣ ਵਾਲ਼ੀ ਯੋਗ-ਅਗਵਾਈ ਕਰਦਿਆਂ ਅਰਪਨ ਕੀਤੀ। ਉਹਨੂੰ ਹਮੇਸ਼ਾ ਹਰ ਇੱਕ ਦੇ ਕੰਮ ਆਉਣ ਦਾ ਲਾਡਲਾ-ਜਨੂੰਨ ਅਤੇ ਕਦੇ ਵੀ ਨਾ-ਲੱਥਣ ਵਾਲ਼ਾ ਮਦਦਗ਼ੀਰੀ-ਨਸ਼ਾ ਚੜਿਆ ਰਹਿੰਦਾ। ਜਿਸ ਦਿਨ ਇਸ ਭਾਣੇ ਨੇ ਕਹਿਰ ਦੇ ਪੱਥਰ ਵਰਾਏ ਉਸ ਦਿਨ ਮੈਂ ਸੋਚਦਾ ਸੀ ਕਿ ਸ਼ਾਇਦ ਮੈਂ ਇਕੱਲਾ ਰਹਿ ਗਿਆ ਹਾਂ, ਪਰ ਸੰਸਾਰ ਦੇ ਕੋਨੇ-ਕੋਨੇ ਵਿਚੋਂ ਸੁਹਿਰਦ ਮਿੱਤਰਾਂ-ਸਨੇਹੀਆਂ ਵੱਲੋਂ ਜੋ ਲੋਹੜਿਆਂ ਦਾ ਪਿਆਰ ਅਤੇ ਧਰਵਾਸ ਮਿਲ਼ ਰਿਹਾ ਹੈ, ਉਹ ਜ਼ਿੰਦਗੀ ਵਿਚ ਆਏ ਇਸ ਗ਼ਮ ਅਤੇ ਅਸਿਹ-ਝੰਜੋੜੇ ਕਾਰਨ ਮਨ ‘ਤੇ ਵੱਜੀ ਸਦਮੇਂ ਦੀ ਝਰੀਟ ਨੂੰ ਪੂਰ ਦੇਣ ਵਿੱਚ ਡਾਢਾ ਸਹਾਈ ਹੋਇਆ ਅਤੇ ਹੋ ਰਿਹਾ ਹੈ, ਤੇ ਮੇਰੇ ਨਾਲ਼ ਖੜੇ ਹੋਣ ਦਾ ਅਨਾਬੀ-ਅਹਿਸਾਸ ਮਹਿਸੂਸ ਕਰਵਾ ਰਿਹਾ ਹੈ। ਇਸ ਤਰਾਂ ਤੁਸੀਂ ਸਾਰਿਆਂ ਨੇ ਮੇਰੇ “ਇਕੱਲੇ ਰਹਿ ਜਾਣ” ਦੀ ਲੇਰ ਨੂੰ ਵੱਜਣ ਹੀ ਨਹੀਂ ਦਿੱਤਾ।
ਸ਼ੁਕਰੀਆ ਅਦਾ ਕਰਦਾ ਹਾਂ ਉਹਨਾਂ ਸਾਰਿਆਂ ਸ਼ੁੱਭ-ਚਿੰਤਕਾਂ, ਸਨੇਹੀਆਂ, ਉਹਦੀ ਕਲਾ ਅਤੇ ਸਾਹਿਤਕ ਰਚਨਾ ਦੇ ਸੁਹਿਰਦ ਚਾਹਵਾਨਾਂ, ਪਾਠਕਾਂ, ਨਿੱਜੀ ਦੋਸਤਾਂ, ਨਜ਼ਦੀਕੀਆਂ ਅਤੇ ਅਥਾਹ-ਪਿਆਰ ਕਰਨ ਵਾਲ਼ਿਆਂ ਦਾ ਜਿਹਨਾਂ ਨੇ ਫੋਨਾਂ ਅਤੇ in box text messages ਦੀ ਲੜੀ ਟੁੱਟਣ ਹੀ ਨਹੀਂ ਦਿੱਤੀ। ਇਸ ਤਰਾਂ ਤੁਸੀਂ ਮੇਰੇ ਭਰਾ ਨੂੰ ਯਾਦ ਕਰਕੇ ਜ਼ਿੰਦਾ ਰਖਿਆ ਹੋਇਆ ਹੈ। ਤੁਸੀਂ ਜਿਸ ਤਰਾਂ ਲਗਾਤਾਰ ਰਾਬਤਾ ਰਖ ਕੇ ਇਕਬਾਲ ਦੀ ਲਿਖਤ ਅਤੇ ਹੋਰ ਗੱਲਾਂ ਕਰਕੇ ਸਾਡੇ ਦੁੱਖ ਵੰਡਾਉਣ ਅਤੇ ਘਟਾਉਣ ਦੀ ਪੀੜਾ ਨੂੰ ਹੋੜਾ ਦਿੱਤਾ ਹੈ, ਉਸ ਕਰਕੇ ਹੁਣ ਮੈਨੂੰ ਤੁਹਾਡੇ ਸਾਰਿਆਂ ਵਿਚੋਂ “ਇਕਬਾਲ” ਦੀ ਹੋਂਦ ਨਜ਼ਰ ਆਉਣ ਲੱਗ ਪਈ ਹੈ। ਤੁਹਾਡੀ ਇਸ ਪਾਕ-ਮੁਹੱਬਤ ਦੇ ਰੂਪ ਵਿਚ “ਮੇਰਾ ਭਰਾ” ਸਾਡੇ ਲਈ ਮੋਤੀਆਂ ਦੀ ਫ਼ਸਲ ਬੀਜ ਕੇ ਗਿਆ ਹੈ, ਆਪਣੇ ਪਿੱਛੇ ਸੋਨੇ ਅਤੇ ਸੱਚ ਦੀਆਂ ਅਮਿੱਟ-ਪੈੜਾਂ ਛੱਡ ਕੇ ਗਿਆ ਹੈ, ਅਤੇ ਵਾਹ-ਵਾਹ ਦੀ ਅਜਿਹੀ ਖੱਟੀ-ਖੱਟ ਕੇ ਗਿਆ ਹੈ ਜਿਸ ਕਰਕੇ ਸਾਡਾ ਸਿਰ ਹਮੇਸ਼ਾ ਮਾਣ ਨਾਲ਼ ਉੱਚਾ ਰਹੇਗਾ।
ਉਹ ਹਮੇਸ਼ਾ ਮਿੱਨੀ-ਮਿੰਨੀ ਮਲਕੜੀ ਜਿਹੀ ਮਾਸੂਮੀਅਤ ਭਰੀ ਹਾਸੀ ਹੱਸਦਾ ਰਹਿੰਦਾ ਅਤੇ ਕਦੇ-ਕਦਾਈਂ ਜੁਆਕੀ-ਚੌੜ ਦੇ ਛਿੱਟੇ ਦੇ ਕੇ ਮਿੱਠੀਆਂ-ਮਿੱਠੀਆਂ ਮਸ਼ਕਰੀਆਂ ਵੀ ਕਰਦਾ। ਹਾਲੀਂ ਵੀ ਇਕਬਾਲ ਦੇ ਮੇਰੇ ਕੋਲ਼-ਕੋਲ਼ ਹੋਣ ਦੇ ਮਨ-ਲੁਭਾਊ ਫੁਰਨੇ, ਤੇ ਹੁਣ ਵੀ ਉਹਦਾ ਫੋਨ ਆਇਆ ਕਿ ਆਇਆ ਵਰਗੇ ਮਿੱਠੇ-ਮਿੱਠੇ ਖਿਆਲ ਅਕਸਰ ਝੂਠੀਆਂ ਦਿਲਬਰੀਆਂ ਦਾ ਹਲੂਣਾ ਦੇ ਕੇ ਝਉਲ਼ਿਆਂ ਦੀਆਂ ਕਲਪਿਤ ਲੋਰੀਆਂ ਦਿੰਦੇ ਹੀ ਰਹਿੰਦੇ ਹਨ। ਵੈਸੇ ਵੀ, ਜੇ ਵਿਛੋੜੇ ਦੀ ਰੜਕ-ਰੜਕਣੋਂ ਹਟ ਜਾਵੇ ਤਾਂ ਰਿਸ਼ਤੇ ਦੀ ਮਹੱਤਤਾ ਸਿਫ਼ਰ ਹੋ ਜਾਂਦੀ ਹੈ। ਹੁਣ ਬਾਹਲ਼ੀ ਵਾਰ ਇੱਕ ਅਜੀਬ ਜਿਹੀ ਕਿਸਮ ਦੀ ਗੁੰਗੀ-ਚੁੱਪ ਉਹਦੀਆਂ ਯਾਦਾਂ ਦਾ ਅਹਿਸਾਸ ਕਰਵਾਕੇ ਮਨ ਨੂੰ ਕੰਬਣੀ ਛੇੜ ਦਿੰਦੀ ਹੈ! ਪੂਰਾ ਇੱਕ ਵਰਾ ਹੋ ਗਿਆ, ਬਿਲਕੁਲ ਸੱਚ ਨਹੀਂ ਆ ਰਿਹਾ ਕਿ ਭਰਾ ਚਲਾ ਗਿਆ ਹੈ! ਬੇ-ਸ਼ੱਕ ਜੀਣ ਲਈ ਸਾਡੇ ਕੋਲ਼ ਉਹਦਾ ਬੜਾ ਕੁਝ ਪਿਆ ਹੈ, ਪਰ ਫਿਰ ਵੀ ਬਸ ਕਿਤੇ ਕਿਤੇ……..
“ਰੋ ਲਵਾਂ, ਬਸ ਰੋ ਲਵਾਂ, ਯਾਦ ਕਰਕੇ ਰੋ ਲਵਾਂ,
ਹੰਝੂਆਂ ਨੂੰ ਦਾਰੂ ਸਮਝਕੇ, ਜ਼ਖ਼ਮ ਦਿਲ ਦੇ ਧੋ ਲਵਾਂ।” (ਇਕਬਾਲ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …