Breaking News
Home / ਰੈਗੂਲਰ ਕਾਲਮ / ਕੈਨੇਡੀਅਨ ਫੋਰਸਜ਼ ਬੇਸ ਵਿਚ

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ
(ਕਿਸ਼ਤ 12ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
‘ਕੈਨੇਡੀਅਨ ਫੋਰਸਜ਼ ਬੇਸ’ ਕੀਲ ਸ਼ੈਪਰਡ ਸੜਕਾਂ ਦੇ ਇੰਟਰਸੈਕਸ਼ਨ ਦੇ ਲਾਗੇ ਸੀ। ਸਾਡੇ ਅਪਾਰਟਮੈਂਟ ਤੋਂ ਬੱਸ ਦਾ 15 ਮਿੰਟ ਦਾ ਸਫਰ।
ਉਸ ਡਿਟੈਚਮੈਂਟ ਵਿਚ 10 ਪੋਸਟਾਂ ਸਨ, 5 ਬੇਸ ਵਿਚ ਤੇ 5 ਦੂਰ ਨੇੜੇ ਦੀਆਂ ਲੋਕੇਸ਼ਨਾਂ ‘ਤੇ। ਕਮਿਸ਼ਨੇਅਰਾਂ ਦੀ ਗਿਣਤੀ 43 ਦੇ ਕਰੀਬ ਸੀ। ਮਾਸਟਰ ਵਾਰੰਟ ਅਫਸਰ ਫਰੈੱਡ ਕਰਨੇਗੀ ਡਿਟੈਚਮੈਂਟ ਕਮਾਂਡਰ ਸੀ। ਤੇ ਮੈਂ, ਬਤੌਰ ਵਾਰੰਟ ਅਫਸਰ, ‘ਸੈਕਿੰਡ ਇਨ ਕਮਾਂਡ’ ਸਾਂ। ਡਿਟੈਚਮੈਂਟ ਦਾ ਕੰਮ ਕਾਜ ਅਸੀਂ ਮਿਲਟਰੀ ਪੁਲਿਸ ਵਲੋਂ ਬਣਾਈਆਂ ਹੋਈਆਂ ਗਾਈਡਲਾਈਨਜ਼ ਮੁਤਾਬਿਕ ਚਲਾਉਂਦੇ ਸਾਂ।
ਸਾਰੀਆਂ ਪੋਸਟਾਂ ਦੇ ਕਮਿਸ਼ਨੇਅਰਾਂ ਦੀਆਂ ਡਿਊਟੀਆਂ ਦੀਆਂ ਸ਼ਕੈਜੁਅਲ ਮੈਂ ਬਣਾਉਂਦਾ ਸਾਂ। ਉਨ੍ਹਾਂ ਦੀ ਪੇਅ ਰੋਲ ਫਰੈੱਡ ਬਣਾਉਂਦਾ ਸੀ। ਸਾਡਾ ਦਫ਼ਤਰ ਸਪਲਾਈ ਡਿੱਪੋ ਦੇ ਲਾਗੇ ਸੀ। ਹਰ ਰੋਜ਼ 10 15 ਟਰੱਕ ਡਿਪੋ ਵਾਸਤੇ ਸਾਮਾਨ ਲੈ ਕੇ ਆਉਂਦੇ ਸਨ। ਉਨ੍ਹਾਂ ਟਰੱਕਾਂ ਨੂੰ ਰਜਿਸਟਰ ਵਿਚ ਲੌਗ ਕਰਨ ਦੀ ਡਿਊਟੀ ਮੇਰੀ ਸੀ। ਬਾਕੀ ਸੁਪਰਵਾਇਜ਼ਰੀ ਡਿਊਟੀਆਂ ਸੀ.ਬੀ.ਸੀ ਡਿਟੈਚਮੈਂਟ ਵਾਲੀਆਂ ਹੀ ਸਨ।
ਕੋਰ ਵੱਲੋਂ ਸਾਨੂੰ ਕਾਰ ਮਿਲ਼ੀ ਹੋਈ ਸੀ। ਹਰ ਸ਼ੁਕਰਵਾਰ ਫਰੈੱਡ ਤੇ ਮੈਂ ਵਾਰੀ ਸਿਰ ਪੋਸਟਾਂ ਦੀ ਚੈਕਿੰਗ ਕਰਦੇ ਸਾਂ। ਉਂਜ ਵੀ ਹਰ ਦੂਜੇ ਚੌਥੇ ਦਿਨ ਕਿਸੇ ਨਾ ਕਿਸੇ ਪੋਸਟ ‘ਤੇ ਜਾਣ ਦੀ ਲੋੜ ਪੈ ਜਾਂਦੀ ਸੀ। ਵੀਕ ਐਂਡ ‘ਤੇ ਅਸੀਂ ਦੋਵੇਂ ‘ਆਫ’ ਹੁੰਦੇ ਸਾਂ।
ਫਰੈੱਡ ਆਦਰਸ਼ਵਾਦੀ ਸੀ, ਇਕੋ ਪਤਨੀ ਸੰਗ ਜ਼ਿੰਦਗੀ ਬਿਤਾਉਣ ਵਾਲ਼ਾ ਗੋਰਾ। ਉਹ ਤੇ ਉਸਦੀ ਪਤਨੀ ਕੈਰਲ ਆਪਣੀ 36 ਸਾਲ ਲੰਮੀ ਵਿਆਹੁਤਾ ਜ਼ਿੰਦਗੀ ‘ਤੇ ਮਾਣ ਮਹਿਸੂਸ ਕਰਦੇ ਸਨ। ਮੌਤ ਤੋਂ ਬਾਅਦ ਵੀ ਉਨ੍ਹਾਂ ਇਕੋ ਕਬਰ ‘ਚ ਦਫਨ ਹੋਣਾ ਸੀ। ਪਹਿਲਾਂ ਰੁਖਸਤ ਹੋਣ ਵਾਲ਼ੇ ਨੇ ਕਬਰ ਦੇ ਹੇਠਲੇ ਹਿੱਸੇ ਵਿਚ ਤੇ ਬਾਅਦ ਵਾਲ਼ੇ ਨੇ ਉੱਪਰਲੇ ਹਿੱਸੇ ‘ਚ। ਕਬਰਸਤਾਨ ਵਿਚ ਉਨ੍ਹਾਂ ਕਬਰ ਦੀ ਥਾਂ ਮੁੱਲ ਲੈ ਰੱਖੀ ਸੀ। ਉਨ੍ਹਾਂ ਦੀਆਂ ਦੋ ਧੀਆਂ ਸਨ। ਵੱਡੀ ਧੀ ਪਤੀ ਨਾਲ਼ ਇਕਸੁਰ ਹੋ ਕੇ ਬੱਚੇ ਪਾਲ਼ ਰਹੀ ਸੀ। ਫਰੈੱਡ ਉਸਦੀ ਸਿਫਤ ਕਰਦਾ ਸੀ। ਛੋਟੀ ਧੀ ਪਤੀ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ਼ ਰਹਿੰਦੀ ਸੀ। ਫਰੈੱਡ ਉਸ ਨੂੰ ਗਲਤ ਆਖਦਾ ਸੀ।
ਹੁਣ ਤਕ ਮੈਂ ਆਪਣੀ ਜੌਬ ਅਤੇ ਹੋਰ ਰੁਝੇਵਿਆਂ ਬਾਰੇ ਹੀ ਗੱਲਾਂ ਕੀਤੀਆਂ ਹਨ, ਰਚਨਾਕਾਰੀ ਬਾਰੇ ਕੋਈ ਗੱਲ ਨਹੀਂ ਛੋਹੀ। ਦਰਅਸਲ ਰਚਨਾਤਮਿਕ ਸਰਗਰਮੀ ਕੋਈ ਹੈ ਹੀ ਨਹੀਂ ਸੀ। ਕੈਨੇਡਾ ‘ਚ ਵਿਚਰਦਿਆਂ ਸਾਹਿਤ ਜਿਵੇਂ ਮੇਰੀ ਸੋਚ ਵਿਚੋਂ ਹੀ ਵਿਸਰ ਗਿਆ ਸੀ। ਨਾ ਕੁਝ ਲਿਖਿਆ ਨਾ ਪੜ੍ਹਿਆ। ਪੜ੍ਹਨ ਲਿਖਣ ਦੇ ਮੂਡ ਹੀ ਖ਼ਤਮ ਹੋ ਗਏ ਸਨ। ਇੰਡੀਆ ਦੇ ਸਾਹਿਤਕ ਦੋਸਤਾਂ ਨਾਲ਼ ਵੀ ਕੋਈ ਨਾਤਾ ਨਹੀਂ ਸੀ ਰਿਹਾ। ਨਾ ਕਿਸੇ ਨੂੰ ਫੋਨ ਨਾ ਚਿੱਠੀ।
ਮਨ ਵਿਚੋਂ ਸਾਹਿਤ ਭਾਵੇਂ ਵਿਸਰ ਗਿਆ ਸੀ ਪਰ ਮੇਰੀ ਆਲ਼ੇ ਦੁਆਲ਼ੇ ਨੂੰ ਵੇਖਣ ਘੋਖਣ ਦੀ ਆਲੋਚਨਾਤਮਿਕ ਦਿਸ਼੍ਰਟੀ ਕਾਰਜਸ਼ੀਲ ਸੀ। ਮੈਂ ਕੈਨੇਡਾ ਦੀ ਵਿਕਸਤ ਪੂੰਜੀਵਾਦੀ ਵਿਵਸਥਾ ਨੂੰ ਘੋਖ ਰਿਹਾ ਸਾਂ ਘਰ ਅਤੇ ਬਿਲਡਿੰਗਾਂ ਬਣਾਉਣ ਦਾ ਕਾਰੋਬਾਰ ਅਰਬਾਂ ਖਰਬਾਂ ਦੇ ਸਰਮਾਏ ਵਾਲ਼ੀਆਂ ਕੰਪਨੀਆਂ ਦੇ ਹੱਥਾਂ ਵਿਚ ਹੈ। ਗਰੌਸਰੀ ਤੇ ਕੱਪੜੇ ਲੀੜੇ ਦੇ ਛੋਟੇ ਸਟੋਰ ਇੰਡੋ ਕੈਨੇਡੀਅਨ ਤੇ ਕੁਝ ਹੋਰ ਘੱਟ ਗਿਣਤੀ ਕਮਿਊਨਿਟੀਆਂ ਦੇ ਹਨ। ਮੁੱਖ ਧਾਰਾ ਦੀ ਗਰੌਸਰੀ, ਕੱਪੜਾ ਲੀੜਾ ਤੇ ਘਰਾਂ ਦੇ ਹੋਰ ਸਾਮਾਨ ਦਾ ਵਪਾਰ ਵੱਡੇ ਵੱਡੇ ਸਟੋਰਾਂ ਨੇ ਸਾਂਭਿਆ ਹੋਇਆ ਹੈ। ਉਨ੍ਹਾਂ ਸਟੋਰਾਂ ਦੇ ਧਨਾਢ ਮਾਲਕਾਂ ਦੇ ਇਕ ਇਕ ਸਟੋਰ ਨਹੀਂ, ਸਟੋਰਾਂ ਦੀਆਂ ਚੇਨਾਂ ਹਨ। ਇਵੇਂ ਹੀ ਫਾਸਟ ਫੂਡ, ਸ਼ਰਾਬ, ਬੀਅਰ ਤੇ ਕੌਫੀ ਦੀਆਂ ਚੇਨਾਂ ਦੂਰ ਦੂਰ ਤੱਕ ਪਸਰੀਆਂ ਹੋਈਆਂ ਹਨ।
ਪਰ ਮੈਂ ਇਹ ਵੀ ਦੇਖ ਰਿਹਾ ਸਾਂ ਕਿ ਕੈਨੇਡਾ ਦਾ ਸਿਸਟਮ ਲੋਕਾਂ ਦਾ ਮੱਦਦਗਾਰ ਸੀ। ਬੇਰੁਜ਼ਗਾਰੀ, ਕੰਮ ‘ਤੇ ਸੱਟ ਲੱਗਣ, ਅਪਾਹਜ ਹੋ ਜਾਣ ਦੀਆਂ ਹਾਲਤਾਂ ਵਿਚ ਕਾਮਿਆਂ ਲਈ ਆਰਥਿਕ ਸਹਾਇਤਾ ਉਪਲਬਧ ਸੀ। ਸਿਹਤ ਤੇ ਸਿੱਖਿਆ ਦੀਆਂ ਮੁਫਤ ਸੇਵਾਵਾਂ, ਬੁਢਾਪਾ ਪੈਨਸ਼ਨ ਤੇ ਹੋਰ ਸਹੂਲਤਾਂ ਸਦਕਾ ਲੋਕਾਂ ਦੀ ਜ਼ਿੰਦਗੀ ਸੌਖੀ ਸੀ।
ਮੈਂ ਗੱਲ ਕਰ ਰਿਹਾ ਸੀ, ਸਾਹਿਤ ਨਾਲ਼ੋਂ ਨਾਤਾ ਟੁੱਟਣ ਦੀ। ਇੰਮੀਗਰੇਸ਼ਨ ਮਿਲਣ ਬਾਅਦ ਮੈਨੂੰ ਸਾਹਿਤਕ ਖਿਆਲ ਫੁਰਨ ਲੱਗ ਪਏ। ਕਿਸੇ ਕੋਲੋਂ ਇਕਬਾਲ ਰਾਮੂਵਾਲੀਆ ਦਾ ਫੋਨ ਨੰਬਰ ਲੈ ਕੇ ਮੈਂ ਉਸਨੂੰ ਕਾਲ ਕੀਤਾ। ਕੈਨੇਡਾ ‘ਚ ਪਹਿਲੀ ਵਾਰ ਕਿਸੇ ਸਾਹਿਤਕਾਰ ਨਾਲ਼ ਸੰਪਰਕ ਕਰ ਰਿਹਾ ਸਾਂ। ਅਸੀਂ ਇਕ ਦੂਜੇ ਨੂੰ ਨਾਵਾਂ ਤੋਂ ਤਾਂ ਜਾਣਦੇ ਸਾਂ ਪਰ ਕਦੀ ਮਿਲ਼ੇ ਨਹੀਂ ਸੀ। ਉਸਨੇ ਸਨੇਹ ਨਾਲ਼ ਗੱਲ ਕੀਤੀ। ਫਿਰ ਕਦੀ ਉਹ ਫੋਨ ਕਰ ਲੈਂਦਾ ਕਦੀ ਮੈਂ।
ਇਕ ਦਿਨ ਉਸਨੇ ਫੋਨ ‘ਤੇ ਇਕ ਸਾਹਿਤਕ ਪ੍ਰੋਗਰਾਮ ਬਾਰੇ ਦੱਸਿਆ। ਵੈਨਕੂਵਰ ਤੋਂ ਸਾਡੇ ਕੁਝ ਲੇਖਕ ਆਏ ਹੋਏ ਸਨ। ਐਲਬੀਅਨ ਲਾਇਬਰੇਰੀ ਵਿਚ ਉਨ੍ਹਾਂ ਨਾਲ਼ ਮਿਲਣੀ ਦਾ ਪ੍ਰੋਗਰਾਮ ਸੀ। ਜਿਸ ਬੱਸ ਵਿਚ ਮੈਂ ਗਿਆ, ਕੁਦਰਤੀ ਓਂਕਾਰਪ੍ਰੀਤ ਵੀ ਉਸੇ ਬੱਸ ‘ਚ ਸੀ। ਅਸੀਂ ਇਕ ਦੂਜੇ ਨੂੰ ਜਾਣਦੇ ਨਹੀਂ ਸਾਂ। ਬੱਸ ‘ਚੋਂ ਇਕੱਠੇ ਹੀ ਉੱਤਰੇ। ਮੇਰੇ ਕਦਮਾਂ ਦਾ ਰੁਖ ਭਾਂਪਦਿਆਂ ਉਸਨੇ ਪ੍ਰਸ਼ਨ ਕੀਤਾ, “ਲਾਇਬਰੇਰੀ ਜਾ ਰਹੇ ਓ?”
“ਹਾਂ ਜੀ ਓਥੇ ਇਕ ਸਾਹਿਤਕ ਪ੍ਰੋਗਰਾਮ ਹੈ।” ਮੈਂ ਦੱਸਿਆ।
ਫਿਰ ਉਸਨੇ ਮੇਰਾ ਨਾਂ ਪੁੱਛਿਆ। ਨਾਂ ਸੁਣ ਕੇ ਹਿਸਾਬ ਜਿਹਾ ਲਾਉਂਦਾ ਬੋਲਿਆ, “ਇੰਡੀਆ ‘ਚ ਆਦਮਪੁਰ ਤੋਂ।”
“ਹਾਂ ਪਰ ਤੁਹਾਨੂੰ ਕਿਵੇਂ ਪਤਾ?” ਮੈਨੂੰ ਹੈਰਾਨੀ ਹੋਈ।
“ਮੈਂ ਇਕ ਵਾਰ ਤੁਹਾਨੂੰ ਮਿਲਣ ਆਦਮਪੁਰ ਗਿਆ ਸੀ। ਪਰ ਮੈਨੂੰ ਤੁਹਾਡਾ ਘਰ ਨਹੀਂ ਸੀ ਲੱਭਾ।” ਫਿਰ ਉਸਨੇ ਦੱਸਿਆ ਕਿ ਗਜ਼ਲਾਂ ਲਿਖਣ ਦੇ ਨਾਲ਼ ਨਾਲ਼ ਉਸਨੇ ਕੁਝ ਕਹਾਣੀਆਂ ਵੀ ਲਿਖੀਆਂ ਸਨ। ਕਹਾਣੀਆਂ ਬਾਰੇ ਰਾਇ ਲੈਣ ਲਈ ਉਹ ਜਸਵੰਤ ਸਿੰਘ ਵਿਰਦੀ ਕੋਲ ਜਾਂਦਾ ਹੁੰਦਾ ਸੀ। ਵਿਰਦੀ ਨੇ ਉਸਨੂੰ ਮੇਰੇ ਬਾਰੇ ਦੱਸਿਆ ਤੇ ਮਿਲਣ ਲਈ ਕਿਹਾ ਸੀ।
“ਓਥੇ ਤਾਂ ਮੁਲਾਕਾਤ ਹੋਈ ਨਹੀਂ ਪਰ ਏਥੇ ਆਪਾਂ ਮਿਲ਼ਦੇ ਰਹਾਂਗੇ।” ਮੈਂ ਆਖਿਆ।
ਵੈਨਕੂਵਰ ਦੇ ਲੇਖਕਾਂ ਗੁਰਚਰਨ ਰਾਮਪੁਰੀ, ਸਾਧੂ ਬਿਨਿੰਗ, ਸੁਖਵੰਤ ਹੁੰਦਲ, ਅਜਮੇਰ ਰੋਡੇ ਤੇ ਸੁਰਜੀਤ ਕਲਸੀ ਨਾਲ਼ ਜਾਣ ਪਛਾਣ ਤਾਂ ਨਹੀਂ ਸੀ ਪਰ ਉਨ੍ਹਾਂ ਨੂੰ ਮਿਲ਼ ਕੇ ਚੰਗਾ ਲੱਗਾ।
ਕੁਝ ਮਹੀਨਿਆਂ ਬਾਅਦ ਕੈਮਲੂਪਸ ਵਾਸੀ ਸ਼ਾਇਰ ਸੁਰਿੰਦਰ ਧੰਜਲ ਏਥੇ ਆਇਆ। ਇਕਬਾਲ ਨੇ ਉਸ ਨਾਲ਼ ਮੁਲਾਕਾਤ ਰੱਖ ਲਈ। ਮੈਂ, ਓਂਕਾਰਪ੍ਰੀਤ ਤੇ ਉਸਦਾ ਦੋਸਤ ਸੁਰਜੀਤ ਫਲੋਰਾ ਇਕੱਠੇ ਗਏ। ਉਸ ਪ੍ਰੋਗਰਾਮ ਵਿਚ ਮੇਜਰ ਮਾਂਗਟ ਨਾਲ਼ ਮੁਲਾਕਾਤ ਹੋਈ। ਮੇਜਰ ਰਾਹੀਂ ਉਸਦੇ ਬੇਲੀਆਂ ਕੁਲਵਿੰਦਰ ਖਹਿਰਾ ਤੇ ਬਲਤੇਜ ਪੰਨੂੰ ਨਾਲ਼ ਸੰਪਰਕ ਹੋ ਗਿਆ। ਉਦੋਂ ਏਥੇ ਕੋਈ ਸਾਹਿਤ ਸਭਾ ਨਹੀਂ ਸੀ। ਸਾਡੇ ਛੇਆਂ ਵਿਚ ਸਾਹਿਤ ਸਭਾ ਦੀ ਗੱਲ ਚਲ ਪਈ। ਇਸ ਬਾਬਤ ਪਹਿਲੀ ਮੀਟਿੰਗ ਮੇਜਰ ਦੇ ਘਰ ਹੋਈ। ਦੋ ਤਿੰਨ ਮੀਟਿੰਗਾਂ ਹੋਰ ਹੋਈਆਂ। ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਸਭਾ ਬਣਾਉਣ ਦਾ ਫ਼ੈਸਲਾ ਕਰ ਲਿਆ।
ਫਰਵਰੀ 1993 ‘ਚ ਏਥੋਂ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦੀ ਮੀਟਿੰਗ ਵਿਚ ਪ੍ਰਸਤਾਵਿਤ ਸਭਾ ਦੀ ਲੋੜ ਅਤੇ ਉਦੇਸ਼ ਪੇਸ਼ ਕਰਨ ਤੋਂ ਬਾਅਦ ਸਭਾ ਦੇ ਨਾਂ ਬਾਰੇ ਸੁਝਾਅ ਮੰਗੇ ਗਏ। ਮਿਲ਼ੇ ਸੁਝਾਵਾਂ ਵਿਚੋਂ ਮੇਰਾ ਸੁਝਾਅ ਪ੍ਰਵਾਨ ਹੋਇਆ ਸਭਾ ਦਾ ਨਾਂ ‘ਪੰਜਾਬੀ ਕਲਮਾਂ ਦਾ ਕਾਫਲਾ’ ਰੱਖਿਆ ਗਿਆ। ਸਰਬ-ਸੰਮਤੀ ਨਾਲ਼ ਹੇਠ ਲਿਖੇ ਅਹੁਦੇਦਾਰ ਚੁਣੇ ਗਏ।
ਪ੍ਰਧਾਨ ਜਰਨੈਲ ਸਿੰਘ, ਮੀਤ ਪ੍ਰਧਾਨ ਮੇਜਰ ਮਾਂਗਟ, ਜਨਰਲ ਸਕੱਤਰ ਓਂਕਾਰਪ੍ਰੀਤ, ਸਕੱਤਰ ਕੁਲਵਿੰਦਰ ਖਹਿਰਾ ਤੇ ਬਲਤੇਜ ਪੰਨੂੰ, ਖਜਾਨਚੀ ਸੁਰਜੀਤ ਫਲੋਰਾ।
ਕਾਫਲੇ ਨੇ ਏਥੋਂ ਦੇ ਲੇਖਕਾਂ ਲਈ ਮਾਹੌਲ ਪੈਦਾ ਕੀਤਾ। ਕਵਿਤਾਵਾਂ, ਕਹਾਣੀਆਂ ਤੇ ਗਜ਼ਲਾਂ ਦੀ ਰਚਨਾ ਆਰੰਭ ਹੋ ਗਈ। ਮਾਸਿਕ ਮੀਟਿੰਗਾਂ ਵਿਚ ਰਚਨਾਵਾਂ ਪੜ੍ਹਨ-ਵਿਚਾਰਨ ਦਾ ਸਿਲਸਿਲਾ ਚਲ ਪਿਆ। ਇੰਡੀਆ, ਅਮਰੀਕਾ, ਇੰਗਲੈਂਡ ਤੇ ਕੈਨੇਡਾ ਦੇ ਦੂਜੇ ਸ਼ਹਿਰਾਂ ਤੋਂ ਆਉਂਦੇ ਲੇਖਕਾਂ ਨਾਲ਼ ਮੁਲਾਕਾਤਾਂ ਸ਼ੁਰੂ ਹੋ ਗਈਆਂ। ਨਵ-ਪ੍ਰਕਾਸ਼ਤ ਪੁਸਤਕਾਂ ‘ਤੇ ਗੋਸ਼ਟੀਆਂ ਹੋਣ ਲੱਗ ਪਈਆਂ।
ਤਿੰਨ ਕੁ ਸਾਲ ਬਾਅਦ ਪ੍ਰਧਾਨ ਵਗੈਰਾ ਦੀਆਂ ਅਹੁਦੇਦਾਰੀਆਂ ਦੀ ਥਾਂ ਤਿੰਨ ਸੰਚਾਲਕਾਂ ਦੀ ਪ੍ਰਥਾ ਸ਼ੁਰੂ ਹੋ ਗਈ। ਹਰ ਦੋ ਸਾਲ ਬਾਅਦ ਸੰਚਾਲਕਾਂ ਦੀ ਚੋਣ ਸਰਬ-ਸੰਮਤੀ ਨਾਲ਼ ਹੁੰਦੀ ਹੈ। ਸਮੇਂ-ਸਮੇਂ ਕਾਫਲੇ ਦੇ ਹੋਰ ਮੈਂਬਰ ਵੀ ਸੰਚਾਲਕ ਬਣਦੇ ਰਹੇ ਹਨ ਪਰ ਕੁਲਵਿੰਦਰ ਖਹਿਰਾ ਤੇ ਓਂਕਾਰਪ੍ਰੀਤ ਦੀ ਵਧੀਆ ਕਾਰਗੁਜ਼ਾਰੀ ਦੇ ਆਧਾਰ ‘ਤੇ ਬਹੁਤੀ ਵਾਰ ਇਨ੍ਹਾਂ ਨੂੰ ਹੀ ਮੁੱਖ ਸੰਚਾਲਕ ਚੁਣਿਆਂ ਜਾਂਦਾ ਹੈ। ਕਾਫਲੇ ਦੀਆਂ ਮਾਸਿਕ ਮੀਟਿੰਗਾਂ ਦਾ ਅਜੰਡਾ ਭਾਰੀ ਹੋਣ ਕਰਕੇ ਕਹਾਣੀਆਂ ਪੜ੍ਹਨ ਵਿਚਾਰਨ ਲਈ ਢੁਕਵਾਂ ਸਮਾਂ ਨਹੀਂ ਸੀ ਮਿਲ਼ਦਾ। ਕਹਾਣੀਕਾਰਾਂ ਨੇ ਕਾਫਲੇ ਦੀ ਸ਼ਾਖਾ ਵਜੋਂ ‘ਕਹਾਣੀ ਮੰਚ ਟਰਾਂਟੋ’ ਦੀ ਸਥਾਪਨਾ ਕਰ ਲਈ। ਮੰਚ ਦੀਆਂ ਤ੍ਰੈਮਾਸਕ ਮੀਟਿੰਗਾਂ ਵਿਚ ਨਵੀਆਂ ਕਹਾਣੀਆਂ ‘ਤੇ ਵਧੀਆ ਢੰਗ ਨਾਲ਼ ਵਿਚਾਰ ਵਟਾਂਦਰਾ ਹੋਣ ਲੱਗ ਪਿਆ।
ਕਾਫਲੇ ਨਾਲ਼ ਬਣੇ ਸਾਹਿਤਕ ਮਾਹੌਲ ਦਾ ਅਸਰ ਹੋਇਆ… ਮੈਂ ਕਹਾਣੀ ਲਿਖੀ ‘ਜੰਗ ਬਨਾਮ ਜੰਗ’। ਸਹੀ ਅਰਥਾਂ ਵਿਚ ਇਹ ਨਵੀਂ ਕਹਾਣੀ ਨਹੀਂ ਸੀ। 12 ਸਾਲ ਪਹਿਲਾਂ ਲਿਖੀ ਕਹਾਣੀ ‘ਸੁਆਹ ਦੀ ਢੇਰੀ’ ਨਾਲ਼ ਨਵਾਂ ਪਾਸਾਰ ਜੋੜਿਆ ਸੀ। ਉਸ ਕਹਾਣੀ ਦਾ ਮੁੱਖ ਪਾਤਰ ਹਵਾਈ ਸੈਨਿਕ ਹੈ ਜੋ ਭਾਰਤ-ਪਾਕਿ ਜੰਗ ਦੌਰਾਨ ਹਵਾਈ ਹਮਲੇ ‘ਚ ਮਾਰਿਆ ਜਾਂਦਾ ਹੈ।
ਇਸ ਕਹਾਣੀ ਵਿਚ ਵੀ ਕੇਂਦਰੀ ਘਟਨਾ ਉਹੀ ਹੈ। ਫ਼ਰਕ ਇਹ ਹੈ ਕਿ ਉਸ ਕਹਾਣੀ ਦਾ ਮੁੱਖ ਪਾਤਰ ਕੁਆਰਾ ਹੈ ਤੇ ਇਸ (ਜੰਗ ਬਨਾਮ ਜੰਗ) ਕਹਾਣੀ ਦਾ ਮੁੱਖ ਪਾਤਰ ਵਿਆਹਿਆ ਹੋਇਆ। ਇਸ ਕਹਾਣੀ ਵਿਚ ਮੈਂ ਮੁੱਖ ਪਾਤਰ ਦੀ ਮੌਤ ਦੀ ਤ੍ਰਾਸਦੀ ਤੋਂ ਇਲਾਵਾ ਉਸਦੀ ਵਿਧਵਾ ਦੇ ਦੁੱਖਾਂ ਕਸ਼ਟਾਂ ਦੀ ਗਾਥਾ ਵੀ ਪੇਸ਼ ਕੀਤੀ ਹੈ।
ਇਹ ਕਹਾਣੀ ‘ਵਤਨ’ ਪਰਚੇ ਵਿਚ ਛਪੀ। ਸਾਧੂ ਬਿਨਿੰਗ; ਸੁਖਵੰਤ ਹੁੰਦਲ ਤੇ ਅਮਨਪਾਲ ਸਾਰਾ ਦੇ ਸਹਿਯੋਗ ਨਾਲ਼ ਇਹ ਪਰਚਾ ਕੱਢਦਾ ਸੀ।
ਮੇਰੇ ਪਰਿਵਾਰ ਨੂੰ ਵੀਜ਼ੇ ਮਿਲ਼ ਗਏ ਸਨ। ਮੈਂ ਆਪਣਾ ਵੱਖਰਾ ਅਪਾਰਟਮੈਂਟ ਕਿਰਾਏ ‘ਤੇ ਲੈ ਲਿਆ।
ਫਰਨੀਚਰ ਤੇ ਹੋਰ ਸਾਮਾਨ ਖ਼ਰੀਦ ਲਿਆ। ਕਾਰ ਪਹਿਲਾਂ ਹੀ ਖ਼ਰੀਦ ਲਈ ਸੀ।
19 ਅਪ੍ਰੈਲ 1993 ਨੂੰ ਤਿੰਨੇ ਜੀਅ ਏਥੇ ਪਹੁੰਚ ਗਏ। ਪੌਣੇ ਪੰਜ ਸਾਲ ਬਾਅਦ ਮਿਲਾਪ ਦਾ ਉਹ ਦਿਨ ਸਾਡੇ ਜੀਵਨ ਦਾ ਵਿਸ਼ੇਸ਼ ਤੇ ਸੁਭਾਗਾ ਦਿਨ ਹੈ। ਦਿਲਾਂ ਵਿਚ ਉਛਾਲੇ ਮਾਰਦੀ ਖੁਸ਼ੀ ਨੇ ਸਾਨੂੰ ਚੌਹਾਂ ਨੂੰ ਭਾਵੁਕ ਕਰ ਦਿੱਤਾ। ਏਅਰਪੋਰਟ ‘ਤੇ ਪਤਨੀ ਤੇ ਪੁੱਤਾਂ ਨੂੰ ਬਾਹਾਂ ‘ਚ ਭਰਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ।
ਕੁਲਵੰਤ ਦੀਆਂ ਅੱਖਾਂ ਵਿਚੋਂ ਤਾਂ ਹੰਝੂ ਵਹਿ ਤੁਰੇ। ਖੁਸ਼ੀ ਤੇ ਮੋਹ ਦੇ ਵੇਗ ਵਿਚ ਮੈਂ ਹਰਪ੍ਰੀਤ ਤੇ ਅਮਰਪ੍ਰੀਤ ਨੂੰ ਕਈ ਚਿਰ ਛਾਤੀ ਨਾਲ਼ ਲਾ ਰੱਖਿਆ। ਏਅਰਪੋਰਟ ਤੋਂ ਸਿੱਧੇ ਗੁਰਦਵਾਰੇ ਜਾ ਕੇ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਪੂਰਾ ਹਫ਼ਤਾ ਅਸੀਂ ਬਹੁਤ ਗੱਲਾਂ ਕੀਤੀਆਂ। ਗੱਲਾਂ ਜਮ੍ਹਾਂ ਹੋਈਆਂ ਪਈਆਂ ਸਨ। ਉਦੋਂ ਅੱਜ ਵਾਂਗ ਟੈਲੀਫੋਨਾਂ ਦੀਸੁਵਿਧਾ ਨਹੀਂ ਸੀ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …