ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੁਕਮ ਕੀਤਾ ਜਾਰੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੰਮ ਕਰਨ ਵਾਲੇ ਕਰਮਚਾਰੀ ਹੁਣ ਵਰਦੀ ਅਤੇ ਬਿਨਾ ਆਈ ਕਾਰਡ ਤੋਂ ਨਜ਼ਰ ਨਹੀਂ ਆਉਣਗੇ। ਇਸ ਸਬੰਧੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ। ਹਾਲਾਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੰਮ ਕਰਨ ਵਾਲੇ ਕੁੱਝ ਕਰਮਚਾਰੀ ਪਹਿਲਾਂ ਹੀ ਵਰਦੀ ਪਹਿਨ ਕੇ ਰੱਖਦੇ ਹਨ ਪ੍ਰੰਤੂ ਕੁੱਝ ਕਰਮਚਾਰੀ ਬਿਨਾ ਵਰਦੀ ਤੋਂ ਵੀ ਕੰਮ ਕਰਦੇ ਹਨ। ਹੁਣ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਲਈ ਮੈਨੇਜਰ ਭਗਵੰਤ ਸਿੰਘ ਅਤੇ ਸਕੱਤਰ ਪ੍ਰਤਾਪ ਸਿੰਘ ਨੂੰ ਹੁਕਮ ਜਾਰੀ ਕੀਤੇ ਗਏ ਹਨ। ਸ਼ੋ੍ਰਮਣੀ ਕਮੇਟੀ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਸਾਰੇ 22000 ਹਜ਼ਾਰ ਕਰਮਚਾਰੀ ਆਪਣੀ ਪੂਰੀ ਵਰਦੀ ਨੂੰ ਪਹਿਨਣ। ਜਿਸ ਦੇ ਚਲਦਿਆਂ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਥੋਂ ਦੇ ਕਰਮਚਾਰੀਆਂ ਨੂੰ ਪਹਿਚਾਨਣ ’ਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਹਰਿਮੰਦਰ ਸਾਹਿਬ ਵਿਖੇ ਡਿਊਟੀ ਕਰਨ ਵਾਲੇ ਕਮਰਚਾਰੀ ਨੀਲੇ ਅਤੇ ਪੀਲੇ ਚੋਲੇ ਦੇ ਨਾਲ ਨੀਲੀ ਅਤੇ ਪੀਲੀ ਦਸਤਾਰ ਸਜਾਉਂਦੇ ਹਨ ਜਦਕਿ ਹੈਲਪਰ ਸਫੇਦ ਰੰਗ ਦੀ ਵਰਦੀ ਪਹਿਨ ਕੇ ਰੱਖਦੇ ਹਨ।