2.8 C
Toronto
Saturday, January 10, 2026
spot_img
Homeਪੰਜਾਬਸਰਹੱਦ 'ਤੇ ਲੱਗੀਆਂ 'ਫਲੱਡ ਲਾਈਟਾਂ' ਕਿਸਾਨਾਂ ਲਈ ਬਣ ਰਹੀਆਂ ਹਨ ਸਿਰਦਰਦੀ

ਸਰਹੱਦ ‘ਤੇ ਲੱਗੀਆਂ ‘ਫਲੱਡ ਲਾਈਟਾਂ’ ਕਿਸਾਨਾਂ ਲਈ ਬਣ ਰਹੀਆਂ ਹਨ ਸਿਰਦਰਦੀ

ਤੇਜ਼ ਰੌਸ਼ਨੀ ਦੇ ਪ੍ਰਭਾਵ ਹੇਠ ਆਈ ਝੋਨੇ ਦੀ ਫਸਲ ਪੱਕਣ ਤੋਂ ਪਛੜੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਰਹੱਦ ‘ਤੇ ਕੰਡਿਆਲੀ ਤਾਰ ਉਤੇ ਚੌਕਸੀ ਵਜੋਂ ਬੀਐੱਸਐੱਫ ਵੱਲੋਂ ਲਾਈਆਂ ਗਈਆਂ ‘ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਕਾਰਨ ਇਸ ਦੇ ਪ੍ਰਭਾਵ ਵਿੱਚ ਆਈ ਝੋਨੇ ਦੀ ਫਸਲ ਪੱਕਣ ਤੋਂ ਪੱਛੜ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਕੰਡਿਆਲੀ ਤਾਰ ਨੇੜੇ ਨਿਗਰਾਨੀ ਅਤੇ ਚੌਕਸੀ ਵਜੋਂ ਸਾਲ ਭਰ ਪਹਿਲਾਂ ਵੱਡੀਆਂ ਅਤੇ ਵਧੇਰੇ ਤੇਜ਼ ਰੌਸ਼ਨੀ ਵਾਲੀਆਂ ਫਲੱਡ ਲਾਈਟਾਂ ਸਥਾਪਤ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਰੌਸ਼ਨੀ ਵਿਚ ਸਰਹੱਦ ‘ਤੇ ਤੈਨਾਤ ਸੁਰੱਖਿਆ ਬਲ ਦੇ ਜਵਾਨ ਰਾਤ ਸਮੇਂ ਕਿਸੇ ਵੀ ਹਰਕਤ ਨੂੰ ਆਸਾਨੀ ਨਾਲ ਦੇਖ ਸਕਦੇ ਹਨ। ਪਰ ਇਨ੍ਹਾਂ ਦੀ ਤੇਜ਼ ਰੌਸ਼ਨੀ ਦੇ ਪ੍ਰਭਾਵ ਹੇਠ ਆ ਰਹੀਆਂ ਫਸਲਾਂ ‘ਤੇ ਮਾੜਾ ਅਸਰ ਹੋ ਰਿਹਾ ਹੈ। ਤੇਜ਼ ਰੌਸ਼ਨੀ ਕਾਰਨ ਬੂਟਿਆਂ ਨੂੰ ਲੋੜੀਂਦਾ ਹਨੇਰਾ ਨਹੀਂ ਮਿਲਦਾ, ਜਿਸ ਕਾਰਨ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਰਹੇ। ਸਰਹੱਦੀ ਪਿੰਡ ਰਾਜਾਤਾਲ ਦੇ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਤਾਰੋਂ ਪਾਰ ਪੰਜ ਏਕੜ ਜ਼ਮੀਨ ਝੋਨੇ ਦੀ ਫਸਲ ਪੱਕ ਚੁੱਕੀ ਹੈ ਪਰ ਕੁਝ ਖੇਤਰ ਜਿੱਥੇ ਤੇਜ਼ ਰੌਸ਼ਨੀ ਪੈਂਦੀ ਹੈ, ਉੱਥੇ ਬੂਟੇ ਨਹੀਂ ਪੱਕੇ ਹਨ, ਜਿਸ ਕਾਰਨ ਝੋਨੇ ਦਾ ਝਾੜ ਘਟਣ ਦੀ ਸੰਭਾਵਨਾ ਹੈ।
ਪਿੰਡ ਮੁਹਾਵਾ ਦੇ ਮੋਹਨ ਸਿੰਘ ਨੇ ਦੱਸਿਆ ਕਿ ਫਲੱਡ ਲਾਈਟਾਂ ਤੋਂ ਇਲਾਵਾ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਰਚ ਲਾਈਟ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਫਲੱਡ ਲਾਈਟਾਂ ਉੱਚੇ ਪੋਲਾਂ ‘ਤੇ ਨਿਰੰਤਰ ਵਿੱਥ ‘ਤੇ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੀ ਰੌਸ਼ਨੀ ਦਾ ਫਸਲ ‘ਤੇ ਉਲਟਾ ਅਸਰ ਹੋ ਰਿਹਾ ਹੈ। ਪਿੰਡ ਦਾਉਕੇ ਦੇ ਬਚਿੱਤਰ ਸਿੰਘ ਨੇ ਆਖਿਆ ਕਿ ਝੋਨੇ ਦੀ ਫਸਲ ਦੀ ਕਟਾਈ ਪਛੜਣ ਦਾ ਮੁੱਖ ਕਾਰਨ ਤਾਰਾਂ ਦੇ ਨੇੜਲੀ ਫਸਲ ਦਾ ਨਾ ਪੱਕਣਾ ਹੈ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਆਖਿਆ ਕਿ ਸਰਹੱਦ ‘ਤੇ ਚੌਕਸੀ ਅਤੇ ਨਿਗਰਾਨੀ ਲਈ ਤੇਜ਼ ਰੌਸ਼ਨੀ ਦੀ ਵੀ ਲੋੜ ਹੈ ਪਰ ਦੂਜੇ ਪਾਸੇ ਇਸ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ। ਇਸ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਪਲਾਂਟ ਪ੍ਰੋਟੈਕਸ਼ਨ ਵਿਸ਼ੇ ਦੀ ਸਹਾਇਕ ਪ੍ਰੋਫੈਸਰ ਡਾ. ਆਸਥਾ ਨੇ ਆਖਿਆ ਕਿ ਫਸਲ ਦੇ ਬੂਟਿਆਂ ਨੂੰ ਪੱਕਣ ਵਾਸਤੇ ਰਾਤ ਦੇ ਹਨੇਰੇ ਦੀ ਵੀ ਬਰਾਬਰ ਲੋੜ ਹੈ ਪਰ ਜਿਹੜੀ ਫਸਲ ਸੋਡੀਅਮ ਲਾਈਟ ਦੇ ਪ੍ਰਭਾਵ ਹੇਠ ਆਵੇਗੀ, ਉਸ ਨੂੰ ਪੱਕਣ ਵਿੱਚ ਵਧੇਰਾ ਸਮਾਂ ਲੱਗੇਗਾ।
ਉਨ੍ਹਾਂ ਆਖਿਆ ਕਿ ਇਹ ਬੂਟੇ ਸਵੇਰ ਵੇਲੇ ਸੂਰਜ ਦੀ ਰੌਸ਼ਨੀ ਵਿਚ ਰਹਿੰਦੇ ਹਨ ਅਤੇ ਮੁੜ ਰਾਤ ਨੂੰ ਤੇਜ਼ ਰੌਸ਼ਨੀਆਂ ਵਿਚ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਹਨੇਰੇ ਵਿੱਚ ਹੋਣ ਵਾਲੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਅਤੇ ਇਸੇ ਕਾਰਨ ਬੂਟੇ ਦੇ ਪੱਤੇ ਵੀ ਪ੍ਰਭਾਵਿਤ ਹੁੰਦੇ ਹਨ। ਦੂਜੇ ਪਾਸੇ ਮੁਖ ਖੇਤੀਬਾੜੀ ਅਧਿਕਾਰੀ ਡੀਐੱਸ ਛੀਨਾ ਨੇ ਆਖਿਆ ਕਿ ਉਨ੍ਹਾਂ ਦੇ ਦਫ਼ਤਰ ਵਿਚ ਇਸ ਸਮੱਸਿਆ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਕੋਈ ਸ਼ਿਕਾਇਤ ਆਈ ਤਾਂ ਇਸ ਦਾ ਸਰਵੇਖਣ ਕਰਵਾ ਕੇ ਨੁਕਸਾਨੀ ਫਸਲ ਦਾ ਪਤਾ ਲਾਇਆ ਜਾਵੇਗਾ।

RELATED ARTICLES
POPULAR POSTS