Breaking News
Home / ਨਜ਼ਰੀਆ / ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵਿਸ਼ਵ ਸ਼ਾਂਤੀ ਤੇ ਮਨੁੱਖੀ ਭਾਈਚਾਰੇ ਦਾ ਸਿਧਾਂਤ

ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵਿਸ਼ਵ ਸ਼ਾਂਤੀ ਤੇ ਮਨੁੱਖੀ ਭਾਈਚਾਰੇ ਦਾ ਸਿਧਾਂਤ

ਡਾ. ਡੀ ਪੀ ਸਿੰਘ
416-859-1856
ਸਿੱਖ ਧਰਮ ਦਾ ਜਨਮ, ਪੰਦਰਵੀਂ ਸਦੀ ਦੌਰਾਨ, ਭਾਰਤੀ ਉਪ ਮਹਾਂਦੀਪ ਦੇ ਪੰਜਾਬ ਰਾਜ ਵਿਚ ਹੋਇਆ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ, ਇਹ ਧਰਮ ਵਿਸ਼ਵ ਦੇ ਪ੍ਰਮੁੱਖ ਧਰਮਾਂ ਵਿਚੋਂ ਪੰਜਵੇਂ ਨੰਬਰ ਉੱਤੇ ਹੈ। ਗੁਰੂ ਨਾਨਕ ਜੀ ਦੇ ਫ਼ਲਸਫ਼ੇ ਨੂੰ ਇਸ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕੀਤਾ ਗਿਆ ਹੈ।
ਇਸ ਫਲਸਫੇ ਦੀਆਂ ਮੁੱਖ ਧਾਰਨਾਵਾਂ ਹਨ : ਇੱਕ ਸਰਵ ਵਿਆਪੀ ਸਿਰਜਣਹਾਰ ਉੱਤੇ ਵਿਸ਼ਵਾਸ, ਸਰਬ ਸਾਂਝੀਵਾਲਤਾ, ਸਭਨਾਂ ਨਾਲ ਪਿਆਰ, ਨਿਰਸਵਾਰਥ ਸੇਵਾ ਕਰਨਾ, ਸਮਾਜਿਕ ਨਿਆਂ ਲਈ ਯਤਨਸ਼ੀਲ ਰਹਿਣਾ, ਇਮਾਨਦਾਰ ਜੀਵਨ-ਜਾਚ, ਨੈਤਿਕ ਚਾਲ-ਚਲਣ, ਅਤੇ ਗ੍ਰਹਿਸਤੀ ਜੀਵਨ ਜਿਉਣਾ। ਵਿਸ਼ਵ ਭਰ ਵਿਚ ਸਿੱਖ ਧਰਮ ਦੇ ਲਗਭਗ 28 ਮਿਲੀਅਨ ਪੈਰੋਕਾਰ ਹਨ।
ਸਾਰੇ ਦੇਸ਼ਾਂ ਦੇ ਲੋਕਾਂ ਦੇ ਵਿੱਚ ਆਜ਼ਾਦੀ, ਸਦਭਾਵਨਾ, ਸ਼ਾਤੀ ਅਤੇ ਖੁਸ਼ਹਾਲੀ ਵਾਲੀ ਆਦਰਸ਼ ਹਾਲਤ ਦੀ ਸਥਾਪਨਾ ਦਾ ਨਾਂ ਹੀ ਵਿਸ਼ਵ ਸ਼ਾਂਤੀ ਹੈ। ਹਿੰਸਾ ਤੋਂ ਮੁਕਤ ਵਿਸ਼ਵ ਸ਼ਾਂਤੀ ਦਾ ਇਹ ਆਦਰਸ਼, ਲੋਕਾਂ ਅਤੇ ਕੌਮਾਂ ਨੂੰ ਸਵੈ-ਇੱਛੁਕ ਰੂਪ ਵਿਚ ਯੁੱਧ ਰੋਕਣ ਦਾ ਅਧਾਰ ਪ੍ਰਦਾਨ ਕਰਦਾ ਹੈ। ਬੇਸ਼ਕ ਵੱਖੋ ਵੱਖਰੇ ਧਰਮਾਂ, ਸਭਿਆਚਾਰਾਂ, ਫਲਸਫਿਆਂ ਤੇ ਸੰਸਥਾਵਾਂ ਦੇ ਅਜਿਹੀ ਆਦਰਸ਼ ਹਾਲਤ ਦੀ ਸਥਾਪਨਾ ਬਾਰੇ ਵਿਚਾਰ ਭਿੰਨ ਭਿੰਨ ਹੋ ਸਕਦੇ ਹਨ, ਪਰ ਉਨ੍ਹਾਂ ਸਭ ਦਾ ਇਕ ਸਾਂਝਾ ਵਿਚਾਰ ਤਾਂ ਇਹੋ ਹੀ ਹੈ ਕਿ ਧਰਤ-ਵਾਸੀ ਸਮੂਹ ਕੌਮਾਂ ਵਿਚ ਜੰਗ ਦੇ ਹਾਲਾਤ ਖਤਮ ਹੋਣੇ ਚਾਹੀਦੇ ਹਨ । ਵਿਸ਼ਵ ਸ਼ਾਂਤੀ, ਧਾਰਮਿਕ ਅਤੇ ਧਰਮ ਨਿਰਪੱਖ ਸੰਗਠਨਾਂ ਦੇ ਸਾਂਝੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਸਕਦੀ ਹੈ, ਖਾਸ ਕਰ ਅਜਿਹੇ ਸੰਗਠਨ ਜੋ ਮਨੁੱਖੀ ਅਧਿਕਾਰਾਂ ਤੇ ਸਿੱਖਿਆ ਦੇ ਵਿਕਾਸ ਅਤੇ ਜੰਗੀ ਹਾਲਾਤਾਂ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਨਾਲ ਸੰਬਧਿਤ ਹੋਣ ।
ਸਾਰੇ ਧਰਮ ਅਮਨ, ਮੇਲ ਮਿਲਾਪ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਸਮੋਈ ਬੈਠੇ ਹਨ। ਸਿੱਖ ਧਰਮ ਲਈ ਵੀ ਇਹੋ ਹੀ ਸੱਚ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਵਿਅਕਤੀਆਂ, ਫਿਰਕਿਆਂ ਅਤੇ ਕੌਮਾਂ ਦਰਮਿਆਨ ਸ਼ਾਂਤਮਈ ਸਹਿਹੌਂਦ ਸੰਭਵ ਹੈ ਬਸ਼ਰਤੇ ਕਿ ਸਾਰਿਆਂ ਲਈ ਆਜ਼ਾਦੀ, ਨਿਆਂ, ਸਵੈਮਾਣਤਾ ਅਤੇ ਬਰਾਬਰੀ ਦੇ ਹੱਕਾਂ ਦੀ ਗਰੰਟੀ ਹੋਵੇ। ਸਿੱਖ ਧਰਮ ਆਪਣੇ ਵਿਸ਼ੇਸ਼ ਸਿਧਾਂਤਾਂ ਖਾਸ ਕਰ ਸਤਸੰਗਤ, ਲੰਗਰ, ਪੰਗਤ, ਵੰਡ ਛਕਣਾ, ਕੁਦਰਤ ਨਾਲ ਪਿਆਰ, ਸਰਬੱਤ ਦਾ ਭਲਾ, ਸੇਵਾ, ਵਿਸ਼ਵਵਿਆਪੀ ਭਾਈਚਾਰਾ, ਨਿਆਂ, ਆਜ਼ਾਦੀ ਅਤੇ ਸਾਂਝੀਵਾਲਤਾ ਨਾਲ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਦੇ ਸਾਡੇ ਮਨਚਾਹੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਵਿਹਾਰਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।
ਅਜੋਕੇ ਸਮੇਂ ਦੌਰਾਨ ਪੂਰਾ ਵਿਸ਼ਵ ਹੀ ਸੰਕਟਮਈ ਹਾਲਾਤਾਂ ਵਿਚੋਂ ਲੰਘ ਰਿਹਾ ਹੈ। ਇੱਕੀਵੀਂ ਸਦੀ ਦੇ ਮੁੱਢਲੇ ਸਾਲਾਂ ਦੌਰਾਨ, ਮਨੁੱਖੀ ਹੌਂਦ ਨੂੰ ਹੀ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਣੀ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਅਤੇ ਸਮਾਜ ਵਿਚ ਰਿਸ਼ਵਤ ਖੋਰੀ ਦਾ ਵੱਡੇ ਪੈਮਾਨੇ ਉੱਤੇ ਚਲਣ, ਸਾਡੇ ਕੁਦਰਤੀ ਤੇ ਸਮਾਜਿਕ ਮਾਹੌਲ ਨੁੰ ਵੱਡੀ ਢਾਹ ਲਾ ਰਹੇ ਹਨ। ਮਾਦਕ ਪਦਾਰਥਾਂ ਦੀ ਲਗਾਤਾਰ ਵਧ ਰਹੀ ਵਰਤੋਂ ਤੇ ਏਡਜ਼ ਵਰਗੀਆਂ ਭਿਆਨਕ ਬੀਮਾਰੀਆਂ ਦੇ ਦੈਂਤਾਂ ਨੇ ਮਨੁੱਖੀ ਜੀਵਨ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਆਤੰਕਵਾਦ ਵਿਚ ਵਾਧੇ ਅਤੇ ਕੌਮਾਂ ਵਿਚਕਾਰ ਰਾਜਨੀਤਕ ਦਵੈਸ਼ ਨੇ ਵਿਸ਼ਵ ਸ਼ਾਂਤੀ ਨੂੰ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਅਜਿਹੇ ਸੰਕਟਮਈ ਹਾਲਾਤਾਂ ਵਿਚ ਮਨੁੱਖਤਾ ਦੇ ਸਿਰ ਉਪਰ ਵਿਨਾਸ਼ ਦੇ ਬੱਦਲ ਮੰਡਰਾ ਰਹੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਸਿੱਖੀ ਸਿਧਾਂਤ, ਮਨੁੱਖੀ ਜੀਵਨ ਲਈ ਖ਼ਤਰਾ ਬਣੇ ਮੌਜੂਦਾ ਹਾਲਾਤਾਂ ਤੋਂ ਮੁਕਤੀ ਦਾ ਰਾਹ ਦਿਖਾਉਣ ਦੇ ਸਮਰਥ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ, ਵਿਸ਼ਵ ਭਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਸਥਾਪਨਾ ਲਈ ਸੁਯੋਗ ਰਾਹਨੁਮਾਈ ਪ੍ਰਦਾਨ ਕਰਨ ਵਾਲਾ, ਇਕ ਵੱਡਮੁੱਲਾ ਗ੍ਰੰਥ ਹੈ। ਇਸ ਵਿਚ ਮੌਜੂਦ ਸਿਧਾਂਤ ਸਮੂਹ ਮਾਨਵਤਾ ਲਈ ਅਮਲਯੋਗ ਹਨ ਤੇ ਜੋ ਅਜੋਕੇ ਸਮੇਂ ਦੌਰਾਨ ਤੇ ਭਵਿੱਖ ਲਈ ਵੀ ਬਹੁਤ ਸਾਰਥਕਤਾ ਰੱਖਦੇ ਹਨ।
ਵਾਤਾਵਰਣੀ ਸੰਕਟ ਤੇ ਹੱਲ : ਅਜੋਕੇ ਸਮੇਂ ਦੌਰਾਨ, ਮਨੁੱਖੀ ਸੱਭਿਅਤਾ ਦੀ ਉਦਯੋਗਾਂ ਉੱਤੇ ਨਿਰਭਰਤਾ, ਕੁਦਰਤੀ ਵਾਤਾਵਰਣ ਉੱਤੇ ਬਹੁਤ ਹੀ ਮਾੜੇ ਪ੍ਰਭਾਵਾਂ ਦਾ ਕਾਰਣ ਬਣ ਰਹੀ ਹੈ। ਅੱਜ ਸਾਡੀ ਧਰਤੀ ਵਿਸ਼ਵਵਿਆਪੀ ਤਾਪਮਾਨ ਵਾਧਾ, ਗ੍ਰੀਨ ਹਾਊਸ ਪ੍ਰਭਾਵ, ਓਜ਼ੋਨ ਪਰਤ ਵਿਚ ਮਘੋਰੇ, ਜੰਗਲਾਂ ਦੀ ਤਬਾਹੀ, ਭੂ ਖੋਰ, ਹਵਾ, ਪਾਣੀ ਤੇ ਭੂਮੀ ਪ੍ਰਦੂਸ਼ਣ, ਆਵਾਜ਼ੀ ਤੇ ਰੇਡੀਓ ਐਕਿਟਿਵ ਵਿਕਿਰਣ ਦਾ ਸ਼ਿਕਾਰ ਬਣ ਚੁੱਕੀ ਹੈ। ਦਿਨੋਂ ਦਿਨ ਇਹ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਜੇ ਅਜਿਹੇ ਮੁਸ਼ਕਲਾਂ ਭਰੇ ਹਾਲਾਤਾਂ ਦਾ ਸਮੇਂ ਸਿਰ ਸਹੀ ਇਲਾਜ ਨਹੀਂ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੀ ਧਰਤੀ ਜੀਵਨ ਤੋਂ ਸੱਖਣੇ ਮਾਰੂਥਲ ਵਿਚ ਬਦਲ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਅਤੇ ਕੁਦਰਤ ਦੀ ਪ੍ਰਸਪਰ ਨਿਰਭਰਤਾ ਦੀ ਦੱਸ ਪਾਈ ਗਈ ਹੈ। ਗੁਰੂ ਨਾਨਕ ਦੇਵ ਜੀ ਆਪਣੀ ਪ੍ਰਸਿੱਧ ਰਚਨਾ ”ਜਪੁਜੀ” ਵਿਚ ਅਜਿਹੀ ਸਬੰਧਤਾ ਦਾ ਜ਼ਿਕਰ ਇੰਝ ਕਰਦੇ ਹਨ;
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ (ਮ.1, ਪੰਨਾ 8)
ਭਾਵ ਹਵਾ ਪ੍ਰਾਣ-ਸ਼ਕਤੀ ਹੈ। ਪਾਣੀ ਜਨਮਦਾਤਾ ਹੈ। ਵਿਸ਼ਾਲ ਧਰਤੀ ਸਾਰਿਆਂ ਦੀ ਮਾਂ ਹੈ। ਦਿਨ ਅਤੇ ਰਾਤ ਖਿਡਾਵੇ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਆਪਣੀ ਗੋਦ ਵਿਚ ਖਿਡਾ ਰਹੇ ਹਨ। ਸਪਸ਼ਟ ਹੈ ਕਿ ਧਰਤੀ ਉਪਰਲੀ ਜੀਵਨ ਹੌਂਦ ਕੁਦਰਤੀ ਤੱਤਾਂ ਦੀ ਸਹਿਹੌਂਦ ਉੱਤੇ ਨਿਰਭਰ ਕਰਦੀ ਹੈ।
ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮਨੁੱਖ ਪਿਛਲੇ ਲਗਭਗ 100 ਸਾਲਾਂ ਤੋਂ ਹੀ ਵਾਤਾਵਰਣੀ ਪ੍ਰਦੂਸ਼ਣ ਅਤੇ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਵਧੇਰੇ ਚੇਤੰਨ ਹੋਇਆ ਹੈ। ਪਰ ਗੁਰਬਾਣੀ ਵਿਚ ਅਜਿਹੇ ਹਾਲਾਤਾਂ ਬਾਰੇ ਵਿਚਾਰ, ਅੱਜ ਤੋਂ ਲਗਭਗ 525 ਸਾਲ ਪਹਿਲਾਂ ਹੀ ਅੰਕਿਤ ਕਰ ਦਿੱਤੇ ਗਏ ਸਨ। ਗੁਰਬਾਣੀ ਵਿਚ ਪ੍ਰਦੂਸ਼ਣ ਦਾ ਵਰਨਣ ਸੂਤਕ ਵਜੋਂ ਕੀਤਾ ਗਿਆ ਹੈ। ਗੁਰਬਾਣੀ ਦਾ ਕਥਨ ਹੈ;
ਸੂਤਕੁ ਅਗਨਿ ਭਖੈ ਜਗੁ ਖਾਇ ॥ (ਮ. 1, ਪੰਨਾ 413)
ਭਾਵ: ਪ੍ਰਦੂਸ਼ਣ ਬਲਦੀ ਅੱਗ ਵਾਂਗ ਹੈ, ਜੋ ਸਾਰੇ ਸੰਸਾਰ ਨੂੰ ਜਲਾ ਰਹੀ ਹੈ।
ਸੂਤਕੁ ਜਲਿ ਥਲਿ ਸਭ ਹੀ ਥਾਇ ॥ (ਮ. 1, ਪੰਨਾ 413)
ਭਾਵ: ਪ੍ਰਦੂਸ਼ਣ ਪਾਣੀ ਵਿਚ, ਧਰਤੀ ਉੱਤੇ ਤੇ ਹਰ ਜਗ੍ਹਾ ਵਿਖੇ ਮੌਜੂਦ ਹੈ।
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
(ਭਗਤ ਕਬੀਰ ਜੀ, ਪੰਨਾ 331)
ਭਾਵ: ਪ੍ਰਦੂਸ਼ਣ ਪਾਣੀ ਵਿੱਚ ਹੈ, ਅਤੇ ਧਰਤੀ ਉੱਤੇ ਵੀ ਮੌਜੂਦ ਹੈ। ਪ੍ਰਦੂਸ਼ਣ ਲਗਾਤਾਰ ਪੈਦਾ ਕੀਤਾ ਜਾ ਰਿਹਾ ਹੈ।
ਪ੍ਰਦੂਸ਼ਣ ਭਰੇ ਹਾਲਾਤਾਂ ਨਾਲ ਨਜਿੱਠਣ ਲਈ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਸੁਯੋਗ ਰਾਹ ਸੁਝਾਉਂਦੀ ਹੈ। ਗੁਰੂ ਨਾਨਕ ਦੇਵ ਜੀ ਬਿਆਨ ਕਰਦੇ ਹਨ ਕਿ ਪ੍ਰਦੂਸ਼ਣ ਭਰੇ ਹਾਲਾਤਾਂ ਦੇ ਹੱਲ ਲਈ, ਸੱਭ ਤੋਂ ਪਹਿਲਾਂ ਤਾਂ ਸਾਨੂੰ ਪਰਦੂਸ਼ਣ ਦੇ ਕਾਰਣਾਂ, ਪ੍ਰਭਾਵਾਂ ਅਤੇ ਰੋਕਥਾਮ ਕਾਰਜਾਂ ਦਾ ਗਿਆਨ ਹਾਸਿਲ ਕਰਨਾ ਅਤਿ ਜ਼ਰੂਰੀ ਹੈ। ਇਸ ਉਪਰੰਤ ਰੋਕਥਾਮ ਕਾਰਜਾਂ ਸਬੰਧਤ ਸੁਯੋਗ ਅਮਲੀ ਕਾਰਜ ਕਰਕੇ ਹੀ ਅਸੀਂ ਯੋਖ਼ਮਮਈ ਹਾਲਾਤਾਂ ਵਿਚ ਸੁਧਾਰ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਦਾ ਕਥਨ ਹੈ;
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥ (ਮ. 1, ਪੰਨਾ 472)
ਭਾਵ: (ਗੁਰੂ) ਨਾਨਕ ਦਾ ਕਥਨ ਹੈ ਕਿ ਸਿਰਫ਼ ਜਾਨਣ ਨਾਲ ਕਿ ਪ੍ਰਦੂਸ਼ਣ ਹੈ, ਇਸ ਅਸ਼ੁੱਧਤਾ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਇਹ ਕੇਵਲ ਗਿਆਨ (ਕੀ, ਕਿਉਂ ਤੇ ਕਿਵੇਂ? ਜਾਨਣ ਨਾਲ) ਅਤੇ ਸਿਆਣਪ (ਰੋਕਥਾਮ ਢੰਗਾਂ) ਦੀ ਵਰਤੋਂ ਦੁਆਰਾ ਖਤਮ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਕੁਦਰਤ ਨਾਲ ਸੁਮੇਲਤਾ ਵਿਚ ਰਹਿਣ ਦੀ ਮਹੱਤਤਾ ਦੱਸਦੇ ਹਨ। ਮਨੁੱਖ ਅਤੇ ਕੁਦਰਤ ਦੀ ਪ੍ਰਸਪਰ ਸੰਬੰਧਤਾ ਦੀ ਧਾਰਣਾ, ਧਰਤੀ ਅਤੇ ਇਸ ਦੀ ਵਾਤਾਵਰਣ ਪ੍ਰਣਾਲੀ ਦੀ ਸੁਰੱਖਿਆ ਲਈ ਸਾਡੇ ਸਾਰਿਆਂਂ ਨੂੰ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ। ਗੁਰਬਾਣੀ ਦਾ ਸਦੀਵੀ ਸੰਦੇਸ਼ ਹੈ ਕਿ ਸਾਨੂੰ ਆਪਣੀ ਧਰਤੀ-ਮਾਂ ਅਤੇ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ। ਅਜਿਹੀ ਸੋਚ, ਸਾਡੀਆਂ ਸਮਕਾਲੀ ਵਾਤਾਵਰਣੀ ਚਿੰਤਾਵਾਂ ਦੇ ਹੱਲ ਲਈ ਅਤੇ ਸਾਡੀ ਧਰਤੀ ਉਪਰ ਜੀਵਨ ਦੇ ਚਿਰ-ਸਥਾਈਪਣ ਲਈ ਬਹੁਤ ਢੁੱਕਵੀਂ ਹੈ। ਇਹ ਵਿਚਾਰਧਾਰਾ, ਵਿਸ਼ਵ ਸ਼ਾਂਤੀ ਦੀ ਪ੍ਰਾਪਤੀ ਦੇ ਰਾਹ ਦੀਆਂ ਰੁਕਾਵਟਾਂ ਨਾਲ ਨਜਿੱਠਣ ਲਈ, ਸਾਨੂੰ ਸਾਰਿਆਂ ਨੂੰ ਪ੍ਰੇਰਣਾ ਪ੍ਰਦਾਨ ਕਰਨ ਦੇ ਸਮਰਥ ਹੈ। ਵਾਤਾਵਰਣੀ ਮਸਲਿਆਂ ਦੇ ਹੱਲ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਅਗੁਵਾਈ ਦਾ ਅਨੁਸਰਣ ਕਰਣ ਵਾਲੀਆਂ ਕੁਝ ਕੁ ਵਿਲੱਖਣ ਹਸਤੀਆਂ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ 160 ਕਿਲੋਮੀਟਰ ਲੰਮੀ ਕਾਲੀ ਵੇਂਈ ਨਦੀ ਦੀ ਸਾਫ਼-ਸਫ਼ਾਈ ਕਰਕੇ, ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਨੇ ਹੁਣ ਤਕ ਤਕਰੀਬਨ 3.46 ਲੱਖ ਰੁੱਖ ਲਗਾ ਕੇ, ਅਤੇ ਈਕੋਸਿੱਖ, ਸੰਸਥਾ ਨੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਦੇ ਮੌਕੇ ਉੱਤੇ ਵਿਸ਼ਵਵਿਆਪੀ ਪੱਧਰ ਉੱਤੇ 10 ਲੱਖ ਰੁੱਖ ਲਗਾਉਣ ਨਾਲ, ਵਾਤਾਵਰਣੀ ਮਸਲਿਆਂ ਦੇ ਹੱਲ ਲਈ ਅਹਿਮ ਯੋਗਦਾਨ ਪਾਇਆ ਹੈ। ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਤੇ ਰੋਕਥਾਮ : ਅਜੋਕੇ ਸਮਾਜ ਵਿਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਵੱਡੇ ਪੱਧਰ ਉੱਤੇ ਫੈਲਿਆ ਹੋਇਆ ਹੈ। ਜੋ ਇਕ ਬਹੁਤ ਗੰਭੀਰ ਸਮਾਜਿਕ ਮਸਲਾ ਹੈ। ਇਹ ਜਨ-ਸਾਧਾਰਣ ਵਿਚ ਪ੍ਰੇਸ਼ਾਨੀ ਅਤੇ ਅਸ਼ਾਂਤੀ ਪੈਦਾ ਕਰਨ ਦਾ ਵੱਡਾ ਕਾਰਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਵਿਚ ਸਮਾਜਿਕ ਜ਼ਿੰਮੇਵਾਰੀ ਇਕ ਬੁਨਿਆਦੀ ਧਾਰਣਾ ਹੈ। ਮਾਨਵਤਾ ਦੀ ਸਮਾਜਿਕ ਅਤੇ ਅਧਿਆਤਮਕ ਭਲਾਈ ਇਸਦਾ ਮੁੱਖ ਉਦੇਸ਼ ਹੈ। ਗੁਰਬਾਣੀ ਵਿਚ ਇਸ ਸੰਸਾਰ ਨੂੰ ‘ਧਰਮਸਾਲ’ ਕਿਹਾ ਗਿਆ ਹੈ। ਗੁਰਬਾਣੀ ਦਾ ਉਦੇਸ਼, ਨੈਤਿਕਤਾ ਅਧਾਰਿਤ ਇੱਕ ਨਵੀਂ ਸਮਾਨਤਾਵਾਦੀ ਸਮਾਜਿਕ ਵਿਵਸਥਾ ਦੀ ਸਿਰਜਣਾ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਕੇਂਦਰੀ ਭਾਵ ਹੈ: ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਗੁਰੂ ਸਾਹਿਬ ਦਾ ਕਥਨ ਹੈ;
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (ਮ. 1, ਪੰਨਾ 1245)
ਭਾਵ: (ਗੁਰੂ) ਨਾਨਕ ਦਾ ਕਥਨ ਹੈ ਕਿ ਨੇਕੀ ਭਰੇ ਉੱਦਮ ਨਾਲ ਮਿਹਨਤ ਕਰਕੇ ਕੀਤੀ ਕਮਾਈ, ਨੂੰ ਲੋੜਵੰਦਾਂ ਨਾਲ ਸਾਂਝਾ ਕਰਨਾ ਹੀ ਨੇਕ ਚਾਲ-ਚਲਣ ਦਾ ਆਧਾਰ ਹੈ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ, ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਦੁਆਰਾ ਨੇਕੀ ਭਰੀ ਮਨੁੱਖੀ ਘਾਲਣਾ, ਸਾਂਝੀਵਾਲਤਾ ਤੇ ਭਾਈਚਾਰਕ ਗੁਣਾਂ ਦੀ ਪਾਲਣਾ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਨ। ਕਿਰਤ ਕਰੋ ਦੇ ਸਿਧਾਂਤ ਨਾਲ ਗੁਰਬਾਣੀ ਸਾਨੂੰ ਆਪਣੇ ਕੁਦਰਤੀ ਗੁਣਾਂ ਦੀ ਵਰਤੋਂ ਨਾਲ ਸਖਤ ਮਿਹਨਤ ਕਰਦੇ ਹੋਏ, ਆਪਣੇ, ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ, ਇਮਾਨਦਾਰੀ ਭਰਿਆ ਜੀਵਨ ਬਤੀਤ ਕਰਨ ਦੀ ਤਾਕੀਦ ਕਰਦੀ ਹੈ। ਦੂਸਰਾ ਮੁੱਖ ਸਿਧਾਂਤ ਵੰਡ ਛਕੋ, ਸਵੈ-ਗਰਜ਼ ਪੂਰਤੀ ਤੋਂ ਪਹਿਲਾਂ, ਆਪਣੀ ਕਿਰਤ ਦਾ ਫਲ ਦੂਜਿਆਂ ਨਾਲ ਸਾਂਝਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸ ਤਰ੍ਹਾਂ ਗੁਰਬਾਣੀ ਦਾ ਅਨੁਯਾਈ ਸਾਰੇ ਭਾਈਚਾਰੇ ਲਈ ਪ੍ਰੇਰਣਾ ਅਤੇ ਮਦਦਗਾਰ ਵਜੋਂ ਸਫਲ ਜੀਵਨ ਜੀਉਂਦਾ ਹੈ। ਗੁਰੂ ਨਾਨਕ ਜੀ ਦੀ ਬਾਣੀ ਦਾ ਤੀਜਾ ਮੁੱਖ ਸਿਧਾਂਤ ਨਾਮ ਜਪੋ, ਸਾਨੂੰ, ਪ੍ਰਮਾਤਮਾ ਅਤੇ ਉਸ ਦੀ ਸਿਰਜਣਾ ਨਾਲ ਪਿਆਰ ਭਰਿਆ ਜੀਵਨ ਜੀਉਣ ਦਾ ਸੱਦਾ ਦਿੰਦਾ ਹੈ। ਗੁਰਬਾਣੀ ਸਾਨੂੰ ਬੁਰੀ ਸੰਗਤ, ਕੁਕਰਮੀਆਂ ਅਤੇ ਚੁਗਲਖੋਰਾਂ ਦੀ ਸੰਗਤ ਤੋਂ ਪਰਹੇਜ਼ ਕਰਦਿਆਂ ਸਮਾਜਿਕ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਆਦੇਸ਼ ਦਿੰਦੀ ਹੈ। ਇਹ ਰੋਜ਼ਾਨਾ ਜੀਵਨ ਵਿਚ ਚੰਗਾ ਚਾਲ-ਚਲਣ ਅਪਨਾਉਣ ਉੱਤੇ ਜ਼ੋਰ ਦਿੰਦੀ ਹੈ। ਗੁਰਬਾਣੀ ਦਾ ਕਥਨ ਹੈ ਕਿ;
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(ਮ. 1, ਪੰਨਾ 62)
ਭਾਵ : ਬੇਸ਼ਕ ਸੱਚ ਬੋਲਣਾ ਉੱਤਮ ਗੁਣ ਹੈ, ਪਰ ਸੱਚੇ-ਸੁੱਚੇ ਆਚਰਣ ਵਾਲਾ ਜੀਵਨ ਚਲਣ, ਉਸ ਤੋਂ ਵੀ ਉੱਤਮ ਹੈ।
ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੋਸ਼ਣ, ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਭਰੇ ਜੀਵਨ ਚਲਣ ਦੀ ਪਰੁਜ਼ੋਰ ਨਿੰਦਾ ਕਰਦੀ ਹੈ। ਗੁਰਬਾਣੀ ਦਾ ਕਥਨ ਹੈ;
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ (ਮ। 1, ਪੰਨਾ 141) ਭਾਵ : ਦੂਸਰੇ ਲੋਕਾਂ ਦੇ ਹੱਕਾਂ ਉੱਤੇ ਡਾਕਾ ਮਾਰਨ ਤੋਂ ਠੀਕ ਅਜਿਹਾ ਹੀ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਮੁਸਲਮਾਨ, ਸੂਰ ਦਾ ਮਾਸ ਖਾਣ ਤੋਂ ਪਰਹੇਜ਼ ਕਰਦੇ ਹਨ ਅਤੇ ਹਿੰਦੂ, ਗਊ ਦਾ ਮਾਸ ਖਾਣ ਤੋਂ।
ਗੁਰਬਾਣੀ ਸਾਨੂੰ ਮਾੜੇ ਕੰਮਾਂ ਤੋਂ ਪਰਹੇਜ਼ ਕਰਨ ਦੀ ਤਾਕੀਦ ਕਰਦੀ ਹੈ। ਗੁਰੂ ਨਾਨਕ ਸਾਹਿਬ ਦਾ ਫੁਰਮਾਣ ਹੈ;
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ (ਮ. 1, ਪੰਨਾ 15)
ਭਾਵ: ਲਾਲਚ ਕਾਰਣ ਮਨੁੱਖ, ਰੋਟੀ ਲਈ ਦਰ ਦਰ ਭਟਕ ਰਹੇ ਕੁੱਤੇ ਵਾਂਗ ਥਾਂ ਥਾਂ ਦੀਆਂ ਠੋਕਰਾਂ ਖਾਂਦਾ ਹੈ। ਝੂਠ ਬੋਲਣ ਵਾਲਾ ਵਿਅਕਤੀ ਨੀਚ ਸੁਭਾਅ ਵਾਲਾ ਹੁੰਦਾ ਹੈ। ਕਿਸੇ ਨਾਲ ਧੋਖਾ ਕਰਨਾ ਇੰਝ ਹੈ ਜਿਵੇਂ ਕੋਈ ਮੁਰਦੇ ਨੂੰ ਚੱਖ ਮਾਰ ਰਿਹਾ ਹੋਵੇ। ਭਾਵ: ਸੁਚੱਜੇ ਜੀਵਨ ਚਲਣ ਲਈ ਸਾਨੂੰ ਲਾਲਚ, ਝੂਠ ਤੇ ਠੱਗੀ ਵਰਗੀਆਂ ਬੁਰਾਈਆਂ ਤੋਂ ਬੱਚਣਾ ਅਤਿ ਜ਼ਰੂਰੀ ਹੈ।
ਗੁਰਬਾਣੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਦੂਜਿਆਂ ਦਾ ਸ਼ੋਸ਼ਣ ਕਰਨਾ ਇਕ ਮਰੇ ਹੋਏ ਆਦਮੀ ਦਾ ਮਾਸ ਖਾਣ ਵਾਂਗ ਹੈ। ਗੁਰਬਾਣੀ ਵਿਚ ਸਾਰੇ ਜੀਵਾਂ ਨੂੰ ਸਬਰ-ਸੰਤੋਖ ਭਰੀ ਜ਼ਿੰਦਗੀ ਜਿਉਣ ਅਤੇ ਹੋਰਨਾਂ ਦੇ ਮਾਣ-ਸਨਮਾਨ, ਜਾਇਦਾਦ ਅਤੇ ਸਵੈਪਣ ਦਾ ਆਦਰ ਕਰਨ ਲਈ ਸਲਾਹ ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ ਸਮਾਜਿਕ ਆਦਰਸ਼, ਸਾਡੇ ਸਮਾਜ ਵਿਚੋਂ ਭ੍ਰਿਸ਼ਟਾਚਾਰ ਅਤੇ ਹੋਰ ਭੈੜੀਆਂ ਬੁਰਾਈਆਂ ਨੂੰ ਖਤਮ ਕਰਨ ਵਿਚ ਸਹਾਇਤਾ ਕਰ ਸਕਦੇ ਹਨ। ਜਿਸ ਨਾਲ ਸ਼ਾਂਤੀਪੂਰਨ ਸਹਿਹੌਂਦ ਅਤੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਸਹਿਜੇ ਹੀ ਸੰਭਵ ਹੈ।
ਮਾਦਕ ਪਦਾਰਥਾਂ ਦੀ ਦੁਰਵਰਤੋਂ ਅਤੇ ਏਡਜ਼ ਤੋਂ ਛੁਟਕਾਰਾ : ਅਜੋਕੇ ਸਮੇਂ ਦੌਰਾਨ ਮਨੁੱਖੀ ਸਮਾਜ ਵਿਚ ਨਸ਼ਿਆਂ ਦੀ ਵਰਤੋਂ ਵੱਡੇ ਪੱਧਰ ਉੱਤੇ ਆਮ ਪ੍ਰਚਲਿਤ ਹੋ ਚੁੱਕੀ ਹੈ। ਜਿਸ ਕਾਰਣ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਨਸ਼ਿਆਂ ਦਾ ਦੈਂਤ, ਨੌਜਵਾਨ ਪੀੜ੍ਹੀ ਉੱਤੇ ਆਪਣੀ ਜਕੜ੍ਹ ਪੂਰੀ ਤਰ੍ਹਾਂ ਕਾਇਮ ਕਰ ਚੁੱਕਾ ਹੈ। ਜਿਸ ਦੇ ਫਲਸਰੂਪ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਅਤੇ ਮਨੁੱਖੀ ਬਿਮਾਰੀਆਂ ਦਾ ਜਨਮ ਹੋ ਚੁੱਕਾ ਹੈ। ਲੱਚਰ ਟੈਲੀਵਿਯਨ ਪ੍ਰੋਗਰਾਮਾਂ ਅਤੇ ਅਸ਼ਲੀਲ ਫਿਲਮਾਂ ਰਾਹੀਂ ਅਨੈਤਿਕ ਮਾਨਵੀ ਸੰਬੰਧਾਂ ਦੇ ਪ੍ਰਸਾਰਣ ਅਤੇ ਗੰਦੇ ਪੌਪ-ਸੰਗੀਤ ਦੀ ਪ੍ਰਫੁੱਲਤਾ ਦੇ ਨਾਲ ਨਾਲ ਪਦਾਰਥਵਾਦੀ ਸਭਿਆਚਾਰ ਦੇ ਉਭਾਰ ਨੇ, ਮਨੁੱਖਾਂ ਵਿਚਾਲੇ ਨਾਜਾਇਜ਼ ਸੰਬੰਧਾਂ ਦੇ ਵਾਧੇ ਲਈ ਇਕ ਜਰਖੇਜ਼ ਜ਼ਮੀਨ ਪ੍ਰਦਾਨ ਕੀਤੀ ਹੈ। ਇਸ ਨਾਲ ਸਮਾਜ ਦੀ ਭੌਤਿਕ, ਨੈਤਿਕ ਅਤੇ ਅਧਿਆਤਮਿਕ ਅਵਸਥਾ ਨੂੰ ਭਾਰੀ ਸੱਟ ਲੱਗੀ ਹੈ। ਸਿੱਟੇ ਵਜੋਂ, ਏਡਜ਼ ਅਤੇ ਨਸ਼ਾਖੋਰੀ ਦੀਆਂ ਅਲਾਮਤਾਂ ਮਨੁੱਖਾਂ ਉੱਤੇ ਬਹੁਤ ਮਾੜਾ ਪ੍ਰਭਾਵ ਪਾ ਰਹੀਆਂ ਹਨ। ਪ੍ਰੰਤੂ, ਇਸ ਖੇਤਰ ਵਿਚ ਵੀ, ਗੁਰੂ ਨਾਨਕ ਬਾਣੀ ਸਾਨੂੰ ਰਾਹਨੁਮਾਈ ਪ੍ਰਦਾਨ ਕਰਨ ਦੇ ਸਮਰੱਥ ਹੈ। ਗੁਰੂ ਸਾਹਿਬ ਦਾ ਕਥਨ ਹੈ;
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਮ. 1, ਪੰਨਾ 16)
ਭਾਵ: ਹੇ ਸਿਆਣੇ ਮਿੱਤਰ! ਉਹ ਸਾਰਾ ਖਾਣਾ ਅਤੇ ਅਨੰਦ ਵਿਅਰਥ ਹੈ, ਜੋ ਮਨ ਨੂੰ ਬੁਰਾਈਆਂ ਨਾਲ ਭਰ ਦੇਵੇ ਅਤੇ ਸਰੀਰ ਨੂੰ ਦੁਖ ਪਹੁੰਚਾਉਂਦਾ ਹੈ।
ਗੁਰਬਾਣੀ ਸਾਨੂੰ ਮਾਦਕ ਪਦਾਰਥ ਅਤੇ ਨਸ਼ੇ ਲੈਣ ਤੋਂ ਵਰਜਦੀ ਹੈ, ਅਤੇ ਉਨ੍ਹਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਵੀ ਦਿੰਦੀ ਹੈ। ਗੁਰੂ ਸਾਹਿਬ ਦਾ ਫੁਰਮਾਣ ਹੈ;
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ (ਮ. 5, ਪੰਨਾ 399)
ਭਾਵ ਉਹ ਲੋਕ, ਜੋ ਬੁਰੇ ਪ੍ਰਭਾਵ ਵਾਲੇ ਮਾਦਕ ਪਦਾਰਥਾਂ ਦਾ ਸੇਵਨ ਕਰਦੇ ਹਨ, ਉਹ ਆਪਣੀ ਅਕਲ ਗੁਆ ਲੈਂਦੇ ਹਨ। ਵਿਆਹੁਤਾ ਸੰਬੰਧਾਂ ਨਾਲ ਜੁੜੇ ਪਵਿੱਤਰਤਾ ਅਤੇ ਵਫ਼ਾਦਾਰੀ ਦੇ ਕਰਤੱਵਾਂ ਨੂੰ ਨਿਯਮਿਤ ਰੂਪ ਦੇਣ ਵਿਚ, ਪਰਿਵਾਰ ਵਿਚ ਵਫ਼ਾਦਾਰੀ ਤੇ ਸਤਿਕਾਰ ਦੀ ਨਿਸ਼ਿਚਤਤਾ ਕਾਇਮ ਰੱਖਣ ਲਈ, ਅਤੇ ਵਿਭਚਾਰ ਤੋਂ ਬਚਣ ਲਈ ਗੁਰਬਾਣੀ ਵਿਚ ਉਚਿਤ ਸਿੱਖਿਆ ਬਿਆਨ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ;
ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ॥ (ਮ. 1, ਪੰਨਾ 1255 )
ਭਾਵ : ਦੂਜਿਆਂ ਦੀਆਂ ਪਤਨੀਆਂ ਉੱਤੇ ਬੁਰੀ ਨਜ਼ਰ ਰੱਖਣਾ, ਦੂਜਿਆਂ ਦੀ ਦੌਲਤ ਦੀ ਲਾਲਸਾ ਕਰਨਾ, ਲਾਲਚ ਅਤੇ ਹੰਕਾਰ ਕਰਨਾ ਪਾਪ ਹੈ। ਭੈੜੀਆਂ ਭਾਵਨਾਵਾਂ, ਦੂਜਿਆਂ ਦੀ ਨਿੰਦਿਆ, ਕਾਮ ਅਤੇ ਕ੍ਰੋਧ ਦਾ ਤਿਆਗ ਕਰਨਾ ਚਾਹੀਦਾ ਹੈ।
ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ (ਮ. 1, ਪੰਨਾ 932)
ਭਾਵ: ਕਾਮ ਵਾਸ਼ਨਾ ਪ੍ਰੇਰਿਤ ਰੁਚੀਆਂ ਅਤੇ ਕ੍ਰੋਧ ਦੀ ਆਦਤ ਸਰੀਰ ਨੂੰ ਬਰਬਾਦ ਕਰ ਦਿੰਦੀ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸੁਝਾਏ ਨੈਤਿਕ ਸਿਧਾਂਤਾਂ ਦੀ ਵਰਤੋਂ ਕਰਦਿਆਂ, ਸਾਡਾ ਸਮਾਜ ਨਸ਼ਿਆਂ ਦੇ ਅਮਲ ਤੇ ਇਸ ਅਮਲ ਕਾਰਣ ਪੈਦਾ ਹੋਈਆਂ/ ਹੋ ਰਹੀਆਂ ਬੁਰਾਈਆਂ ਤੋਂ ਛੁਟਕਾਰਾ ਪਾ ਸਕਦਾ ਹੈ। ਇੱਥੋਂ ਤੱਕ ਕਿ ਏਡਜ਼ ਦੇ ਦੈਂਤ ਨੂੰ ਕਾਬੂ ਕਰਨਾ, ਅਤੇ ਪੂਰੀ ਤਰ੍ਹਾਂ ਖ਼ਤਮ ਕਰਨਾ ਵੀ ਸੰਭਵ ਹੈ।
ਨਸਲਵਾਦ, ਅੱਤਵਾਦ ਅਤੇ ਯੁੱਧ ਦਾ ਖ਼ਾਤਮਾ : ਅਜੋਕੇ ਸਮੇਂ ਵਿਚ ਮਨੁੱਖ, ਬੌਧਿਕ ਅਤੇ ਪਦਾਰਥਕ ਤੌਰ ਉੱਤੇ, ਦੋਵੇਂ ਤਰ੍ਹਾਂ ਹੀ, ਬਹੁਤ ਉੱਨਤੀ ਕਰ ਚੁੱਕਾ ਹੈ। ਫਿਰ ਵੀ, ਲੋਕਾਂ ਵਿਚ ਆਪਸੀ ਟਕਰਾਓ ਅਤੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਸਰਬੋਤਮਤਾ ਲਈ ਪ੍ਰਸਪਰ ਸੰਘਰਸ਼ ਜਾਰੀ ਹੈ। ਸਿੱਟੇ ਵਜੋਂ, ਕਈ ਦੇਸ਼ ਇੱਕ ਦੂਜੇ ਨਾਲ ਲੜਦੇ ਹੋਏ ਅੱਤਵਾਦ, ਨਸਲਵਾਦ ਅਤੇ ਮਨੁੱਖਜਾਤੀ ਲਈ ਦੁਖਾਂਤ ਨੂੰ ਜਨਮ ਦੇ ਰਹੇ ਹਨ। ਗੁਰਬਾਣੀ ਦਾ ਵਿਖਿਆਨ ਹੈ ਕਿ ਹਉਮੈ, ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਦੋਸ਼ਾਂ ਦਾ ਕਾਰਨ ਹੈ। ਇਹ ਮਨੁੱਖਾਂ ਵਿਚਕਾਰ ਆਪਸੀ ਕਲੇਸ਼, ਵਿਭਿੰਨ ਮਨੁੱਖੀ ਸਮਾਜਾਂ ਦੇ ਪ੍ਰਸਪਰ ਟਕਰਾਓ, ਅਤੇ ਭਿੰਨ ਭਿੰਨ ਦੇਸ਼ਾਂ ਦੇ ਆਪਸ ਵਿਚ ਸੰਘਰਸ਼ ਦਾ ਮੂਲ ਕਾਰਨ ਹੈ। ਲੰਮੇ ਅਰਸੇ ਦੌਰਾਨ, ਸੱਭਿਆਚਾਰਕ ਰਵਾਇਤਾਂ ਦੇ ਨਤੀਜੇ ਵਜੋਂ, ਮਨੁੱਖ ਵਿਚ ਵਿਕਸਤ ਹੋਇਆ ਪਰਉਪਕਾਰੀ ਰੁਝਾਨ ਸਿਰਫ਼ ਸਤਹੀ ਹੀ ਹੈ। ਜਿਸ ਸਮੇਂ ਮਨੁੱਖੀ ਹੋਂਦ ਦੇ ਬਣੇ ਰਹਿਣ ਲਈ ਜਦੋਜਹਿਦ ਤੀਬਰ ਹੋ ਜਾਂਦੀ ਹੈ, ਮਨੁੱਖ ਦੀ ਮੂਲ ਖੁਦਗਰਜ਼ੀ ਦੀ ਭਾਵਨਾ ਪ੍ਰਗਟ ਹੋਣ ਲਗਦੀ ਹੈ। ਇਸ ਤਰ੍ਹਾਂ ਮਨੁੱਖ, ਸਮਾਜਿਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਟਕਰਾਓ ਦਾ ਸ਼ਿਕਾਰ ਬਨਣ ਲਗਦਾ ਹੈ। ਗੁਰਬਾਣੀ ਬਿਆਨ ਕਰਦੀ ਹੈ ਕਿ ਮਨੁੱਖ ਦਾ ਹਉਮੈ ਦੀ ਭਾਵਨਾ ਉੱਤੇ ਕਾਬੂ ਪਾਣ ਸਕਣਾ ਸੰਭਵ ਹੈ। ਅਜਿਹਾ ਮਨੁੱਖੀ ਚੇਤਨਾ ਨੂੰ ਪਰਮਾਤਮਾ, ਨਾਮ ਜਾਂ ਮੂਲ ਚੇਤਨਾ ਨਾਲ ਜੋੜ ਕੇ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਦਾ ਕਥਨ ਹੈ;
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ (ਮਹਲਾ 2, ਪੰਨਾ 466)
ਭਾਵ: ਹੰਕਾਰ ਕਰਨਾ, ਇਕ ਭਿਆਨਕ ਬਿਮਾਰੀ ਹੈ, ਪਰ ਇਸ ਦਾ ਇਲਾਜ਼ ਵੀ ਸੰਭਵ ਹੈ। ਜੇਕਰ ਪ੍ਰਭੂ ਮਿਹਰ ਕਰੇ, ਤਾਂ ਗੁਰੂ ਦੀ ਸਿੱਖਿਆ (ਸ਼ਬਦ) ਅਨੁਸਾਰ ਜੀਵਨ ਚਲਣ ਰਾਹੀਂ ਅਜਿਹਾ ਕੀਤਾ ਜਾ ਸਕਦਾ ਹੈ। ਮਨੁੱਖਾਂ ਵਿਚ ਵਿਭਿੰਨ ਧਾਰਮਿਕ ਹੌਂਦ ਦੇ ਬਾਵਜੂਦ, ਭਿੰਨ -ਭਿੰਨ ਭਾਈਚਾਰਿਆਂ ਅਤੇ ਕੌਮਾਂ ਵਿਚਕਾਰ ਸਦਭਾਵਨਾਪੂਰਣ ਸੰਬੰਧ ਕਾਇਮ ਰੱਖਣ ਲਈ, ਸਾਰੇ ਮਨੁੱਖਾਂ ਨੂੰ ਰੂਹਾਨੀ ਤੌਰ ਉੱਤੇ ਇਕ ਅਤੇ ਨਸਲੀ ਤੌਰ ਉੱਤੇ ਬਰਾਬਰ ਸਮਝਣਾ, ਇਕ ਜ਼ਰੂਰੀ ਸ਼ਰਤ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਬੇਭਰੋਸਗੀ, ਜ਼ੁਲਮ, ਜਬਰ, ਹਿੰਸਾ ਅਤੇ ਅੱਤਵਾਦ ਦੀਆਂ ਬੁਰਾਈਆਂ ਤੋਂ ਮੁਕਤ ਹੋ ਜਾਵੇ, ਤਾਂ ਸਾਨੂੰ ਦੂਸਰਿਆਂ ਨੂੰ ਆਪਣੇ ਭਾਈਚਾਰੇ ਵਜੋਂ ਵੇਖਣਾ ਹੋਵੇਗਾ। ਸਾਨੂੰ ਸਾਡੀ ਸਵੈ-ਹੌਂਦ ਦੇ ਬਣਾਈ ਰੱਖਣ ਵਿਚ, ਦੂਜਿਆਂ ਦੀ ਹੌਂਦ ਲਈ ਖ਼ਤਰੇ ਵਾਲੇ ਹਾਲਾਤ ਪੈਦਾ ਕਰਨ ਦਾ ਕਾਰਣ ਬਨਣ ਤੋਂ ਬੱਚਣਾ ਹੋਵੇਗਾ। ਗੁਰਬਾਣੀ ਦਾ ਕਥਨ ਹੈ;
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ (ਮਹਲਾ 9, ਪੰਨਾ 1427)
ਭਾਵ: ਨਾ ਹੀ ਕਿਸੇ ਨੰ ਡਰਾਓ ਅਤੇ ਨਾ ਹੀ ਕਿਸੇ ਤੋਂ ਡਰੋ।
ਗੁਰਬਾਣੀ ਸਰਬਵਿਆਪਕਤਾ ਦੀ ਭਾਵਨਾ ਦਾ ਸਮਰਥਨ ਕਰਦੀ ਹੈ।
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥
(ਮਹਲਾ 5, ਪੰਨਾ 1299)
ਭਾਵ: ਕੋਈ ਵੀ ਦੁਸ਼ਮਣ ਨਹੀਂ ਹੈ, ਅਤੇ ਕੋਈ ਵੀ ਅਜਨਬੀ ਨਹੀਂ ਹੈ, ਮੇਰਾ ਹਰ ਕਿਸੇ ਨਾਲ ਚੰਗਾ ਮੇਲ-ਮਿਲਾਪ ਹੈਂ। ਸਰਬਵਿਆਪਕ ਭਾਈਚਾਰਾ ਅਤੇ ਸਾਂਝੀਵਾਲਤਾ ਦਾ ਵਿਕਾਸਸਭ ਦੇ ਸਾਂਝੇ ਜਨਮਦਾਤਾ ਵਜੋਂ ਪਰਮਾਤਮਾ ਦਾ ਸਕੰਲਪ ਅਤੇ ਸਰਬਵਿਆਪਕ ਮਨੁੱਖੀ ਭਾਈਚਾਰੇ ਦਾ ਆਦਰਸ਼, ਮਨੁੱਖ ਦੇ ਸਾਰੇ ਵਿਵਾਦਾਂ ਨੂੰ ਸੁਲਝਾਉਣ ਲਈ ਬੁਨਿਆਦੀ ਮਹੱਤਵ ਰੱਖਦੇ ਹਨ। ਗੁਰਬਾਣੀ ਦਾ ਮੂਲ ਸੰਦੇਸ਼ ਹੈ ਕਿ ਪਰਮਾਤਮਾ ਸਭ ਦਾ ਪਿਤਾ ਹੈ ਅਤੇ ਅਸੀਂ ਉਸਦੇ ਬੱਚੇ ਹਾਂ।
ਏਕੁ ਪਿਤਾ ਏਕਸ ਕੇ ਹਮ ਬਾਰਿਕ॥ (ਮ. 5, ਪੰਨਾ 611)
ਭਾਵ: ਇਕ ਪਰਮਾਤਮਾ ਸਾਰਿਆਂ ਦਾ ਪਿਤਾ ਹੈ; ਅਤੇ ਅਸੀਂ ਉਸਦੇ ਬੱਚੇ ਹਾਂ। ਸਾਰੇ ਜੀਵਾਂ ਵਿਚ ਪ੍ਰਮਾਤਮਾ ਦੀ ਹੌਂਦ ਦਾ ਵਿਚਾਰ, ਸਾਨੂੰ ਦੂਸਰੇ ਲੋਕਾਂ ਦੀ ਵਿਭਿੰਨਤਾ ਵਿਚ ਵੀ, ਉਨ੍ਹਾਂ ਨਾਲ ਪਿਆਰ ਕਰਨ ਦਾ ਪ੍ਰੇਰਕ ਬਣਦਾ ਹੈ। ਇੰਝ ਮਨੁੱਖਤਾ ਲਈ ਪਿਆਰ, ਪਰਮਾਤਮਾ ਨਾਲ ਪਿਆਰ ਦਾ ਲਾਜ਼ਮੀ ਅੰਗ ਬਣ ਜਾਂਦਾ ਹੈ। ਅਜਿਹੇ ਪਿਆਰ ਦੇ ਸਹੀ ਪ੍ਰਗਟਾ ਲਈ, ਗੁਰਬਾਣੀ, ਸਮੂਹ ਜੀਵਾਂ ਦੀ ਨਿਸ਼ਕਾਮ ਸੇਵਾ ਦੀ ਦੱਸ ਪਾਉਂਦੀ ਹੈ। ਨਿਸ਼ਕਾਮ ਸੇਵਾ ਦੀ ਮਿਸਾਲ ਵਜੋਂ ਭਾਈ ਘਨੱਈਆ ਜੀ, ਬਾਬਾ ਨਿਧਾਨ ਸਿੰਘ, ਭਗਤ ਪੂਰਨ ਸਿੰਘ, ਬੀਬੀ ਇੰਦਰਜੀਤ ਕੌਰ, ਬਾਬਾ ਲਾਭ ਸਿੰਘ ਅਤੇ ਖਾਲਸ ਏਡ ਦਾ ਨਾਂ ਵਰਨਣਯੋਗ ਹੈ। ਜਿਨ੍ਹਾਂ ਨੇ ਸਰਬ ਸਾਂਝੇ ਭਾਈਚਾਰੇ ਦੀ ਸਥਾਪਤੀ ਤੇ ਪ੍ਰਫੁੱਲਤਾ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹੋਏ ਗੁਰਬਾਣੀ ਦੇ ਹੇਠਾਂ ਵਰਨਿਤ ਕਥਨ ਨੂੰ ਸਾਰਥਕ ਕੀਤਾ ਹੈ/ਕਰ ਰਹੇ ਹਨ।
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥
(ਮ. 5, ਪੰਨਾ 97)
ਭਾਵ: ਹੇ ਪਰਮਾਤਮਾ! ਸਾਰੇ ਜੀਵ ਤੇਰੀ ਅਪਾਰ ਕਿਰਪਾ ਸਦਕਾ ਸਾਂਝੀਵਾਲ ਬਣ ਜਾਣ।
ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੈਤਿਕ ਕਦਰਾਂ ਕੀਮਤਾਂ ਦੀ ਵਰਤੋਂ ਕਰਦਿਆਂ, ਸੰਸਾਰ ਵਿਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਨਿਆਂਵਾਦੀ, ਉਦਾਰਵਾਦੀ, ਵਿਆਪਕ ਅਤੇ ਪਰਉਪਕਾਰੀ ਸਮਾਜਿਕ ਪ੍ਰਬੰਧ ਦੀ ਸਿਰਜਣਾ ‘ਤੇ ਕੇਂਦ੍ਰਿਤ ਹੈ। ਇਹ ਫਲਸਫਾ ਆਪਸੀ ਪਿਆਰ ਨੂੰ ਉਤਸ਼ਾਹਿਤ ਕਰਨ, ਉੱਚ ਨੈਤਿਕ ਆਚਰਣ ਦੀ ਪ੍ਰਫੁੱਲਤਾ, ਸਮਾਜਿਕ ਬਰਾਬਰੀ ਤੇ ਸਰਬ ਸਾਂਝੀਵਾਲਤਾ ਦੇ ਵਿਕਾਸ, ਅਤੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਲਈ ਸਹੀ ਰਾਹਨੁਮਾਈ ਦੇ ਸਮਰਥ ਹੈ। ਇਸ ਫਲਸਫੇ ਦੇ ਮੂਲ ਸਿਧਾਂਤ ਨਾ ਸਿਰਫ ਸਮਕਾਲੀ ਚਿੰਤਾਵਾਂ ਲਈ ਬਹੁਤ ਢੁੱਕਵੇਂ ਹਨ, ਸਗੋਂ ਅਮਲਯੋਗ ਵੀ ਹਨ।

Check Also

ਕਿਉਂ ਨਹੀਂ ਸਮਝਦੀ ਸਰਕਾਰ ਕਿ ਅਸੀਂ ਡੁੱਬ ਰਹੇ ਹਾਂ?

ਗੁਰਮੀਤ ਸਿੰਘ ਪਲਾਹੀ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀ.ਈ.ਐਸ.ਏ.) ਵਲੋਂ ਪਿਛਲੇ …