Breaking News
Home / ਰੈਗੂਲਰ ਕਾਲਮ / ਪਰਵਾਸੀਓ ਨਿਰਾਸ਼ ਨਾ ਹੋਇਓ!

ਪਰਵਾਸੀਓ ਨਿਰਾਸ਼ ਨਾ ਹੋਇਓ!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਕਾਲਮ ਵਿਚ ਛਪੀ ਫੋਟੂ ਵੇਖਣ ਨੂੰ ਖੂਬਸੂਰਤ ਲਗਦੀ ਹੈ ਪਰ ਅੰਦਰੋਂ ਬਦਸੂਰਤ ਹੈ। ਬੈਠੇ ਵਾਲੀ ਥਾਂ ਬੜੀ ਪਿਆਰੀ ਹੈ। ਇਕ ਪਾਸੇ ਸਾਗਰ ਹੈ ਨੀਲਾ ਗਹਿਰਾ। ਪਰ੍ਹੇ ਪੀਲੱਤਣ ਹੈ। ਕੁਰਸੀ ਵੀ ਸੋਹਣੀ। ਹੱਥ ਵਿਚ ਕਾਗਜ, ਕੁਛ ਲਿਖਣੇ ਨੂੰ ਮਜਬੂਰ ਕਰਦੇ ਹੱਥ।
ੲੲੲ
ਪ੍ਰਦੇਸ ਸਾਂ।
ਠੰਢੀਆਂ ਧਰਤੀਆਂ। ਕੋਸੀਆਂ ਹਵਾਵਾਂ। ਧੁੱਪ ਦੀ ਗਲਵੱਕੜੀ। ਉਛਲਦੀਆਂ ਝੀਲਾਂ। ਖੌਲਦੇ ਸਾਗਰ। ਗਗਨ ਚੁੰਭੀ ਇਮਾਰਤਾਂ ਅਕਾਸ਼ ਨਿਹਾਰਦੀਆਂ। ਸੁੰਦਰ ਘਰ,ਚੁੱਪ ਵਿਚ ਲਿਪਟੇ ਹੋਏ, ਇਕੋ ਜਿਹੇ ਡੱਬਿਆਂ ਵਰਗੇ। ਸੱਪ ਦੀ ਜੀਭ ਜਿਹੀਆਂ ਸੜਕਾਂ, ਜਿਵੇਂ ਕੱਚੀ ઠਲੱਸੀ ਨਾਲ ਧੋਤੀਆਂ ઠਹੋਣ ਹੁਣੇ ਹੁਣੇ!
ਸੱਜਣਾਂ-ਸਨੇਹੀਆਂ ਦੀ ਸੰਗਤ। ਮੋਹ ਦੇ ਟੋਕਰੇ।ਮਹਿਫਿਲਾਂ।ਸੈਮੀਨਾਰ। ਰੇਡੀਓ ਟੀਵੀ ਉਤੇ ਵਿਚਾਰ ਚਰਚਾਵਾਂ। ਸੈਰਾਂ ਸੁਹਾਣੀਆਂ ઠਪਰ ਪਿੰਡ ਗੇੜੇ ਦਿੰਦਾ ਸੁਪਨਿਆਂ ਵਿਚ। ਮਾਂ ਹਾਕਾਂ ਮਾਰਦੀ।ਪਿਓ ਸਿਰ ਪਲੋਸਦਾ। ਜਾਗ ਟੁਟਦੀ। ਮੁੜ ਜੁੜਦੀ।
ਇਕ ਦਿਨ। ਅਤਿ ਸੁਰੀਲੀ ਅਵਾਜ਼ ਕੰਨੀਂ ਪੈਂਦੀ ਹੈ। ਮਿੱਤਰ ਨਾਲ ਉਹਦੇ ਫਾਰਮ ਉਤੇ ਜਾ ਰਿਹਾਂ। ਰੇਡੀਓ ਵੱਜ ਰਿਹੈ। ਗੀਤ ਦੇ ਬੋਲ ਨੇ:
ਜਿਥੇ ਆਕੇ ਵਸਗੇ ਆਂ, ਸਾਡੀ ਜਿੰਦ ਵਰਗਾ ਨਹੀਂ ਏਹ ਮੁਲਕ ਤਾਂ ਸੋਹਣਾ ਏਂ ਮੇਰੇ ਪਿੰਡ ਵਰਗਾ ਨਹੀਂ ਅੱਖਾਂ ਭਰ ਆਇਆ ਮੈਂ। ਮਿੱਤਰ ਨੇ ਨੈਪਕਿਨ ਦਿੱਤੈ। ਕੁਛ ਨਾ ਪੁਛਿਆ ਕਿ ਬੇਲੀ, ਕਿਉਂ ਅੱਖਾਂ ਭਰੀਆਂ? ਏਹੀ ਖਾਸੀਅਤ ਹੈ ਏਹਨਾ ਮੁਲਕਾਂ ਦੇ ਬਾਸ਼ਿੰਦਿਆਂ ਦੀ। ਖਾਹ ਮਖਾਹ ਦਖਲ ਨਹੀਂ ਦਿੰਦੇ ਤੁਹਾਡੇ ਨਿੱਜੀ ਮਸਲੇ ਜਾਂ ਵਰਤੋਂ ਵਿਹਾਰ ਵਿਚ, ਉਹ ਵੀ, ਜਿੰਨਾ ਚਿਰ ਤੁਸੀਂ ਅਗਲੇ ਨੇ ਦੱਸੋ ਨਾ! ਗੋਰਿਆਂ ਦੀ ਜੀਵਨ ਸ਼ੈਲੀ ઠਦਾ ਰੰਗ ਜੁ ਚੜ ਗਿਆ ਹੋਇਐ ਆਪਣਿਆ ਉਤੇ ਵੀ। ਵੈਸੇ ਇਹ ਗੱਲ ਚੰਗੀ ਹੀ ਨਹੀਂ, ਸਗੋਂ ਬਾਹਲੀ ਚੰਗੀ ਹੈ।
ੲੲੲ
ਗੀਤ ਨੇ ਖਹਿੜਾ ਨਹੀਂ ਛੱਡਿਆ,ਪਿੱਛੇ ਪੈ ਗਿਆ ਹਰ ਵੇਲੇ। ਗੁਣ ਗੁਣਾਈ ਜਾਵਾਂ :
ਏਹ ਮੁਲਕ ਤਾਂ ਸੋਹਣਾ ਏਂ
ਮੇਰੇ ਪਿੰਡ ਵਰਗਾ ਨਹੀਂ
ਗਾਇਕ ਨਹੀਂ ਲੱਭਾ। ਪੁੱਛਿਆ ਵੀ ਕਈਆਂ ਨੂੰ, ਸਿਰ ਫੇਰ ਗਏ। ਪਿੰਡ ਪਰਤਿਆ। ਹੌਲੀ-ਹੌਲੀ ਗੀਤ ਵੀ ਗੁੰਮ ਗਿਆ। ਇਨ੍ਹਾਂ ਦਿਨਾਂ ਵਿਚ, ਅਚਾਨਕ ਆਪੇ ਲੱਭ ਪਿਆ, ਸੁਣਾਂ ਤਾਂ ਪ੍ਰਦੇਸ ਆਵਾਜ਼ਾਂ ਮਾਰੇ। ਮਿੱਤਰਾਂ ਨੂੰ ਚੇਤੇ ਕਰਦਾ।ਮਨ ਭਰਦਾ। ਅਣ ਗਿਣਤ ਅੰਕਲ ਆਂਟੀਆਂ ਤੇ ਭੈਣ ਭਾਈ, ਸੱਜਣ ਬੇਲੀ ਬਹੁਤ ਯਾਦ ਆਏ ਵਾਰ ਵਾਰ।
ੲੲੲ
ਕੈਸਾ ਹੈ ਮਨੁੱਖੀ ਮਨ- ਸੋਚਦਾਂ। ਕੋਈ ਥਾਹ ਨਹੀਂ ਏਹਦੀ।ਸਮੁੰਦਰ ਤੋਂ ਵੀ ਗਹਿਰਾ।ਸ਼ਾਂਤ ਵੀ ਓਨਾ। ਉਛਲਣ ਲਗਿਆਂ ਵੀ ਪਲ ਨਹੀਂ ਲਾਉਂਦਾ। ਉਸਤਾਦ ਸਵ ਲਾਲ ਚੰਦ ਯਮਲਾ ਜੱਟ ਗਾਇਆ ਕਰਦੇ ਸਨ, ਤੂੰਬੇ ਨਾਲ:
ਦਿਲ ਦਰਿਆ ਸਮੁਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਕਰੋਨਾ ਲੰਘ ਜਾਹ। ਜਾਹ ਮਗਰੋਂ ਲਹਿ। ਜਿਥੋਂ ਆਈ ਏਂ-ਜਾਹ ਜਾਕੇ ਮਰ ਮਿਟ ਉਥੇ! ਮੈਨੂੰ ਪਰਦੇਸੀਂ ਵਸਦਿਆਂ ਆਪਣਿਆਂ ਦਾ ਝੋਰਾ ਹੈ। ਫਿਕਰ ਹੈ। ਮੋਹ ਹੈ। ਸੁਨੇਹੇ ਘੱਲਦਾਂ ਕਿ ਆਪਣਾ ਤੇ ਪਰਿਵਾਰ ਦਾ ਧਿਆਨ ਰੱਖਿਓ,ਤਾਕੀਦਾਂ ਕਰਦਾਂ। ਕਈਆਂ ਨੂੰ ਬੋਲ ਕੇ ਸੁਨੇਹੇ ਰਿਕਾਰਡ ਕਰਦਾਂ। ਕਿਸੇ ਨੂੰ ਵੈਟਸ ਐਪ ਕਾਲਾਂ। ਕੁਝ ਨੂੰ ਫੇਸ ਬੁੱਕ ਉਤੇ ਗੁਆਚੇ ਢੂੰਡਦਾਂ। ਫਿਰ ਵੀ, ਜਿਹੜੇ ਯਾਦ ਕਰਨੋਂ ਰਹਿ ਗਏ ਹੋਣ,ਉਨਾ ਤੋਂ ਮਾਫੀ ਮੰਗਦਾਂ ਦੋਵੇਂ ਹੱਥ ਜੋੜ । ਜਿਥੇ ਵੀ ਹੋ, ਸੁਖੀ ਰਹੋ। ਪਰਿਵਾਰਾਂ ਦੀਆਂ ਰੌਣਕਾਂ ਸੋਂਹਦੀਆਂ ਰਹਿਣ। ਕਰੋਨਾ ਦਾ ਤੱਤਾ ਹਨੇਰ ਥੰਮ ਰਿਹੈ। ਪਾਤਰ ਜੀ ਨੇ ਲਿਖਿਆ ਸੀ:
ਲੰਘ ਜਾਣ ਦੇ ਬਨੇਰੇ ਤੋਂ ਹਵਾਵਾਂ ਤੱਤੀਆਂ
ਜਿਹੜੇ ਤੁਹਾਨੂੰ ੲਹ ਕਹਿ ਕੇ ਦੁਖੀ ਕਰਦੇ ਰਹੇ ਕਿ ਪਰਵਾਸੀ ਉਧਰੋਂ ਕਰੋਨਾ ਲੈ ਕੇ ਆਏ ਆ। ਉਨ੍ਹਾਂ ਨੂੰ ਰੱਬ ਸੁਮੱਤ ਬਖਸ਼ੇ। ઠਅਕਲ ਦਾ ਖਾਲੀ ਖਜਾਨਾ ਮਾਲਾ ਮਾਲ ਕਰੇ ਉਹਨਾ ਦਾ ਰੱਬ। ਤੁਸੀਂ ਨਿਰਾਸ਼ ਨਾ ਹੋਇਓ ਪਰਵਾਸੀਓ! ਰੱਬ ਰਾਖਾ!!
ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …